ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਲ ਹੋਊਗਾ?’ ਤੇ ਫੇਰ ਲਖਮੀ ਉਹਨੂੰ ਲੈ ਕੇ ਗਿਆ। ਮਕਾਨ ਨੂੰ ਜਿੰਦਰਾ ਲੱਗਿਆ ਹੋਇਆ ਸੀ। ਇੱਧਰ-ਉੱਧਰ ਗਵਾਂਢੀਆਂ ਤੋਂ ਪੁੱਛਿਆ। ਐਡੇ ਵੱਡੇ ਸ਼ਹਿਰ ਵਿੱਚ ਗੁਆਂਢ ਨਾਉਂ ਦੀ ਕੋਈ ਚੀਜ਼ ਨਹੀਂ ਸੀ। ਇੱਕ ਜ਼ਨਾਨੀ ਨੇ ਐਨਾ ਦੱਸਿਆ, 'ਭਾਈ ਅਸੀਂ ਤਾਂ ਕਦੇ ਦਰਵਾਜ਼ਾ ਖੁੱਲ੍ਹਾ ਨ੍ਹੀਂ ਦੇਖਿਆ, ਇੱਕ ਮ੍ਹੀਨੇ ਤੋਂ। ਨਾ ਉਹ ਤੀਮੀਂ ਦੇਖੀ ਹੈ। ਅੱਗੇ ਤਾਂ ਬਾਰ ਵਿੱਚ ਖੜ੍ਹੀ ਕਦੇ ਦਿਸ ਜਾਂਦੀ ਸੀ। ਲੱਗਦੈ, ਮਕਾਨ ਛੱਡ ‘ਗੇ ਉਹ।’

ਉੱਧਰ ਪਿੰਡ ਵਿੱਚ ਸੁਖਦੇਵ ਦਾ ਬੁਰਾ ਹਾਲ ਸੀ। ਉਹਨੂੰ ਭੈਣ ਤੇ ਬਹੂ ਦਾ ਵੱਡਾ ਮਿਹਣਾ ਸੀ।

ਉਹਨੂੰ ਕੋਈ ਕੁਝ ਆਖਦਾ ਤਾਂ ਉਹ ਕੰਨ ਬੰਦ ਕਰ ਲੈਂਦਾ। ਅਗਲੇ ਦੀ ਗੱਲ ਸੁਣਦਾ ਹੀ ਨਹੀਂ ਸੀ। ਉਹਨੂੰ ਵੱਡਾ ਫ਼ਿਕਰ ਸੀ ਤਾਂ ਰੋਟੀ ਦਾ ਸੀ। ਭੁੱਖਾ ਰਹਿ-ਰਹਿ ਜਦੋਂ ਉਹਦੀ ਕੋਈ ਪੇਸ਼ ਨਾ ਗਈ ਤਾਂ ਉਹ ਗੁਰਦੁਆਰੇ ਜਾ ਬੈਠਾ। ਘਰ ਨੂੰ ਜਿੰਦਰਾ ਲਾ ਰੱਖਦਾ। ਘਰ ਵਿੱਚ ਜਿੰਦਰਾ ਲਾਉਣ ਨੂੰ ਸੀ ਵੀ ਕੀ। ਘਰ ਵਿੱਚ ਤਾਂ ਉਹ ਸਿਰਫ਼ ਰਾਤ ਕੱਟਣ ਆਉਂਦਾ। ਭੁੱਕੀ ਦੇ ਨਸ਼ੇ ਵਿੱਚ ਉਹਨੂੰ ਕੋਈ ਅਹਿਸਾਸ ਨਹੀਂ ਰਹਿ ਜਾਂਦਾ ਸੀ ਕਿ ਘਰ ਬਹੂ ਬਗ਼ੈਰ ਖਾਲੀ ਹੈ। ਇੱਥੇ ਹੀ ਕਿਤੇ ਉਹਦੀ ਮਾਂ ਜਾਈ ਭੈਣ ਬੈਠੀ ਹੁੰਦੀ। ਗੁਰਦੁਆਰੇ ਉਹਨੂੰ ਤੜਕੇ-ਤੜਕੇ ਵੇਸਣੀ ਰੋਟੀ ਖਾਣ ਨੂੰ ਮਿਲਦੀ, ਚਾਹ ਦੀ ਬਾਟੀ ਹੁੰਦੀ। ਦੁਪਹਿਰ ਵੇਲੇ ਭਾਂਤ-ਭਾਂਤ ਦੀਆਂ ਰੋਟੀਆਂ। ਪਿੰਡ ਵਿੱਚੋਂ ਪਰਸ਼ਾਦੇ ਆਉਂਦੇ ਸਨ। ਦਾਲਾਂ-ਸਬਜ਼ੀਆਂ ਆਉਂਦੀਆਂ ਸਨ। ਦੁਪਹਿਰ ਤੋਂ ਪਿਛਲੇ ਪਹਿਰ ਤੱਕ ਲੰਗਰ ਵਰਤਦਾ ਰਹਿੰਦਾ। ਰਾਹੀ-ਪਾਂਧੀ, ਬੁੜ੍ਹੇ-ਠੇਰੇ, ਜਿਨ੍ਹਾਂ ਦੀ ਘਰ ਵਿੱਚ ਕੋਈ ਪੁੱਛ-ਦੱਸ ਨਾ ਹੁੰਦੀ, ਪ੍ਰਸ਼ਾਦਾ ਛਕਦੇ। ਸੁਖਦੇਵ ਇਨ੍ਹਾਂ ਸਭ ਵਿੱਚ ਸ਼ਾਮਿਲ ਸੀ। ਆਥਣ ਵੇਲੇ ਗੁਰਦੁਆਰੇ ਵਿੱਚ ਲੰਗਰ ਪੱਕਦਾ, ਆਥਣੇ ਵੀ ਉਹਨੂੰ ਪ੍ਰਸ਼ਾਦਾ ਮਿਲ ਜਾਂਦਾ। ਗੁਰੂ ਦਾ ਘਰ ਸੀ, ਉੱਥੇ ਤਾਂ ਕਿਸੇ ਨੂੰ ਇਨਕਾਰ ਹੀ ਨਹੀਂ ਸੀ। ਸੁਖਦੇਵ ਭੁੱਕੀ ਖਾ ਕੇ ਮਸਤ ਹੋਇਆ ਇੱਕ ਟੁੱਟੀ ਜਿਹੀ ਮੰਜੀ ਵਿੱਚ ਲਮਕਿਆ ਪਿਆ ਰਹਿੰਦਾ। ਉੱਠ ਕੇ ਤੁਰਦਾ ਜਿਵੇਂ ਕਈ ਵਰ੍ਹਿਆਂ ਤੋਂ ਬਿਮਾਰ ਸੀ। ਗੁਰਦੁਆਰੇ ਵਿੱਚ ਬੈਠੇ ਬਜ਼ੁਰਗ ਬੰਦੇ ਉਹਨੂੰ ਸੁਣਾ ਕੇ ਆਖਦੇ ‘ਰੰਨ ਨ੍ਹੀਂ, ਕੰਨ ਨ੍ਹੀਂ, ਮੌਜਾਂ ਮਾਣਦੈ ਬਈ ਸਰਦਾਰ ਸੁਖਦੇਵ ਸਿੰਘ।'

