ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/214

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਪਨੇ ਵਿਚ ਵੀ ਉਹ ਸੰਘਰਸ਼ ਵਿਚ ਦੀ ਗੁਜ਼ਰ ਰਿਹਾ ਹੈ। ਸਭ ਕਿਸਮ ਦੇ ਲੋਕਾਂ ਲਈ ਡਾਕਟਰੀ ਸਹੂਲਤਾਂ ਇਕੋ ਜਿਹੀਆਂ ਕਿਉਂ ਨਹੀਂ?'

...ਮਧੂ ਜ਼ਿੰਦਗੀ ਨਾਲ ਘੁਲ ਰਹੀ ਹੈ।

...ਇਹ ਐਮਰਜੰਸੀ ਵਾਲਾ ਕੇਸ ਨਹੀਂ।

...ਪੁਲਿਸ ਅਫ਼ਸਰ ਦਾ ਮੁੰਡਾ, ਪੈਰ ਉੱਤੇ ਹੀ ਚੋਟ ਆਈ ਸੀ, ਮਰ ਤਾਂ ਨਹੀਂ ਚੱਲਿਆ ਸੀ। ਸਿੱਧਾ ਹੀ ਐਮਰਜੰਸੀ ਬੈੱਡ। ਇਹ ਡਾਕਟਰ ਹਨ ਜਾਂ ਬੁੱਚੜ?

ਉਸ ਦੇ ਸਾਹਮਣੇ ਇਕ ਡਾਕਟਰ ਆਇਆ ਹੈ। ਪੈਂਟ ਦੀ ਹਿੱਪ-ਪਾਕਿੱਟ ਵਿਚੋਂ ਚਾਕੂ ਕੱਢ ਕੇ ਉਸ ਨੇ ਉਸ ਡਾਕਟਰ ਦੀ ਵੱਖੀ ਵਿਚ ਖੋਭ ਦਿੱਤਾ ਹੈ। ਇਕ ਡਾਕਟਰ ਹੋਰ, ਇਕ ਹੋਰ। ਸੱਤ ਡਾਕਟਰ ਜ਼ਮੀਨ ਉੱਤੇ ਮੂਧੇ-ਮੂੰਹ ਡਿੱਗੇ ਪਏ ਹਨ। ਲਹੂ ਵਗ਼ ਰਿਹਾ ਹੈ। ਜ਼ਮੀਨ ਲਾਲ ਹੋ ਗਈ ਹੈ। ਇੱਕ-ਇੱਕ ਡਾਕਟਰ ਨੂੰ ਉਲਟਾ-ਉਲਟਾ ਉਸ ਨੇ ਦੇਖਿਆ ਹੈ। ਇਨ੍ਹਾਂ ਵਿਚ ਕੱਲ੍ਹ ਵਾਲਾ ਡਿਊਟੀ ਉੱਤੇ ਹਾਜ਼ਰ ਡਾਕਟਰ ਤਾਂ ਹੈ ਹੀ ਨਹੀਂ। ਪੈਰਾਂ ਵਿਚ ਕਾਲ਼ੇ ਬੂਟ ਤਾਂ ਸਭ ਦੇ ਹਨ। ਉਸ ਵਰਗੀ ਸਲੇਟੀ ਰੰਗ ਦੀ ਬਰੱਸਟਡ ਪੈਂਟ ਤਾਂ ਕਈਆਂ ਦੇ ਹੈ। ਸਫ਼ੈਦ ਕੋਟ ਤਾਂ ਸਾਰਿਆ ਨੇ ਪਹਿਨੇ ਹੋਏ ਹਨ। ਐਨਕ ਵੀ ਤਿੰਨ ਜਣਿਆ ਦੇ ਹੈ। ਹੁਣ ਫਰਸ਼ ਉੱਤੇ ਡਿੱਗ ਕੇ ਤਿੰਨੇ ਐਨਕਾਂ ਟੁੱਟ ਗਈਆਂ ਹਨ ਤੇ ਦੂਰ ਜਾ ਡਿੱਗੀਆਂ ਹਨ। ਪੱਕਾ ਰੰਗ ਦੋ ਜਣਿਆਂ ਦਾ ਹੈ। ਹਾਂ ਹਾਂ, ਪਰ ਉਸ ਦੇ ਨੱਕ ਉੱਤੇ ਇਕ ਵੱਡਾ ਮਹੁਕਾ ਸੀ। ਮਹੁਕਾ ਤਾਂ ਕਿਸੇ ਦੇ ਵੀ ਨੱਕ ਉੱਤੇ ਨਹੀਂ ਹੈ।

