ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਚੀਮੇ ਕਿਹੜੇ?' ਮੈਂ ਪੁੱਛਿਆ।

‘ਚੀਮੇ ਜਿਹਡੇ ਬਰਨਾਲੇ ਕੋਲੇ ਨੇ। ਉੱਥੇ ਇੱਕ ਬੁੜ੍ਹਾ ਸੀ ਖੁੰਢ-ਸੱਠ ਸਾਲ ਦਾ। ਇਹ ਵਿਆਹੀ ਤਾਂ ਪਹਿਲਾਂ ਕਿਤੇ ਹੋਰ ਸੀ। ਓਥੋਂ ਇਹ ਦੇ ਮਾਪਿਆਂ ਨੇ ਲਿਆ ਕੇ ਉਸ ਬੁੜੇ ਦੇ ਘਰ ਬਿਠਾ ਦਿੱਤੀ। ਨਾਮਾ ਚੰਗਾ ਸੀ ਬੁੜ੍ਹੇ ਕੋਲੇ।ਆਪ ਤਾਂ ਸਾਲੇ ਤੋਂ ਕੁਸ਼ ਹੁੰਦਾ ਨੀ ਸੀ, ਮੁੰਡੇ-ਖੁੰਡੇ ਰਹਿੰਦੇ ਉਹ ਦੇ ਕੋਲ। ਮੇਰੀ ਮਾਸੀ ਦਾ ਮੁੰਡਾ ਵੀ ਜਾਂਦਾ ਹੁੰਦਾ। ਇੱਕ ਦਿਨ ਉਹ ਮੈਨੂੰ ਵੀ ਲੈ ਗਿਆ। ਬੁੜ੍ਹੇ ਨੂੰ ਦਾਰੂ ਪੀਣ ਦਾ ਝੱਸ ਸੀ। ਮਾਰਦਾ-ਕੁੱਟਦਾ ਉਹ ਬਹੁਤ ਸੀ ਚੰਦ ਕੁਰ ਨੂੰ। ਵੀਹ ਦਿਨ ਰਹਿਆ ਮੈਂ ਓਥੇ ਈ। ਵੀਹੇ ਦਿਨ ਰੋਜ਼ ਬੁੜ੍ਹੇ ਨੂੰ ਅਧੀਆ ਲੈ ਕੇ ਦੇ ਦਿਆ ਕਰਾਂ।' ਚਾਨਣ ਸਾਰੀ ਗੱਲ ਟਿਕਿਆ ਨਾਲ ਦੱਸ ਰਿਹਾ ਸੀ।

‘ਮੌਜ ਰਹੀ ਫੇਰ ਤਾਂ?” ਮੈਂ ਚੂੰਢੀ ਵੱਢੀ।

‘ਪਰ ਇੱਕ ਦਿਨ ਇਹ ਕਹਿੰਦੀ, ਨਿੱਤ ਖੇਹ ਖਾਣ ਦਾ ਕੀ ਰੇਜ? ਕਿਸੇ ਦਿਨ ਜੇ ਕੱਢ ਕੇ ਲੈ ਜੇਂ ਏਸ ਕਸਾਈ ਦੇ ਘਰੋਂ। ਮੈਂ ਤੇਰੀ ਕੁਪਲਾ ਗਊ ਆਂ।' ਚਾਨਣ ਛੇਤੀ ਹੀ ਨਤੀਜੇ 'ਤੇ ਪਹੁੰਚ ਰਿਹਾ ਸੀ।

'ਬੁੜ੍ਹੇ ਨੇ ਫੇਰ ਕੋਈ ਚਾਰਾ-ਜੋਈ ਨੀ ਕੀਤੀ?” ਮੈਂ ਪੁੱਛਿਆ।

‘ਆਇਆ ਸੀ ਏਥੇ, ਪੰਚੈਤ ਬੰਨ੍ਹ ਕੇ। ਪੰਜਾਹ ਮਾਰੀਆਂ ਜੁੱਤੀਆਂ ਇਹਨੇ ਭਿਓਂ ਕੇ। ਕਹਿੰਦੀ, ਜਿੱਥੇ ਮੈਂ ਔਣਾ ਸੀ, ਆ ’ਗੀ। ਜਾਹ ਚੈਨ ਕਰਕੇ ਬੈਠ ਆਪਣੇ ਖੁੱਡੇ 'ਚ।' ਚਾਨਣ ਦੇ ਮੂੰਹ 'ਤੇ ਗੰਭੀਰ ਜਿੱਤ ਸੀ।

