ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ ਜਦ ਉਹ ਪਟਿਆਲੇ ਜਾਂਦਾ ਤਾਂ ਪੰਦਰਾਂ ਵੀਹ ਕਿਤਾਬਾਂ ਇਕੱਠੀਆਂ ਹੀ ਖਰੀਦ ਲਿਆਉਂਦਾ। ਕਿਤਾਬਾਂ ਰਸਾਲਿਆਂ ਵਿੱਚ ਹੀ ਇੱਕ ਤਰ੍ਹਾਂ ਨਾਲ ਉਸ ਦਾ ਇੱਕ ਸੰਸਾਰ ਵਸਿਆ ਹੋਇਆ ਸੀ। ਇਸ ਸੰਸਾਰ ਵਿੱਚ ਵਿਚਰ ਕੇ ਉਹ ਆਪਣੀ ਦੁਨੀਆ ਭੁੱਲ ਜਾਂਦਾ ਸੀ। ਕਈ ਨਾਵਲ ਕਹਾਣੀਆਂ ਵਿੱਚ ਤਾਂ ਉਸ ਨੂੰ ਅਜਿਹੇ ਪਾਤਰ ਮਿਲਦੇ, ਜਿਹੜੇ ਉਸ ਨਾਲ ਮਿਲਦੇ-ਜੁਲਦੇ ਹੁੰਦੇ। ਉਸ ਦਾ ਜੀਅ ਕਰਦਾ ਕਿ ਉਹ ਆਪਣੇ ਜੀਵਨ ਬਾਰੇ ਕੋਈ ਨਾਵਲ ਲਿਖੇ, ਪਰ ਉਸ ਦਾ ਹੌਸਲਾ ਨਾ ਪੈਂਦਾ। ਉਹ ਇਹ ਵੀ ਫ਼ੈਸਲਾ ਨਹੀਂ ਸੀ ਕਰ ਸਕਦਾ ਕਿ ਉਹ ਇਸ ਨਾਵਲ ਨੂੰ ਕਿੱਥੋਂ ਸ਼ੁਰੂ ਕਰੇ। ਇੱਕ ਬੇਵੱਸ ਇਨਸਾਨ ਦਾ ਜੀਵਨ ਉਹ ਜਿਉ ਰਿਹਾ ਸੀ।

ਕਦੇ-ਕਦੇ ਉਸ ਦਾ ਜੀਅ ਕਰਦਾ ਕਿ ਉਹ ਇਸ ਘਰ ਨੂੰ ਛੱਡ ਕੇ ਕਿਸੇ ਪਾਸੇ ਨਿੱਕਲ ਜਾਵੇ। ਸ਼ਮਿੰਦਰ ਨੂੰ ਹੀ ਜਾ ਮਿਲੇ। ਉਸ ਦੇ ਪੈਰਾਂ ਉੱਤੇ ਡਿੱਗ ਕੇ ਗਿੜਗੜਾਏ-ਮੈਥੋਂ ਭੁੱਲ ਹੋ ਗਈ, ਸ਼ੰਮੀ! ਮੇਰੇ ਸਿਰ ਵਿੱਚ ਜੁੱਤੀਆਂ ਮਾਰ ਲੈ, ਮੈਨੂੰ ਆਪਣਾ ਬਣਾ ਲੈ। ਤੇਰੇ ਲਈ ਮੈਂ ਮਿੱਟੀ ਦੀ ਟੋਕਰੀ ਢੋਣ ਨੂੰ ਤਿਆਰ ਹਾਂ, ਪਰ ਉਹ ਜਾਣਦਾ ਸੀ ਸ਼ਮਿੰਦਰ ਹੁਣ ਉਸ ਦੀ ਪਹੁੰਚ ਵਿੱਚ ਨਹੀਂ। ਉਹ ਤਾਂ ਬੀ. ਏ. ਕਰਕੇ ਬੀ. ਐੱਡ. ਵੀ ਕਰ ਗਈ ਸੀ। ਉਸ ਨੂੰ ਤਾਂ ਸਰਕਾਰੀ ਨੌਕਰੀ ਵੀ ਮਿਲ ਗਈ ਸੀ। ਉਹ ਤਾਂ ਇੱਕ ਵਕੀਲ ਨਾਲ ਵਿਆਹੀ ਵੀ ਗਈ ਸੀ। ਵਕੀਲ, ਜਿਸ ਦੀ ਪ੍ਰੈਕਟਿਸ ਹੁਣ ਬਹੁਤ ਵਧੀਆ ਚੱਲਦੀ ਹੈ। ਜੋ ਹੁਣ ਇੱਕ ਅਮੀਰ ਆਦਮੀ ਬਣ ਗਿਆ ਹੈ। ਰਹਿਣ ਲਈ ਕੋਠੀ ਹੈ। ਕਾਲ਼ੀ ਅੰਬੈਸੇਡਰ ਕਾਰ ਹੈ। ਸ਼ਮਿੰਦਰ ਹੁਣ ਉਸ ਦੀ ਪਹੁੰਚ ਕਿੱਥੇ?

