ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹੁਣ ਤਾਂ ਪੈਸਿਆਂ ਦਾ ਈ ਸਿਰੇ ਚੜੂ?" ਚੰਨਣ ਨੇ ਮਾਂ ਦੀ ਰਾਏ ਪੁੱਛੀ।

"ਆਦਮੀ ਦਾ ਬੱਚਾ ਤਾਂ ਭਾਈ ਲੱਖੀਂ ਤੇ ਕਰੋੜੀਂ ਮਸਾਂ ਜੁੜਦੈ। ਪੈਸਿਆਂ ਦੇ ਸਾਕ ਨੂੰ ਕੋਈ ਮਿਹਣਾ ਤਾਂ ਨ੍ਹੀਂ।" ਬੁੜ੍ਹੀ ਦੀ ਜ਼ਿੰਦਗੀ ਵਿੱਚ ਬਸ ਇੱਕ ਨੂੰਹ ਦੀ ਪਹੁੰਚ ਬਾਕੀ ਸੀ।

ਚੰਨਣ ਨੇ ਕਈ ਮੂੰਹ ਮੁਲ੍ਹਾਜ਼ਿਆਂ ਕੋਲ ਘਿਣਾਂ ਪਾਈਆਂ। ਜੇ ਕਿਤੋਂ ਪੈਸਿਆਂ ਦਾ ਸਾਕ ਹੋ ਜਾਵੇ। ਪੁੰਨ ਦੇ ਸਾਕ ਨੂੰ ਤਾਂ ਕੋਈ ਮੂੰਹ ਨਹੀਂ ਸੀ ਕਰਦਾ ਏਧਰ। ਮਹਿਲਾਂ ਵਾਲੇ ਸਿਰੀਏ ਨੰਬਰਦਾਰ ਦੇ ਇੱਕ ਦਿਨ ਉਸ ਨੇ ਪੈਰੀਂ ਪੱਗ ਵੀ ਰੱਖ ਦਿੱਤੀ, ਪਰ ਉਹ ਵੀ ਪੰਜ ਰੁਪਈਏ ਭਾੜੇ ਦੇ ਲੈ ਕੇ ਮੁੜ ਕੇ ਨਾ ਬਹੁੜਿਆ। ਕੈਲੇ ਦੇ ਵਿਆਹ ਖ਼ਾਤਰ ਚੰਨਣ ਚਾਰ ਪੰਜ ਸਾਲ ਛਿੱਤਰ ਤੋੜਦਾ ਰਿਹਾ।

ਆਖ਼ਰ ਸੁਲੱਖਣੀ ਘੜੀ ਆਈ। ਭੇਡਾਂ ਵਾਲੇ ਘੀਚਰ ਨੇ ਜੇਠੂਕਿਆਂ ਤੋਂ ਦੋ ਹਜ਼ਾਰ ਦਾ ਸਾਕ ਲਿਆ ਦਿੱਤਾ। ਸੱਤ ਸੌ ਮੰਗਣੇ ਤੋਂ ਪਹਿਲਾਂ ਦਿੱਤਾ ਗਿਆ। ਤੇਰਾਂ ਸੌ ਵਿਆਹ ਤੋਂ ਦਸ ਦਿਨ ਪਹਿਲਾਂ ਦੇਣਾ ਕੀਤਾ ਗਿਆ।

ਅੱਜ ਵਿਆਹ ਵਿੱਚ ਪੂਰੇ ਦਸ ਦਿਨ ਬਾਕੀ ਸਨ। ਤੇਰਾਂ ਸੌ ਰੁਪਈਆਂ ਦੀ ਤਾਂ ਗੱਲ ਛੱਡੋ, ਤੇਰਾਂ ਸੌ ਠੀਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਸਨ।

ਜ਼ਮੀਨ ਵੀ ਗਹਿਣੇ ਕਿਸੇ ਨੇ ਨਾ ਲਈ। ਦੋ ਦਿਨਾਂ ਤੋਂ ਵਿਚੋਲਾ ਘਰ ਵਿੱਚ ਮੂਸਲ ਵਾਂਗ ਗੱਡਿਆ ਬੈਠਾ ਸੀ। ਅੱਜ ਜੇ ਤੇਰਾਂ ਸੌ ਨਾ ਦਿੱਤਾ ਗਿਆ ਤਾਂ ਪਹਿਲਾ ਸੱਤ ਸੌ ਵੀ ਖੂਹ ਵਿੱਚ ਜਾਵੇਗਾ।

