ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲਵੇ ਦੇ ਟਿੱਬਿਆਂ ਦਾ ਗੁਲਾਬ : ਦੀਪਕ ਜੈਤੋਈ

ਸੰਤਾਲੀ ਦੀ ਦੇਸ਼ ਵੰਡ ਉਪਰੰਤ ਪੰਜਾਬ ਦੇ ਮਾਲਵੇ ਖੇਤਰ ਨੇ ਸਾਹਿਤਕ, ਰਾਜਨੀਤਿਕ, ਕਲਾਤਮਿਕ ਅਰਥਾਤ ਸਮੁੱਚੇ ਸਭਿਆਚਾਰਕ ਪੱਧਰ ਉੱਤੇ ਜਿਸ ਕਿਸਮ ਦੇ ਉਪਰਾਲੇ ਕੀਤੇ ਹਨ, ਉਹ ਹੈਰਾਨ ਕਰਨ ਯੋਗ ਵੀ ਹਨ ਤੇ ਮਾਣ ਕਰਨ ਯੋਗ ਵੀ। ਮਾਲਵੇ ਦੇ ਇਸ ਪਛੜੇ, ਜਾਂਗਲੀ ਕਹੇ ਜਾਂਦੇ ਇਲਾਕੇ ਵਿੱਚ ਸਾਹਿਤ ਦੀਆਂ ਉਹ ਨਾਮਵਰ ਸ਼ਖ਼ਸ਼ੀਅਤਾਂ ਪੈਦਾ ਹੋਈਆਂ ਹਨ, ਜਿਨ੍ਹਾਂ ਦੀ ਨਿਸ਼ਕਾਮ ਕਾਰਗੁਜ਼ਾਰੀ ਨੇ ਨਾ ਕੇਵਲ ਮਾਲਵੇ ਖੇਤਰ ਨੂੰ ਹੀ ਮਾਣ ਦਿਵਾਇਆ ਹੈ ਸਗੋਂ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕਰਨ ਵਿੱਚ ਵੀ ਇਨ੍ਹਾਂ ਮਾਣਯੋਗ ਸਾਹਿਤਕ ਸ਼ਖ਼ਸ਼ੀਅਤਾਂ ਦਾ ਸਲਾਹੁਣਯੋਗ ਉਪਰਾਲਾ ਰਿਹਾ ਹੈ। ਭਾਵੇਂ ਨਾਵਲ ਦਾ ਖੇਤਰ ਹੈ, ਜਾਂ ਨਿੱਕੀ ਕਹਾਣੀ ਦਾ, ਭਾਵੇਂ ਨਾਟਕ ਦਾ ਖੇਤਰ ਹੈ, ਜਾਂ ਕਾਵਿ-ਰਚਨਾ ਦਾ, ਮਾਲਵੇ ਦੇ ਸਾਹਿਤਕ ਕਰਮਯੋਗੀ ਨਿਰੰਤਰ ਯੋਗ ਸਾਧਨਾ ਕਰਦੇ ਰਹੇ ਹਨ: ਇਨ੍ਹਾਂ ਦੀ ਨਿਰਮਾਣ ਸ਼ਖ਼ਸ਼ੀਅਤ ਨੂੰ ਅਤੇ ਇਨ੍ਹਾਂ ਦੀਆਂ ਉਤਕ੍ਰਿਸ਼ਟ ਰਚਨਾਵਾਂ ਨੂੰ ਹਰ ਹਾਲਤ ਵਿੱਚ ਸਿਜਦਾ ਕਰਨ ਨੂੰ ਦਿਲ ਕਰਦਾ ਹੈ।