ਇੱਕ ਦਿਨ ਉਹ ਸ਼ਹਿਰ ਗਿਆ ਸੀ। ਨਛੱਤਰ ਕੌਰ ਵੀ ਨਾਲ ਸੀ। ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ ਤੇ ਉਹ ਕੱਪੜਾ ਖਰੀਦਣ ਗਏ ਸਨ। ਸ਼ਹਿਰ ਦੇ ਬੱਸ ਸਟੈਂਡ ’ਤੇ ਸੁਖਪਾਲ ਨੇ ਸ਼ਮਿੰਦਰ ਤੇ ਵਕੀਲ ਨੂੰ ਦੇਖਿਆ ਸੀ। ਉਸ ਨੂੰ ਤਾਂ ਜਿਵੇਂ ਚੱਕਰ ਜਿਹਾ ਆ ਗਿਆ ਹੋਵੇ। ਸ਼ਮਿੰਦਰ ਤਾਂ ਹੋਰ ਹੀ ਬਣੀ ਹੋਈ ਸੀ। ਪੱਫ ਵਾਲਾ ਉੱਚਾ ਜੂੜਾ। ਕਾਲ਼ੇ ਗਾਗਲਜ਼। ਪਿਆਜ਼ੀ ਸਾੜ੍ਹੀ। ਸਰੀਰ ਗਦਰਾਇਆ ਹੋਇਆ। ਉਸ ਤੋਂ ਵੱਡੀ ਉਮਰ ਦੇ ਵਕੀਲ ਦੇ ਬਰਾਬਰ ਖਹਿ ਕੇ ਤੁਰੀ ਜਾ ਰਹੀ ਸੀ। ਸ਼ਮਿੰਦਰ ਨੇ ਸੁਖਪਾਲ ਨੂੰ ਨਹੀਂ ਸੀ ਦੇਖਿਆ। ਨਛੱਤਰ ਕੌਰ ਨੂੰ ਤਾਂ ਉਹ ਜਾਣਦੀ ਹੀ ਕੀ ਸੀ। ਸੁਖਪਾਲ ਸ਼ਰਮ ਦਾ ਮਾਰਿਆ ਇੱਕ ਪਾਸੇ ਹੋ ਕੇ ਖੜ੍ਹ ਗਿਆ ਸੀ ਤੇ ਅਖ਼ਬਾਰਾਂ ਵੇਚਣ ਵਾਲੇ ਤੋਂ ਕੋਈ ਰਸਾਲਾ ਲੈ ਕੇ ਉਸ ਨੂੰ ਦੇਖਣ ਲੱਗ ਪਿਆ ਸੀ।

ਪਰਮਿੰਦਰ ਦਾ ਪਿੰਡ ਲੁਧਿਆਣੇ ਦੇ ਨੇੜੇ ਸੀ, ਪਿੰਡ ਦੇ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਕੇ ਨਰਸ ਦੀ ਟਰੇਨਿੰਗ ਉਸ ਨੇ ਲੁਧਿਆਣੇ ਹੀ ਲਈ ਸੀ। ਦੋ-ਤਿੰਨ ਸਾਲ ਉਹ ਉਡੀਕਦੀ ਰਹੀ ਸੀ ਕਿ ਲੁਧਿਆਣੇ ਦੇ ਨੇੜੇ-ਤੇੜੇ ਹੀ ਕਿਸੇ ਪਿੰਡ ਵਿੱਚ ਲੱਗ ਜਾਵੇ, ਪਰ ਨਹੀਂ। ਲੁਧਿਆਣੇ ਜ਼ਿਲ੍ਹੇ ਵਿੱਚ ਤਾਂ ਇੱਕ ਵੀ ਪੋਸਟ ਖ਼ਾਲੀ ਨਹੀਂ ਸੀ ਹੋ ਰਹੀ। ਨਵੀਆਂ ਪੋਸਟਾਂ ਦੇ ਆਉਣ ਦੀ ਕੋਈ ਆਸ ਨਹੀਂ ਸੀ। ਆਖ਼ਰ ਨੂੰ ਉਸ ਨੇ ਮਨ ਬਣਾ ਲਿਆ ਸੀ ਕਿ ਬਠਿੰਡਾ ਜਾਂ ਸੰਗਰੂਰ ਜ਼ਿਲ੍ਹੇ ਵਿੱਚ ਹੀ ਨੌਕਰੀ ਕਰ ਲਵੇ। ਉਸ ਦੇ ਮਾਂ-ਬਾਪ, ਰਿਸ਼ਤੇਦਾਰ ਤੇ ਹੋਰ ਭਾਈਵੰਦ ਵੀ ਕਹਿੰਦੇ ਸਨ-ਕੀ ਡਰ ਐ। ਲੁਧਿਆਣੇ ਜ਼ਿਲ੍ਹੇ ਦੀਆਂ ਸੈਂਕੜੇ ਕੁੜੀਆਂ ਸੰਗਰੂਰ ਬਠਿੰਡੇ ਵਿੱਚ ਮਾਸਟਰ ਲੱਗੀਆਂ ਹੋਈਆਂ ਨੇ,

ਕੱਟੇ ਖੰਭਾਂ ਵਾਲਾ ਉਕਾਬ

29