ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮੇਰੀ ਭਤੀਜੀ ਅਲਕਾ

ਛੱਬੀ ਜਨਵਰੀ ਨੇੜੇ ਆ ਰਹੀ ਹੈ। ਮੈਰੀ ਭਤੀਜੀ ਅਲਕਾ ਮੈਨੂੰ ਉਡੀਕ ਰਹੀ ਹੋਵੇਗੀ ਪਰਸੋਂ ਨੂੰ ਮੈਂ ਬਰਨਾਲੇ ਜਾਣਾ ਹੈ। ਬਰਨਾਲੇ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ। ਅਲਕਾ ਮਿਲੇਗੀ ਤਾਂ ਜ਼ਰੂਰ ਮੇਰੇ ਹੱਥਾਂ ਨੂੰ ਫੜਕੇ ਪੁੱਛੇਗੀ-'ਅੰਕਲ ਜੀ, ਕਵਿਤਾ?'

ਅਲਕਾ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੂੰ ਸਟੇਜ ’ਤੇ ਕਵਿਤਾ ਪੜ੍ਹਨ ਦਾ ਸ਼ੌਕ ਹੈ। ਕਵਿਤਾ ਕਹਿੰਦੀ ਵੀ ਬਹੁਤ ਵਧੀਆ ਅੰਦਾਜ਼ ਵਿੱਚ ਹੈ। ਕਵਿਤਾ ਕਹਿੰਦੀ ਹੈ ਤਾਂ ਨਾਲੋਂ ਨਾਲ ਹੱਥਾਂ ਦੇ ਇਸ਼ਾਰੇ ਕਰਦੀ ਹੈ। ਸਿਰ ਨੂੰ ਏਧਰ ਓਧਰ ਘੁਮਾਉਂਦੀ ਹੈ। ਉੱਪਰ ਥੱਲੇ ਝਾਕਦੀ ਹੈ, ਅੱਖਾਂ ਦੀਆਂ ਸੇਹਲੀਆਂ ਨੂੰ ਹਰਕਤ ਦਿੰਦੀ ਹੈ। ਜੋ ਕੁਝ ਮੂੰਹੋਂ ਬੋਲਦੀ ਹੈ, ਉਹੀ ਕੁਝ ਆਪਣੇ ਸਰੀਰ ਦੇ ਅੰਗਾਂ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।

ਦੋ ਸਾਲ ਹੋਏ ਮੈਂ ਉਸ ਨੂੰ ਇੱਕ ਕਵਿਤਾ ਦੇ ਆਇਆ ਸਾਂ। ਉਹ ਕਵਿਤਾ ਉਸ ਨੇ ਆਪਣੇ ਸਕੂਲ ਵਿੱਚ ਚੌਦਾਂ ਨਵੰਬਰ ’ਤੇ ਸੁਣਾਈ ਸੀ ਤਾਂ ਪਹਿਲੇ ਦਰਜੇ ਦਾ ਇਨਾਮ ਪ੍ਰਾਪਤ ਕੀਤਾ ਸੀ।

ਉਸ ਤੋਂ ਪਿੱਛੋਂ ਉਹ ਕਵਿਤਾ ਉਸ ਨੇ ਦੋ ਵਾਰੀ ਹੋਰ ਵੀ ਕਿਤੇ ਸੁਣਾਈ ਸੀ। ਫਿਰ ਉਹ ਕਹਿੰਦੀ ਸੀ ਕਿ ਉਹ ਕਵਿਤਾ ਤਾਂ ਪੁਰਾਣੀ ਹੋ ਗਈ ਹੈ ਤੇ ਮੈਂ ਉਸ ਨੂੰ ਹੋਰ ਕੋਈ ਵਧੀਆ ਜਿਹੀ ਕਵਿਤਾ ਲਿਖ ਕੇ ਦੇਵਾਂ।

ਉਹ ਕਵਿਤਾ ਜਿਹੀ ਮੈਂ ਦੋ ਸਾਲ ਹੋਏ, ਉਸ ਨੂੰ ਦਿੱਤੀ ਸੀ, ਉਸ ਵਿੱਚ ਭਾਵੁਕਤਾ ਦੀ ਸਿਖ਼ਰ 'ਤੇ ਪਹੁੰਚ ਕੇ ਮੇਰੀਆਂ ਤੁਕਾਂ ਜੋੜੀਆਂ ਹੋਈਆਂ ਸਨ।

‘ਸਾਡੇ ਦੇਸ਼ ਵਿੱਚ ਅਜ਼ਾਦੀ ਆ ਗਈ ਹੈ। ਅੰਨ ਨਾਲ ਬੁਖਾਰੀਆਂ ਭਰ ਗਈਆਂ ਹਨ। ਨੰਗ ਭੁੱਖ ਨੂੰ ਅਸੀਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਅਸੀਂ ਹੁਣ ਦੂਜੇ ਦੇਸ਼ਾਂ ਦੇ ਹੱਥਾਂ ਵੱਲ ਨਹੀਂ ਝਾਕਾਂਗੇ। ਰਿਸ਼ਵਤ ਖੋਰੀ ਤੇ ਕੁਨਵਾ ਪਰਵਰੀ ਵਰਗੇ ਸ਼ਬਦਾਂ ਨੂੰ ਅਸੀਂ ਹੁਣ ਡਿਕਸ਼ਨਰੀ ਵਿੱਚੋਂ ਕੱਢ ਦੇਣਾ ਹੈ। ਭਾਰਤ ਮੁੜਕੇ ਸੋਨੇ ਦੀ ਚਿੜੀ ਬਣ ਗਿਆ ਹੈ। ਇਹ ਬੁੱਧ ਤੇ ਗਾਂਧੀ ਦਾ ਦੇਸ਼ ਹੈ। ਇਸ ਦੇਸ਼ ਵੱਲ ਜਿਹੜਾ ਬੁਰੀ ਨਜ਼ਰ ਕਰੇਗਾ, ਅਸੀਂ ਉਹ ਦੀਆਂ ਅੱਖਾਂ ਕੱਢ ਦਿਆਂਗੇ।'

ਤੇ ਅਲਕਾ ਕਹਿੰਦੀ ਹੁੰਦੀ ਸੀ ਕਿ ਮੈਂ ਉਸ ਨੂੰ ਪਹਿਲਾਂ ਵਰਗੀ ਹੀ ਦੇਸ਼ ਉਸਾਰੀ ਦੀ ਕਵਿਤਾ ਲਿਖ ਕੇ ਦੇਵਾਂ, ਕਿਉਂਕਿ ਇਨਾਮ ਮਿਲਦਾ ਹੈ ਤਾਂ ਦੇਸ਼ ਉਸਾਰੀ ਦੀ

182

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