ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਦੂਲ ਦਿਨ ਛਿਪਣ ਤੋਂ ਪਹਿਲਾਂ ਪਊਆ ਲਿਆ ਕੇ ਘਰ ਰੱਖ ਦਿੰਦਾ। ਤੇ ਫੇਰ ਸੱਥ ਵਿੱਚ ਤਖ਼ਤਪੋਸ਼ 'ਤੇ ਬੈਠ ਕੇ ਕੰਨਾਂ ਦੀ ਮੈਲ ਕੱਢਦਾ ਤੇ ਉੱਚਾ ਉੱਚਾ ਬੋਲ ਕੇ ਗੱਲਾਂ ਸੁਣਾਉਂਦਾ। ਕੜਾਕੇਦਾਰ ਗੱਲ ਕਰਦਾ, ਜਿਵੇਂ ਪੀਣ ਤੋਂ ਪਹਿਲਾਂ ਹੀ ਉਹ ਨੂੰ ਨਸ਼ਾ ਚੜ੍ਹਿਆ ਹੋਇਆ ਹੋਵੇ।

ਉਹ ਪੁਰਾਣੇ ਵਕਤਾਂ ਦੀਆਂ ਚਾਰ ਜਮਾਤਾਂ ਪੜ੍ਹਿਆ ਹੋਇਆ ਸੀ। ਉਰਦੂ ਦੇ ਅਖ਼ਬਾਰ ਨੂੰ ਚਰ੍ਹੀ ਵਾਂਗੂੰ ਵੱਢਦਾ। ਉਹ ਅਖ਼ਬਾਰ ਦਾ ਨਿੱਤ ਦਾ ਗਾਹਕ ਸੀ। ਉਹ ਦੁਨੀਆ ਭਰ ਦੇ ਰਾਜਨੀਤਿਕ ਮਾਮਲਿਆਂ ਤੋਂ ਜਾਣੂ ਰਹਿੰਦਾ।

ਤੇ ਅੱਜ ਸੱਥ ਵਿੱਚ ਪਤਾ ਨਹੀਂ ਕਿਵੇਂ ਕਿਸੇ ਨੇ ਸਰਦੂਲ ਦੀ ਗੱਲ ਛੇੜ ਦਿੱਤੀ। ਹਾਂ ਸੱਚ, ਇਹ ਗੱਲ ਲੈ ਕੇ, ਅਖੇ-"ਹੁੰਦਾ ਅੱਜ ਸਰਦੂਲ ਤਾਂ ਕੀ ਆਪਾਂ ਨੂੰ ਇਉਂ ਚੁੱਪ ਬੈਠਣ ਦਿੰਦਾ? ਉਹ ਤਾਂ ਅਗਲੇ ਦੇ ਢਿੱਡ ਵਿਚੋਂ ਗੱਲ ਕੱਢਵਾ ਲੈਂਦਾ ਸੀ।"

ਨੰਬਰਦਾਰਾਂ ਦਾ ਹਰਨੇਕ, ਜਿਹੜਾ ਹੁਣੇ ਆ ਕੇ ਬੈਠਾ ਸੀ, ਕਹਿੰਦਾ-"ਸੀ ਤਾਂ ਸਾਲਾ ਛਿਲਕਾਂ ਦਾ ਘੋੜਾ ਜ੍ਹਾ, ਗੱਲਾਂ ਦੇਖ ਕਿਵੇਂ ਦਮਾਕ ਪਾੜ ਪਾੜ ਆਉਂਦੀਆਂ ਹੁੰਦੀਆਂ ਉਹ ਨੂੰ।"

"ਅੱਖਰਾਂ ਦਾ ਸਿਆਣੂ ਸੀ ਭਾਈ, ਗੱਲਾਂ ਕਿਵੇਂ ਨਾ ਆਉਣ। ਉਹ ਦੀਆਂ ਚਾਰ ਤਾਂ ਅੱਜ ਕੱਲ੍ਹ ਦੇ ਚੌਦਾਂ ਪੜ੍ਹੇ ਦਾ ਮੁਕਾਬਲਾ ਕਰਦੀਆਂ ਸੀ।" ਤੇਲੂ ਤਖਾਣ ਨੇ ਸਰਦੂਲ ਵਰਗਾ ਹੀ ਕੜਕਵਾਂ ਬੋਲ ਕੱਢਿਆ।

