ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪਣੀ ਧਰਤੀ

'ਚਲੇ ਆਓ, ਚਾਰ ਰੁਪਏ! ਗੋਭੀ ਚਾਰ ਰੁਪਏ ਕਿੱਲੋ।' ਬਜ਼ਾਰ ਵਿੱਚ ਰੇੜ੍ਹੀ ਵਾਲੇ ਅੱਧਖੜ੍ਹ ਆਦਮੀ ਨੇ ਉੱਚਾ ਬੋਲ ਕੱਢਿਆ।

'ਆ ਜਾਓ, ਚਾਰ ਰੁਪਈਏ। ਗੋਭੀ ਦਾ ਫੁੱਲ ਵੀ ਦੇਖੋ, ਟਹਿ-ਟਹਿ ਕਰਦਾ। ਚੁੱਕੇ ਜੀ, ਚਾਰ ਰੁਪਏ ਕਿੱਲੋ!' ਪਹਿਲੇ ਰੇੜ੍ਹੀ ਵਾਲੇ ਤੋਂ ਥੋੜ੍ਹੀ ਦੂਰ ਖੜ੍ਹੇ ਦੂਜੇ ਰੇੜ੍ਹੀ ਵਾਲੇ ਨੌਜਵਾਨ ਮੁੰਡੇ ਨੇ ਆਪਣਾ ਹੋਰ ਉੱਚਾ ਟੁਣਕਵਾਂ ਬੋਲ ਕੱਢ ਦਿੱਤਾ ਹੈ।

ਤੇ ਫੇਰ ਉੱਚੇ ਬੋਲਾਂ ਦਾ ਹੀ ਮੁਕਾਬਲਾ। ਗਾਹਕ ਕੋਈ ਕਿਧਰੇ ਵੀ ਨਹੀਂ। ਨਵੀਂ ਰੁੱਤ ਦੀ ਸਬਜ਼ੀ ਬਜ਼ਾਰ ਵਿੱਚ ਥੋੜੇ ਦਿਨਾਂ ਤੋਂ ਆਈ ਹੈ। ਐਨੇ ਮਹਿੰਗੇ ਭਾਅ ਦੀ ਗੋਭੀ ਹਰ ਕੋਈ ਨਹੀਂ ਖਰੀਦ ਰਿਹਾ। ਕੁਝ ਲੋਕ ਹੀ ਚਾਹੁੰਦੇ ਹੋਣਗੇ, ਨਵੀਂ ਸਬਜ਼ੀ ਖਾਧੀ ਜਾਵੇ।

ਇਸ ਵਾਰ ਮੁੰਡੇ ਨੇ ਉੱਚਾ ਟੁਣਕਵਾਂ ਬੋਲ ਕੱਢਿਆ ਹੈ ਤਾਂ ਅੱਧਖੜ੍ਹ ਆਦਮੀ ਨੇ ਆਪਣਾ ਬੋਲ ਰੋਕ ਲਿਆ ਹੈ। ਉਹ ਮੁੰਡੇ ਦੀ ਰੇੜ੍ਹੀ ਵੱਲ ਚੁੱਪ ਕੀਤਾ ਹੀ ਗਿਆ ਹੈ ਤੇ ਜਾ ਕੇ ਉਹ ਦੇ ਮੂੰਹ 'ਤੇ ਦੋ ਥੱਪੜ ਧਰ ਦਿੱਤੇ ਹਨ। ਕੜਕਿਆ ਹੈ, 'ਸਾ... ਲਾ, ਪੰਜਾਬੀ ਕਹੀਂ। ਉਧਰ ਹੀ ਰਹਿਤਾ, ਪੰਜਾਬ ਮੈਂ। ਯਹਾਂ ਆ ਕੇ ਹਮਾਰਾ ਧੰਦਾ ਖਰਾਬ ਕਰਤਾ ਹੈ। ਬੋਲ ਮਤ। ਸੀਧਾ ਹੋ ਕੇ ਬੇਚ ਲੇ ਬਿਕਤਾ ਹੈ ਤੋ'

