ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਰਾਇਣ ਆਖਦਾ। ਜਿਵੇਂ ਰਾਮ ਨਾਰਾਇਣ ਸਿਰਫ਼ ਰਾਮ ਨਾਰਾਇਣ ਹੋਵੇ, ਉਹ ਕੰਮ ਕੋਈ ਨਾ ਕਰਦਾ ਹੋਵੇ। ਕਦੇ ਅਜਿਹਾ ਵੀ ਹੁੰਦਾ ਕਿ ਉਹ ਉਹਦਾ ਨਾਂ ਲੈਂਦਾ ਹੀ ਨਾ। ਆਏ ਮਹਿਮਾਨਾਂ ਨਾਲ ਉਹਦੀ ਮੁਲਾਕਾਤ ਹੀ ਨਾ ਕਰਾਉਂਦਾ ਤੇ ਫੇਰ ਉਹਦੀ ਮੁਲਾਕਾਤ ਉਹਨੇ ਛੱਡ ਹੀ ਦਿੱਤੀ। ਜਸਵੰਤ ਰਾਏ ਨੂੰ ਹੀ ਮਿਲਾਉਂਦਾ ਸੀ। ਜਸਵੰਤ ਰਾਏ ਖ਼ੁਦ ਵੀ ਬੜਾ ਤਿੱਖਾ ਸੀ, ਜੋਗਿੰਦਰ ਪਾਲ ਉਹਦੇ ਬਾਰੇ ਇੱਕ ਗੱਲ ਕਰਦਾ ਤਾਂ ਜਸਵੰਤ ਰਾਏ ਆਪਣੇ ਬਾਰੇ ਆਪ ਹੀ ਦੱਸਣ ਲੱਗ ਪੈਂਦਾ, ਵਧਾ ਚੜ੍ਹਾਅ ਕੇ ਦੱਸਦਾ। ਜ਼ਬਾਨ ਵਿੱਚ ਗ਼ਰੂਰ ਜਿਹਾ ਭਰ ਕੇ ਬੋਲਦਾ, “ਬੱਸ ਸਟੈਂਡ ਦੇ ਉੱਤੇ ਹੀ ਹੈ ਜੀ ਆਪਣਾ ਕਲੀਨਿਕ, ਨਿਊ ਪੰਜਾਬ ਨਰਸਿੰਗ ਹੋਮ, ਆਇਓ ਕਦੇ, ਦਰਸ਼ਨ ਦੇਣਾ ਜੀ।”

ਜਦੋਂ ਅੱਜ ਸ਼ਾਮ ਉਹ ਰਿਸੈਪਸ਼ਨ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਜਸ਼ਨ ਪੈਲੇਸ ਵਿੱਚ ਆਏ ਸਨ ਤਾਂ ਘਰੋਂ ਜਸਵੰਤ ਰਾਏ ਹੀ ਉਹਨੂੰ ਆਪਣੀ ਕਾਰ ਵਿੱਚ ਬਿਠਾ ਕੇ ਲਿਆਇਆ ਸੀ। ਅਦਬ ਜਿਹੇ ਨਾਲ ਕਿਹਾ ਸੀ, “ਆਓ ਜੀ, ਰਾਮ ਨਾਰਾਇਣ ਜੀ! ਚੱਲੀਏ ਆਪਾਂ ਤਾਂ। ਆਪਾਂ ਨੂੰ ਪਹਿਲਾਂ ਈ ਠੀਕ ਐ, ਲੋਕ ਆ ਰਹੇ ਹੋਣਗੇ।” ਅਮੀਰ ਸਾਂਢੂ ਦੀ ਕਾਰ ਵਿੱਚ ਬੈਠਦਿਆਂ ਉਹਨੂੰ ਆਪਣਾ ਆਪ ਛੋਟਾ-ਛੋਟਾ ਲੱਗਿਆ। ਇਹ ਨਹੀਂ ਕਿ ਉਹਦੇ ਆਪਣੇ ਕੋਲ ਕਾਰ ਨਹੀਂ ਹੈ, ਸਗੋਂ ਇਹ ਅਹਿਸਾਸ ਕਿ ਉਹਦੇ ਸਾਂਢੂ ਨੇ ਕਾਰ ਦੀ ਹੈਂਕੜ ਵਿੱਚ ਉਹਨੂੰ ਛੋਟਾ ਸਮਝ ਕੇ ਆਪਣੇ ਨਾਲ ਬਿਠਾਇਆ ਹੈ। ਉਸ ਵਕਤ ਉਹਦਾ ਜੀਅ ਕੀਤਾ ਸੀ ਕਿ ਉਹ ਹੋਰ ਬੰਦਿਆਂ ਨਾਲ ਕਿਸੇ ਸਕੂਟਰ ਉੱਤੇ ਬੈਠ ਕੇ ਓਥੇ ਪਹੁੰਚੇ। ਸਕੂਟਰ ਨੂੰ ਵੀ ਕੀ ਹੈ, ਤੁਰ ਕੇ ਹੀ ਜਸ਼ਨ ਪੈਲੇਸ ਵਿੱਚ ਚਲਿਆ ਜਾਵੇ। ਮਸਾਂ ਦਸ ਮਿੰਟ ਦਾ ਤਾਂ ਰਸਤਾ ਹੈ।