ਹੋਰ ਕੋਈ ਆਖਦਾ, 'ਇਹਨੂੰ ਸ਼ਰਮ ਤਾਂ ਭੋਰਾ ਨੀ ਕਿਸੇ ਗੱਲ ਦੀ। ਭੈਣ ਕਿਧਰੇ ਤੁਰ ’ਗੀ, ਬਹੂ ਕਿਧਰੇ ਤੁਰ 'ਗੀ। ਭੈਣ ਚੋਦ ਨੇ ਪਿੰਡ ਨੂੰ ਦਾਗ਼ ਲਵਾ ’ਤਾ। ਹੁਣ ਆਹ ਫਿਰਦੈ ਢੇਕੇ ਭੰਨਦਾ।’

‘ਚੰਗਾ ਭਲਾ ਜੁਆਨ ਐ। ਜ਼ਮੀਨ ਦੇ ਦੋ ਓਰੇ ਵੀ ਹੈਗੇ ਕੋਲ। ਕਮੂਤ ਤੋਂ ਤੀਮੀਂ ਨ੍ਹੀਂ ਸਾਂਭੀ ਗਈ।'

‘ਤੀਮੀਂ ਤਾਂ ਚਲ ਬਗਾਨੀ ਧੀ ਸੀ, ਹੋਰ ਕੀ ਕਰਦੀ ਉਹ। ਇਹ ਤਾਂ ਨਿਕੰਮਾ ਸੀ। ਭੈਣ ਦਾ ਨ੍ਹੀਂ ਸੋਚਿਆ ਕੁਛ, ਪੱਟੇ ਵਏ ਨੇ।'

'ਉਏ ਭਾਈ, ਕੁੜੀ ਤੇ ਬਹੂ ਦੇ ਚਾਲੇ ਮਾੜੇ ਸੀ। ਇਹਦੇ ਕੀ ਵੱਸ ਸੀ।'

'ਇਹਦੇ ਕਰਕੇ ਈ ਉਨ੍ਹਾਂ ਦਾ ਪੈਰ ਘਰੋਂ ਬਾਹਰ ਹੋਇਆ। ਇਹ ਚੱਜ ਦਾ ਹੁੰਦਾ ਤਾਂ ਭੈਣ ਨੂੰ ਵੀ ਚਾਰ ਭਮਾਲੀਆਂ ਦਿੱਤੀਆਂ ਜਾਂਦੀਆਂ, ਤੀਵੀਂ ਵੀ ਵੱਸੀ ਰਹਿੰਦੀ। ਇਹ ਤਾਂ ਆਹ ਫਿਰਦੈ ਹੁਣ। ਪਾਂ ਆਲੇ ਕੁੱਤੇ ਆਂਗੂ ਜਾਨ ਜ਼੍ਹੀ ਬਚਾਉਂਦਾ।'

ਨਣਦ-ਭਰਜਾਈ

63