ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੱਡੀ ਪੈਂਟੂ ਨੂੰ ਲੈ ਕੇ ਚੁਬਾਰੇ ਜਾ ਚੜ੍ਹੀ ਸੀ। ਪਰਮਿੰਦਰ ਰੋਟੀ ਖਾਣ ਲੱਗੀ ਹੀ ਸੀ। -ਅੱਜ ਆਹ ਵੇਲਾ ਕਰ 'ਤਾ ਰੋਟੀ ਨੂੰ? ਗੁੱਡੀ ਨੇ ਉਸ ਦੇ ਕੋਲ ਜਾ ਕੇ ਪੁੱਛਿਆ ਤੇ ਨਾਲ ਦੀ ਨਾਲ ਪੁੱਛਣ ਲੱਗੀ-ਆਹ ਦੁੱਧ ਨੂੰ ਕੀ ਹੋ ਗਿਆ? ਪਰਮਿੰਦਰ ਬੋਲੀ ਨਹੀਂ। ਮੂੰਹ ਵਿੱਚ ਬੁਰਕੀ ਪਾ ਕੇ ਪਾਣੀ ਦੀ ਘੁੱਟ ਭਰੀ।

-ਕਿਉਂ ਭੈਣ ਜੀ, ਦੁੱਧ ਕਿਵੇਂ ਡੁੱਲ੍ਹ ਗਿਆ। ਗੁੱਡੀ ਨੇ ਫੇਰ ਪੁੱਛਿਆ। ਪੈਂਟੂ ਫਰਸ਼ ਉੱਤੇ ਉੱਤਰ ਕੇ ਨਿਰੋਧ ਦੀਆਂ ਦੋ ਖ਼ਾਲੀ ਡੱਬੀਆਂ ਨਾਲ ਖੇਡਣ ਲੱਗ ਪਿਆ।

-ਬਿੱਲੀ ਡੋਲ੍ਹ 'ਗੀ। ਪਰਮਿੰਦਰ ਨੇ ਜਵਾਬ ਦਿੱਤਾ।

- ਤਾਂ ਫੇਰ ਹੋਰ ਲੈ ਕੇ ਆਵਾਂ?

-ਲਿਆ, ਔਹ ਕਨਸ 'ਤੇ ਪਈ ਐ ਗੜਵੀ। ਮੈਂ ਤਾਂ ਸਗੋਂ ਤੈਨੂੰ ਹਾਕ ਮਾਰਨ ਈ ਲੱਗੀ ਸੀ।

ਪੈਂਟੂ ਨੂੰ ਓਥੇ ਖੇਡਦਾ ਛੱਡ ਕੇ ਗੁੱਡੀ ਮਾਂ ਕੋਲ ਆਈ। ਜੋ ਕੁਝ ਉਸ ਨੇ ਮਾਂ ਨੂੰ ਦੱਸਿਆ, ਸੁਖਪਾਲ ਨੇ ਸੁਣ ਲਿਆ ਸੀ। ਚੁਬਾਰੇ ਵਿੱਚ ਦੁਬਾਰਾ ਦੁੱਧ ਜਾਂਦਾ ਦੇਖ ਕੇ ਉਸ ਨੂੰ ਜਿਵੇਂ ਸੌਖਾ ਸਾਹ ਆਇਆ ਹੋਵੇ।

ਠੰਡੀ ਹਵਾ ਦਾ ਬੁੱਲ੍ਹਾ ਆਇਆ ਤਾਂ ਸੁਖਪਾਲ ਨੇ ਕਿਹਾ-ਆਹਾ ਹਾਹਾ, ਐਹੀ ਜ੍ਹੀ ਛੱਡ ਰੱਬਾ।

ਪਰਮਿੰਦਰ ਨਛੱਤਰ ਕੌਰ ਕੋਲ ਹੁਣ ਨਖ਼ਰੇ ਵਾਲੀ ਗੱਲ ਨਹੀਂ ਸੀ ਕਰਦੀ। ਸੁਖਪਾਲ ਜੇ ਘਰ ਹੁੰਦਾ, ਫਿਰ ਤਾਂ ਉਹ ਉਂਝ ਵੀ ਘੱਟ ਗੱਲ ਕਰਦੀ। ਨਛੱਤਰ ਕੌਰ ਨੇ ਇੱਕ ਦਿਨ ਉਸ ਨੂੰ ਪੁੱਛਿਆ ਵੀ-ਹੁਣ ਤੂੰ ਚੁੱਪ ਜ੍ਹਾ ਕਿਉਂ ਰਹਿਨੀ ਐਂ?

