ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਦੇ ਘਰ ਖੁੱਡਾ ਨਹੀਂ, ਕੋਠਾ ਐ ਕਬੂਤਰਾਂ ਦਾ। ਤੇਰੇ ਤਾਏ ਕੋਲ ਤਾਂ ਅੱਠ-ਦਸ ਹੋਣਗੇ, ਇਹਦੇ ਕੋਲ ਪੂਰਾ ਸੌ ਹੋਣੈ ਕਬੂਤਰ।’ ਅਤੇ ਫਿਰ ਤੋੜਾ ਝਾੜਿਆ, ‘ਚਾਰ ਭਾਈ ਨੇ, ਪੰਜਾਹ ਕਿੱਲੇ ਜ਼ਮੀਨ ਐ, ਸਾਢੇ ਬਾਰਾਂ ਆਉਂਦੀ ਐ ਅੰਨ੍ਹੇ ਨੂੰ। ਵੱਡੇ ਤਿੰਨ ਵਿਆਹੇ ਵਰੇ ਨੇ, ਕਬੀਲਦਾਰ ਨੇ ਅੰਨ੍ਹਾ ਜ਼ਮੀਨ ਦੀ ਧੌਂਸ ’ਤੇ ਚਾਹੇ ਕਬੂਤਰ ਰੱਖੇ, ਮੋਰ ਰੱਖੇ, ਕੁੱਕੜ ਰੱਖੇ, ਚੂਹੇ ਰੱਖੇ। ਉਹ ਨੂੰ ਕੋਈ ਹਟਾ ਨੀਂ ਸਕਦਾ।’

‘ਅੰਨ੍ਹਾ ਤੇ ਕਬੂਤਰਾਂ ਦਾ ਸ਼ੌਕ?’ ਸਾਡੇ ਵਿੱਚ ਹੈਰਾਨੀ ਜਾਗੀ। ਫੇਰ ਅਸੀਂ ਉਨ੍ਹਾਂ ਦਾ ਘਰ ਪੁੱਛ ਕੇ ਛੋਟੂ ਕੋਲ ਗਏ ਸਾਂ।

ਦਰਵਾਜ਼ੇ ਵਿੱਚ ਇਕੱਲਾ ਬੈਠਾ ਉਹ ਹੀਰ ਗਾਈ ਜਾਵੇ। ਸਾਡੀ ਪੈੜ ਚਾਲ ਸੁਣ ਕੇ ਉਹ ਚੁੱਪ ਹੋ ਗਿਆ। ਸਾਡੇ ਵੱਲ ਕੰਨ ਚੁੱਕੇ। ਉਹ ਦੇ ਕੰਨ ਹੀ ਉਹ ਦੀਆਂ ਅੱਖਾਂ ਸਨ। ਬੋਲਿਆ, ‘ਆ ਜੋ ਭਾਈ, ਆਓ ਬੈਠੋ।’

ਆਥਣ ਵੇਲਾ ਸੀ। ਸਿਆਲਾਂ ਦੇ ਦਿਨ। ਅਸੀਂ ਮੁੜਨਾ ਵੀ ਸੀ। ਗੁਰਜੰਟ ਉਹ ਦਾ ਕੋਠਾ ਦੇਖਣਾ ਚਾਹੁੰਦਾ ਸੀ। ਮੈਂ ਛੋਟੂ ਨੂੰ ਦੱਸਿਆ ਕਿ ਇਹ ਮੁੰਡਾ ਮੇਰਾ ਦੋਸਤ ਹੈ। ਇਨ੍ਹਾਂ ਦੇ ਘਰ ਵੀ ਕਬੂਤਰ ਨੇ, ਇਹ ਦੇ ਤਾਏ ਦੇ ਰੱਖੇ ਹੋਏ। ਛੋਟੂ ਕਿਸੇ ਕਾਹਲ ਵਿੱਚ ਲੱਗਦਾ ਸੀ। ਕਾਹਲ ਨੂੰ ਮੁਕਾਉਣ ਲਈ ਸ਼ਾਇਦ ਉਹ ਹੀਰ ਗਾ ਰਿਹਾ ਹੋਵੇ। ਉਹ ਤਖ਼ਤਪੋਸ਼ ਤੋਂ ਉੱਠਿਆ ਨਹੀਂ।

ਆਖਿਆ, ‘ਗਾਹਾਂ ਲੰਘ ਜੋ, ਬਾਰ ਦਾ ਕੁੰਡਾ ਖੋਲ੍ਹ ਕੇ ਦੇਖ ਲੋ ਕਬੂਤਰ। ਬਾਹਰੋਂ ਈ ਦੇਖਿਓ ਅੰਦਰ ਨਾ ਜਾਇਓ। ਅੰਦਰ ਗਏ ਤਾਂ ਕਿਸੇ ਕਬੂਤਰ ਨੇ ਬਾਹਰ ਉਡਾਰੀ ਮਾਰ ਜਾਣੀ ਐ।’

