ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਇੱਕ ਪੰਜਾਬੀ 'ਲੋਕ-ਗੀਤ' ਵਿੱਚ 'ਪਿੱਪਲ ਦੇ ਪੱਤੇ' ਦਾ ਰੂਪਕ ਤਾਜ਼ਗੀ ਲਈ ਮਨੁੱਖੀ ਭਾਵਨਾ ਨੂੰ ਵਿਅਕਤ ਕਰਦਾ ਹੈ:

ਪਿੱਪਲ ਦੇ ਪੱਤਿਆ ਵੇ ਕੇਹੀ ਖੜ ਲਾਈ ਆ,
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ।

ਮਰਹੂਮ ਪੰਜਾਬੀ ਸ਼ਾਇਰ ਮੰਗਲ ਮਦਾਨ ਨੇ ਵੀ ਆਪਣੇ ਇੱਕ ਗੀਤ ਵਿੱਚ ਪੰਜਾਬੀਆਂ ਦੇ ਨਿਡਰ ਸੁਭਾਅ ਨੂੰ 'ਸ਼ੇਰ' ਦੇ ਰੂਪਕ ਵਿੱਚ ਅਭਿਵਿਅਕਤ ਕੀਤਾ ਹੈ:

ਪਿੱਪਲ ਦੇ ਪੱਤਿਆ ਵੇ
ਕੀ ਕੌਤਕ ਵਰਤਾਏ ਨੇ
ਗਿੱਦੜ ਮੇਰੇ ਗੋਬਿੰਦ ਨੇ
ਵੇਖੋ ਸ਼ੇਰ ਬਣਾਏ ਨੇ
ਵੇਖੋ ਸ਼ੇਰ ਬਣਾਏ 25

ਇੱਕ ਪ੍ਰਕਾਰ ਦੇ ਬਿੰਬਾਂ ਨੂੰ ਬਾਰ-ਬਾਰ ਪੜ੍ਹਦੇ ਸੁਣਦੇ ਰਹਿਣ ਨਾਲ ਉਹਨਾਂ ਦੀ ਮਨ ਨੂੰ ਅਪੀਲ ਘਟ ਜਾਂਦੀ ਹੈ। ਸਮੇਂ ਦੇ ਨਾਲ ਨਾਲ ਇਹ ਭਾਵਾਂ ਨੂੰ ਘੱਟ ਹੁੰਦੇ ਹਨ ਅਤੇ ਭਾਵਾਂ ਨੂੰ ਤੀਬਰ ਕਰਨ ਦੀ ਵੀ ਉਨ੍ਹਾਂ ਦੀ ਸ਼ਕਤੀ ਘੱਟ ਜਾਂਦੀ ਹੈ। ਤਾਜ਼ਾ ਅਨੁਭਵ ਹੀ ਤਾਜੇ ਬਿੰਬ ਸਿਰਜਦਾ ਹੈ। ਇੱਕ ਸਾਰਥਕ ਕਲਾਕਾਰ ਪ੍ਰਚਲੜ ਬਿੰਬਾਂ ਨੂੰ ਵੀ ਕਈ ਵਾਰ ਅਜਿਹੇ ਅਰਥਾਂ ਵਿੱਚ ਅਤੇ ਅਜਿਹੀ ਵਿਧੀ ਨਾਲ ਵਰਤਦਾ ਹੈ ਕਿ ਉਹ ਤਾਜ਼ੇ ਹੀ ਜਾਪਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਿਸ ਤਰ੍ਹਾਂ ਪਰਾਏ ਹੱਕ ਲਈ ਸੂਰ, ਗਾਂ ਅਤੇ ਮੁਰਦਾਰ ਦਾ ਮੌਲਿਕ ਅਤੇ ਸ਼ਕਤੀਸ਼ਾਲੀ ਬਿੰਬ ਸਿਰਜਿਆ ਮਿਲ ਜਾਂਦਾ ਹੈ:

ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।
ਗੁਰੂ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰੁ ਨਾ ਖਾਇ26

ਬਿੰਬਾਂ ਦੀ ਨਵੀਨਤਾ ਕਵੀ ਸ਼ਿਵ ਕੁਮਾਰ ਬਟਾਲਵੀ ਵਿੱਚ ਸਭ ਤੋਂ ਵਧੇਰੇ ਹੈ:

ਕਲ ਦਾ ਦਿਹੁੰ ਵੀ ਕੈਸਾ ਦਿਹੁੰ ਸੀ,
ਕੈਸੀ ਸੀ ਉਸ ਦੀ ਖੁਸ਼ਬੋਈ,
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿੱਚ ਨਾਰ ਜਿਉਂ ਕੋਈ27

4. ਬਿੰਬ ਉਹੋ ਹੀ ਗ੍ਰਹਿਣਯੋਗ ਹੋ ਸਕਦਾ ਹੈ, ਜਿਸ ਤੋਂ ਪਾਠਕ ਪਹਿਲਾਂ ਵੀ ਚੰਗੀ ਤਰ੍ਹਾਂ ਜਾਣੂ ਹੋਵੇ। ਕਵੀ ਜਿਸ ਬਿੰਬ ਨੂੰ ਭਾਵ-ਵਿਅੰਜਨਾ ਲਈ ਵਰਤਦਾ ਹੈ ਜੇਕਰ ਉਸ ਬਿੰਬ ਨੂੰ ਪਾਠਕ ਜਾਂ ਸ੍ਰੋਤੇ ਨੇ ਸੁਣਿਆ, ਅਨੁਭਵਿਆ, ਜਾਂ ਵੇਖਿਆ ਨਹੀਂ ਤਾਂ ਕਵੀ ਦੀ ਅਪੀਲ ਪੂਰਨ ਨਹੀਂ ਹੋ ਸਕਦੀ। ਉਹ ਕਵੀ ਸਫਲ ਨਹੀਂ ਹੋ ਸਕਦੇ ਜਿਹੜੇ ਅਜਿਹੇ ਬਿੰਬ ਸਿਰਜਦੇ ਹਨ, ਜਿਹਨਾਂ ਤੋਂ ਲੋਕ ਪਰਿਚਿਤ ਨਹੀਂ ਹੁੰਦੇ। ਗੁਰੂ ਕਾਵਿ, ਭਗਤੀ-ਕਾਵਿ, ਸੂਫੀ-ਕਾਵਿ, ਕਿੱਸਾ-ਕਾਵਿ ਦੀ ਪ੍ਰਸਿੱਧੀ ਦਾ ਵੀ ਇਹੀ

83/ਦੀਪਕ ਜੈਤੋਈ