ਇੱਕ ਬਿੰਦ ਉਹ ਬੋਲੀ ਨਹੀਂ। ਜਿਵੇਂ ਕੋਈ ਸੱਚਾ ਜਵਾਬ ਦੇਣਾ ਚਾਹੁੰਦੀ ਹੋਵੇ, ਪਰ ਨਹੀਂ। ਉਸ ਨੇ ਕਿਹਾ-ਨਹੀਂ, ਤੁਹਾਨੂੰ ਈ ਲੱਗਦੈ।

-ਅੱਗੇ ਤਾਂ ਤੂੰ ਖੰਡ ਦਾ ਖੇਡਣਾ ਬਣੀ ਰਹਿੰਦੀ ਸੀ।

-ਐਵੇਂ ਭਰਮ ਐਂ ਤੁਹਾਨੂੰ ਤੇ ਪਰਮਿੰਦਰ ਨੇ ਬਣਾਵਟੀ ਜਿਹੀ ਮੁਸਕਾਣ ਬੁੱਲ੍ਹਾਂ 'ਤੇ ਲਿਆਂਦੀ।

-ਬਹਿ ਜਾ। ਦੁੱਧ ਲਾਹ ਦਿੰਨੀ ਆਂ। ਤੌੜੀ ਦਾ ਸੂਹਾ-ਸੂਹਾ ਦੁੱਧ। ਕਦੇ ਤਾਂ ਪੀ ਲਿਆ ਕਰ। ਔਨੀ ਐਂ, ਖੜ੍ਹੀ-ਖੜ੍ਹੀ ਚੁਬਾਰੇ ਚੜ੍ਹ ਜਾਨੀ ਐਂ।

-ਨਾ ਭਾਈ, ਅੱਗੇ ਈ ਗਰਮੀ ਬਹੁਤ ਐ। ਤੱਤਾ-ਤੱਤਾ ਲਾਲ ਦੁੱਧ ਪੀ ਕੇ ਹੋਰ ਅੱਗ ਲੱਗੂ। ਤੁਹਾਨੂੰ ਈ ਚੰਗੈ, ਤੁਸੀਂ ਈ ਪੀਆ ਕਰੋ। ਮੈਂ ਕੀ ਕਰਨੈ ਪੀ ਕੇ ਦੁੱਧ?

-ਨੀ ਸੱਚ, ਭੈਣ ਜੀ! ਮੈਂ ਤਾਂ ਪੁੱਛਦੀ-ਪੁੱਛਦੀ ਸੰਗ ਜਾਂਨੀ ਆਂ, ਤੂੰ ਵਿਆਹ...

-ਵਿਆਹ? ਲਓ, ਹੋਰ ਸੁਣ ਲਓ। ਕਹਿ ਕੇ ਪਰਮਿੰਦਰ ਹੱਸਣ ਲੱਗ ਪਈ। ਨਛੱਤਰ ਕੌਰ ਨੇ ਦੇਖਿਆ, ਅੱਜ ਉਹ ਕਈ ਦਿਨਾਂ ਬਾਅਦ ਖੁੱਲ੍ਹ ਕੇ ਹੱਸੀ ਸੀ ਤੇ ਫਿਰ ਉਹ ਗੱਲ ਬਦਲ ਕੇ ਕਹਿਣ ਲੱਗੀ-ਨਾਲੇ ਤੁਸੀਂ 'ਭੈਣ ਜੀ' ਕਹਿਨੇ ਓਂ ਤੇ ਨਾਲੇ 'ਤੂੰ'। ਉਹ ਫਿਰ ਜ਼ੋਰ ਦੀ ਹੱਸੀ ਤੇ ਬੋਲੀ-ਮੈਨੂੰ ਤਾਂ ਪਰਮਿੰਦਰ ਈ ਕਹਿ ਲਿਆ ਕਰੋ।

-ਚੰਗਾ, ਪਰਮਿੰਦਰ ਕਹਿ ਲਿਆ ਕਰੂੰਗੀ। ਪਰ ਤੂੰ ਬੈਠ ਤਾਂ ਜਾਹ।

ਉਹ ਬੈਠੀ ਨਹੀਂ। ਪੌੜੀਆਂ ਵੱਲ ਵਧੀ। ਸੁਖਪਾਲ ਦਰਵਾਜ਼ੇ ਵੜਦਾ ਉਸ ਨੂੰ ਦਿਸਿਆ। ਉਸ ਨੂੰ ਦੇਖ ਕੇ ਤਾਂ ਉਹ ਛੇਤੀ-ਛੇਤੀ ਪੌੜੀਆਂ ਚੜ੍ਹਨ ਲੱਗੀ।

18

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