ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਹਮੇਸ਼ਾ ਛੋਟ ਨਹੀਂ ਹੁੰਦੀ। ਇਸ ਵੇਲੇ ਜਿਵੇਂ ਕਿ ਪਤਾ ਹੀ ਹੈ ਕਿ ਮੇਰੀ ਬਿਮਾਰੀ ਦੇ ਕਾਰਨ, ਮੇਰੀ ਸਿਹਤ ਨੂੰ ਰਤਾ ਨੁਕਸਾਨ ਪਹੁੰਚ ਸਕਦਾ ਹੈ, ਫਿਰ ਵੀ ਅਦਾਲਤਾਂ ਵਿਚਲੇ ਮੇਰੇ ਚੰਗੇ ਦੋਸਤ ਅਜੇ ਤੱਕ ਮੈਨੂੰ ਮਿਲਣ ਆਉਂਦੇ ਹਨ, ਇਸ ਲਈ ਮੈਨੂੰ ਚੀਜ਼ਾਂ ਦਾ ਪਤਾ ਰਹਿੰਦਾ ਹੈ। ਸ਼ਾਇਦ ਜਿਹੜੇ ਲੋਕ ਸਿਹਤ ਪੱਖੋਂ ਬਿਲਕੁਲ ਠੀਕ ਹਨ ਤੇ ਪੂਰਾ ਦਿਨ ਅਦਾਲਤ ਵਿੱਚ ਰਹਿੰਦੇ ਹਨ, ਮੈਂ ਉਹਨਾਂ ਤੋਂ ਵੀ ਜ਼ਿਆਦਾ ਸੁਣ ਲੈਂਦਾ ਹਾਂ। ਉਦਾਹਰਨ ਦੇ ਲਈ ਮੇਰਾ ਇੱਕ ਪਿਆਰਾ ਦੋਸਤ ਇਸ ਸਮੇਂ ਮੇਰੇ ਸਾਹਮਣੇ ਹੈ," ਅਤੇ ਉਸਨੇ ਕਮਰੇ ਦੇ ਨੇਰੇ ਖੂੰਜੇ ਵੱਲ ਇਸ਼ਾਰਾ ਕੀਤਾ।

