ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਅੱਜ ਤਾਂ ਤੇਰੀ ਰੋਟੀ ਖਾਣੀ ਐ।'

ਉਤਲੇ ਢੱਕਣ ਵਿੱਚ ਆਲੂ-ਵੜੀਆਂ ਦੀ ਸਬਜ਼ੀ ਪਾ ਕੇ ਉਹ ਚੰਦਨ ਨੂੰ ਦੇਣ ਲੱਗੀ ਤਾਂ ਉਹ ਕਹਿੰਦਾ, 'ਤੇਰੇ ਨਾਲ ਈ ਲਾ ਲੈਨਾਂ ਦੋ ਬੁਰਕੀਆਂ। ਭੁੱਖ ਤਾਂ ਕੋਈ ਖ਼ਾਸ ਨ੍ਹੀਂ।'

‘ਰਹਿਣ ਦੇ ਬਾਬਾ, ਉੱਤੇ ਆ ਗਿਆ ਕੋਈ, ਗੱਲਾਂ ਬਣਦੀਆਂ ਫਿਰਨਗੀਆਂ।'

ਦੋ ਫੁਲਕੇ ਸ਼ੀਲ ਨੇ ਚੰਦਨ ਦੇ ਹੱਥਾਂ 'ਤੇ ਰੱਖ ਦਿੱਤੇ। ਵੱਖਰੇ ਗਲਾਸ ਵਿੱਚ ਪਾਣੀ ਲਿਆ ਕੇ ਉਹ ਦੇ ਮੇਜ਼ 'ਤੇ ਰੱਖ ਦਿੱਤਾ। ਦੋਵੇਂ ਰੋਟੀ ਖਾਣ ਲੱਗੇ। ਸ਼ੀਲ ਉਸ ਨੂੰ ਬਹੁਤ ਪਿਆਰੀ ਲੱਗ ਰਹੀ ਸੀ।

ਉਹ ਰੋਟੀ ਖਾ ਕੇ ਹਟੇ ਤਾਂ ਸ਼ੀਲ ਦੂਜੇ ਕਮਰੇ ਵਿੱਚ ਪਾਣੀ ਲੈਣ ਗਈ। ਚੰਦਨ ਉਹ ਦੇ ਮਗਰ ਹੀ ਚਲਿਆ ਗਿਆ। ਉਹ ਦੀਆਂ ਅੱਖਾਂ ਨੂੰ ਦੇਖ ਕੇ ਸ਼ੀਲ ਕਹਿਣ ਲੱਗੀ, ਦੇਖ, ਮੈਂ ਰੌਲਾ ਪਾ ਦਿਊਂਗੀ।' ਪਰ ਚੰਦਨ ਨੂੰ ਜਿਵੇਂ ਕੁਝ ਵੀ ਸੁਣਿਆ ਨਾ ਹੋਵੇ। ਉਹ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕਰਨ ਲੱਗਿਆ। ਕੱਚ ਦਾ ਗਲਾਸ ਫ਼ਰਸ਼ 'ਤੇ ਡਿੱਗ ਕੇ ਟੁੱਟਣ ਦੀ ਅਵਾਜ਼ ਦੋਵੇਂ ਕਮਰਿਆਂ ਦੇ ਨਿੱਕੇ ਜਿਹੇ ਵਾਯੂ ਮੰਡਲ ਵਿੱਚ ਫੈਲ ਗਈ। ਸ਼ੀਲ ਭੱਜ ਦੇ ਆਪਣੀ ਸੀਟ ’ਤੇ ਆ ਬੈਠੀ ਤੇ ਫਿਰ ਉੱਠ ਕੇ ਬਜ਼ਾਰ ਵੱਲ ਖੁੱਲ੍ਹਦੀ ਖਿੜਕੀ ਵਿੱਚ ਦੀ ਮੂੰਹ ਕੱਢ ਕੇ ਬਾਹਰ ਦੇਖਣ ਲੱਗੀ। ਬਜ਼ਾਰ ਵਿੱਚ ਕਣਕਾਂ ਦੇ ਢੇਰਾਂ ਨੂੰ ਝਾਰ ਲੱਗ ਰਹੇ ਸਨ। ਟਰੈਕਟਰ-ਟਰਾਲੀਆਂ ਤੇ ਉਠ ਗੱਡੀਆਂ ਥਾਂ-ਥਾਂ ਖੜ੍ਹੀਆਂ ਸਨ। ਸਾਹਾਂ ਨੂੰ ਹਉਂਕ ਚਾੜ੍ਹਦੀ ਧੂੜ ਉੱਠ ਰਹੀ ਸੀ। ਲੋਕ ਕਾਹਲੀ ਕਾਹਲੀ ਏਧਰੋਂ ਓਧਰੋਂ ਆ ਜਾ ਰਹੇ ਸਨ। ਚੰਦਨ ਅੰਦਰੇ ਖੜ੍ਹਾ ਬੋਲੀਂ ਜਾ ਰਿਹਾ ਸੀ, ‘ਸ਼ੀਲ! ਸ਼ੀਲ!'

