ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਸੀਮ ਦਾ ਘਰ


ਸਾਡੇ ਪਿੰਡ, ਸਾਡੇ ਘਰ ਦੇ ਗਵਾਂਢ ਵਿੱਚ ਜਿੱਥੇ ਹੁਣ ‘ਸ਼ਰਾਬ ਦਾ ਠੇਕਾ` ਹੈ, ਕਦੇ ਇਹ ਮਰਾਸੀਆਂ ਦਾ ਘਰ ਸੀ।
ਸਾਹਮਣੇ ਇੱਕ ਛੋਟੀ ਜਿਹੀ ਡਿਊਢੀ ਹੈ। ਛੋਟਾ ਜਿਹਾ ਵਿਹੜਾ, ਪਿੱਛੇ ਇੱਕ ਸਬ੍ਹਾਤ-ਛੋਟੀ ਜਿਹੀ।
'ਸੰਤਾਲੀ' ਵਿੱਚ ਫੱਤੂ ਮਰਾਸੀ ਤੇ ਉਹ ਦੇ ਦੋਵੇਂ ਵੱਡੇ ਮੁੰਡੇ ਨਾਜਰ ਤੇ ਸਦੀਕ ਤਾਂ ਫ਼ਸਾਦਾਂ ਦੀ ਭੇਟ ਚੜ੍ਹ ਗਏ ਸਨ। ਫੱਤੂ ਦੀ ਘਰ ਵਾਲੀ ਸ਼ਮਸ਼, ਛੋਟਾ ਮੁੰਡਾ ਖਾਲਿਕ ਤੇ ਇੱਕੋਂ ਇੱਕ ਮੁਟਿਆਰ ਧੀ ਨਸੀਮ ਘਰੋਂ ਉੱਠ ਨੱਸੇ ਸਨ। ਪਤਾ ਨਹੀਂ ਕਿਸ-ਕਿਸ ਦੇ ਘਰ ਰਾਤਾਂ ਗੁਜਾਰੀਆਂ ਸਨ ਤੇ ਫਿਰ ਪਤਾ ਨਹੀਂ ਪਾਕਿਸਤਾਨ ਪਹੁੰਚ ਵੀ ਗਏ ਸਨ ਜਾ ਏਧਰ ਹੀ ਰਹਿ ਗਏ ਸਨ। ਪਿੰਡ, ਪਰ ਉਹ ਮੁੜ ਕੇ ਕਦੇ ਨਾ ਆਏ।
ਮੈਨੂੰ ਬਾਹਰਵਾਂ ਸਾਲ ਚੜ੍ਹਿਆ ਸੀ ਤੇ ਨਸੀਮ ਨੂੰ ਚੌਧਵਾਂ। ਪਰ ਨੈਣ ਨਕਸ਼ ਤੇ ਕੱਦ ਕਾਠ ਤੋਂ ਉਹ ਆਪਣੀ ਉਮਰ ਨਾਲੋਂ ਵੀ ਵੱਡੀ ਲੱਗਦੀ ਸੀ। ਸਿੱਪ ਦੇ ਚਿੱਟੇ ਬਟਨਾਂ ਵਾਲੀ ਕਮੀਜ਼ ਤੇ ਲਸੂੜੀ ਚੁੰਨੀ ਲਈ ਤੋਂ ਉਹ ਦਾ ਗੋਰਾ ਮੂੰਹ ਹੋਰ ਵੀ ਭਖ ਉੱਠਦਾ। ਹਰ ਰੋਜ਼ ਉਹ ਦੀਆਂ ਅੱਖਾਂ ਵਿੱਚ ਕੋਈ ਗੈਬੀ ਚਮਕ ਭਰਦੀ ਜਾਂਦੀ। ਉਹ ਦੀ ਮਾਂ ਟੋਕਦੀ-'ਹਰਾਮਣੇ, ਭੜੋਲੇ ਵਰਗਾ ਮੂੰਹ ਹੁੰਦਾ ਜਾਂਦੈ, ਨਿੱਤ ਗਿੱਠ ਵਾਰ ਔਂਦੈ, ਹੁਣ ਮੁੰਡਿਆਂ ’ਚ ਨਾ ਖੇਡਿਆ ਕਰ।' ਪਰ ਨਸੀਮ ਇੱਕ ਨਾ ਜਾਣਦੀ।
ਉਹ ਤਾਂ ਦਿਨ ਹੀ ਬੜੇ ਚੰਗੇ ਸਨ। ਵੱਡੇ ਵੱਡੇ ਮੁੰਡੇ ਕੁੜੀਆਂ ਅਸੀਂ ਇਕੱਠੇ ਖੇਡਦੇ ਹੁੰਦੇ।'ਪੀਚ੍ਹੋ ਬੱਕਰੀ', ‘ਦਾਈ ਦੁੱਕੜੇ’ ਤੇ ‘ਅੰਨਾ ਝੋਟਾ ਦੁੜੂ ਦੜੈਂ' ਵਰਗੀਆਂ ਖੇਡਾਂ ਅਸੀਂ ਰਲ ਕੇ ਖੇਡਦੇ। ਨਸੀਮ ਜਦੋਂ 'ਅੰਨ੍ਹਾ ਝੋਟਾ’ ਬਣਦੀ, ਮੈਂ ਹਮੇਸ਼ਾਂ ਹੀ ਉਸ ਤੋਂ ਫੜਿਆ ਜਾਂਦਾ।
ਫੱਗਣ ਦਾ ਮਹੀਨਾ ਸੀ। ਸਰ੍ਹਵਾਂ ਦੀ ਰੁੱਤ। ਟੋਕਾ ਕਰਨ ਵਾਸਤੇ ਖੇਤੋਂ ਲਿਆਂਦੀਆਂ ਸਰ੍ਹੋਂ ਦੀਆਂ ਭਰੀਆਂ ਵਿਚੋਂ ਅਸੀਂ ਟਹਿ ਟਹਿ ਕਰਦੇ ਫੁੱਲ ਤੋੜਦੇ ਤੇ ਆਪਣੇ ਸਾਫ਼ਿਆਂ 'ਚ ਟੰਗ ਲੈਂਦੇ। ਕੁੜੀਆਂ ਫੁੱਲਾਂ ਨੂੰ ਆਪਣੀਆਂ ਗੁੱਤਾਂ ਵਿੱਚ ਅੜੁੰਗ ਲੈਂਦੀਆਂ।
ਇੱਕ ਦਿਨ ਕੀ ਹੋਇਆ।
ਸਾਡਾ ਕੋਈ ਘਰ ਨਹੀਂ ਸੀ। ਕੁਤਰੇ ਵਾਲੀ ਮਸ਼ੀਨ ਕੋਲ ਸਰ੍ਹੋਂ ਦੀ ਭਰੀ ਸੁੱਟ ਕੇ ਬਾਪੂ ਖੇਤ ਨੂੰ ਹੀ ਵਾਪਸ ਹੋਰ ਭਰੀ ਲੈਣ ਚਲਿਆ ਗਿਆ ਸੀ। ਨਸੀਮ ਸਾਡੇ ਘਰ ਆਈ ਤੇ ਮੈਨੂੰ ਕਹਿੰਦੀ-'ਕਰਮੂ, ਆ ਆਪਾਂ ਟੋਕਾ ਕਰੀਏ। ਤੂੰ ਰੁੱਗ ਲਾ, ਮੈਂ ਮਸ਼ੀਨ ਫੇਰਦੀ ਆਂ।'

ਨਸੀਮ ਦਾ ਘਰ

39