ਸੇਠ ਧੌਂਕਲ ਮੱਲ ਦਾ ਧੌਲੇ ਸਾਰੇ ਵਿੱਚ ਹੀ ਵਿਆਜੂ ਨਾਮਾ ਚੱਲਦਾ ਸੀ। ਨੱਬੇ ਦੇ ਕੇ ਉਹ ਸੌ ਉੱਤੇ ਅੰਗੂਠਾ ਲਵਾ ਲੈਂਦਾ। ਜੱਟ ਦਾ ਮੂੰਹ ਟੱਡਿਆ ਰਹਿ ਜਾਂਦਾ।

ਜੱਕਾਂ ਤੱਕਾਂ ਕਰਕੇ ਚੰਨਣ ਦੁਪਹਿਰੇ ਹੀ ਧੌਂਕਲ ਦੀ ਦੁਕਾਨ 'ਤੇ ਗਿਆ। ਇੱਕ ਦੋ ਵਾਰੀ ਸਿਰ ਮਾਰ ਕੇ ਧੌਂਕਲ ਮੰਨ ਗਿਆ- "ਜੀਹਦੇ ਨਾਲ ਬੁੱਕਲ ਫੁੱਟੀ ਹੋਵੇ, ਉਹਨੂੰ ਜਵਾਬ ਨ੍ਹੀਂ ਦਿੱਤਾ ਜਾਂਦਾ।" ਤੇ ਫਿਰ ਹੌਲ਼ੀ ਦੇ ਕੇ ਚੰਨਣ ਨੂੰ ਸੁਣਾਇਆ- "ਦਸ ਵਧਾਰਾ, ਤੇਰਾਂ ਸੌ ਦੇ ਕੇ ਚੌਦਾਂ ਸੌ ਦਾ ਲੇਖਾ, ਤੀਹ ਤੈਨੂੰ ਛੱਡੇ। ਦਿਨ ਦੇ ਛਿਪਾਅ ਨਾਲ ਆ ਜੀਂ। ਦੋ ਗਵਾਹ ਲਿਆਈਂ, ਜਾਹ!"

ਆਥਣ ਨੂੰ ਚਾਹਾਂ ਵੇਲੇ ਚੰਨਣ ਘਰ ਆਇਆ। ਗੱਜਣ ਤੇ ਮਾਂ ਸਿਰ ਜੋੜੀਂ ਗੱਲਾਂ ਕਰ ਰਹੇ ਸਨ। ਆਉਣ ਸਾਰ ਚੰਨਣ ਨੇ ਧੌਂਕਲ ਤੋਂ ਵਿਆਜੂ ਰੁਪਈਏ ਲੈਣ ਦੀ ਗੱਲ ਤੋਰ ਦਿੱਤੀ। ਮਾਂ ਦੀਆਂ ਅੱਖਾਂ ਵਿੱਚ ਚਾਨਣ ਨੱਚ ਉੱਠਿਆ। ਗੱਜਣ ਕੰਨ ਵਲ੍ਹੇਟ ਕੇ ਘਰੋਂ ਬਾਹਰ ਹੋ ਗਿਆ।

ਮਾਂ ਨਾਲ ਪੂਰੀ ਗੱਲ ਕਰ ਕੇ ਚੰਨਣ ਆਟੇ ਵਾਲੀ ਮਸ਼ੀਨ ’ਤੇ ਗਿਆ, ਹਥਾਈ ਵਿੱਚ ਦੇਖਿਆ, ਪਰ ਗੱਜਣ ਕਿਤੇ ਵੀ ਬੈਠਾ ਉਹਨੂੰ ਦਿਸਿਆ ਨਾ। ਭਾਰਥੀ ਦਾ ਡੇਰਾ ਉਹਦੀ ਪੱਕੀ ਠੋਹੀ ਸੀ। ਚੰਨਣ ਵੀ ਉੱਥੇ ਹੀ ਜਾ ਵੜਿਆ। ਨਿੰਮ ਦੀ ਢੂਹ ਲਾ ਕੇ ਗੱਜਣ ਮੁਟਕੜੀ ਮਾਰੀ ਬੈਠਾ ਸੀ। ਅਸੀਂ ਕਦੋਂ ਦੇ ਤੈਨੂੰ ਉੱਥੇ ਬੈਠੇ ਉਡੀਕੀਂ ਜਾਨੇ ਆਂ।" ਹੌਲ਼ੀ ਜਿਹਾ ਖੰਘ ਕੇ ਚੰਨਣ ਨੇ ਕਿਹਾ।

"ਕਿੱਥੇ?" ਜਿਵੇਂ ਗੱਜਣ ਨੂੰ ਪਤਾ ਨਾ ਹੋਵੇ।

112

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