ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀਆਂ ਦੋ ਉਂਗਲਾਂ ਵੀ ਉਵੇਂ ਦੀਆਂ ਉਵੇਂ ਪਈਆਂ ਹੋਈਆਂ ਸਨ। ਇਸ ਵਾਰ ਮੈਂ ਹੀ ਕਿਹਾ-"ਹੋਰ ਪਾ ਲੈ.....।" ਪੈੱਗ ਪਾਉਣ ਦੀ ਥਾਂ ਉਹ ਲੰਮੇ ਲੰਮੇ ਸਾਹ ਲੈਣ ਲੱਗਿਆ। ਤੇ ਫਿਰ ਬੋਤਲ ਚੁੱਕ ਕੇ ਉਸ ਦਾ ਗਿਲਾਸ ਮੈਂ ਅੱਧੇ ਤੋਂ ਬਹੁਤਾ ਭਰ ਦਿੱਤਾ। ਆਪਦੀ ਸ਼ਰਾਬ ਵਿੱਚ ਦੋ ਕੁ ਉਂਗਲਾ ਹੋਰ ਪਾ ਲਈ। ਉਸ ਦੇ ਗਿਲਾਸ ਵਿੱਚ ਪਾਣੀ ਵੀ ਮੈਂ ਹੀ ਪਾਇਆ। ਉਹ ਸਾਰੇ ਪੈੱਗ ਨੂੰ ਇੱਕੋ ਸਾਹ ਪੀ ਗਿਆ। ਇਸ ਵਾਰ ਤਾਂ ਮੈਂ ਵੀ ਸਾਰਾ ਸੰਘੋਂ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕਿਆ।

"ਪਿਛਲੇ ਸਾਲ ਜਦੋਂ ਤੂੰ ਗਿਆ ਸੀ, ਰੇਸ਼ਮਾ ਕਿਸ ਤਰ੍ਹਾਂ ਪੇਸ਼ ਆਈ?" ਮੈਂ ਪੁੱਛਿਆ।

"ਉਸ ਦਾ ਪਤੀ ਹੀ ਸਾਰਾ ਸਮਾਂ ਮੇਰੇ ਕੋਲ ਬੈਠਾ ਰਿਹਾ। ਉਹ ਤਾਂ ਪਹਿਲਾਂ ਚਾਹ ਦੀ ਵੱਡੀ ਗੜਵੀ ਰੱਖ ਗਈ ਤੇ ਦੋ ਗਿਲਾਸ ਤੇ ਫਿਰ ਕੁੜੀ ਦੇ ਹੱਥ ਰੋਟੀ ਭੇਜ ਦਿੱਤੀ। ਆਪ ਤਾਂ ਅੱਖਾਂ ਵੀ ਸਾਂਝੀਆਂ ਨਾ ਕੀਤੀਆਂ। ਚਾਹ ਤੋਂ ਰੋਟੀ ਦੇ ਸਫ਼ਰ ਤੱਕ ਉਸ ਦੇ ਸਫ਼ਰ ਤੱਕ ਉਸ ਦਾ ਪਤੀ ਮੱਝਾਂ ਦੇ ਸੌਦਿਆਂ ਦੀਆਂ ਵਾਰਤਾਵਾਂ ਸੁਣਾਉਂਦਾ ਰਿਹਾ। ਉੱਥੇ ਜਾਣ ਵੇਲੇ ਅਤੇ ਢਾਈ ਘੰਟੇ ਉਸ ਦੇ ਪਤੀ ਦੀ ਝੁੱਖ ਸੁਣਨ ਤੋਂ ਬਾਅਦ ਉੱਥੋਂ ਆਉਣ ਵੇਲੇ ਰੇਸ਼ਮਾ ਦੀ ਤਾਂ ਸਿਰਫ਼ ਸਤਿ ਸ੍ਰੀ ਅਕਾਲ ਹੀ ਮਿਲੀ।

‘ਫਿਰ ਤਾਂ ਯਾਰ ...।"

'ਹਾਂ, ਦੇਖ ਲੈ ਬਾਈ, ਮੇਰਾ ਜਵਾਕ ਜੰਮ ਕੇ ਵੀ ਉਸ ਦਾ ਮੇਰੇ ਨਾਲ ਹੁਣ ਕੋਈ ਸਬੰਧ ਨਹੀਂ।"