"ਕੀ ਕਿੱਥੇ?" ਆਪਣੀ ਸ਼ੁਰੂਆਤੀ ਹੈਰਾਨੀ ਦੇ ਪਿੱਛੋਂ ਕੇ. ਨੇ ਰੁੱਖੇ ਜਿਹੇ ਢੰਗ ਨਾਲ ਕਿਹਾ। ਉਸਨੇ ਸ਼ੱਕ ਦੀਆਂ ਨਿਗਾਹਾਂ ਨਾਲ ਆਸ-ਪਾਸ ਵੇਖਿਆ; ਮੋਮਬੱਤੀ ਦੀ ਹਲਕੀ ਰੌਸ਼ਨੀ ਸਾਹਮਣੇ ਦੀ ਕੰਧ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ। ਪਰ ਅਸਲ 'ਚ ਉੱਥੇ ਹੀ ਇੱਕ ਕਿਨਾਰੇ ਵਿੱਚ ਕੁੱਝ ਹਿਲਜੁਲ ਹੋ ਰਹੀ ਸੀ। ਮੋਮਬੱਤੀ ਨੂੰ ਉਸਦੇ ਚਾਚੇ ਨੇ ਉੱਚਾ ਚੁੱਕ ਲਿਆ ਸੀ ਅਤੇ ਉਸਦੀ ਰੌਸ਼ਨੀ ਵਿੱਚ ਉੱਧਰ ਇੱਕ ਛੋਟੇ ਜਿਹੇ ਮੇਜ਼ ਦੇ ਕੋਲ ਇੱਕ ਬੁੱਢਾ ਜਿਹਾ ਆਦਮੀ ਬੈਠਾ ਵਿਖਾਈ ਦੇ ਰਿਹਾ ਸੀ। ਇੰਨੇ ਲੰਮੇ ਸਮੇਂ ਤੱਕ ਉਸਦਾ ਉੱਥੇ ਹੋਣ ਦਾ ਇੱਕ ਕਾਰਨ ਇਹ ਹੋ ਸਕਦਾ ਹੋਵੇਗਾ ਕਿ ਉਹ ਆਪਣੇ ਸਾਹ ਬਹੁਤ ਹੌਲੀ ਲੈ ਰਿਹਾ ਸੀ। ਹੁਣ ਉਹ ਗੈਰਰਸਮੀ ਢੰਗ ਨਾਲ ਪੈਰਾਂ ਦੇ ਭਾਰ ਖੜ੍ਹਾ ਹੋਇਆ, ਅਤੇ ਆਪਣੇ ਵੱਲ ਧਿਆਨ ਆ ਜਾਣ ਦੇ ਕਾਰਨ ਹੁਣ ਉਹ ਰਤਾ ਘਬਰਾਇਆ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਇਹ ਕੋਸ਼ਿਸ਼ ਕਰ ਰਿਹਾ ਹੋਵੇ, ਆਪਣੇ ਹੱਥਾਂ ਨੂੰ ਛੋਟੇ-ਛੋਟੇ ਖੰਭਾਂ ਦੀ ਤਰ੍ਹਾਂ ਹਿਲਾਉਂਦਾ ਹੋਇਆ, ਕਿ ਕੋਈ ਉਸਨੂੰ ਸਤਿਕਾਰ ਜਾਂ ਜਾਣ-ਪਛਾਣ ਨਾ ਦੇਵੇ, ਜਿਵੇਂ ਕਿ ਆਪਣੀ ਹਾਜ਼ਰੀ ਦੇ ਕਾਰਨ ਉਹ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਸੀ, ਅਤੇ ਜਿਵੇਂ ਇਹ ਅਰਦਾਸ ਕਰ ਰਿਹਾ ਹੋਵੇ ਕਿ ਉਸਨੂੰ ਫ਼ੌਰਨ ਉਸੇ ਹਨੇਰੇ ਵਿੱਚ ਹੀ ਗਵਾਚੇ ਰਹਿਣ ਦਿੱਤਾ ਜਾਵੇ ਅਤੇ ਉਸਦੇ ਉੱਥੇ ਹੋਣ ਦੇ ਤੱਥ ਨੂੰ ਭੁਲਾ ਦਿੱਤਾ ਜਾਵੇ। ਪਰ ਇਹ ਉਸਨੂੰ ਹੁਣ ਮਿਲ ਸਕਣਾ ਸੰਭਵ ਨਹੀਂ ਸੀ।

"ਤੂੰ ਤਾਂ ਸਾਨੂੰ ਹੈਰਾਨ ਹੀ ਕਰ ਦਿੱਤਾ," ਵਕੀਲ ਨੇ ਸਫ਼ਾਈ ਜਿਹੀ ਦਿੰਦੇ ਹੋਏ ਕਿਹਾ, ਅਤੇ ਆਪਣਾ ਹੌਸਲੇ ਭਰਿਆ ਹੱਥ ਹਿਲਾਇਆ ਅਤੇ ਉਸ ਆਦਮੀ ਨੂੰ ਕੋਲ ਬੁਲਾ ਲਿਆ, ਉਹ ਹੌਲੀ-ਹੌਲੀ ਸੰਕੋਚ ਨਾਲ ਆਸੇ-ਪਾਸੇ ਵੇਖਦਾ ਹੋਇਆ ਅਤੇ ਸਨਮਾਨ ਜਿਹਾ ਦਰਸਾਉਂਦਾ ਕੋਲ ਆ ਗਿਆ। "ਅਦਾਲਤ ਦੇ ਦਫ਼ਤਰਾਂ ਦਾ ਨਿਰਦੇਸ਼ਕ - ਓਹ, ਪਰ ਮਾਫ਼ ਕਰਨਾ ਅਜੇ ਤੱਕ ਮੈਂ ਤੈਨੂੰ ਇਸਦੀ ਪਛਾਣ ਨਹੀਂ

139 ॥ ਮੁਕੱਦਮਾ