ਚੁਬਾਰੇ ਵਿੱਚੋਂ ਉੱਠ ਕੇ ਗੱਲਾਂ ਕਰਦੇ ਅਸੀਂ ਸੱਥ ਵਿੱਚ ਆ ਖੜ੍ਹੇ। ਮੈਂ ਦੇਖਿਆ, ਚਾਨਣ ਦੀ ਬਾਂਹ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ ਸੀ।

‘ਕੜਾ ਇਹ ਕਦੋਂ ਬਣਵਾਇਐ?' ਮੈਂ ਸੁੱਤੇ ਹੀ ਉਸ ਤੋਂ ਪੁੱਛ ਲਿਆ।

‘ਜਿੱਦਣ ਮੈਂ ਇਹ ਨੂੰ ਲਿਆਇਆਂ। ਚੀਮਿਆਂ ਦੀ ਜੜ੍ਹ ਟੱਪਣ ਤੋਂ ਪਹਿਲਾਂ ਆਪਣੀ ਛਾਪ ਇਹ ਦੀ ਉਂਗਲ ਵਿੱਚ ਤੇ ਕੜਾ ਚੰਦ ਕੁਰ ਦਾ ਆਪਣੀ ਬਾਂਹ ਵਿੱਚ ਪਾ ਕੇ ਅਸੀਂ ਸਹੁੰ ਘੱਤੀ ਸੀ। ਹੁਣ ਜਦੋਂ ਮੈਂ ਏਸ ਕੁੜੇ ਕੰਨੀਂ ਦੇਖਦਾ ਤਾਂ ਮੈਨੂੰ ਸਾਰੀ ਗੱਲ ਯਾਦ ਆ ਜਾਂਦੀ ਐ।' ਚਾਨਣ ਦੀ ਬੁੱਕਲ ਵਿੱਚ ਜ਼ਿੰਦਗੀ ਦਾ ਪੁਰਾ ਨਿੱਘ ਸੀ।

ਡੌਲਿਆਂ ਕੋਲੋਂ ਚਾਨਣ ਦੀਆਂ ਦੋਵੇਂ ਬਾਹਾਂ ਘੁੱਟ ਕੇ ਮੈਂ ਉਸ ਦੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਦੀ ਪੂਰੀ ਤੱਕਣੀ ਪਾ ਦਿੱਤੀ।

‘ਬੰਦੇ ਦੇ ਨਾਲ ਬੰਦੇ ਦੀ ਨੇਕੀ ਜਾਂਦੀ ਐ ਬੱਸ।' ਚਾਨਣ ਦੇ ਸਾਰੇ ਤਜਰਬੇ ਨੇ ਗਵਾਹੀ ਦਿੱਤੀ।

ਦੂਜੇ ਦਿਨ ਮੈਂ ਵਾਪਸ ਆਉਣਾ ਸੀ। ਚਾਨਣ ਨੇ ਮੇਰੇ ਵੱਲ ਹੱਥ ਵਧਾਇਆ। ਮੈਂ ਉਸ ਨੂੰ ਘੁੱਟ ਕੇ ਜੱਫੀ ਪਾ ਲਈ।

‘ਚੰਦ ਕੁਰ ਨੇ ਰੜਕ ਕੱਢ ’ਤੀ ਬਾਈ ਤੇਰੀ?' ਮੈਂ ਕਿਹਾ।

‘ਦੂਜੀ ਵਾਰ ਜਨਮ ਹੋਇਆ ਮੇਰੇ ਭਾਅ ਦਾ ਤਾਂ।' ਚਾਨਣ ਦੀ ਜੀਭ 'ਤੇ ਪੂਰੀ ਨਰਮੀ ਸੀ।

ਤੀਵੀਂ ਦੀ ਕੁਠਾਲੀ ਵਿੱਚ ਪੈ ਕੇ ਚਾਨਣ ਦੀ ਕਾਇਆ ਜਿਵੇਂ ਕੁੰਦਨ ਹੋ ਗਈ ਹੋਵੇ।

ਔਰਤ ਦੀ ਕੁਠਾਲੀ

43