ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਿੱਗਦੇ ਹਨ। ਅੱਖਾਂ ਦਾ ਰੰਗ ਗਹਿਰੇ ਤੋਂ ਗਹਿਰਾ ਹੁੰਦਾ ਜਾ ਰਿਹਾ ਹੈ। ਘਰਵਾਲੀ ਨਾ ਉਹਦੇ ਨ੍ਹਾਉਣ ਲਈ ਬਾਲਟੀ ਭਰਦੀ ਹੈ ਤੇ ਨਾ ਰੋਟੀ-ਟੁੱਕ ਦਾ ਕੋਈ ਆਹਰ ਕੀਤਾ ਜਾ ਰਿਹਾ ਹੈ। ਘਰ ਵਿੱਚ ਸੋਗ ਹੈ। ਸਭ ਨੂੰ ਦਿਸਦਾ ਹੈ, ਪਰ ਦੁਰਗਾ ਦਾਸ ਨੂੰ ਨਹੀਂ ਦਿਸਦਾ।

'ਤੁਸੀਂ ਜੀ, ਸੁਰਤ ਕਰੋ ਕੁਛ। ਅੱਜ ਬਿਮਲਾ ਕਾਲਜੋਂ ਨਹੀਂ ਮੁੜੀ। ਹੁਣ ਤੱਕ ਨਹੀਂ ਮੁੜੀ। ਮੈਂ ਤਾਂ ਸਾਰੇ ਪਤਾ ਲੈ ਲਿਆ। ਉਹ ਕਿਤੇ ਵੀ ਨਹੀਂ।' ਘਰਵਾਲੀ ਨੇ ਜਿਗਰਾ ਕੀਤਾ ਤੇ ਸਭ ਦੱਸ ਦਿੱਤਾ।

ਦੁਰਗਾ ਦਾਸ ਨਾਲ ਦੀ ਨਾਲ ਛਾਈਂ-ਮਾਈਂ ਹੋ ਗਿਆ। ਸਾਰਾ ਟੱਬਰ ਉਹਦੀ ਚੁੱਪ ਤੋਂ ਡਰ ਰਿਹਾ ਸੀ। ਇਸ ਤਰ੍ਹਾਂ ਹੀ ਅੱਧਾ ਘੰਟਾ ਬੀਤ ਗਿਆ ਤੇ ਫਿਰ ਦੁਰਗਾ ਦਾਸ ਨੇ ਡੰਡਾ ਫੜ ਕੇ ਘਰਵਾਲੀ ਦਾ ਪੋਰ-ਪੋਰ ਭੰਨ ਸੁਟਿਆ। ਪਾਗ਼ਲ ਹੋਇਆ ਉਹ ਬੋਲ ਰਿਹਾ ਸੀ ਕੁੱਤੀਏ ਤੂੰ ਕੁੜੀ ਦੀ ਨਿਗਾਹ ਕਿਉਂ ਨਹੀਂ ਰੱਖੀ।

ਉਸ ਰਾਤ ਚੁੱਲ੍ਹੇ ਵਿੱਚ ਅੱਗ ਨਹੀਂ ਮੱਚੀ।

ਅਗਲੇ ਦਿਨ ਦੁਰਗਾ ਦਾਸ ਢਾਬੇ 'ਤੇ ਨਹੀਂ ਗਿਆ, ਮੁੰਡਾ ਗਿਆ। ਇਹ ਪਹਿਲਾ ਦਿਨ ਸੀ ਕਿ ਦੁਰਗਾ ਦਾਸ ਘਰ ਵਿੱਚ ਹੀ ਰਜ਼ਾਈ ਲੈ ਕੇ ਪਿਆ ਰਿਹਾ ਹੋਵੇ। ਉਸ ਤੋਂ ਅਗਲੇ ਦਿਨ ਉਹ ਸਵੇਰੇ ਗਿਆ ਤੇ ਦੁਪਹਿਰ ਨੂੰ ਘਰ ਆ ਕੇ ਫਿਰ ਮੰਜਾ ਮੱਲ ਲਿਆ।

