ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਚਾ ਜਾਵੇਦ


ਉਦੋਂ ਮੈਨੂੰ ਸਿਰਫ਼ ਐਨਾ ਹੀ ਪਤਾ ਸੀ ਕਿ ਤੂੰ, ਚਾਚੀ ਅੱਲਾ ਰੱਖੀ ਤੇ ਦੋਵੇਂ ਮੁੰਡੇ ਸਦੀਕ ਤੇ ਰਮਜ਼ਾਨ ਪਾਕਿਸਤਾਨ ਨੂੰ ਚਲੇ ਗਏ ਸੀ। ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਕਿਉਂ ਬਣਿਆ ਹੈ ਤੇ ਏਧਰਲੇ ਲੋਕ ਓਧਰ ਕਿਉਂ ਜਾ ਰਹੇ ਹਨ। ਪੰਦਰਾਂ ਵੀਹ ਦਿਨਾਂ ਬਾਅਦ ਹੀ ਫਿਰ ਤੁਸੀਂ ਮੈਨੂੰ ਪਿੰਡ ਦੀ ਪੱਛਮੀ ਜੂਹ ਵਿੱਚ ਮਿਲੇ ਸੀ। ਸਾਰਾ ਟੱਬਰ। ਇੱਕ ਜੰਗਲ ਵਿੱਚ। ਉਸ ਦਿਨ ਐਤਵਾਰ ਸੀ ਤੇ ਮੈਂ ਸਕੂਲ ਨਹੀਂ ਸੀ ਗਿਆ ਸੀ। ਸੋ, ਆਪਣੀਆਂ ਦੋਵੇਂ ਮੱਝਾਂ ਲੈ ਕੇ ਇਸ ਜੰਗਲ ਵਿੱਚ ਆ ਗਿਆ ਸਾਂ। ਹੋਰ ਵੀ ਮੱਝਾਂ ਦੇ ਪਾਲੀ ਸਨ। ਪਿਛਲੇ ਪਹਿਰ ਦੀ ਚਾਹ ਨਾਲ ਖਾਣ ਲਈ ਇੱਕ-ਇੱਕ, ਦੋ-ਦੋ ਰੋਟੀਆਂ ਜੋ ਸਾਡੇ ਕੱਪੜਿਆਂ ਦੇ ਲੜ ਬੰਨ੍ਹੀਆਂ ਹੋਈਆਂ ਸਨ, ਅਸੀਂ ਸਭ ਨੇ ਉਹ ਤੁਹਾਨੂੰ ਦੇ ਦਿੱਤੀਆਂ ਸਨ। ਉਸ ਦਿਨ ਸ਼ਾਇਦ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਸੀ ਕਿ ਮਨੁੱਖ ਲਈ ਅੰਨ ਕਿੰਨਾ ਜ਼ਰੂਰੀ ਹੈ।ਅੰਨ ਵਿੱਚ ਕਿੰਨੀ ਜ਼ਿੰਦਗੀ ਹੈ। ਅੰਨ ਤੋਂ ਬਗੈਰ ਮੌਤ ਕਿੰਨੀ ਨੇੜੇ ਹੈ।
ਮੈਨੂੰ ਖੁਸ਼ੀ ਹੋਈ ਸੀ ਕਿ ਤੁਸੀਂ ਵਾਪਸ ਪਿੰਡ ਆ ਗਏ ਹੋ।
ਤੇ ਫਿਰ ਸ਼ਾਮ ਨੂੰ ਅਗਵਾੜ ਦਾ ਇਕੱਠ ਹੋਇਆ ਸੀ। ਤੈਂ ਅਗਵਾੜ ਦੇ ਬੰਦਿਆਂ ਮੂਹਰੇ ਲੇਲ੍ਹੜੀਆਂ ਕੱਢੀਆਂ ਸਨ-ਮੈਨੂੰ ਰੱਖ ਲਓ।
‘ਮੀਰਾ, ਰੱਖ ਤਾਂ ਤੈਨੂੰ ਅਸੀਂ ਲੈਨੇ ਆਂ। ਪਰ ਹਵਾ ਤਾਂ ਦੇਖ ਕੇਹੋ ਜ਼ੀ ਵਗੀ ਹੋਈ ਹੈ। ਗੁੰਡਿਆਂ ਦੀ ਧਾੜ ਆ ’ਗੀ ਤਾਂ ਬਚਾਵਾਂਗੇ ਕਿਵੇਂ ਥੋਨੂੰ?" ਹਰ ਮੂੰਹ ਦਾ ਇੱਕੋ ਜਵਾਬ ਸੀ। ਤੁਸੀਂ ਚਾਰੇ ਰੋਣ ਲੱਗੇ ਸੀ। ਮੈਂ ਕੋਲ ਹੀ ਖੜ੍ਹਾ ਸਾਂ। ਮੇਰਾ ਵੀ ਰੋਣ ਨਿਕਲ ਗਿਆ ਸੀ। ਤੂੰ ਤੁਰਨ ਲੱਗਿਆ ਸੀ ਤਾਂ ਮੈਂ ਤੇਰੇ ਕੁੜਤੇ ਦੀ ਕੰਨੀ ਛੋਹੀ ਸੀ। ਇੱਕ ਬਿੰਦ ਤੂੰ ਮੇਰੇ ਵੱਲ ਝਾਕਿਆ ਮੈਂ ਤੇ ਮੇਰੇ ਮੋਢੇ ਤੇ ਹੱਥ ਰੱਖਿਆ ਸੀ। ਮੇਰੀਆਂ ਅੱਖਾਂ ਦਾ ਸਾਰਾ ਪਾਣੀ ਵਹਿ ਤੁਰਿਆ ਸੀ।
ਕਈ ਸਾਲਾਂ ਬਾਅਦ ਏਧਰੋਂ ਓਧਰ ਤੇ ਓਧਰੋਂ ਏਧਰ ਪਿੰਡ ਵਿੱਚ ਆਉਂਦੀਆਂ ਜਾਂਦੀਆਂ ਚਿੱਠੀਆਂ ਤੋਂ ਪਤਾ ਲੱਗਿਆ ਸੀ ਕਿ ਜਾਵੇਦ ਤੇ ਉਸ ਦਾ ਟੱਬਰ ਲਾਹੌਰ ਵਿੱਚ ਹਨ। ਜਾਵੇਦ ਲਲਾਰੀ ਦਾ ਕੰਮ ਕਰਦਾ ਸੀ। ਸਦੀਕ ਕਿਸੇ ਹੋਟਲ ਵਿੱਚ ਭਾਂਡੇ ਮਾਂਜਦਾ ਹੈ ਤੇ ਰਮਜ਼ਾਨ ਕਿਸੇ ਮੌਲਵੀ ਕੋਲ ਮਸੀਤ ਵਿੱਚ ਰਹਿੰਦਾ ਹੈ।
ਤੁਹਾਡੀ ਚਿੱਠੀ ਤਾਂ ਕਦੇ ਵੀ ਕਿਸੇ ਨੂੰ ਨਹੀਂ ਸੀ ਆਈ। ਜੇ ਤੂੰ ਲਿਖਵਾਉਂਦਾ ਤਾਂ ਹੀ ਆਉਂਦੀ। ਅਗਵਾੜ ਦੇ ਹੀ ਕਿਸੇ ਬੰਦੇ ਨੂੰ ਲਿਖਵਾਉਂਦਾ। ਮੈਨੂੰ ਹੁਣ ਮਹਿਸੂਸ ਹੋ

50

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