ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗੀਰੋ ਦੀ ਸੋਚ ਬੈਠੀ ਬੈਠੀ ਦੀ ਸੁਪਨੇ ਵਾਂਗ ਤੁਰ ਪਈ। ਹੌਲਦਾਰ ਜਦ ਬੁਢਾਪੇ ਵਿੱਚ ਪੈਰ ਰੱਖਣ ਲੱਗਿਆ, ਉਸ ਵੇਲੇ ਉਹ ਪੂਰੀ ਜਵਾਨ ਸੀ, ਸਾਰਾ ਨਕਸ਼ਾ ਉਸ ਦੀਆਂ ਅੱਖਾਂ ਮੂਹਰੇ ਆ ਗਿਆ। ਕਿਵੇਂ ਇੱਕ ਦਿਨ ਉਸ ਨੂੰ ਇੱਕ ਸਿਆਣੀ ਬੁੜ੍ਹੀ ਕਿੰਨਾ ਹੀ ਚਿਰ ਸਮਝਾਉਂਦੀ ਰਹੀ। ਅਖ਼ੀਰ ਵਿੱਚ ਉਸ ਬੁੜ੍ਹੀ ਨੇ ਇਹ ਵੀ ਦੱਸਿਆ ਕਿ ਤੀਵੀਂ ਵਿੱਚ ਕੋਈ ਨੁਕਸ ਹੋਣਾ ਜ਼ਰੂਰੀ ਨਹੀਂ, ਆਦਮੀ ਵਿੱਚ ਵੀ ਨੁਕਸ ਹੋ ਸਕਦਾ ਹੈ। ਉਸ ਬੁੜ੍ਹੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਹੌਲਦਾਰ ਵਿੱਚ ਹੁਣ ਜਾਨ ਕਿੱਥੇ ਐ?

ਦੁੱਗਾ ਬੱਕਰੀਆਂ ਵਾਲਾ ਉਨ੍ਹਾਂ ਦੇ ਘਰ ਆਉਂਦਾ ਹੁੰਦਾ। ਹੌਲਦਾਰ ਨੂੰ ਵੀ ਸੌਦੇਬਾਜ਼ੀ ਦੀ ਫਿਟਕ ਸੀ। ਪੱਠਾਂ ਲੈ ਲਈਆਂ, ਦੁੱਗੇ ਦੇ ਇੱਜੜ ਵਿੱਚ ਰਲਾ ਦਿੱਤੀਆਂ, ਸੂਈਆਂ ਤਾਂ ਨਫ਼ਾ ਕੱਢ ਕੇ ਵੇਚ ਦਿੱਤੀਆਂ-ਦੁੱਗੇ ਨਾਲ ਅੱਧ-ਅੱਧ।

ਦੁੱਗਾ ਨਿੱਤ ਈ ਲਗਭਗ ਉਨ੍ਹਾਂ ਦੇ ਘਰ ਆਥਣ ਵੇਲੇ ਆਉਂਦਾ ਸੀ। ਉਹ ਸੀ ਤਾਂ ਸੁੱਕਾ ਜਿਹਾ, ਜੱਭਲ ਜਿਹਾ ਤੇ ਬੋਲਾ ਜਿਹਾ, ਪਰ ਸੀ ਅਜੇ ਨਵੀਂ ਉਮਰ ਵਿੱਚ ਹੀ। ਉਸ ਦੀ ਬਹੂ ਕੋਲ ਦੋ ਮੁੰਡੇ ਤੇ ਤਿੰਨ ਕੁੜੀਆਂ ਹੋ ਚੁੱਕੀਆਂ ਸਨ। ਜੰਗੀਰੋ ਨੂੰ ਉਹ ਮਿੱਠੀਆਂ ਚਹੇਡਾਂ ਕਰਦਾ ਰਹਿੰਦਾ।

‘ਹੌਲਦਾਰ ਦੀਆਂ ਸਾਰੀਆਂ ਪੱਠਾਂ ਸੂਏ ਪੈ ਜਾਂਦੀਆਂ ਨੇ, ਹੌਲਦਾਰਨੀਏ! ਤੂੰ ਵੀ ਧੰਨ ਧੰਨ ਕਰਦੇ ਕਿਤੇ?' ਇੱਕ ਦਿਨ ਦੁੱਗੇ ਨੇ ਚੋਟ ਕੀਤੀ।

‘ਤੇਰੇ ਹੌਲਦਾਰ 'ਚ ਈ ਕਣ ਨੀ!' ਜੰਗੀਰੋ ਨੇ ਮਲਵੀਂ ਜਿਹੀ ਜੀਵ ਨਾਲ ਬੁੱਲ੍ਹ ਟੁੱਕ ਕੇ ਉੱਤਰ ਦਿੱਤਾ। ਹੌਲਦਾਰ ਨੂੰ ਜਿਵੇਂ ਸੁਣੇ ਨਾ। ਤੌੜੀ ਦਾ ਦੁੱਧ ਵਧਾ ਕੇ ਜੰਗੀਰੋ ਨੇ ਛੰਨਾ ਭਰਿਆ ਤੇ ਹੌਲਦਾਰ ਨੂੰ ਫੜਾ ਦਿੱਤਾ। ਇੱਕ ਛੰਨਾ ਹੋਰ ਭਰ ਕੇ ਕੁਰਸੀ 'ਤੇ ਬੈਠੇ ਦੁੱਗੇ ਨੂੰ ਦੁੱਧ ਜਦ ਉਹ ਫੜਾਉਣ ਲੱਗੀ ਤਾਂ ਜ਼ੋਰ ਦੀ ਉਸ ਨੇ ਦੁੱਗੇ ਦੀਆਂ ਉਂਗਲਾਂ ਘੁੱਟ ਦਿੱਤੀਆਂ।‘ਸੰਵਾਰ ਕੇ ਫੜ, ਤੱਤੈ, ਡੋਲ੍ਹ ਨਾ ਦਈਂ ਕਮੂਤਾ!' ਦੁੱਗੇ ਦਾ ਸੀਤ ਨਿਕਲ ਗਿਆ।

