ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਬਣਾ ਕੇ ਬੈਠੀ ਹੋਈ ਸੀ। ਤੀਵੀਂ ਹੋਵੇ ਤਾਂ ਉਹੋ ਜਿਹੀ ਹੋਵੇ। ਹਰਨੇਕ ਦੀ ਆਪਣੀ ਪਤਨੀ ਸੋਹਣੀ ਤਾਂ ਸੀ ਪਰ ਸੁਭਾਉ ਦੀ ਚੰਗੀ ਨਹੀਂ ਸੀ। ਹਰ ਵੇਲੇ ਖਿੱਝਦੀ-ਕੁੜ੍ਹਦ ਰਹਿੰਦੀ। ਦੋ ਜੁਆਕ ਜੰਮ ਕੇ ਵੀ ਹਾਲੇ ਉਹਨੂੰ ਸੁਰਤ ਨਹੀਂ ਆਈ ਸੀ ਕਿ ਘਰ-ਗ੍ਰਹਿਸਥੀ ਕੀ ਚੀਜ਼ ਹੁੰਦੀ ਹੈ। ਉਹ ਪੈਸੇ ਦੀ ਪੁੱਤ ਸੀ। ਹਰਨੇਕ ਉਹਦੇ ਹੱਥ ਵਿੱਚ ਪੈਸੇ ਆਮ ਰੱਖਦਾ ਤਾਂ ਉਹ ਕੁਝ ਵਲ ਰਹਿੰਦੀ, ਨਹੀਂ ਤਾਂ ਮੱਚੀ ਦੀ ਮੱਚੀ। ਘਰ ਦੀਆਂ ਚੀਜ਼ਾਂ-ਵਸਤਾਂ ਤੇ ਜੁਆਕਾਂ ਦੇ ਕੱਪੜਿਆਂ ਨੂੰ ਲੈ ਕੇ ਹੀ ਬੋਲਦੀ ਰਹਿੰਦੀ। ਉਹ ਸਧਾਰਨ ਵੀ ਬੋਲਦੀ ਤਾਂ ਲੱਗਦਾ ਲੜਦੀ ਝਗੜਦੀ ਹੈ। ਸ਼ਾਂਤ-ਠਰੇ ਪਾਣੀਆਂ ਵਿੱਚ ਅਚਾਨਕ ਗੰਦਾ ਰੋੜਾ ਵਗਾਹ ਮਾਰਨਾ ਉਹਦੀ ਭੈੜੀ ਆਦਤ ਸੀ। ਉਹ ਹਰਨੇਕ ਨੂੰ ਹਰ ਵੇਲੇ ਹੀ ਤਣਾਅ ਵਿੱਚ ਰੱਖਦੀ। ਕਹਿਣ ਨੂੰ ਉਹ ਬਾਰ੍ਹਾਂ ਜਮਾਤਾਂ ਪਾਸ ਪਰ ਉਹਦੇ ਵਿੱਚ ਪੜ੍ਹੀਆਂ ਲਿਖੀਆਂ ਜ਼ਨਾਨੀਆਂ ਵਾਲੀ ਕੋਈ ਗੱਲ ਨਹੀਂ ਸੀ। ਡੰਗਰਾਂ ਵਰਗੇ ਬੋਲ ਸੀ ਉਹਦੇ। ਹਰਨੇਕ ਬਹੁਤਾ ਹੀ ਖਿੱਝ ਉਠਦਾ ਤਾਂ ਉਹਦਾ ਜੀਅ ਕਰਦਾ ਕਿ ਉਹ ਇਸ ਚੰਦਰੇ ਘਰ ਨੂੰ ਛੱਡ ਕੇ ਕਿਧਰੇ ਭੱਜ ਜਾਵੇ। ਪਰ ਉਹ ਇੰਜ ਕਿਵੇਂ ਵੀ ਨਹੀਂ ਸੀ ਕਰ ਸਕਦਾ। ਉਹਦੇ ਦੋ ਜੁਆਕ ਉਹਦੇ ਪੈਰਾਂ ਵਿੱਚ ਬੇੜੀਆਂ ਸਨ। ਉਹ ਸੋਚਦਾ, ਉਹਦੀ ਘਰ ਵਾਲੀ ਤਾਂ ਹੈ ਇਹੋ ਜਿਹੀ, ਬਲੂਰਾਂ ਦਾ ਕੀ ਕਸੂਰ ਹੈ? ਉਹ ਸਮੇਂ ਤੋਂ ਪਹਿਲਾਂ ਹੀ ਦਫ਼ਤਰ ਚਲਿਆ ਜਾਂਦਾ ਤੇ ਸ਼ਾਮ ਨੂੰ ਛੁੱਟੀ ਬਾਅਦ ਘੰਟਾ-ਅੱਧਾ ਘੰਟਾ ਦੇਰ ਨਾਲ ਘਰ ਪਹੁੰਚਦਾ। ਰਾਹ ਵਿੱਚ ਕੋਈ ਮਿੱਤਰ-ਦੋਸਤ ਮਿਲ ਜਾਂਦਾ ਤਾਂ ਉਹਦੇ ਕੋਲ ਹੀ ਖੜ੍ਹਾ ਗੱਲਾਂ ਮਾਰਦਾ ਰਹਿੰਦਾ। ਉਹਨੂੰ ਘਰ ਵਾਪਸ ਜਾਣ ਦੀ ਭੋਰਾ ਵੀ ਕਾਹਲ ਨਹੀਂ ਸੀ ਹੁੰਦੀ। ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਕੁਝ ਸਮੇਂ ਲਈ ਦਫ਼ਤਰ ਜਾਂਦਾ। ਬਹੁਤਾ ਸਮਾਂ ਘਰੋਂ ਬਾਹਰ ਰਹਿਣ ਦੀ ਕੋਸ਼ਿਸ਼ ਕਰਦਾ।

