ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਕਮਾਈ

ਪੀਤੇ ਨੂੰ ਨਾਲ ਲੈ ਕੇ ਜਬਰਾ ਘਰੋਂ ਤੁਰ ਪਿਆ ਸੀ, ਪਰ ਉਸ ਦੀ ਠੁਸ ਠੁਸ ਨੂੰ ਦੇਖ ਕੇ ਉਹ ਦਾ ਆਪਣਾ ਦਿਲ ਵੀ ਡਿੱਗੂੰ ਡਿੱਗੂ ਕਰ ਰਿਹਾ ਸੀ। ਪੀਤੇ ਦਾ ਚਿਹਰਾ ਲਮਕਿਆ ਹੋਇਆ ਸੀ। ਉਸ ਦੀਆਂ ਅੱਖਾਂ ਡੁੱਬੀਆਂ ਹੋਈਆਂ ਦਿੱਸਦੀਆਂ ਸਨ। ਉਹ ਹੌਲੀ ਹੌਲੀ ਤੁਰ ਰਿਹਾ ਸੀ। ਪੰਜ ਸੱਤ ਕਰਮਾਂ ਤੁਰਨ ਬਾਅਦ ਹੀ ਜਬਰਾ ਉਸ ਨੂੰ ਨਾਲ ਰਲਾਉਂਦਾ, ਪਰ ਉਹ ਫਿਰ ਪਿੱਛੇ ਰਹਿ ਜਾਂਦਾ ਸੀ। ਆਪਣੇ ਨਾਲ ਰਲਾਉਣ ਲਈ ਕਦੇ ਉਹ ਉਸ ਨੂੰ ਗਾਲ੍ਹ ਕੱਢਦਾ ਤੇ ਕਦੇ ਪੁਚਕਾਰਦਾ, ਪੁੱਤ ਪੁੱਤ ਕਰਦਾ।

