ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਚੁੱਪ। ਜਿਵੇਂ ਆਪਣੇ ਆਪ ਵਿੱਚ ਹੀ ਗੁਆਚ ਕੇ ਰਹਿ ਗਿਆ ਹੋਵੇ। ਸ਼ਕੁੰਤਲਾ ਉਹਨਾਂ ਦੀ ਆਵਾਜ਼ ਸੁਣ ਕੇ ਜਾਗ ਪੈਂਦੀ। ਰੋਣ ਲੱਗਦੀ। ਫੇਰ ਸੌਂ ਜਾਂਦੀ। ਬਿੱਲੀ ਦੇ ਬਲੂਰ ਨੂੰ ਕੀ ਪਤਾ ਸੀ, ਘਰ ਵਿੱਚ ਵਾਪਰੇ ਮਹਾਂ-ਯੁੱਧ ਦਾ। ਤੀਜੇ ਦਿਨ ਨੰਦ ਸਿੰਘ ਨੇ ਗਲੀ-ਮੁਹੱਲੇ ਦੇ ਲੋਕਾਂ ਦਾ ਇਕੱਠ ਕੀਤਾ। ਉਹ ਕਹਿ ਰਿਹਾ ਸੀ-"ਦੋਵੇਂ ਆ ਕੇ ਮਾਫੀ ਮੰਗਣ। ਜੋ ਲੈ ਗਏ ਨੇ, ਉਹ ਮੋੜ ਕੇ ਜਾਣ। ਜਿਹੜੀ ਭੰਨ ਤੋੜ ਕੀਤੀ ਹੈ, ਉਹਦਾ ਮੁਆਵਜ਼ਾ ਵੀ ਦੇਣ। ਨਹੀਂ ਤਾਂ ਮੈਂ ਪੁਲਿਸ ਨੂੰ ਕੇਸ ਦੇਣ ਚੱਲਿਆ ਹਾਂ।"

ਉਹ ਜਿਸ ਵੱਡੀ ਮਾਰ 'ਤੇ ਗਏ ਸਨ, ਉਹ ਤਾਂ ਉਹਨਾਂ ਦੇ ਹੱਥ ਨਾ ਲੱਗਿਆ। ਹੁਣ ਉਹ ਵੀ ਪਛਤਾ ਰਹੇ ਸਨ। ਲੋਕਾਂ ਦੇ ਇਕੱਠ ਵਿੱਚ ਉਹਨਾਂ ਦੇ ਬੰਦੇ ਵੀ ਸਨ। ਸਗੋਂ ਉਹਨਾਂ ਨੇ ਆਪ ਭੇਜਿਆ ਸੀ, ਉਹਨਾਂ ਨੂੰ। ਗਲ ਤੇ ਕੰਨਾਂ ਦੇ ਜ਼ੇਵਰ ਵਾਪਸ ਹੋ ਗਏ। ਨੋਟਾਂ ਦੀ ਥਹੀ ਵੀ ਪਰ ਉਹ ਆਪ ਆ ਕੇ ਮਾਫ਼ੀ ਨਹੀਂ ਮੰਗ ਰਹੇ ਸਨ। ਉਹਨਾਂ ਦੀਆਂ ਘਰ ਵਾਲੀਆਂ ਨੇ ਕਹਾ ਕੇ ਭੇਜਿਆ ਸੀ ਕਿ ਉਹ ਘਰ ਨਹੀਂ ਹਨ। ਪਤਾ ਨਹੀਂ ਕਿੱਥੇ ਨੇ। ਉਹ ਤਾਂ ਆਪ ਉਹਨਾਂ ਦਾ ਫ਼ਿਕਰ ਕਰ ਰਹੀਆਂ ਹਨ।

ਉਹਨਾਂ ਦੇ ਬੰਦੇ ਕਹਿ ਰਹੇ ਸਨ-"ਅਸੀਂ ਆਪ ਸਾਲ਼ਿਆਂ ਦੇ ਪੰਜਾਹ ਮਾਰਾਂਗੇ ਜੁੱਤੀਆਂ। ਇੱਕ ਵਾਰ ਸਾਡੇ ਸਾਹਮਣੇ ਤਾਂ ਆ ਜਾਣ। ਅਸੀਂ ਕੀ ਕੋਈ ਕਸਰ ਛੱਡਾਂਗੇ ਉਹਨਾਂ ਨਾਲ। ਨੰਦ ਸਿੰਘ ਜੀ, ਤੁਸੀਂ ਗੁੱਸੇ ਨੂੰ ਮਾਰੋ। ਪੁਲਿਸ ਤਾਂ ਪੁੱਟ ਕੇ ਖਾ ਜਾਏਗੀ ਤਿੰਨਾਂ ਘਰਾਂ ਨੂੰ।"

ਦਿਨ ਪੈਣ ਲੱਗੇ ਤੇ ਗੱਲ ਰਫ਼ਾ-ਦਫ਼ਾ ਹੋ ਗਈ। ਪਰ ਨੰਦ ਸਿੰਘ ਤੇ ਸੁਰਜੀਤ ਕੌਰ ਸੋਚਦੇ ਰਹਿੰਦੇ-"ਇੱਕ ਢਿੱਡੋਂ ਜੰਮੇਂ ਭਰਾ ਵੀ ਕੀ ਇੰਜ ਕਰ ਸਕਦੇ ਨੇ?"

ਹਰਅਵਤਾਰ ਹਾਲੇ ਵੀ ਤਾਏ ਦੇ ਘਰ ਆਉਂਦਾ ਹੈ। ਉਹਦੇ ਖਾਣ ਲਈ 'ਚੀਜ਼' ਪਹਿਲਾਂ ਵਾਂਗ ਹੀ ਰਸੋਈ ਦੀ ਜਾਲ਼ੀ ਵਿੱਚ ਰੱਖੀ ਪਈ ਰਹਿੰਦੀ ਹੈ। ਉਹ ਸ਼ਕੁੰਤਲਾ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਵੀ ਮਾਰ ਜਾਂਦਾ ਹੈ। *

82

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