ਤਖ਼ਤਪੋਸ਼ ’ਤੇ ਪਸਰ ਬੈਠਾ ਉਹ ਕੋਈ ਪਹਿਲਵਾਨ ਦਿੱਸਦਾ ਸੀ। ਭਰਵਾਂ ਸਰੀਰ ਸੀ। ਮਲਗਰਦਨੀ ਖੁੱਲ੍ਹਾ ਕੁੜਤਾ ਤੇ ਤੇੜ ਚਾਦਰਾ। ਪੈਰੀਂ ਮੋਡੀ ਜੁੱਤੀ। ਕੁੜਤੇ ਉੱਤੋਂ ਦੀ ਘਰ ਦੇ ਬੁਣੇ ਹੋਏ ਮੋਟੇ ਖੱਦਰ ਦੀ ਜਾਕਟ। ਮੂੰਹ-ਸਿਰ ਬੰਨ੍ਹਿਆ ਹੋਇਆ ਸੀ। ਸਿਰ ਨੂੰ ਚਾਰਖ਼ਾਨੇ ਦਾ ਦੁਪੱਟਾ ਵਲ੍ਹੇਟਿਆ ਹੋਇਆ ਸੀ। ਅਵਾਜ਼ ਵਿੱਚ ਪੂਰਾ ਗੜ੍ਹਕਾ ਸੀ।

‘ਜਾਓ, ਉੱਠੋ ਫੇਰ। ਮੈਂ ਜਾਣੈ ਕਿਧਰੇ।’ ਉਹ ਰੁੱਖਾ ਬੋਲਿਆ।

ਅਸੀਂ ਖੜ੍ਹੇ ਹੋਣ ਹੀ ਲੱਗੇ ਸੀ ਕਿ ਦਰਵਾਜ਼ੇ ਦੇ ਬਾਰ ਵਿੱਚ ਹਨੇਰੀ ਵਾਂਗ ਕੋਈ ਆਇਆ ਤੇ ਹਾਕ ਮਾਰੀ, ‘ਵੇ ਛੋਟੂ!’ ਜ਼ਨਾਨੀ ਦੀ ਅਵਾਜ਼ ਸੀ। ਅਸੀਂ ਉਹ ਦੇ ਵੱਲ ਮੂੰਹ ਚੁੱਕੇ ਤਾਂ ਉਹ ਠਠੰਬਰ ਗਈ। ਘਬਰਾਹਟ ਜਿਹੀ ਵਿੱਚ ਚੁੰਨੀ ਦਾ ਪੱਲਾ ਸਾਡੇ ਅੱਗੇ ਖੋਲ੍ਹ ਕੇ ਬੋਲੀ, ‘ਵੀਰਾ, ਦਾਣੇ!’ ਮੱਕੀ ਦੇ ਮੁਰਮੁਰੇ ਸਨ, ਅਸੀਂ ਦੋਵਾਂ ਨੇ ਅੱਧੀ-ਅੱਧੀ ਮੁੱਠੀ ਭਰ ਲਈ। ਕੁੜੀ ਦੇ ਮੂੰਹ ਵੱਲ ਝਾਕ ਰਹੇ ਸੀ। ਬਾਕੀ ਸਾਰੇ ਮੁਰਮਰੇ ਉਹ ਨੇ ਤਖ਼ਤਪੋਸ਼ ’ਤੇ ਢੇਰੀ ਕਰ ਦਿੱਤੇ ਸਨ। ਕੁੜੀ ਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮਿਸ਼ਾਲਾਂ ਵਾਂਗ ਬਲਦੀਆਂ ਸਨ। ਰੰਗ ਮੁਸ਼ਕੀ ਤੇ ਚਿਹਰਾ ਲੰਬੂਤਰਾ ਸੀ। ਤਿੰਨੇ ਕੱਪੜੇ ਚਿੱਟੇ-ਧੋਤੇ ਤੇ ਨੀਲਵੜੀ ਦੀ ਬੇਮਲੂਮੀ ਝਲਕ। ਕੰਨਾਂ ਵਿੱਚ ਚਾਂਦੀ ਦੀਆਂ ਬਾਲੀਆਂ ਸਨ। ਉਮਰ ਦੀ ਪਕਰੋੜ ਦਿੱਸਦੀ ਸੀ।

ਜਾਣ ਲੱਗੀ ਤਾਂ ਛੋਟੂ ਘਬਰਾ ਕੇ ਬੋਲਿਆ, ‘ਸੀਬੋ, ਇਹ ਮੁੰਡੇ ਤਾਂ...’ ਉਹ ਦਰਵਾਜ਼ਾ ਛੱਡ ਚੁੱਕੀ ਸੀ। ਉਹ ਦੀਆਂ ਬੇਜਾਨ ਖੁੱਲ੍ਹੀਆਂ ਅੱਖਾਂ ਮੱਚ-ਬੁਝ ਰਹੀਆਂ

68

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