ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਘਸੋਅ ਦਿੱਤੀ ਦੂਜੀ ਛੱਲੀ ਅੱਧੀ ਚੱਬਣੀ ਰਹਿੰਦੀ ਸੀ ਕਿ ਉਸ ਦੀ ਬਹੂ ਰੋਟੀ ਲੈ ਕੇ ਆ ਖੜ੍ਹੀ।

‘ਬੇਬੇ ਨ੍ਹੀਂ ਆਈ?’ ਸਰਵਣ ਨੇ ਪੁੱਛਿਆ।

‘ਔਣ ਜੋਗੀ ਹੁੰਦੀ ਤਾਂ ਔਂਦੀ।’ ਬਹੂ ਨੇ ਜਵਾਬ ਦਿੱਤਾ।

‘ਘਾਰ ਈ ਉੱਠ ਖੜ੍ਹੀ ਹੋਣੀ ਐ? ਹੋਰ ਕੀ ਹੋ ਗਿਐ ਉਸ ਨੂੰ?’ ਚੰਗੀ ਭਲੀ ਤਾਂ ਛੱਡ ਕੇ ਆਇਆਂ ਤੜਕੇ।’ ਸਰਵਣ ਨੇ ਫ਼ਿਕਰ ਕੀਤਾ।

‘ਘਾਰ ਵਰਗੀ ਘਾਰ? ਅੱਜ ਤਾਂ ਬੇਬੇ ਜਮਈਂ ਹੱਥਾਂ 'ਚ ਆ ਗਈ। ਮੈਂ ਖੇਤ ਦਾ ਰਾਹ ਜੇ ਨਾ ਜਾਣਦੀ ਹੁੰਦੀ ਤਾਂ ਦੋ ਛੱਲੀਆਂ ਹੋਰ ਭੁੰਨ ਲੈਂਦਾ।’

ਛੇਤੀ-ਛੇਤੀ ਰੋਟੀ ਖਾ ਕੇ ਸਰਵਣ ਨੇ ਨਵੇਂ ਕਿਆਰੇ ਵਿੱਚ ਪਾਣੀ ਛੱਡਿਆ ਤੇ ਬਹੂ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਿਆ- ‘ਤੈਂ ਕਦੇ ਇੰਜਣ ਚੱਲਦਾ ਦੇਖਿਐ?’

‘ਇੰਜਣ ਵੀ ਕੋਈ ਵੱਡੀ ਚੀਜ਼ ਐ?’ ਬਹੂ ਨੇ ਕਿਹਾ।

‘ਨਹੀਂ, ਆ ਦਖਾਵਾਂ ਤੈਨੂੰ ਇੰਜਣ ਚੱਲਦਾ।’ ਕਹਿ ਕੇ ਉਸ ਨੇ ਬਹੂ ਦਾ ਪੌਂਚਾ ਫੜਿਆ।

‘ਕਿਉਂ, ਰਾਤ ਕੋਈ ਕਸਰ ਰਹਿ ਗਈ ਸੀ?’ ਪੌਂਚਾ ਛੁਡਾ ਕੇ ਬਹੁ ਨੇ ਕਿਹਾ।

ਲੱਸੀ ਵਾਲੀ ਮੱਘੀ ਵਿੱਚ ਕੌਲੀ ਤੇ ਪੌਣਾ ਪਾ ਕੇ ਬਹੂ ਘਰ ਨੂੰ ਜਾਣ ਲੱਗੀ ਕਹਿੰਦੀ- ‘ਅੱਜ ਤੜਕੇ ਦੀ ਸੱਜੀ ਅੱਖ ਫਰਕੀ ਜਾਂਦੀ ਐ, ਪਤਾ ਨ੍ਹੀਂ ਕੀ ਭਾਣਾ ਬੀਤੂ?’

‘ਤੂੰ ਹਾਲੇ ਜਾਹ ਨਾ। ਟਾਹਲੀ ਥੱਲੇ ਅਟਕ ਬਿੰਦ ਝੱਟ। ਮੈਂ ਭੱਜ ਕੇ ਨਵੇਂ ਕਿਆਰੇ ’ਚ ਪਾਣੀ ਵੱਢ ਆਵਾਂ।’ ਸਰਵਣ ਨੇ ਬਹੂ ਨੂੰ ਜਾਣ ਨਾ ਦਿੱਤਾ।