ਨਾਲ ਦੇ ਗੈਰਿਜਾਂ ਵਿਚ ਵਿਛੇ ਬਿਸਤਰੇ ਉਠਾਏ ਜਾ ਰਹੇ ਹਨ। ਕੁਝ ਮਿੰਨ੍ਹਾਂ-ਮਿੰਨ੍ਹਾ ਜਿਹਾ ਸ਼ੋਰ ਸਰਦ ਸਵੇਰ ਵਿਚ ਘੁਲਣ ਲੱਗਿਆ ਹੈ। ਬਰਤਨਾਂ ਦੇ ਖੜਕਣ ਦੀ ਆਵਾਜ਼। ਸਾਗਰ ਦੀ ਅੱਖ ਖੁੱਲ੍ਹ ਗਈ ਹੈ। ਇਕਦਮ ਬੈਠਾ ਹੋ ਕੇ ਉਸ ਨੇ ਮਧੂ ਨੂੰ ਜਗਾਉਣਾ ਚਾਹਿਆ ਹੈ। ਨਹੀਂ ਜਗਾਇਆ।

'ਕਿਉਂ ਨਾ ਭੱਜ ਕੇ ਚਾਹ ਦਾ ਗਿਲਾਸ ਲੈ ਆਵਾਂ ਤੇ ਨਾਲੇ ਆਪ ਵੀ ਪੀ ਲਵਾਂ?'

ਵਾਪਸ ਆ ਕੇ ਉਸ ਨੇ ਮਧੂ ਨੂੰ ਬਹੁਤ ਧੀਮੀ ਆਵਾਜ਼ ਵਿਚ ਬੁਲਾਇਆ ਹੈ। ਉਹ ਨਹੀਂ ਬੋਲੀ। ਸਾਗਰ ਨੇ ਉਸ ਦਾ ਮੋਢਾ ਝੰਜੋੜਿਆ ਹੈ। ਉਹ ਫਿਰ ਵੀ ਨਹੀਂ ਹਿੱਲੀ। ਨਾ ਹੀ ਬੋਲੀ ਹੈ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ ਹੈ।

'ਮਧੂ...'

ਉਹ ਨਹੀਂ ਬੋਲੀ।

ਉਸ ਵਿਚ ਕੋਈ ਸਾਹ ਨਹੀਂ।

ਬਹੁਤ ਉੱਚੀ ਆਵਾਜ਼ ਵਿਚ ਉਸ ਨੇ 'ਮਧੂ..' ਕਿਹਾ ਹੈ ਤੇ ਚੀਖ ਉੱਠਿਆ ਹੈ।

ਅੱਠ ਵੱਜਣ ਵਾਲੇ ਹਨ।

ਇੱਕੇ-ਦੁੱਕੇ ਡਾਕਟਰਾਂ ਦੀਆਂ ਕਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਰ ਡਾਕਟਰ ਦੀ ਕਾਰ ਉਸ ਦੇ ਆਪਣੇ-ਗੈਰਿਜ ਵਿਚ। ਆਪਣਾ ਗੈਰਿਜ, ਜਿਸ ਉੱਤੇ ਉਸ ਦੀ ਨੇਮ ਪਲੇਟ ਲੱਗੀ ਹੋਈ ਹੈ।

ਬੇਸੁੱਧ ਜਿਹਾ ਹੋਇਆ ਸਾਗਰ ਗੋਡਿਆਂ ਵਿਚਕਾਰ ਸਿਰ ਦਈ ਚੁੱਪ ਬੈਠਾ ਹੈ। ਪਤਾ ਨਹੀਂ ਕੀ ਸੋਚ ਰਿਹਾ ਹੈ।

214

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