ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ...ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।

ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈਂ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕੱਲ ਰੇਡੀਓ, ਟੈਲੀਵੀਜ਼ਨ ਤੇ ਅਖਬਾਰਾਂ ਰਾਹੀਂ, ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ।

ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ———
ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ

ਦੱਖਣੋਂ ਚੜ੍ਹੀ ਬੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ

ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ

165/ਮਹਿਕ ਪੰਜਾਬ ਦੀ