ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਵਿਆਹ ਤਾਂ ਉਹ ਦੇ ਲਈ ਬਹੁਤ ਜ਼ਰੂਰੀ ਸੀ। ਇਸ ਵਿੱਚ ਤਾਂ ਅਨੰਦ ਹੀ ਬੜਾ ਹੈ। ਦੁਕਾਨ ਦੇ ਰੁਝੇਵਿਆਂ ਵਿੱਚ ਉਹ ਤਾਂ ਇਸ ਅਨੰਦ ਤੋਂ ਵਾਂਝਾ ਹੀ ਬੈਠਾ ਸੀ। ਉਹ ਦੀ ਪਤਨੀ ਬੜੀ ਸ਼ੈਲ ਜੁਆਨ ਸੀ। ਪਤਨੀ ਦੀਆਂ ਮੋਟੀਆਂ ਅੱਖਾਂ ਦੇ ਸੰਸਾਰ ਵਿੱਚ ਉਹ ਦੀ ਪਤਨੀ ਦੇਵਕੀ ਕਸ਼ਮੀਰ ਦਾ ਅੰਬਰੀ ਸੇਬ ਸੀ ਨਿਰਾ। ਗੋਰੀ ਚਿੱਟੀ, ਉੱਚੇ ਕੱਦ ਵਾਲੀ ਤੇ ਸਰੀਰ ਦੀ ਭਰਵੀਂ। ਦੇਵਕੀ ਆਈ ਸੀ ਤਾਂ ਘਰ ਭਰ ਗਿਆ। ਵਿਹੜੇ ਦੀ ਖ਼ੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ। ਮਾਂ ਖ਼ੁਸ਼ ਸੀ ਕਿ ਉਹਨੂੰ ਅਜਿਹੀ ਸੁਪਾਤਰ ਨੂੰਹ ਮਿਲ ਗਈ ਹੈ। ਬੰਟੀ ਤੇ ਰਾਣੀ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਦੀ ਮਾਂ ਵਾਪਸ ਆ ਗਈ ਹੈ। ਦੇਵਕੀ ਜੇਠ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ। ਉਨ੍ਹਾਂ ਨਾਲ ਬੱਚਿਆਂ ਵਾਂਗ ਹੀ ਖੇਡਦੀ ਰਹਿੰਦੀ। ਮਾਂ ਤੇ ਹਰੀਸ਼ ਨੂੰ ਪਿਛਲੇ ਸਾਰੇ ਦੁੱਖ ਭੁੱਲ ਗਏ।

ਰਾਤ ਨੂੰ ਰਾਣੀ ਮਾਂ ਨਾਲ ਪੈਂਦੀ ਤੇ ਬੰਟੀ ਹਰੀਸ਼ ਨਾਲ। ਦੋਵੇਂ ਬੱਚੇ ਪਹਿਲੇ ਦਿਨੋਂ ਇੰਝ ਹੀ ਕਰਦੇ ਸਨ। ਰਾਣੀ ਮਾਂ ਨਾਲੋਂ ਅੱਡ ਪੈ ਕੇ ਸੌਂਦੀ ਨਹੀਂ ਸੀ ਤੇ ਬੰਟੀ ਹਰੀਸ਼ ਨਾਲੋਂ ਅੱਡ ਪੈ ਕੇ ਸੌਂਦਾ ਨਹੀਂ ਸੀ। ਹੁਣ ਜਦੋਂ ਦੇਵਕੀ ਸੀ, ਬੰਟੀ ਤਦ ਵੀ ਹਰੀਸ਼ ਨਾਲ ਸੌਂਦਾ। ਤਿੰਨੇ ਜਣੇ ਇੱਕੋ ਕਮਰੇ ਵਿੱਚ ਇੱਕੋ ਬੈੱਡ 'ਤੇ ਪੈਂਦੇ। ਹਰੀਸ਼ ਨੇ ਦੇਖਿਆ, ਬੰਟੀ ਰਾਤ ਨੂੰ ਸੌਂਦਾ ਨਹੀਂ। ਇੱਕ ਅੱਧੀ ਰਾਤ ਦੇਵਕੀ ਨੇ ਅਚਾਨਕ ਬੱਤੀ ਜਗਾ ਦਿੱਤੀ। ਬੰਟੀ ਅੱਖਾਂ ਖੋਲ੍ਹੀ ਪਿਆ ਸੀ। ਦੇਵਕੀ ਗੱਲੀਂ ਗੱਲੀਂ ਕਈ ਵਾਰ ਹਰੀਸ਼ ਨੂੰ ਸਮਝਾ ਚੁੱਕੀ ਸੀ ਕਿ ਦੇਖੋ ਮੁੰਡੇ 'ਤੇ ਬੁਰਾ ਅਸਰ ਪੈ ਰਿਹਾ ਹੈ। ਇਹ ਸਾਰੀ ਰਾਤ ਜਾਗਦਾ ਰਹਿੰਦਾ ਹੈ। ਇਹ ਗੱਲ ਚੰਗੀ ਨਹੀਂ। ਇਹ ਨੂੰ ਮਾਂ ਕੋਲ ਪਾਇਆ ਕਰੋ।