ਕਦੇ-ਕਦੇ ਆ ਕੇ ਢਾਬੇ 'ਤੇ ਰੋਟੀ ਖਾਣ ਵਾਲੇ ਬੰਦੇ ਹੈਰਾਨ ਸਨ ਕਿ ਦੁਰਗਾ ਦਾਸ ਹੁਣ ਢਾਬੇ ਦੇ ਸਾਹਮਣੇ ਸੜਕ ਉੱਤੇ ਕੁਰਸੀ ਡਾਹ ਕੇ ਤੇ ਮੇਜ਼ ਲਾ ਕੇ ਕਿਉਂ ਨਹੀਂ ਬੈਠਦਾ? ਉਹ ਸ਼ੁੱਧ ਦੇਸੀ ਘਿਓ ਦਾ ਨਾਂ ਲੈ ਕੇ ਉੱਚਾ ਗੜ੍ਹਕਦਾ ਹੋਕਰਾ ਕਿਉਂ ਨਹੀਂ ਮਾਰਦਾ? ਢਾਬੇ ਅੰਦਰ ਹੀ ਤਖ਼ਤਪੋਸ਼ ਉੱਤੇ ਛਾਪਲਿਆ ਜਿਹਾ ਬੈਠਾ ਉਹ ਬੋਲਦਾ ਕਿਉਂ ਨਹੀਂ? ਗਾਹਕ ਆਉਂਦੇ ਹਨ ਤੇ ਸਬਜ਼ੀ-ਪੂਰੀ ਖਾ ਕੇ ਚੁੱਪ-ਚਾਪ ਉਹਦੇ ਚਿਹਰੇ ਵੱਲ ਝਾਕਦੇ ਤੁਰ ਜਾਂਦੇ ਹਨ। ਉਹਦੀਆਂ ਮੁੱਛਾਂ ਕੁੰਡਲਦਾਰ ਨਹੀਂ ਰਹੀਆਂ। ਮੁੱਛਾਂ ਦੇ ਨਿਸ਼ਾਨ ਤਾਂ ਹਨ, ਮੁੱਛਾਂ ਨਹੀਂ।

ਛੇ ਮਹੀਨਿਆਂ ਬਾਅਦ ਕਿਸੇ ਅਗਿਆਤ ਸ਼ਹਿਰੋਂ ਬਿਮਲਾ ਦੀ ਚਿੱਠੀ ਆਈ। ਐਡਰੈੱਸ ਦੁਰਗਾ ਦਾਸ ਦਾ। ਚਿੱਠੀ ਮਾਂ ਦੇ ਨਾ ਲਿਖੀ ਹੋਈ। ਉਹ ਨੇੜੇ ਦੇ ਪਿੰਡੋਂ ਆਉਂਦੇ ਇੱਕ ਮੁੰਡੇ ਨਾਲ ਚਲੀ ਗਈ ਸੀ। ਉੱਥੇ ਉਹ ਮੁੰਡਾ ਇੱਕ ਕੱਪੜੇ ਦੇ ਕਾਰਖ਼ਾਨੇ ਵਿੱਚ ਕਲਰਕੀ ਦਾ ਕੰਮ ਕਰਦਾ ਤੇ ਬਿਮਲਾ ਮੁਹੱਲੇ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੀ ਸੀ। ਉਹ ਓਥੇ ਸੁਖੀ ਤੇ ਖ਼ੁਸ਼ ਸਨ। ਬਾਪ ਦੀ ਦਹਿਸ਼ਤ ਦਾ ਪਰਛਾਵਾਂ ਕਿਧਰੇ ਨਹੀਂ ਸੀ।

ਗੱਲ ਨਿੱਕਲਦੀ ਨਿੱਕਲ ਗਈ। ਆਂਢੀ-ਗੁਆਂਢੀ ਸੋਚਦੇ-ਅਜਿਹਾ ਕੰਮ ਤਾਂ ਸੱਤੋ ਕਰ ਸਕਦੀ ਸੀ, ਬਿਮਲਾ ਦਾ ਤਾਂ ਸੁਪਨਾ ਵੀ ਨਹੀਂ ਸੀ।◆

86

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