ਨਵੇਂ ਕਿਆਰੇ ਵਿੱਚ ਪਾਣੀ ਛੱਡ ਕੇ ਉਹ ਬਹੂ ਦੇ ਨੇੜੇ ਆ ਕੇ ਬੈਠ ਗਿਆ। ਉਸ ਦੀਆਂ ਅੱਖਾਂ ਵਿੱਚ ਪੂਰੀ ਨਿਗਾਹ ਪਾ ਕੇ ਉਹ ਕਹਿਣ ਲੱਗਿਆ- ‘ਹੁਣ ਤੂੰ ਹੀ ਲੈ ਕੇ ਆਇਆ ਕਰ ਰੋਟੀ। ਅੱਜ ਤੇਰੇ ਆਈ ਤੋਂ ਜਾਣੀਂਦਾ ਸਾਰਾ ਥਕੇਵਾਂ ਲਹਿ ਗਿਆ।’

ਬਹੁ ਕੁਝ ਬੋਲਣ ਹੀ ਲੱਗੀ ਸੀ ਕਿ ਬੰਬੇ ਵਾਲੇ ਕੋਠੇ ਵੱਲੋਂ ਕਿਸੇ ਦੀ ਆਵਾਜ਼ ਸੁਣੀ। ਦੂਜਾ ਬੋਲ ਸਿਆਣ ਕੇ ਸਰਵਣ ਖੜ੍ਹਾ ਹੋ ਗਿਆ। ਦਸੌਂਧਾ ਸਿੰਘ ਸੀ।

‘ਬੈਠਾ ਮਾਂ ਨਾਲ ਮੜਾਕੇ ਮਾਰੀ ਜਾਨੈ। ਕਦੋਂ ਦਾ ਆਇਐਂ ਘਰੋਂ, ਅਜੇ ਤਾਈਂ ਦੋ ਕਿੱਲਿਆਂ ਨੂੰ ਵੀ ਪਾਣੀ ਨ੍ਹੀਂ ਲਾਇਆ ਗਿਆ?’ ਬਹੂ ਨੂੰ ਮਾਂ ਕਹਿ ਕੇ ਦਸੌਂਧਾ ਸਿੰਘ ਨੇ ਸਰਵਣ ਨੂੰ ਜਿਵੇਂ ਪਾਣੀ-ਪਾਣੀ ਕਰ ਦਿੱਤਾ ਹੋਵੇ। ਸਰਵਣ ਸੁੰਨਾ ਜਿਹਾ ਹੋ ਗਿਆ। ਉਸ ਦੇ ਗਲ ਵਿੱਚ ਜਿਵੇਂ ਕੁਝ ਅੜ ਜਿਹਾ ਗਿਆ ਸੀ। ਉਹ ਕੇਵਲ ਐਨੀ ਗੱਲ ਹੀ ਕਹਿ ਸਕਿਆ, ‘ਬੰਬਾ ਤਾਂ ਚਾਚਾ ਉਦੀਂ ਆ ਕੇ ਛੱਡ ਲਿਆ ਸੀ, ਅੱਜ ਇੰਜਣ ਈ ਕੁਸ ਧੂੰਆਂ ਜ੍ਹਾ ਛੱਡੀਂ ਜਾਂਦੈ।’

‘ਛੇਤੀ ਆ ਪਿੰਡ। ਗੱਡਾ ਜੋੜ ਕੇ ਲੈ ਜੋ ਪੰਚੈਤ ਘਰ ਨੂੰ। ਗੁਰਚਰਨ ਕਦੋਂ ਦਾ ਡੀਕੀ ਜਾਂਦੈ ਤੈਨੂੰ। ਰੇਹ ਦੀਆਂ ਬੋਰੀਆਂ ਚੁੱਕ ਲਿਆਓ ਤੇ ਪੋਂਡੀ ’ਚ ਅੱਜ ਈ ਪਾ ਕੇ ਅੱਜ ਈ ਪਾਣੀ ਲਾ ਦਿਓ। ਮੈਂ ਐਧਰ ਬਾਜਰੇ ਕੰਨੀਂ ਗੇੜਾ ਮਾਰ ਆਵਾਂ। ਤੂੰ ਚੱਲ ਪਿੰਡ ਨੂੰ।’ ਦਸੌਂਧਾ ਸਿੰਘ ਦੂਜੇ ਖੇਤ ਨੂੰ ਚਲਿਆ ਗਿਆ।

ਦਸੌਂਧਾ ਸਿੰਘ ਨੂੰ ਦੇਖਣ ਸਾਰ ਬਹੂ ਕਦੋਂ ਦੀ ਪਿੰਡ ਨੂੰ ਚਲੀ ਗਈ ਸੀ।

ਦੇਸ਼ ਦਾ ਰਾਖਾ

161