ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਛਪਾਲ ਬੀ.ਏ. ਕਰ ਕੇ ਇੱਕ ਸਰਕਾਰੀ ਨੌਕਰੀ 'ਤੇ ਲੱਗ ਚੁੱਕਿਆ ਸੀ। ਉਸ ਦਾ ਵਿਆਹ ਵੀ ਹੋ ਗਿਆ। ਉਸ ਦੀ ਬਹੂ ਦੇ ਤਾਂ ਜਵਾਕ ਵੀ ਹੋਣ ਵਾਲਾ ਸੀ।

ਉਨ੍ਹਾਂ ਦੇ ਘਰ ਧਾਲੀਵਾਲਾਂ ਦੇ ਕਿਹਰੂ ਦਾ ਅਜੇ ਵੀ ਆਉਣ ਜਾਣ ਸੀ। ਕਿਹਰੂ ਦਾ ਤਾਂ ਉਸ ਘਰ ਵਿੱਚ ਮੋਹ ਹੀ ਬੜਾ ਸੀ। ਰਛਪਾਲ ਉਸ ਨੂੰ ਤਾਇਆ ਕਹਿੰਦਾ। ਪ੍ਰਸਿੰਨ ਕੌਰ ਉਸ ਤੋਂ ਘੁੰਡ ਨਹੀਂ ਸੀ ਕੱਢਦੀ। ਦੀਦਾਰ ਸਿੰਘ ਉਸ ਨੂੰ 'ਬਾਈ' 'ਬਾਈ' ਕਰਦਾ ਰਹਿੰਦਾ। ਕਿਹਰੂ ਦੇ ਪਿਓ ਦੀ ਤੇ ਦੀਦਾਰ ਸਿੰਘ ਦੇ ਪਿਓ ਦੀ ਪੂਰੀ ਲਿਹਾਜ ਸੀ। ਕਿਹਰੁ ਦੇ ਮਾਂ-ਪਿਓ ਨਿੱਕੇ ਹੁੰਦੇ ਦੇ ਹੀ ਮਰ ਗਏ ਸਨ। ਉਸ ਨੂੰ ਤਾਂ ਚਾਚੇ ਨੇ ਪਾਲਿਆ ਸੀ ਜਾਂ ਫਿਰ ਉਹ ਦੀਦਾਰ ਸਿੰਘ ਨਾਲ ਉਨ੍ਹਾਂ ਦੇ ਘਰ ਖੇਡਦਾ-ਰਹਿੰਦਾ। ਦੀਦਾਰ ਸਿੰਘ ਦੀ ਮਾਂ ਉਸ ਨੂੰ ਇੱਕੋ ਜਿਹਾ ਹੀ ਖਾਣ-ਪੀਣ ਨੂੰ ਦਿੰਦੀ। ਜਦ ਉਹ ਜਵਾਨ ਹੋਇਆ ਤਾਂ ਸ਼ਰਾਬ ਪੀਣ ਲੱਗ ਪਿਆ। ਬਹੁਤ ਜ਼ਿਆਦਾ ਆਦੀ ਹੋ ਗਿਆ। ਏਸੇ ਕਰਕੇ ਉਸ ਦਾ ਵਿਆਹ ਨਹੀਂ ਹੋਇਆ। ਪੰਜ-ਚਾਰ ਘੁਮਾਂ ਜ਼ਮੀਨ ਜਿਹੜੀ ਉਸ ਦੇ ਹਿੱਸੇ ਦੀ ਆਈ, ਸਾਰੀ ਵੇਚ ਕੇ ਉਹ ਉਸ ਦੀ ਸ਼ਰਾਬ ਪੀ ਗਿਆ। ਉਸ ਦੇ ਵੱਡੇ ਭਰਾ ਵਿਆਹੇ ਵਰੇ ਸਨ ਤੇ ਉਨ੍ਹਾਂ ਦੀ ਘਰੇਲੂ ਹਾਲਤ ਚੰਗੀ ਸੀ। ਕਿਹਰੂ ਨੂੰ ਉਹ ਘਰ ਨਹੀਂ ਸਨ ਵੜਨ ਦਿੰਦੇ। ਨੰਗ ਮਲੰਗ। ਦੀਦਾਰ ਸਿੰਘ ਦੇ ਘਰ ਜੋਗਾ ਹੀ ਉਹ ਰਹਿ ਗਿਆ ਸੀ।