ਮੁੰਡਾ ਕੰਨ ਤੇ ਹੱਥ ਧਰ ਕੇ ਖੜ੍ਹ ਗਿਆ ਅਤੇ ਅੱਧਖੜ੍ਹ ਆਦਮੀ ਵੱਲ ਡੌਰ ਹੋ ਕੇ ਝਾਕਣ ਲੱਗਿਆ ਹੈ। ਨੰਦ ਲਾਲ ਕੱਪੜੇ ਦੀ ਇੱਕ ਵੱਡੀ ਦੁਕਾਨ 'ਤੇ ਨੌਕਰ ਸੀ। ਹੋਰ ਨੌਕਰ ਵੀ ਹਨ, ਪਰ ਪੰਜਾਬੀ ਉਹ ਇਕੱਲਾ ਹੀ ਹੈ। ਦੁਕਾਨ ਦਾ ਮਾਲਕ ਸੇਠ ਤਿਪਰ ਚੰਦ ਵੀ ਪੰਜਾਬੀ ਹੈ, ਪਰ ਉਹ ਪੰਜਾਬੀ ਲੱਗਦਾ ਨਹੀਂ। ਐਨਾ ਹੈ ਕਿ ਉਹ ਪੰਜਾਬੀ ਜ਼ੁਬਾਨ ਬੋਲ ਸਕਦਾ ਹੈ। ਉਹਦਾ ਬਾਪ ਪੰਜਾਹ ਸਾਲ ਪਹਿਲਾਂ ਇਸ ਛੋਟੇ ਜਿਹੇ ਸ਼ਹਿਰ ਵਿੱਚ ਆ ਕੇ ਵੱਸ ਗਿਆ ਸੀ ਤੇ ਉਹਦੀ ਇਹ ਕੱਪੜੇ ਦੀ ਦੁਕਾਨ ਚੱਲ ਨਿਕਲੀ ਸੀ। ਹੁਣ ਓਧਰ ਪੰਜਾਬ ਵਿੱਚ ਉਨ੍ਹਾਂ ਦਾ ਕੁਝ ਨਹੀਂ। ਹੁਣ ਤਾਂ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਏਧਰ ਹੀ ਹਨ। ਸੇਠ ਤਿਪਰ ਚੰਦ ਘਰ ਦੇ ਮਾਹੌਲ ਵਿੱਚ ਬਚਪਨ ਤੋਂ ਹੀ ਪੰਜਾਬੀ ਜ਼ੁਬਾਨ ਜਾਣਦਾ ਹੈ, ਪਰ ਅਗਾਂਹ ਉਹ ਦੇ ਮੁੰਡੇ ਪੰਜਾਬੀ ਨਹੀਂ ਬੋਲਦੇ-ਘਰ ਵਿੱਚ ਵੀ ਨਹੀਂ।

ਸ਼ਾਇਦ ਭਾਸ਼ਾ ਦਾ ਹੀ ਲਗਾਓ ਸੀ ਜਾਂ ਫੇਰ ਸੇਠ ਤਿਪਰ ਚੰਦ ਦੇ ਪੁਰਾਣੇ ਪੰਜਾਬੀ ਸੰਸਕਾਰ ਕਿ ਉਹ ਨੇ ਨੰਦ ਲਾਲ ਨੂੰ ਆਪਣੀ ਦੁਕਾਨ 'ਤੇ ਰੱਖ ਲਿਆ। ਤਰਸ ਵੀ ਸ਼ਾਇਦ ਖਾਧਾ ਹੋਵੇਗਾ ਕਿ ਉਹ ਉੱਧਰੋਂ ਪੰਜਾਬ ਦੀ ਬਲਦੀ ਅੱਗ ਵਿਚੋਂ ਨਿਕਲ ਕੇ

ਆਪਣੀ ਧਰਤੀ

161