ਦੀਪਕ ਜੈਤੋਈ ਉਰਫ਼ ਗੁਰਚਰਨ ਸਿੰਘ ਪੰਜਾਬ ਦੇ ਮਾਲਵੇ ਖੇਤਰ ਦੀ ਮਸ਼ਹੂਰ ਮੰਡੀ ਜੈਤੋ ਨਾਲ ਸੰਬੰਧ ਰੱਖਦਾ ਹੈ, ਇਸੇ ਧਰਤੀ ਉੱਤੇ ਜੈਤੋ (ਗੰਗਸਰ) ਦਾ ਇਤਿਹਾਸਕ ਮੋਰਚਾ ਲੱਗਿਆ ਸੀ। ਸਮੁੱਚੇ ਹਿੰਦੋਸਤਾਨ ਅੰਦਰ ਜੈਤੋ ਦਾ ਨਾਮ ਮਸ਼ਹੂਰ ਹੋ ਗਿਆ ਸੀ। ਇਸੇ ਇਤਿਹਾਸਕ ਧਰਤੀ ਉੱਤੇ ਗਿਆਨਪੀਠ ਪੁਰਸਕਾਰ ਵਿਜੇਤਾ ਪਦਮਸਿਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਲੰਬੀ ਸਾਹਿਤਕ ਸਾਧਨਾ ਕੀਤੀ ਹੈ। ਇਸੇ ਰੇਤਲੀ ਮਿੱਟੀ ਵਿੱਚ ਹੀ ਗੁਰਚਰਨ ਸਿੰਘ 'ਦੀਪਕ' ਬਣਕੇ ਬਲਦਾ ਰਿਹਾ ਤੇ ਮਾਲਵੇ ਦੀ ਹਨੇਰੀਆਂ ਨੁਕਰਾਂ ਨੂੰ ਰੌਸ਼ਨ ਕਰਦਾ ਰਿਹਾ। ਉਸ ਨੂੰ ਗ਼ਜ਼ਲ ਦਾ 'ਬਾਬਾ ਬੋਹੜ' ਹੋਣ ਦਾ ਮਾਣ ਪ੍ਰਾਪਤ ਹੈ। ਗ਼ਜ਼ਲ ਦਾ 'ਦੀਪਕ ਸਕੂਲ' ਉਸੇ ਦੇ ਨਾਮ ਉੱਤੇ ਪ੍ਰਸਿੱਧ ਹੋਇਆ ਹੈ। ਗ਼ਜ਼ਲ ਦੀ ਸ਼ਿਲਪਕਾਰੀ ਬਾਰੇ, ਗ਼ਜ਼ਲ ਦੇ ਰਚਨਾ ਵਿਧਾਨ ਬਾਰੇ ਦੀਪਕ ਜੈਤੋਈ ਨੇ ਅਸਲੋਂ ਹੀ ਨਵੇਂ ਤੇ ਮੁੱਲਵਾਨ ਸ਼ਿਅਰ ਸਥਾਪਤ ਕੀਤੇ ਹਨ, ਤੇ ਉਸੇ ਰੰਗਤ ਦੀ ਗ਼ਜ਼ਲ ਰਚਨਾ ਕਰਕੇ ਪੰਜਾਬੀ ਸਾਹਿਤ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।

ਦੀਪਕ ਜੈਤੋਈ ਵੱਲੋਂ ਸਨਾਤਨੀ ਰੰਗਤ ਵਾਲੀ ਗੀਤ ਰਚਨਾ ਵੀ ਕੀਤੀ ਹੈ, ਉਸ ਦੇ 'ਦਮਦਾਰ' ਕਿਸਮ ਦੇ ਗੀਤਾਂ ਦੀ ਗੂੰਝ ਹਮੇਸ਼ਾਂ ਬਰਕਰਾਰ ਰਹਿਣ ਵਾਲੀ ਹੈ। ਦੀਪਕ ਦੀ ਬੇਬਾਕ ਸ਼ਬਦਾਵਲੀ ਉਸਦਾ ਨਿਧੜਕ ਬਿਆਨ ਤੇ ਉਸ ਦੇ ਗੀਤਾਂ ਦੀ ਚਾਲ ਪਰੰਪਰਾਗਤ ਗੀਤਾਂ ਨਾਲੋਂ ਵੱਖਰੀ ਹੈ। 'ਆਹ ਲੈ ਮਾਏ ਸਾਂਭ ਕੂੰਜੀਆਂ' ਤੇ 'ਅਸਾਂ ਨੀਂ ਧੰਗੇੜ ਝੱਲਣੀ' ਵਰਗੇ ਗੀਤਾਂ ਦਾ ਸਿਰਜਕ ਦੀਪਕ ਗੀਤਕਾਰੀ ਦੇ ਖੇਤਰ ਵਿੱਚ ਹਮੇਸ਼ਾਂ ਮਾਣ ਸਤਿਕਾਰ ਦਾ ਪਾਤਰ ਰਹੇਗਾ। ਹਿਰਦੇਪਾਲ

22/ਦੀਪਕ ਜੈਤੋਈ