ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੱਡੀਆਂ

ਮੈਂਗਲ ਤੇ ਬਾਰੂ ਵੱਡੀ ਉਮਰ ਦੇ ਬੰਦੇ ਸਨ। ਉਨ੍ਹਾਂ ਦੀ ਅੱਖ ਵੱਡੇ ਤੜਕੇ ਖੁੱਲ੍ਹ ਜਾਂਦੀ ਪਿਸ਼ਾਬ ਕਰ ਕੇ ਜਾਂ ਪਾਣੀ ਪੀ ਕੇ ਉਹ ਦੁਬਾਰਾ ਮੰਜੇ 'ਤੇ ਆ ਕੇ ਪੈਂਦੇ, ਪਰ ਇੱਕ ਵਾਰ ਉੱਖੜੀ ਨੀਂਦ ਮੁੜ ਕੇ ਵਾਪਸ ਨਾ ਆਉਂਦੀ। ਰਾਤ ਨੂੰ ਵੀ ਉਹ ਦੇਰ ਤੱਕ ਧੂਣੀ ਦੁਆਲੇ ਬੈਠੇ ਰਹਿੰਦੇ। ਸੋਚਦੇ-ਖਾਸੀ ਰਾਤ ਲੰਘ ਕੇ ਪੈਣਗੇ ਤਾਂ ਤੁਕੜੇ ਸਦੇਹਾਂ ਜਾਗ ਨਹੀਂ ਖੁੱਲ੍ਹੇਗੀ। ਪਰ ਨਹੀਂ, ਉਹ ਤਾਂ ਚਾਰ-ਪੰਜ ਘੰਟੇ ਹੀ ਮਜ਼ਾਂ ਸੌਂ ਸਕਦੇ। ਦੋਵਾਂ ਬੁੜ੍ਹਿਆਂ ਆਂ ਦਾ ਇਹੀ ਹਾਲ ਸੀ। ਉਨ੍ਹਾਂ ਦੇ ਦਿਮਾਗ ਵਿੱਚ ਕੋਈ ਚਿੰਤਾ ਵੀ ਨਹੀਂ ਸੀ। ਪੁੱਤਾਂ-ਪੋਤਿਆਂ ਵਾਲੇ ਸਨ। ਦੋਵਾਂ ਨੇ ਹੀ ਕਬੀਲਦਾਰੀ ਦਾ ਫ਼ਿਕਰ ਕਈ ਵਰਿਆਂ ਤੋਂ ਛੱਡ ਰੱਖਿਆ ਸੀ। ਉਨ੍ਹਾਂ ਕੋਲ ਬੱਸ ਇੱਕੋ ਰਾਹ ਸੀ। ਉਹ ਬਿਸਤਰਿਆਂ ਵਿੱਚ ਹੀ ਵਾਖਰੂ-ਵਾਖਰੂ ਕਰਦੇ ਰਹਿੰਦੇ ਤੇ ਜਦੋਂ ਲੋਕ ਵੀਹੀ ਗਲੀ ਵਿੱਚ ਫਿਰਨ-ਤੁਰਨ ਲੱਗਦੇ ਤਾਂ ਉਹ ਖੇਸਾਂ ਦੀਆਂ ਬੁੱਕਲਾਂ ਮਾਰ ਕੇ ਸੱਥ ਵਿੱਚ ਖੁੰਢਾਂ 'ਤੇ ਆ ਬੈਠਦੇ। ਖੰਘਦੇ-ਥੁੱਕਦੇ ਏਧਰ-ਓਧਰ ਦੀਆਂ ਗੱਲਾਂ ਕਰਨ ਲੱਗਦੇ। ਪੋਤੇ-ਪੋਤੀਆਂ ਸੱਥ ਵਿੱਚ ਬੈਠਿਆਂ ਨੂੰ ਚਾਹਾਂ ਦੀਆਂ ਗੜਵੀਆਂ ਫੜਾ ਜਾਂਦੇ। ਉਨ੍ਹਾਂ ਕੋਲ ਹੋਰ ਲੋਕ ਵੀ ਆ ਕੇ ਬਹਿੰਦੇ ਤੇ ਇੱਕ-ਦੋ ਗੱਲਾਂ ਸੁਣ ਕੇ ਤੁਰ ਜਾਂਦੇ। ਮੈਂਗਲ ਤੇ ਬਾਰੂ ਤਾਂ ਖਾਸੀਆਂ ਧੁੱਪਾਂ ਚੜ੍ਹੀਆਂ ਤੋਂ ਉੱਥੋਂ ਉੱਠਦੇ।

ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਚਾਹ ਦੀਆਂ ਗੜਵੀਆਂ ਖ਼ਾਲੀ ਕਰਕੇ ਅਜੇ ਬੈਠੇ ਹੀ ਸਨ ਕਿ ਘੀਚਰ ਕਾ ਮੁਕੰਦ ਚੁੱਪ ਕੀਤਾ ਹੀ ਉਨ੍ਹਾਂ ਕੋਲ ਆ ਕੇ ਬੈਠ ਗਿਆ। ਉਨ੍ਹਾਂ ਨੇ ਦੇਖਿਆ, ਉਹਦੇ ਮੂੰਹ 'ਤੇ ਮੁਰਦੇਹਾਣੀ ਛਾਈ ਹੋਈ ਸੀ। ਉਹਦੀਆਂ ਅੱਖਾਂ ਵੱਡੀਆਂ-ਵੱਡੀਆਂ ਤੇ ਓਪਰੀਆਂ-ਓਪਰੀਆਂ ਲੱਗ ਰਹੀਆਂ ਸਨ। ਦੋਵਾਂ ਦੀ ਗੱਲ ਵਿਚੋਂ ਕੱਟ ਕੇ ਉਹ ਆਪ-ਮੁਹਾਰਾ ਬੋਲਣ ਲੱਗ ਪਿਆ, 'ਇੱਕ ਹੋਰ ਭਾਣਾ ਸੁਣ ਲੌ ਹੁਣ। ਤੜਕੇ ਆਹ ਹੁਣੇ, ਉੱਠਿਆਈ ਆਂ ਮੈਂ, ਪਰਤਾਪ ਦੀ ਮਾਂ ਤਾਂ ਹਾਲੇ ਜਾਗੀ ਨੀਂ ਸੀ, ਵਿਹੜੇ 'ਚ ਪੰਪ ਦੇ ਫ਼ਰਸ਼ 'ਤੇ ਹੱਡੀ ਡਿੱਗੀ ਪਈ। ਬੰਦੇ ਦੀ ਹੱਡੀ ਐ। ਜਮਾਂ ਤਾਜ਼ੀ। ਮਾਸ ਵੀ ਹੈਗਾ ਨਾਲ ਇਹਦੇ।'

'ਹੱਡੀ? ਬੰਦੇ ਦੀ ਹੱਡੀ?' ਮੈਂਗਲ ਚੌਕ ਪਿਆ।

'ਹਾਂ, ਜਮ੍ਹਾਂ ਬੰਦੇ ਦੀ।

'ਕਿੱਥੇ ਐ?' ਬਾਰੂ ਵੀ ਹੈਰਾਨ।

'ਮੇਰੇ ਕੋਲ ਐ।

148

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