ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਘਰਵਾਲੀ ਚਾਹ ਦਾ ਗਿਲਾਸ ਕੋਲ ਰੱਖ ਗਈ। ਪਤਾ ਨਹੀਂ ਕਦੋਂ ਰੱਖ ਗਈ। ਆਈ ਹੈ, ਕਹਿੰਦੀ ਹੈ, ਚਾਹ ਤਾਂ ਪਾਣੀ ਬਣ ਗਈ। ਪੀਤੀ ਕਿਉਂ ਨਹੀਂ? ਕੀ ਸੋਚੀ ਜਾਨੇ ਓਂ?'

ਪੁੱਛਦਾ ਹਾਂ, 'ਬੱਸ ਵਿੱਚ ਕਿੰਨੀਆਂ ਸਵਾਰੀਆਂ ਹੁੰਦੀਆਂ ਨੇ?'

'ਕਿੰਨੀਆਂ ਹੁੰਦੀਆਂ ਐਂ? ਉਹ ਉਲਟਾ ਕੇ ਮੈਨੂੰ ਹੀ ਪੁੱਛਦੀ ਹੈ।

'ਪੰਜਾਹ-ਪਚਵੰਜਾਤਾਂ ਸੀਟਾਂ ਈ ਹੁੰਦੀਆਂ ਨੇ। ਖੜ੍ਹੇ ਤੇ ਅੱਧ-ਬੈਠੇ ਅਲੱਗ। ਆਪਣੇ ਇਲਾਕੇ ਚ ਤਾਂ ਉੱਤੇ ਵੀ ਚੜ੍ਹ ਜਾਂਦੇ ਐ। ਸੱਤਰ-ਅੱਸੀ ਬੰਦੇ ਮਰ ਗਏ ਹੋਣੇ ਐ।'

'ਓਹੋ ... ਤੁਸੀਂ ਹੁਣ ਤੱਕ ਇਹੀ ਸੋਚੀ ਜਾ ਰਹੇ ਓਂ?' ਉਹ ਹੱਸ ਕੇ ਬੋਲੀ ਹੈ।

'ਕਿਉਂ? ਇਹ ਸੋਚਣ ਵਾਲੀ ਗੱਲ ਨਹੀਂ?'

'ਸੋਚਣ ਵਾਲੀ ਤਾਂ ਉਸ ਦਿਨ ਵੀ ਸੀ।'

'ਕਿਸ ਦਿਨ?'

'ਇੰਦਰਾ ਗਾਂਧੀ ਜਿੱਦਣ ਕਤਲ ਹੋਈ ਸੀ। ਤੁਸੀਂ ਪਤੈ ਕੀ ਆਖਿਆ ਸੀ ਮੈਨੂੰ?'

'ਕੀ ਆਖਿਆ ਸੀ?'

'ਅਖੇ, ਤੂੰ ਰੋਟੀ ਕਿਉਂ ਨ੍ਹੀਂ ਖਾਂਦੀ। ਤੇਰੀ ਕਿਹੜਾ ਉਹ ਕੋਈ ਰਿਸ਼ਤੇਦਾਰੀ ਲੱਗਦੀ ਸੀ। ਹਾਂ ਫੇਰ, ਠੀਕ ਆਖਿਆ ਸੀ ਮੈਂ।