ਤੇ ਫਿਰ ਡਿੱਗਦੇ-ਥਿੜਕਦੇ ਕਦਮਾਂ ਨਾਲ ਉਹ ਆਪਣੀ ਸੀਟ ਤੱਕ ਪਹੁੰਚਿਆ। ਸ਼ੀਲ ਨੇ ਧੀਮੀ, ਪਰ ਕੜਕਵੀਂ ਰੁੱਖੀ ਅਵਾਜ਼ ਵਿੱਚ ਉਸ ਨੂੰ ਆਖਿਆ, 'ਦੇਖ ਚੰਦਨ, ਬੰਦਾ ਬਣ ਕੇ ਬੈਠ। ਇਹੀ ਹਰਕਤਾਂ ਕਰਨੀਆਂ ਨੇ ਤਾਂ ਮੈਂ ਥੱਲੇ ਚਲੀ ਜਾਨੀ ਆਂ।'

'ਨਹੀਂ, ਠੀਕ ਐ। ਹੁਣ ਮੈਂ ਤੈਨੂੰ ਕੁੱਛ ਨਹੀਂ ਕਹਿਣਾ। ਕਦੇ ਵੀ ਕੁੱਛ ਨਹੀਂ ਕਹਿਣਾ। ਮੈਂ ਬੇਵਕੂਫ਼ ਆਂ, ਸ਼ੀਲ।' ਚੰਦਨ ਦੇ ਸੰਘ ਵਿੱਚ ਅੱਥਰੂ ਉਤਰ ਆਏ।

ਪੰਜ ਵੱਜੇ ਸਨ। ਸ਼ੀਲ ਚੰਦਨ ਨੂੰ ਪੁੱਛ ਰਹੀ ਸੀ, 'ਤੂੰ ਅੱਜ ਘਰੋਂ ਕੀ ਖਾ ਕੇ ਆਇਆ’

‘ਧੱਕੇ।’ ਬਹੁਤ ਰੁੱਖੀ ਅਵਾਜ਼ ਵਿੱਚ ਉਸ ਨੇ ਜਵਾਬ ਦਿੱਤਾ।

‘ਸ਼ੀਲ ਹੱਸਣ ਲੱਗੀ ਤੇ ਫਿਰ ਮੁਸਕਰਾਹਟ ਤੇ ਗੰਭੀਰਤਾ ਦੇ ਰਲਵੇਂ-ਮਿਲਵੇਂ ਲਹਿਜੇ ਵਿੱਚ ਉਹ ਚੰਦਰ ਨੂੰ ਪੁੱਛਣ ਲੱਗੀ, ‘ਨਰਾਜ਼ ਹੋ ਕੇ ਤਾਂ ਨ੍ਹੀਂ ਜਾ ਰਿਹਾ?'

‘ਚੰਦਨ ਚੁੱਪ ਸੀ।'

‘ਬੋਲਣਾ ਨਹੀਂ?'

'ਐਨਾ ਕਹਿ ਕੇ ਉਹ ਪੌੜੀਆਂ ਉਤਰਨ ਲੱਗਿਆ, 'ਗੱਲਾਂ ਦਾ ਫੋਕਾ ਪਾਣੀ ਦੇ ਕੇ ਨਾ ਮਾਰ।'

30

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