"ਇਹ ਦੁਨੀਆ ਹੈ ਪਿਆਰੇ, ਇੱਥੇ ਕਿਸੇ ਦਾ ਕੋਈ ਨਹੀਂ। ਪਲ ਛਿਣ ਦਾ ਮੇਲਾ ਹੈ। ਕਿਸੇ ਨੂੰ ਕਿਸੇ ਦਾ ਇੰਤਜ਼ਾਰ ਨਹੀਂ। ਵਰਤਮਾਨ ਨੂੰ ਹੀ ਹੰਢਾਇਆ ਜਾ ਰਿਹੈ। ਅਤੀਤ ਦਾ ਮੋਹ ਹੈ, ਨਾ ਭਵਿੱਖ ਦਾ ਵਿਸਵਾਸ਼। ਤੂੰ ਅਤੀਤੀ ਨੂੰ ਫੜਨ ਦੀ ਕੋਸ਼ਿਸ਼ ਛੱਡ ਦੇ ਅਮਰਪਾਲ। ਜੋ ਹੁਣ ਹੈ, ਉਸ ਨਾਲ ਹੀ ਚੱਲ।"

"ਛੱਡ ਕਿਵੇਂ ਦੇਵਾਂ ਬਾਈ, ਮੇਰੇ ਦਿਲ ਵਿਚੋਂ ਤਾਂ ਇਹ ਗੱਲ ਨਿਕਲਦੀ ਹੀ ਨਹੀਂ।" ਤੇ ਉਹ ਫਿਰ ਲੰਮੇ ਲੰਮੇ ਸਾਹ ਲੈਣ ਲੱਗਿਆ।

'ਹੁਣ ਕੀਹਦੇ ਨਾਲ ਐ, ਰੇਸ਼ਮਾ?"

ਉਸ ਨੇ ਢਿੱਲਾ ਜਿਹਾ ਜਵਾਬ ਦਿੱਤਾ- 'ਹੁਣ ਕਿਸੇ ਹੋਰ ਨਾਲ ਹੋਣੀ ਐ, ਕੀ ਪਤਾ ਕੀਹਦੇ ਨਾਲ ਐ। ਬਿਗਾਨੇ ਆਦਮੀ ਤੋਂ ਬਿਨ੍ਹਾਂ ਉਹ ਰਹਿ ਨ੍ਹੀ ਸਕਦੀ।"

ਵਿਹੜੇ ਵਿਚੋਂ ਮਾਂ ਨੇ ਅਵਾਜ਼ ਮਾਰੀ। ਮੈਂ ਉੱਠਿਆ ਤੇ ਰੋਟੀ ਪਵਾ ਕੇ ਲੈ ਆਇਆ। ਰੋਟੀ ਖਾਣ ਲੱਗੇ ਤਾਂ ਉਸ ਨੇ ਬੋਤਲ ਵਿਚੋਂ ਬਚਦੀ ਸ਼ਰਾਬ ਮੇਰੇ ਗਿਲਾਸ ਵਿੱਚ ਪਾਉਣੀ ਚਾਹੀ। ਪਰ ਮੇਰੇ ਨਾਂਹ ਕਹਿਣ ਉੱਤੇ ਉਸ ਨੇ ਆਪਣੇ ਗਿਲਾਸ ਵਿੱਚ ਬੋਤਲ ਨੂੰ ਉਲਟਿਆ ਤੇ ਬਿਨ੍ਹਾਂ ਪਾਣੀਓਂ ਹੀ ਪੀ ਗਿਆ। ਉਸ ਨੇ ਬਹੁਤ ਘੱਟ ਰੋਟੀ ਖਾਧੀ। ਮੈਂ ਉਸ ਨੂੰ ਪੁੱਛਿਆ ਵੀ-ਹੋਰ ਸ਼ਰਾਬ ਲਿਆਵਾਂ? ਸਾਈਕਲ 'ਤੇ ਹੁਣ ਫੜ ਲਿਆਉਨਾਂ ਬੋਤਲ। ਪਰ ਉਸ ਨੇ ਨਾਂਹ ਕਰ ਦਿੱਤੀ। ਮੈਥੋਂ ਪਹਿਲਾਂ ਹੀ ਹੱਥ ਧੋ ਲਏ। ਥਾਲੀ ਵਿੱਚ ਪਈ ਇੱਕ ਰੋਟੀ ਮੈਂ ਖਾਧੀ ਤੇ ਹੱਥ ਧੋਣ ਲੱਗਿਆ। ਉਹ ਖੜ੍ਹਾ ਹੋ ਕੇ ਆਪਣਾ ਕੋਟ ਪਾਉਣ ਲੱਗ ਪਿਆ। ਮੈਂ ਕਿਹਾ- "ਹੁਣ ਬਹੁਤ ਹਨੇਰਾ ਹੋ ਗਿਐ, ਹੁਣ ਨਾ ਜਾਹ। ਐਕਸੀਡੈਂਟ ਕਰ ਬੈਠੇਗਾ।" ਪਰ ਉਹ ਮੰਨਿਆ ਨਹੀਂ।

20

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