ਉਹ ਫੂਡ ਐਂਡ ਸਪਲਾਈ ਦੇ ਮਹਿਕਮੇ ਵਿੱਚ ਸੀ ਤੇ ਉਨ੍ਹਾਂ ਦਿਨਾਂ ਵਿੱਚ ਉਹ ਜਿਸ ਸ਼ਹਿਰ ਵਿੱਚ ਸੀ, ਉਥੋਂ ਮਾਸਟਰ ਕਰਮ ਸਿੰਘ ਦਾ ਪਿੰਡ ਬਹੁਤੀ ਦੂਰ ਨਹੀਂ ਸੀ। ਬੱਸਾਂ ਜਾਂਦੀਆਂ ਸਨ। ਇੱਕ ਦਿਨ ਸ਼ਹਿਰ ਵਿੱਚ ਸਾਈਕਲ ਉੱਤੇ ਜਾ ਰਿਹਾ ਮਾਸਟਰ ਕਰਮ ਸਿੰਘ ਮਿਲਿਆ ਸੀ। ਉਹਨੂੰ ਪਿੰਡ ਮੁੜਨ ਦੀ ਕਾਹਲ ਸੀ। ਬਹੁਤੀ ਗੱਲਬਾਤ ਚਾਹੇ ਨਹੀਂ ਸੀ ਹੋ ਸਕੀ ਪਰ ਉਹ ਜ਼ੋਰ ਦੇ ਰਿਹਾ ਸੀ ਕਿ ਕਿਸੇ ਦਿਨ ਪਿੰਡ ਆਵੇ ਤੇ ਰਾਤ ਰਹੇ। ਬੱਚਿਆ ਨੂੰ ਵੀ ਨਾਲ ਲਿਆਵੇ। ਉਹ ਆਰਾਮ ਨਾਲ ਬੈਠ ਕੇ ਗੱਲਾਂ ਕਰਨਗੇ। ਹਰਨੇਕ ਨੂੰ ਮਾਸਟਰ ਕਰਮ ਸਿੰਘ ਮਿਲਿਆ ਸੀ, ਤਾਂ ਸਮਝੋ ਮ੍ਹਿੰਦਰੋ ਭਾਬੀ ਹੀ ਮਿਲ ਪਈ। ਉਹਦੇ ਸਰੀਰ ਵਿੱਚ ਇੱਕ ਤਾਰ ਫਿਰ ਗਈ। ਮ੍ਹਿੰਦਰੋ ਨੂੰ ਦੇਖਣ ਲਈ ਉਹਦਾ ਚਿੱਤ ਕਾਹਲਾ ਪੈਣ ਲੱਗਿਆ। ਉਹਨੇ ਝੱਟ ਆਖ ਦਿੱਤਾ ਕਿ ਉਹ ਅਗਲੇ ਸ਼ਨਿਚਰਵਾਰ ਹੀ ਸ਼ਾਮ ਨੂੰ ਆਵੇਗਾ।

ਹਰਨੇਕ ਦੇ ਪਿੰਡ ਮ੍ਹਿੰਦਰੋ ਭਾਬੀ ਜਦੋਂ ਉਨ੍ਹਾਂ ਦੇ ਘਰ ਆਉਂਦੀ ਹੁੰਦੀ, ਮਾਸਟਰ ਕਰਮ ਸਿੰਘ ਉਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ। ਉਨ੍ਹਾਂ ਦੇ ਗੁਆਂਢ ਵਿੱਚ ਹੀ ਇੱਕ ਬੈਠਕ ਕਿਰਾਏ ਉੱਤੇ ਲੈ ਕੇ ਰਹਿੰਦੇ ਹੁੰਦੇ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਬੱਚਾ ਕੋਈ ਨਹੀਂ ਸੀ। ਵਿਆਹ ਨੂੰ ਥੋੜ੍ਹੇ ਦਿਨ ਹੀ ਹੋਏ ਸਨ। ਕਰਮ ਸਿੰਘ ਜਦੋਂ ਸਕੂਲ ਚਲਿਆ ਜਾਂਦਾ ਤਾਂ ਮ੍ਹਿੰਦਰੋ ਕੰਮ-ਧੰਦਾ ਮੁਕਾ ਕੇ ਹਰਨੇਕ ਦੀ ਮਾਂ ਕੋਲ ਆ ਬੈਠਦੀ।

ਮਾਂ

165