ਆਥਣੇ ਤਾ ਦੁੱਗਾ ਨਿੱਤ ਆਉਂਦਾ, ਪਰ ਹੁਣ ਕਦੇ ਦੁਪਹਿਰੇ ਹੀ ਉਹ ਆ ਵੜਦਾ, ਜਦੋਂ ਹੌਲਦਾਰ ਏਧਰ ਓਧਰ ਕਿਤੇ ਪਿੰਡ ਵਿੱਚ ਗਿਆ ਹੁੰਦਾ ਜਾਂ ਖੇਤ ਗੇੜਾ ਮਾਰਨ ਗਿਆ ਹੁੰਦਾ।ਮਹੀਨੇ ਪਿੱਛੋਂ ਜਦ ਪੈਨਸ਼ਨ ਲੈਣ ਹੌਲਦਾਰ ਦੁਰ ਸ਼ਹਿਰ ਜਾਂਦਾ ਤੇ ਉੱਥੇ ਹੀ ਉਸ ਨੂੰ ਰਾਤ ਕੱਟਣੀ ਪੈਂਦੀ, ਉਸ ਰਾਤ ਤਾਂ ਜ਼ਰੂਰ ਦੁੱਗਾ ਜੰਗੀਰੋ ਕੋਲ ਰਹਿੰਦਾ।

ਬੱਕਰੀਆਂ ਦੇ ਨਾਲ ਨਾਲ ਦੁੱਗਾ ਭੇਡਾਂ ਦਾ ਇੱਜੜ ਵੀ ਰੱਖਦਾ ਸੀ। ਦੋ ਤਿੰਨ ਪਾਲੀ ਰੱਖੇ ਹੋਏ ਸਨ। ਭੇਡਾਂ ਦੀ ਉੱਨ ਵਿਚੋਂ ਉਹ ਬਹੁਤ ਪੈਸੇ ਕਮਾਉਂਦਾ। ਉੱਨ ਖਰੀਦਣ ਆਏ ਵਪਾਰੀ ਆਪਣੇ ਨਾਲ ਖਾਲਸ ਉੱਨ ਦੇ ਬਣੇ ਹੋਏ ਵਧੀਆ ਕੰਬਲ ਵੀ ਵੇਚਣ ਖ਼ਾਤਰ ਲਿਆਉਂਦੇ ਹੁੰਦੇ। ਇੱਕ ਵਾਰੀ ਦੁੱਗੇ ਨੇ ਦੋ ਵਧੀਆ ਕੰਬਲ ਜੰਗੀਰੋ ਨੂੰ ਨਿਸ਼ਾਨੀ ਵਜੋਂ ਲੈ ਕੇ ਦਿੱਤੇ।

ਜੰਗੀਰੋ ਦੀ ਸੋਚ ਅੱਗੇ ਤੁਰਦੀ ਗਈ।

ਆਸਾ ਸਿੰਘ ਏਸੇ ਪਿੰਡ ਦਾ ਮਸ਼ਹੂਰ ਬੰਦਾ ਸੀ। ਪਹਿਲਾਂ ਉਹ ਵਜ਼ੀਰ ਵੀ ਰਹਿ ਚੁੱਕਿਆ ਸੀ। ਜਦ ਪਹਿਲੀਆਂ ਆਮ ਚੋਣਾਂ 1952 ਵਿੱਚ ਹੋਈਆਂ, ਉਨ੍ਹਾਂ ਵਿੱਚ ਉਹ ਵੀ ਐੱਮ. ਐੱਲ. ਏ. ਬਣਨ ਲਈ ਖੜਾ ਹੋਇਆ। ਚੋਣ ਮੁਹਿੰਮ ਚੱਲ ਰਹੀ ਸੀ। ਪਿੰਡ ਦੇ ਕਈ ਵੱਡੇ ਵੱਡੇ ਘਰ ਆਸਾ ਸਿੰਘ ਨੂੰ ਸੱਦ ਕੇ ਰੋਟੀ ਕਰਦੇ-ਸ਼ਰਾਬ ਪੀਤੀ ਜਾਂਦੀ ਤੇ ਬੱਕਰੇ ਵੱਢੇ ਜਾਂਦੇ।ਹੌਲਦਾਰ ਨੇ ਵੀ ਉਸ ਨੂੰ ਰੋਟੀ ਕੀਤੀ। ਆਸਾ ਸਿੰਘ ਮਸ੍ਹਾਂ ਤੀਹ ਬੱਤੀ ਸਾਲ ਦਾ ਸੀ।ਐਨੀ ਛੋਟੀ ਉਮਰ ਵਿੱਚ ਵਜ਼ੀਰੀ

ਦੋ ਕੰਬਲ, ਗਰਮ ਚਾਦਰ ਤੇ ਆਰਾਮ ਕੁਰਸੀ

137