ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਗੱਲ ਸੁਣ ਯਾਰ, ਤੇਰੀਆਂ ਤਸਵੀਰਾਂ ਤੋਂ ਤੇਰੇ ਟੇਸਟ ਦਾ ਕੋਈ ਪਤਾ ਨ੍ਹੀਂ ਲੱਗਦਾ। ਲੈਨਿਨ, ਇੰਦਰਾ ਗਾਂਧੀ ਤੇ ਹੇਮਾ ਮਾਲਿਨੀ ਦਾ ਕੀ ਮੇਲ ਐ।'

‘ਹਾਂ, ਠੀਕ ਐ। ਕੋਈ ਮੇਲ ਨੀ। ਰਾਧਾ ਦਾ ਤੇ ਮੇਰਾ, ਦੱਸ ਕੋਈ ਮੇਲ ਹੈ? ਸਕੂਲੋਂ ਆ ਕੇ ਇਹ ਬਾਹਰ ਨ੍ਹੀ ਨਿਕਲਦੀ, ਮੈਨੂੰ ਘਰੋਂ ਬਾਹਰ ਜਾ ਕੇ ਵਾਪਸ ਮੁੜਨਾ ਪਸੰਦ ਨਹੀਂ। ਮੈਂ ਕਿਤਾਬਾਂ ਪੜ੍ਹਦਾ, ਇਹ ਮੇਰੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਨੂੰ ਰੱਦੀ ਚ ਵੇਚ ਦਿੰਦੀ ਐ- ਕਦੇ ਕਦੇ ਤਾਂ ਅਣਪੜ੍ਹੀ ਕਿਤਾਬ ਵੀ। ਨਾ ਸਿਨਮਾ ਜਾਵੇ, ਨਾ ਸੈਰ ਨੂੰ।'

‘ਚੰਗਾ, ਮਹਾਰਾਜ, ਬੱਸ ਕਰੋ ਹੁਣ। ਹੇਮਾ ਮਾਲਿਨੀ ਖ਼ਰੀਦ ਲਿਆਓ ਕਿਤੋਂ।' ਰਾਧਾ ਰਸੋਈ ਵਿਚੋਂ ਹੀ ਉੱਚੀ ਬੋਲੀ ਹੈ।

‘ਰਾਧਾ ਜੀ, ਬਿਗੜ ਚੱਲਿਆ, ਜਗਦੇਵ ਤਾਂ। ਸੰਭਾਲ ਲੋ। ਮੈਂ ਵੀ ਉੱਚੀ ਦੇ ਕੇ ਕਿਹਾ ਹੈ।

ਉਹ ਅੰਦਰ ਆ ਗਈ ਹੈ।

'ਆਦਮੀ ਦੀ ਜ਼ਿੰਦਗੀ ਵੀ ਇੱਕ ਫਰੇਮ ਹੈ, ਤੇ ਔਰਤ ਇੱਕ ਤਸਵੀਰ। ਕਿਸੇ ਦੇ ਫਰੇਮ 'ਚ ਚੰਗੀ ਤਸਵੀਰ ਐ, ਕਿਸੇ ਦੇ ’ਚ ਮਾੜੇ ਹੌਸਲੇ ਵਾਲਾ ਆਦਮੀ ਮਾੜੀ ਤਸਵੀਰ ਕੱਢ ਕੇ ਔਹ ਮਾਰਦੈ ਤੇ ਨਵੀਂ ਨਕੋਰ ਟਹਿ ਟਹਿ ਕਰਦੀ ਤਸਵੀਰ ਜੜ ਲੈਂਦੇ। ਜਗਦੇਵ ਨੇ ਗੰਭੀਰ ਹੋ ਕੇ ਆਖਿਆ ਹੈ।