ਸੁਆਗਤ ਕਰਨ ਵਾਲੇ ਬੰਦਿਆਂ ਵਿੱਚੋਂ ਨਿਕਲ ਕੇ ਰਾਮ ਨਾਰਾਇਣ ਪਰ੍ਹਾਂ ਦੂਰ ਓਸ ਪਾਸੇ ਇੱਕ ਖੂੰਜੇ ਜਹੇ ਵਿੱਚ ਜਾ ਬੈਠਾ, ਜਿੱਧਰ ਔਰਤਾਂ, ਬੱਚੇ ਤੇ ਬੁੱਢੇ ਬੰਦੇ ਚਾਟ ਖਾ ਰਹੇ ਸਨ, ਕੋਕ ਪੀ ਰਹੇ ਸਨ ਜਾਂ ਉਹਨਾਂ ਦੇ ਹੱਥਾਂ ਵਿੱਚ ਕੌਫ਼ੀ ਦੇ ਕੱਪ ਸਨ। ਉਹਨਾਂ ਇੱਕ ਬੈਰੇ ਤੋਂ ਜੂਸ ਦਾ ਗਿਲਾਸ ਫੜਿਆ। ਮੀਨਾਕਸ਼ੀ ਕਿਧਰੇ ਨਹੀਂ ਦਿਖ ਰਹੀ ਸੀ। ਰਾਮ ਨਾਰਾਇਣ ਦਾ ਇਹ ਦੂਜਾ ਵਿਆਹ ਸੀ। ਪਹਿਲੀ ਪਤਨੀ ਇਕ ਐਕਸੀਡੈਂਟ ਵਿੱਚ ਮਰ ਗਈ ਸੀ। ਵਿਆਹ ਨੂੰ ਦੋ ਸਾਲ ਮਸਾਂ ਹੋਏ ਸਨ। ਉਹਦੀ ਘਰ ਵਾਲੀ ਨੂੰ ਨਿੱਕਾ ਨਿਆਣਾ ਹੋਣਾ ਸੀ। ਉਹ ਤੀਰਥ ਯਾਤਰਾ 'ਤੇ ਗਏ ਸਨ। ਪਹਾੜਾਂ ਵਿੱਚ ਉਹਨਾਂ ਦੀ ਬੱਸ ਇੱਕ ਟਰੱਕ ਵਿੱਚ ਲੱਗੀ। ਪੰਦਰਾਂ ਬੰਦੇ ਥਾਂ ਦੀ ਥਾਂ ਮਰ ਗਏ ਸਨ। ਰਾਮ ਨਾਰਾਇਣ ਦੀ ਪਤਨੀ ਸਖ਼ਤ ਜ਼ਖ਼ਮੀ ਸੀ। ਉਹਦੇ ਅੰਦਰ ਤਿੰਨ ਮਹੀਨੇ ਦਾ ਬੱਚਾ ਸੀ। ਉਹ ਹਸਪਤਾਲ ਜਾ ਕੇ ਦਮ ਤੋੜ ਗਈ। ਉਸ ਵਕਤ ਰਾਮ ਨਾਰਾਇਣ ਦੀ ਉਮਰ ਸਤਾਈ-ਅਠਾਈ ਸਾਲ ਸੀ। ਫੇਰ ਦੂਜਾ ਵਿਆਹ ਇਸ ਮੀਨਾਕਸ਼ੀ ਨਾਲ ਹੋਇਆ।

ਮੀਨਾਕਸ਼ੀ ਦਾ ਵੀ ਇਹ ਦੂਜਾ ਵਿਆਹ ਸੀ। ਉਹ ਦੋ ਹੀ ਭੈਣਾਂ ਸਨ। ਦੋਵੇਂ ਐੱਮ.ਏ.ਬੀ.ਐੱਡ. ਸਨ। ਉਹਨਾਂ ਦੇ ਬਾਪ ਮਾਸਟਰ ਮਿਲਖੀ ਰਾਮ ਨੇ ਦੋਵੇਂ ਜੁਆਈ ਡਾਕਟਰ ਮੁੰਡੇ ਲੱਭੇ, ਦੋਵਾਂ ਨੂੰ ਪੂਰਾ ਦਾਜ-ਦਹੇਜ਼ ਦਿੱਤਾ। ਮਿਲਖੀ ਰਾਮ ਸਕੂਲ ਮਾਸਟਰੀ ਦਾ ਕਿੱਤਾ ਤਾਂ ਸ਼ੌਕ ਨਾਲ ਹੀ ਕਰਦਾ ਸੀ, ਉਹਦਾ ਅਸਲੀ ਕੰਮ ਮੁਰਗੀਖਾਨਾ ਸੀ। ਮੁਰਗੀਖਾਨਾ ਵੀ ਛੋਟਾ ਨਹੀਂ ਸੀ। ਲੱਖਾਂ ਦੀ ਆਮਦਨ ਸੀ। ਟਰੱਕਾਂ ਦੇ ਟਰੱਕ ਅੰਡੇ

ਜਸ਼ਨ

145