ਗਰਮੀ ਜ਼ੋਰਾਂ ਦੀ ਸੀ। ਸਿਖ਼ਰ ਦੁਪਿਹਰ। ਦੀਦਾਰ ਸਿੰਘ ਉਸ ਵੇਲੇ ਸ਼ਹਿਰੋਂ ਮੁੜਿਆ ਸੀ। ਤੇਹ ਬਹੁਤ ਲੱਗੀ ਹੋਈ ਸੀ। ਰੱਜ ਕੇ ਉਸ ਨੇ ਸ਼ਕੰਜਵੀ ਪੀਤੀ। ਉਸ ਦੇ ਸਿਰ ਨੂੰ ਪਤਾ ਨਹੀਂ ਕੀ ਘੁਮੇਰ ਜਿਹੀ ਚੜ੍ਹੀ, ਸਾਰੀ ਦੀ ਸਾਰੀ ਸ਼ਕੰਜਵੀ ਪੁੱਠੀ ਲਿਕਲ ਗਈ। ਉਛਾਲੀਆਂ ਤੇ ਫਿਰ ਸੁੱਕੇ ਵੱਤ। ਉਸ ਦਾ ਤਾਂ ਕਾਲਜਾ ਇਕੱਠਾ ਹੋ ਜਾਂਦਾ। ਅੱਖਾਂ ਦੇ ਆਂਡੇ ਬਾਹਰ ਨੂੰ ਨਿਕਲ-ਨਿਕਲ ਆਉਂਦੇ ਤੇ ਫਿਰ ਗਰਨਾ ਕੇ ਬੁਖ਼ਾਰ ਚੜ੍ਹ ਗਿਆ। ਡਾਕਟਰ ਆਉਂਦੇ ਨੂੰ ਦੀਦਾਰ ਸਿੰਘ ਦੇ ਹੱਥਾਂ-ਪੈਰਾਂ ਦੇ ਘੁੰਡ ਮੁੜ ਚੁੱਕੇ ਸਨ। ਡਾਕਟਰ ਦੇ ਨਬਜ਼ ਦੇਖਦਿਆਂ-ਦੇਖਦਿਆਂ ਹੀ ਉਸ ਦੇ ਪ੍ਰਾਣ ਨਿਕਲ ਗਏ। ਇਹੋ ਜਿਹੀ ਚਾਣਚੱਕ ਦੀ ਕਹਿਰੀ ਮੌਤ ਤਾਂ ਕਿਸੇ ਨੂੰ ਆਈ ਨਹੀਂ ਸੀ।

ਅਰਥੀ ’ਤੇ ਪਾਉਣ ਤੋਂ ਪਹਿਲਾਂ ਦੀਦਾਰ ਸਿੰਘ ਨੂੰ ਨਵ੍ਹਾਉਣ ਲੱਗੇ।

‘ਸਾਰੇ ਪਿੰਡੇ 'ਤੇ ਹੱਥ ਫੇਰ, ਭਾਈ ਰਛਪਾਲ।' ਇੱਕ ਸਿਆਣੇ ਬੰਦੇ ਨੇ ਕਿਹਾ।

ਸਾਬਣ ਲਾ-ਲਾ ਰਛਪਾਲ ਆਪਣੇ ਬਾਪ ਦੇ ਸਾਰੇ ਸਰੀਰ ਨੂੰ ਮਲਣ-ਧੋਣ ਲੱਗਿਆ।

‘ਨੰਗ ਦੀ ਸੂਗ ਨਾ ਕਰੀਂ। ਮੁੰਡਿਆ। ਟੱਟੀ-ਪਿਸ਼ਾਬ ਵਾਲੀ ਥਾਂ ਵੀ ਧੋਅ ਬਾਪ ਐ। ਬੱਸ, ਐਹੀ ਵੇਲੈ ਆਖ਼ਰੀ ਸੇਵਾ ਦਾ।' ਦੀਦਾਰ ਸਿੰਘ ਦੇ ਮ੍ਰਿਤਕ ਸਰੀਰ ’ਤੇ ਪਾਣੀ ਦੀ ਬਾਲਟੀ ਡੋਲ੍ਹ ਰਹੇ ਇੱਕ ਹੋਰ ਬੰਦੇ ਨੇ ਪਿਆਰ ਨਾਲ ਰਛਪਾਲ ਨੂੰ ਆਖਿਆ।

ਰਛਪਾਲ ਸਭ ਦੀਆਂ ਮੰਨ ਰਿਹਾ ਸੀ।

ਉਸ ਦੇ ਦਿਮਾਗ਼ ਵਿੱਚ ਕਾਲਜ ਦਾ ਸਮਾਂ ਘੁੰਮ ਗਿਆ। ਇੱਕ ਦਿਨ ਕਾਲਜ ਵਿੱਚ ਹੜਤਾਲ ਸੀ। ਸ਼ਹਿਰ ਵਿੱਚ ਜਲੂਸ ਕੱਢਣ ਤੋਂ ਬਾਅਦ ਉਹ ਚਾਰ-ਪੰਜ ਗੂਹੜੇ ਯਾਰ ਪਹਿਲਾਂ ਤਾਂ ਚਾਹੁੰਦੇ ਸਨ ਕਿ ਫ਼ਿਲਮ ਦਾ ਤਿੰਨ ਵਜੇ ਵਾਲਾ ਸ਼ੋਅ ਦੇਖਿਆ ਜਾਵੇ। ਪਰ ਫਿਰ ਉਨ੍ਹਾਂ ਦੇ ਮਨਾਂ ਵਿੱਚ ਪਤਾ ਨਹੀਂ ਕੀ ਆਈ, ਉਹ ਸ਼ੁਗਲ-ਸ਼ੁਗਲ

ਉਸ ਦਾ ਬਾਪ

57