ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਦੋਸਤੀ ਦਾ ਸਿਮਰਨ


ਬੇਬੇ ਨੇ ਦੱਸਿਆ-"ਸਰਦੂਲ ਮਰ ਗਿਆ।"

"ਕਿਵੇਂ ਮਰ ਗਿਆ?" ਸੁਣ ਕੇ ਮੇਰੀ ਜਾਨ ਨਿਕਲ ਗਈ ਹੋਵੇ ਜਿਵੇਂ।

"ਮੰਜੇ ’ਚ ਈ ਸੁੱਤਾ ਪਿਆ ਰਹਿ ਗਿਆ। ਤੈਨੂੰ ਪਤੈ, ਦਮਾ ਸੀ ਉਹ ਨੂੰ। ਰਾਤ ਨੂੰ ਕਿਤੇ ਖੰਘ ਦਾ ਗੁਲਫ਼ਾ ਸੰਘ 'ਚ ਅੜ ਗਿਆ, ਸਾਹ ਬੰਦ ਹੋ ਗਿਆ। ਮਰ ਗਿਆ ਬੱਸ।" ਬੇਬੇ ਨੇ ਸੁਭਾਇਕੀ ਗੱਲ ਕੀਤੀ। ਪਰ ਮੇਰੇ ਲਈ ਇਹ ਬੜੀ ਦੁਖਦਾਇਕ ਖ਼ਬਰ ਸੀ। ਸਰਦੂਲ ਮੇਰਾ ਬਚਪਨ ਦਾ ਯਾਰ ਸੀ। ਬੜਾ ਹੀ ਦਰਵੇਸ਼।

ਆਪਣੇ ਪਿੰਡ ਨਾਲੋਂ ਸਬੰਧ ਟੁੱਟੇ ਨੂੰ ਵਰ੍ਹੇ ਬੀਤ ਗਏ ਸਨ। ਐਡੀ ਦੂਰ ਬੈਠਾ ਸਾਂ। ਤੇ ਫੇਰ ਮੇਰੀ ਨੌਕਰੀ ਵੀ ਕੁਝ ਅਜਿਹੀ ਸੀ। ਛੇਤੀ ਛੇਤੀ ਮੈਥੋਂ ਪਿੰਡ ਦਾ ਗੇੜਾ ਨਾ ਵੱਜਦਾ। ਵਰ੍ਹੇ ਛਮਾਹੀ ਹੀ ਚੱਕਰ ਲੱਗਦਾ। ਕਦੇ ਕਦੇ ਤਾਂ ਡੇਢ ਦੋ ਸਾਲ ਵੀ ਲੰਘ ਜਾਂਦੇ।

ਵੱਡਾ ਭਾਈ ਤੇ ਬਾਪੂ ਕਦੋਂ ਦੇ ਗੁਜ਼ਰ ਚੁੱਕੇ ਸਨ। ਹੁਣ ਭਤੀਜਾ ਸੀ ਤੇ ਭਤੀਜੇ ਦਾ ਪਰਿਵਾਰ। ਮਾਂ ਬੈਠੀ ਸੀ। ਉਮਰ ਚਾਹੇ ਉਹ ਦੀ ਅੱਸੀਆਂ ਤੋਂ ਟੱਪ ਚੁੱਕੀ ਸੀ, ਪਰ ਉਹ ਦੀ ਕਾਠੀ ਤਕੜੀ ਸੀ। ਅੱਖਾਂ ਦੀ ਨਜ਼ਰ ਘਟ ਗਈ ਸੀ, ਦੰਦ-ਜਾੜ੍ਹਾਂ ਵੀ ਨਹੀਂ ਸਨ। ਪਰ ਸੋਟੀ ਫੜ ਕੇ ਸਾਰੇ ਅਗਵਾੜ ਵਿੱਚ ਘਰ ਘਰ ਦੀ ਸੁੱਖ ਸਾਂਦ ਪੁੱਛਣ ਦਾ ਕੰਮ ਪਹਿਲਾਂ ਵਾਂਗ ਜਾਰੀ ਸੀ। ਕਿਸੇ ਦੀਆਂ ਦੋ ਸੁਣੀਆਂ, ਕਿਸੇ ਨੂੰ ਦੋ ਸੁਣਾ ਦਿੱਤੀਆਂ। ਗੱਲਾਂ ਉਹ ਦੀ ਆਕਸੀਜਨ ਸੀ। ਅਗਵਾੜ ਕੀ, ਉਹ ਨੂੰ ਤਾਂ ਸਾਰੇ ਪਿੰਡ ਦੀ ਖ਼ਬਰ ਸਾਰ ਸੀ।

ਬੇਬੇ ਮੇਰਾ ਖ਼ਬਰਨਾਮਾ ਸੀ। ਬਹੁਤੀਆਂ ਗੱਲਾਂ ਦਾ ਪਤਾ ਓਸੇ ਤੋਂ ਲੱਗਦਾ। ਪਿੰਡ ਵਿੱਚ ਕੀ ਅਣਹੋਣੀ ਹੋ ਗਈ। ਕਿਹੜਾ ਬੁੜ੍ਹਾ ਮਰ ਗਿਆ ਤੇ ਕਿਹੜੀ ਬੁੜ੍ਹੀ। ਕੀਹਦੀ ਕੁੜੀ ਵਿਆਹੀ ਗਈ ਤੇ ਕੀਹਦੇ ਮੁੰਡੇ ਦੀ ਮੰਗ ਛੁਟ ਗਈ। ਕਿਹੜੇ ਘਰ ਦਾ ਵੰਡ ਵੰਡਾਰਾ ਹੋ ਗਿਆ। ਅਗਵਾੜ ਦੇ ਕਿਹੜੇ ਘਰ ਦਾ ਕਿਹੜੇ ਘਰ ਨਾਲ ਕਿਹੜੀ ਗੱਲ ਪਿੱਛੇ ਵਟਿੱਟ ਪੈ ਗਿਆ ਹੈ।

ਨਵੀਂ ਉਮਰ ਦੇ ਮੁੰਡੇ ਕੁੜੀਆਂ ਮੈਨੂੰ ਤਾਂ ਸ਼ਾਇਦ ਜਾਣਦੇ ਹੋਣਗੇ, ਪਰ ਮੈਂ ਉਨ੍ਹਾਂ ਨੂੰ ਨਹੀਂ ਪਹਿਚਾਣਦਾ ਸੀ। ਮੁੜ੍ਹੰਗੇ ਤੋਂ ਹੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਕੀਹਦਾ ਮੁੰਡਾ ਹੋ ਸਕਦਾ ਹੈ ਜਾਂ ਕੀਹਦੀ ਕੁੜੀ। ਮੇਰੇ ਲਈ ਕਿੰਨਾ ਬਦਲ ਗਿਆ ਸੀ ਪਿੰਡ। ਜਿਵੇਂ ਕੋਈ ਦੂਜਾ ਪਿੰਡ ਹੋਵੇ। ਜਿਵੇਂ ਮੈਂ ਇਸ ਲਈ ਓਪਰਾ ਹੋ ਗਿਆ ਹੋਵਾਂ।

26

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