"ਉਹ ਦਾ ਤਾਂ ਭਾਈ ਪਊਆ ਬੋਲਦਾ ਹੁੰਦਾ। ਆਪ ਉਹ ਦੇ ’ਚ ਕਿੱਥੇ ਜਾਨ ਸੀ ਹੱਡੀਆਂ ਦੀ ਮੁੱਠੀ 'ਚ।" ਕਿਸੇ ਹੋਰ ਨੇ ਉਹ ਦਾ ਐਬ ਨਿਰਖਿਆ।

"ਗੱਲਾਂ ਈ ਗੱਲਾਂ ਸੀ ਉਹ ਦੇ ਕੋਲ, ਹੋਰ ਕੀ ਸੀ? ਕੰਮ ਦਾ ਤਾਂ ਡੱਕਾ ਦੂਹਰਾਂ ਨ੍ਹੀਂ ਸੀ ਕਰਦਾ, ਜਿਵੇਂ ਜ਼ਮੀਨ ਸੀ....

"ਤਾਂ ਹੀ ਕੋਈ ਸਾਕ ਨਾ ਹੋਇਆ ਉਹ ਨੂੰ। ਖਵਾਉਂਦਾ ਕਿੱਥੋਂ?" ਤੇਲੂ ਨੇ ਪਹਿਲੇ ਦੀ ਗੱਲ ਵਿਚੋਂ ਕੱਟ ਦਿੱਤੀ।

"ਓਏ, ਉਹ ਕਮਜ਼ੋਰ ਸੀ, ਭਾਈ। ਉਹ ਨੂੰ ਆਪ ਦੀਂਹਦਾ ਸੀ। ਕਹੀ ਕਿੱਥੋਂ ਚਲਾ ਲੈਂਦਾ ਉਹ? ਖਾਧਾ ਤਾਂ ਪਿਆ ਸੀ, ਖੰਘ ਦਾ।" ਨੰਬਰਦਾਰਾਂ ਦੇ ਹਰਨੇਕ ਨੇ ਉਹ ਦਾ ਪੱਖ ਪੂਰਿਆ।

ਮੇਰੇ ਦਿਮਾਗ ਵਿੱਚ ਸਰਦੂਲ ਦੀ ਮਾਂ ਘੁੰਮ ਰਹੀ ਸੀ। ਕਿਵੇਂ ਉਹ ਆਥਣ ਉੱਗਣ ਪੁੱਤ ਦੀ ਰੋਟੀ ਦਾ ਆਹਰ ਜਿਹਾ ਕਰਦੀ ਫਿਰਦੀ। ਉਹ ਸਰਦੂਲ ਦੀ ਮਨਪਸੰਦ ਦਾਲ ਸਬਜ਼ੀ ਰਿੰਨ੍ਹਦੀ। ਉਹ ਦੇ ਕੱਪੜੇ ਧੋ ਕੇ ਉਨ੍ਹਾਂ ਨੂੰ ਲਾਜਵਰ ਵਾਲੇ ਪਾਣੀ ਵਿੱਚ ਡੋਬਦੀ। ਕਿਵੇਂ ਉਹ ਆਪਣੀ ਮਾਂ 'ਤੇ ਹੁਕਮ ਜਿਹੇ ਚਲਾਉਂਦਾ ਰਹਿੰਦਾ-"ਬੇਬੇ, ਇਹ ਨਾ ਕਰੀਂ, ਬੇਬੇ, ਆਹ ਕਰਦੀਂ...."

ਕਦੇ ਕਦੇ ਅਸੀਂ ਉਨ੍ਹਾਂ ਦੇ ਘਰ ਇਕੱਠੇ ਬੈਠ ਕੇ ਦਾਰੂ ਪੀਂਦੇ। ਮੇਰੇ ਨਾਲ ਦਾਰੂ ਪੀ ਕੇ ਉਹ ਨੂੰ ਖੁਸ਼ੀ ਹੁੰਦੀ। ਉਹ ਬੜਾ ਹਿਸਾਬੀ ਕਿਤਾਬੀ ਬੰਦਾ ਸੀ। ਆਖਦਾ-"ਲੈ ਬਈ, ਮੈਂ ਤਾਂ ਪਊਏ ਦਾ ਭਾਈਵਾਲ ਆਂ, ਆਹ ਫੜ ਦੋ ਰੁਪਈਏ। ਤੂੰ ਜਿੰਨੀ ਪੀਣੀ ਐ, ਲੈ ਆ।"

28

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