‘ਥੋਨੂੰ ਕਿਸ ਨੇ ਰੋਕਿਐ?' ਰਾਧਾ ਨੇ ਮੁਸਕਰਾ ਕੇ ਕਿਹਾ। ਅੰਦਰੋਂ ਤਾਂ ਭਾਵੇਂ ਉਹ ਗੁੱਸੇ ਹੀ ਹੋਵੇ, ਪਰ ਉਸ ਨੇ ਸ਼ਾਇਦ ਮੇਰੇ ਬੈਠਿਆਂ ਹੋਣ ਕਰਕੇ ਚਿਹਰੇ 'ਤੇ ਬਨਾਵਟੀ ਮੁਸਕਰਾਹਟ ਲਿਆਂਦੀ ਹੈ। ਜਗਦੇਵ ਵੱਲ ਦੇਖ ਕੇ ਮੈਂ ਹੱਸਿਆ ਹਾਂ। ਮੈਨੂੰ ਪਤਾ ਹੈ ਕਿ ਨਾ ਤਾਂ ਜਗਦੇਵ ਰਾਧਾ ਨੂੰ ਛੱਡ ਸਕਦਾ ਹੈ ਤੇ ਨਾ ਹੀ ਰਾਧਾ ਜਗਦੇਵ ਨੂੰ, ਇਹ ਅਹਿਸਾਸ ਹੋ ਸਕਦਾ ਹੈ ਕਿ ਉਹ ਉਸ ਨੂੰ ਛੱਡ ਦੇਵੇਗਾ। ਕਦੇ ਵੀ ਨਹੀਂ। ਜਗਦੇਵ ਵਿੱਚ ਐਨੀ ਹਿੰਮਤ ਹੈ ਹੀ ਕਿੱਥੇ। ਛੱਡਣ ਛਡਾਉਣ ਵਾਲੀ ਗੱਲ ਵੀ ਕੋਈ ਖ਼ਾਸ ਨਹੀਂ। ਸਭ ਜਗਦੇਵ ਦੀਆਂ ਸ਼ਾਇਰਾਨਾ ਗੱਲਾਂ ਹਨ।

‘ਚੱਲੋ ਕੋਰਟ 'ਚ ਕੱਲ੍ਹ ਨੂੰ ਤੁਹਾਡੇ ਤਲਾਕ ਦਿਵਾਵਾਂ। ਮੈਨੂੰ ਗਵਾਹ ਬਣਾਓ।' ਮੈਂ ਦੋਵਾਂ ਵੱਲ ਇੱਕੋ ਜਿਹਾ ਧਿਆਨ ਦੇ ਕੇ ਕਹਿ ਦਿੱਤਾ ਹੈ।

'ਲਓ, ਲਵਾਓ ਮੇਰਾ ਗੂਠਾ ਤਾਂ।' ਰਾਧਾ ਲਾਚੜ ਗਈ ਹੈ। ਜਗਦੇਵ ਸਿਰ ਸੁੱਟੀ ਬੈਠਾ ਹੈ। ਰਾਧਾ ਨੇ ਉਸ ਦਾ ਹੱਥ ਝੰਜੋੜਿਆ ਹੈ। ਬੋਲਦੇ ਨੀ?' ਉਹ ਪਲਕਾਂ ਉਠਾ ਕੇ ਮੇਰੇ ਵੱਲ ਝਾਕਿਆ ਹੈ ਤੇ ਮਾਮੂਲੀ ਜਿਹੀ ਮੁਸਕਰਾਇਆ ਹੈ।

'ਹਿੰਮਤ ਵੀ ਹੋਵੇ,' ਕਹਿ ਕੇ ਰਾਧਾ ਫਿਰ ਰਸੋਈ ਵਿੱਚ ਚਲੀ ਗਈ ਹੈ।

ਮੇਰੇ ਬੈਠੇ ਬੈਠੇ ਉਹ ਦੋ ਸਿਗਰਟਾਂ ਪੀ ਚੁੱਕਿਆ ਹੈ। ਤੀਜੀ ਸਿਗਰਟ ਦਾ ਪਹਿਲਾ ਕਸ਼ ਲੈ ਕੇ ਉਸ ਨੇ ਆਖਿਆ ਹੈ- 'ਪਰ .... ਰਾਧਾ ਮੈਨੂੰ ਪਿਆਰ ਬਹੁਤ ਕਰਦੀ ਐ।'

‘ਤੇ ਤੂੰ?' ਨਾਲ ਦੀ ਨਾਲ ਮੈਂ ਪੁੱਛ ਲਿਆ ਹੈ।

‘ਮੈਂ ਵੀ.... ਬਹੁਤ ਕਰਦਾਂ। ਰਾਧਾ ਨੂੰ ਮੈਂ ਛੱਡ ਨੀ ਸਕਦਾ। ਜ਼ਿੰਦਗੀ ਦੇ ਫਰੇਮ 'ਚ ਇਹ ਤਸਵੀਰ ਤਾਂ ਪਰਮਾਨੈਂਟ ਐ।ਉਹ ਇੱਕ ਲੰਬਾ ਕਸ਼ ਲੈ ਕੇ ਧੂੰਆਂ ਧਰਤੀ ਵੱਲ ਛੱਡਦਾ ਹੈ।

ਫਰੇਮ

205