ਜਬਰੇ ਨੂੰ ਲੱਗਦਾ, ਅਜੇ ਇਸ ਦੀ ਉਮਰ ਹੀ ਕੀ ਹੈ। ਮੈਸ੍ਹਾਂ ਚਾਰਨ ਜੋਗਾ ਤਾਂ ਅਜੇ ਇਹ ਹੋਇਆ ਨਹੀਂ। ਬਹੁਤ ਨਿਆਣਾ, ਅਜੇ ਤਾਂ ਇਹ, ਮਸ੍ਹਾਂ ਸੱਤ ਅੱਠ ਸਾਲ ਦਾ ਹੋਇਆ ਹੈ। ਕਿੰਨਾ ਮਾਸੂਮ ਚਿਹਰਾ ਹੈ। ਨਿੱਕੇ-ਨਿੱਕੇ ਹੱਥ ਪੈਰ। ਡੱਕਿਆ ਵਰਗੀਆਂ ਲੱਤਾਂ ਬਾਹਾਂ। ਮਲੂਕ ਜਿਹੀ ਜਿੰਦੜੀ, ਕਿਵੇਂ ਸਹਾਰੇਗਾ ਇਹ ਜੇਠ ਹਾੜ੍ਹ ਦੀ ਧੁੱਪ? ਉਸ ਦੇ ਤੇੜ ਪਾਈ ਨੀਲੀ ਨਿੱਕਰ ਬਹੁਤ ਸੁਹਣੀ ਲੱਗ ਰਹੀ ਸੀ। ਘਰ ਦੀ ਖੱਡੀ 'ਤੇ ਬੁਣੇ ਮੋਟੇ ਖੱਦਰ ਦਾ ਦੂਜੀ ਧੋਅ ਪਾਇਆ ਕੁੜਤਾ ਖਾਸਾ ਚਿੱਟਾ ਦਿੱਸਦਾ ਸੀ। ਮੁੰਨੇ ਸਿਰ ਦੇ ਉਂਗਲ ਉਂਗਲ ਕਰਚਿਆਂ ਉੱਤੇ ਉਹ ਆਪਣੀ ਮਾਂ ਦਾ ਨਵਾਂ ਨਕੋਰ ਜਾਲਖੀ ਮਲਮਲ ਦਾ ਪਿਆਜ਼ੀ ਦੁਪੱਟਾ ਬੰਨ੍ਹ ਲਿਆਇਆ ਸੀ। ਅੱਡੀਆਂ ਤੇ ਕੋਰਾਂ ਤੋਂ ਗੰਢੀ ਹੋਈ ਸਰੋ ਦੇ ਤੇਲ ਨਾਲ ਚੋਪੜੀ ਪੁਰਾਣੀ ਜੁੱਤੀ ਉਸ ਦੇ ਪੈਰਾਂ ਵਿੱਚ ਬੇਮਲੂਮਾ ਜਿਹਾ ਚੀਕ ਰਹੀ ਸੀ। ਗੁੜ ਦੀਆਂ ਰੋੜੀਆਂ ਵਿੱਚ ਬਿਨਾਂ ਘਿਓ ਤੋਂ ਕੁੱਟੀ ਤਿੰਨ ਰੋਟੀਆਂ ਦੀ ਚੂਰੀ ਸਮੋਸੇ ਦੇ ਲੜ ਬੰਨ੍ਹ ਕੇ ਉਸ ਨੇ ਮੋਢੇ ਲਮਕਾਈ ਹੋਈ ਸੀ। ਠੁਮਕ ਠੁਮਕ ਤੁਰਦਾ ਉਹ ਜਬਰੇ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ। ਪਰ ਜਦ ਉਸ ਨੂੰ ਉਸ ਦੇ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਤੇ ਉਹ ਉਸ ਦੇ ਉਤਰੇ ਹੋਏ ਚਿਹਰੇ ਵੱਲ ਦੇਖਦਾ ਤਾਂ ਉਸ ਦਾ ਆਪਣਾ ਚਿਹਰਾ ਵੀ ਉਤਰ ਜਾਂਦਾ। ਉਹ ਕਾਹਲ ਨਾਲ ਤੁਰਦਾ ਤੇ ਪੀਤਾ ਹੋਰ ਪਿੱਛੇ ਰਹਿ ਜਾਂਦਾ। ਇਸ ਸਮੇਂ ਉਸ ਨੂੰ ਪੀਤੇ ’ਤੇ ਗੁੱਸਾ ਆਉਂਦਾ, ਪਰ ਕਦੇ ਕਦੇ ਤਰਸ ਵੀ।

ਫੱਗਣ-ਚੇਤ ਦੀ ਰੁੱਤ ਸੀ, ਸਵੇਰ ਦਾ ਵੇਲਾ। ਉਹ ਪੀਤੇ ਨੂੰ ਕਰਮ ਸਿੰਘ ਦੇ ਕੋਠੀਂ ਛੱਡਣ ਜਾ ਰਿਹਾ ਸੀ। ਪੰਦਰਾਂ ਦਿਨ ਹੋਏ ਉਸ ਨੇ ਕਰਮ ਸਿੰਘ ਤੋਂ ਦੋ ਕੁਇੰਟਲ ਕਣਕ ਤੇ ਇੱਕ ਸੌ ਰੁਪਿਆ ਨਕਦ ਲਿਆ ਸੀ। ਕਣਕ ਦੇ ਪੈਸੇ ਤੇ ਸੌ ਰੁਪਿਆ ਛੇ ਮਹੀਨਿਆਂ ਬਾਅਦ ਮੋੜਨੇ ਕੀਤੇ ਸਨ। ਇਸ ਸਾਰੀ ਰਕਮ ਦੇ ਵਿਆਜ ਵਿੱਚ ਛੇ ਮਹੀਨੇ ਪੀਤੇ ਨੇ ਕਰਮ ਸਿੰਘ ਦੀਆਂ ਮੱਝਾਂ ਚਾਰਨੀਆਂ ਸਨ। ਸਵੇਰ ਤੋਂ ਸ਼ਾਮ ਤੱਕ ਕਰਮ ਸਿੰਘ ਦੇ ਖੇਤ

ਕਮਾਈ

207