ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲ਼ੀ-ਹੌਲ਼ੀ ਬੋਲ ਕੇ ਗੱਲ ਦੱਸੀ। ਲੱਛੂ ਬਾਣੀਏ ਦੀ ਕੁੜੀ, ਜਿਹੜੀ ਨਿੰਮੋ ਐ, ਵੱਡੀ ਤਾਂ ਦੇਖ ਲੈ ਵਿਆਹ 'ਤੀ ਸੀ। ਉਹਦੀ ਬਾਂਹ ਫੜ ਲੀ ਥੰਮਣ ਦੇ ਛੋਟੇ ਪੋਤੇ ਕਰਮਜੀਤ ਨੇ, ਜਿਹੜਾ ਕਾਲਜ 'ਚ ਪੜ੍ਹਦੈ, ਉਹ ਸ਼ੂਕਾ ਜ੍ਹਾ।"

"ਫਿਰ?" ਮੈਂਗਲ ਨੇ ਕਾਹਲ ਨਾਲ ਪੁੱਛਿਆ।

ਲੱਛੂ ਕਹਿੰਦਾ, "ਮੈਂ ਤਾਂ ਜਾਨਾਂ ਪਿੰਡ ਛੱਡ ਕੇ। ਟਰੱਕ ਮੰਗਾ ਲਿਆ। ਸਮਾਨ ਲੱਦਣ ਆਲਾ ਈ ਸੀ। ਅਖੇ ਅੱਜ ਤਾਂ ਮੇਰੀ ਕੁੜੀ ਦੀ ਬਾਂਹ ਫੜੀ। ਕੱਲ੍ਹ ਨੂੰ ਕੋਈ ਊਂ ਲੈ ਕੇ ਨਿੱਕਲ ਜੂ ਇਹਨੂੰ। ਐਦੂੰ ਤਾਂ ਪਿੰਡ ਛੱਡਿਆ ਚੰਗਾ। ਸਰਪੰਚ ਨੂੰ ਲਾਗਿਆ ਪਤਾ। ਨਮੋਸ਼ੀ ਮੰਨ ਗਿਆ ਥੰਮਣ। ਚੁੱਪ ਦਾ ਚੁੱਪ ਰਹਿ ਗਿਆ ਕੇਰਾਂ ਤਾਂ। ਫਿਰ ਕਹਿੰਦਾ ਮੈਨੂੰ ਬਖ਼ਸ਼ੋ ਭਰਾਵੋ। ਮੈਂ ਮੁੰਡੇ ਦੇ ਵੱਢ ਕੇ ਡੱਕਰੇ ਕਿਹੜਾ ਨਾ ਕਰ ਦੂੰ। ਉਹਨੇ ਸਮਝਿਆ ਕੀ? ਬਸ ਘਰ ਆ ਕੇ ਮੰਜਾ ਫੜ ਲਿਆ। ਮੰਜਾ ਨ੍ਹੀਂ ਛੱਡਿਆ, ਜਾਨ ਦੇ 'ਤੀ।"

ਬੁੱਧ ਸਿਓਂ ਦੀ ਗੱਲ ਉੱਤੇ ਸੱਥ ਵਿੱਚ ਬੈਠੇ ਸਭ ਲੋਕ ਸੁੰਨ ਬਣ ਕੇ ਰਹਿ ਗਏ। ਥੰਮਣ ਦਾ ਹਾਣੀ ਮੈਂਗਲ ਸੂੰ ਬੁੜ੍ਹਾ ਧਰਤੀ ਵੱਲ ਇੱਕ ਟੱਕ ਝਾਕੀ ਜਾ ਰਿਹਾ ਸੀ। ਫਿਰ ਹੌਲ਼ੀ ਜਿਹੇ ਐਨਾ ਹੀ ਬੋਲ ਕੱਢਿਆ- "ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ 'ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ 'ਤੇ। ਤੇ ਫਿਰ ਉਹ ਚੁੱਪ ਦਾ ਚੁੱਪ ਬੈਠਾ ਹੋਇਆ ਸੀ। ਅੱਖਾਂ ਝਮਕਾਏ ਬਗ਼ੈਰ ਧਰਤੀ ਵੱਲ ਇੱਕ ਟੱਕ ਝਾਕਦਾ, ਜਿਵੇਂ ਉਹ ਖ਼ੁਦ ਵੀ ਥੰਮਣ ਦੀ ਮੌਤ ਮਰ ਜਾਣਾ ਚਾਹੁੰਦਾ ਹੋਵੇ।"◆

94

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