'ਮੈਂ ਵੀ ਤਾਂ ਉਸ ਦਿਨ ਸੋਚਾਂ ਵਿੱਚ ਈ ਡੁੱਬ ਗਈ ਸੀ। ਜਿਵੇਂ ਹੁਣ ਤੁਹਾਨੂੰ ਚਾਹ ਪੀਣੀ ਯਾਦ ਨਹੀਂ।

ਮੈਂ ਪਤਨੀ ਨਾਲ ਹੋਰ ਬਹਿਸ ਵਿੱਚ ਨਹੀਂ ਪੈਂਦਾ। ਠੰਡੀ ਚਾਹ ਪੀਣ ਲੱਗਦਾ ਹਾਂ। ਉਹ ਆਪਣੇ ਰਸੋਈ ਦੇ ਕੰਮਾਂ ਵਿੱਚ ਜਾ ਲੱਗੀ ਹੈ। ਸਾਡਾ ਕਾਲਜੀਏਟ ਮੁੰਡਾ ਕਾਫ਼ੀ ਦੇਰ ਤੋਂ ਬਾਹਰੋਂ ਨਹੀਂ ਆਇਆ। ਉਸ ਬਾਰੇ ਮੈਨੂੰ ਅਕਹਿ ਜਿਹੀ ਚਿੰਤਾ ਹੋਣ ਲੱਗਦੀ ਹੈ। ਖ਼ਾਲੀ ਗਿਲਾਸ ਰਸੋਈ ਵਿੱਚ ਰੱਖ ਕੇ ਮੈਂ ਘਰੋਂ ਬਾਹਰ ਹੁੰਦਾ ਹਾਂ। ਗਲੀ ਪਾਰ ਕਰਕੇ ਸੜਕ ਦੇ ਚੌਰਾਹੇ ਤੇ ਜਾ ਖੜ੍ਹਦਾ ਹਾਂ। ਇਸ ਸ਼ਹਿਰ ਵਿੱਚ ਹੁਣ ਤੱਕ ਉਸ ਸ਼ਹਿਰ ਤੋਂ ਬਹੁਤ ਸਾਰੇ ਟੈਲੀਫ਼ੋਨ ਆ ਚੁੱਕੇ ਹਨ। ਬੰਦੇ ਵੀ ਮੁੜ ਆਏ ਹਨ।

ਹੁਣ ਖ਼ਬਰ ਗਰਮ ਹੈ, 'ਮੌਕੇ 'ਤੇ ਹੀ ਚਾਲੀ ਬੰਦੇ ਮਰ ਗਏ। ਬੱਸ ਵਿੱਚ ਸੱਤਰ ਸਵਾਰੀਆਂ ਸਨ। ਬਾਕੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਐ, ਓਸੇ ਸ਼ਹਿਰ।'

ਤੀਹ ਸਵਾਰੀਆਂ ਜਾਨੋਂ ਬਚ ਗਈਆਂ ਸੁਣ ਕੇ ਮੈਨੂੰ ਤਸੱਲੀ ਨਹੀਂ ਹੋਈ। ਬੰਦੇ ਤਾਂ ਦੋ ਵੀ ਜੇ ਮਰ ਜਾਣ ਤਾਂ ਕਿੱਡੀ ਮਾੜੀ ਗੱਲ ਹੁੰਦੀ ਹੈ। ਉਹ ਤਾਂ ਚਾਲੀ ਸਨ। ਇਕਦਮ ਚਾਲੀ ਜਣੇ ਇਕੱਠੇ ਹੀ ਮਰ ਗਏ। ਉਨ੍ਹਾਂ ਵਿੱਚ ਹਿੰਦੂ ਵੀ ਹੋਣਗੇ, ਸਿੱਖ ਵੀ ਹੋਣਗੇ, ਕੋਈ ਮੁਸਲਮਾਨ ਵੀ ਹੋ ਸਕਦਾ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਸਾਰੀ ਦੀ ਸਾਰੀ ਬੱਸ ਹਿੰਦੁਆਂ ਨਾਲ ਭਰੀ ਹੋਵੇ ਜਾਂ ਸਿਰਫ਼ ਸਿੱਖਾਂ ਨਾਲ ਭਰੀ ਹੋਵੇ।

ਫੇਰ ਕੋਈ ਆ ਕੇ ਦੱਸਦਾ ਹੈ, ਚਾਲੀ ਨਹੀਂ ਜੀ, ਬੰਦੇ ਉਣੰਜਾ ਮਰੇ ਐ। ਆਪ ਗਿਣ ਕੇ ਆਇਐ ਜੋ, ਉਹਨੇ ਦੱਸਿਐ ਮੈਨੂੰ।

ਕਿਸੇ ਹੋਰ ਨੇ ਗੱਲ ਕੀਤੀ ਹੈ, 'ਕੰਡਕਟਰ ਬਚ ਗਿਆ ਜੀ। ਡਰਾਈਵਰ ਨਹੀਂ ਬਚਿਆ।

ਹਾਲਾਤ

169