ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂਦੇਵ ਟੈਗੋਰ

ਗੁਰੂ ਦੇਵ ਟੈਗੋਰ ਦੇ ਚਰਨੀਂ ਮੇਰਾ ਲੱਖ ਪ੍ਰਣਾਮ
ਦੁਨੀਆਂ ਦੇ ਇਤਿਹਾਸ 'ਚ ਚਮਕੇ, ਮਹਾਂਕਵੀ ਦਾ ਨਾਮ

ਮਹਾਂ ਕਵੀ ਉਹ-ਪਰਮ ਸੰਤ ਉਹ-ਇਕ ਹਸਤੀ-ਰੂਹਾਨੀ
ਜਿਸ ਦੀ ਪ੍ਰੇਮ ਭਰੀ ਕਵਿਤਾ ਵਿੱਚ ਮਸਤੀ-ਭਰੀ ਰਵਾਨੀ
ਜਿਸ ਦੀ ਰੂਹ ਨੂੰ ਅਜ ਫਰਿਸ਼ਤੇ ਝੁਕ-ਝੁਕ ਕਰਨ ਸਲਾਮ
ਮੇਰਾ ਲੱਖ ਸਲਾਮ.............

ਗੀਤਾਂ ਦੇ ਵਿਚ ਦਰਦ ਅਨੋਖਾ-ਵੰਡੇ ਦਿਲ ਦੀਆਂ ਪੀੜਾਂ
ਦੁਖੀ ਦਿਲਾਂ ਦੀਆਂ ਉਸ ਦੇ ਦਰ ਤੇ ਹਰ ਦਮ ਰਹੀਆਂ ਭੀੜਾਂ
ਵਿਆਕੁਲ ਦਿਲ, ਉਸਦੇ ਸ਼ਬਦਾਂ ਥੀਂ, ਮਹਿਸੂਸੇ ਆਰਾਮ
ਮੇਰਾ ਲੱਖ ਸਲਾਮ..............

ਜਿਸ ਦੀ ਵਾਣੀਂ ਵਿੱਚ ਸੁਰਸਤੀ-ਦਿਲ ਵਿੱਚ ਲੋਕ-ਭਲਾਈ
ਜਿਸ ਨੇ ਆਪਣੀ ਕਲਮ ਸਾਹਮਣੇਂ-ਸੱਚੀ ਕਲਾ ਨਚਾਈ
ਨਿਰਤ-ਕਾਵਿ-ਸੰਗਤ ਜਿਨ੍ਹਾਂ ਦੇ, ਹੋਕੇ ਰਹੇ ਗ਼ੁਲਾਮ
ਮੇਰਾ ਲੱਖ ਸਲਾਮ .............

ਮੌਤ ਜਿਨ੍ਹਾਂ ਨੂੰ ਮਾਰ ਸਕੀ ਨਾ, ਜਿੱਤ ਸਕੀ ਨਾ ਮਾਇਆ
ਮਾਨਵਤਾ ਦਾ ਇਸ਼ਕ ਜਿਨ੍ਹਾਂ ਨੇ ਜੀਵਨ ਤੀਕ ਨਿਭਾਇਆ
ਦੀਪਕ ਭੀ-ਜੋਤੀ ਲੈ ਉਸਤੋਂ ਜਗਦਾ ਹੈ ਹਰ ਸ਼ਾਮ
ਮੇਰਾ ਲੱਖ ਸਲਾਮ..............

153/ਦੀਪਕ ਜੈਤੋਈ