ਅਗਲੀ ਰਾਤ ਬੰਟੀ ਮਾਂ ਕੋਲ ਮੰਜਾ ਡਾਹ ਕੇ ਪਾ ਦਿੱਤਾ ਗਿਆ, ਪਰ ਉਹ ਤਾਂ ਰੋ ਰਿਹਾ ਸੀ-'ਹੁਬਕੀਂ ਹੁਬਕੀਂ। ਆਖ ਰਿਹਾ ਸੀ-ਚਾਚੇ ਨਾਲ ਪੈਣੈ। ਮਾਂ ਨੇ ਪੁੱਚ ਪੁੱਚ ਕਰਕੇ ਉਹ ਨੂੰ ਸਮਝਇਆ। ਹਰੀਸ਼ ਨੇ ਪਿਆਰ ਨਾਲ ਉਹ ਨੂੰ ਗੱਲਾਂ ਆਖੀਆਂ, ਪਰ ਉਹ ਸਮਝਦਾ ਨਹੀਂ ਸੀ। ਆਕੜ ਆਕੜ ਬੋਲਦਾ 'ਨਹੀਂ ਪੈਣਾ ਮੈਂ ਐਥੇ। ਮੈਂ ਤੇਰੇ ਬੈਂਡ ’ਤੇ ਪਊਂਗਾ।' ਤੇ ਉਸ ਰਾਤ ਹਰੀਸ਼ ਨੇ ਬੰਟੀ ਦੇ ਚਪੇੜਾਂ ਮਾਰੀਆਂ ਸਨ। ਬੰਟੀ ਨੂੰ ਉਹ ਨੇ ਪਹਿਲੀ ਵਾਰੀ ਕੁੱਟਿਆ ਸੀ। ਬੰਟੀ ਤਾਂ ਰੋਂਦਾ ਧਸਿਆਂਦਾ ਪੈ ਗਿਆ, ਪਰ ਉਸ ਰਾਤ ਹਰੀਸ਼ ਨੂੰ ਸੰਵਾਰ ਕੇ ਨੀਂਦ ਨਹੀਂ ਆਈ।

ਦਿਨ ਗੁਜ਼ਰਦੇ ਗਏ। ਦੇਵਕੀ ਘੁੱਟੀ ਘੁੱਟੀ ਰਹਿਣ ਲੱਗੀ। ਉਹ ਨੂੰ ਲੱਗਦਾ ਉਹ ਦਾ ਪਤੀ ਉਹ ਦੀ ਕੋਈ ਵੀ ਗੱਲ ਨਹੀਂ ਮੰਨਦਾ। ਬੰਟੀ ਤੇ ਰਾਣੀ ਨੂੰ ਸੰਭਾਲਣ ਲਈ ਜਦੋਂ ਉਨ੍ਹਾਂ ਦੀ ਦਾਦੀ ਹੈ, ਉਹ ਆਪ ਕਿਉਂ ਉਨ੍ਹਾਂ ਦੀ ਮਾਂ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਪਿਓ ਬਣਿਆ ਰਹਿੰਦਾ ਹੈ। ਖ਼ੁਦ ਹੀ ਕੁੜੀ ਦੇ ਸਿਰ ਦੇ ਵਾਲ ਧੋਣ ਬੈਠ ਜਾਂਦਾ ਹੈ। ਬੰਟੀ ਉਹ ਦੇ ਮਗਰ ਮਗਰ ਫਿਰਦਾ ਰਹਿੰਦਾ ਹੈ। ਮੁੰਡੇ ਨੇ ਕੋਈ ਮੰਗ ਮੂੰਹੋਂ ਕੱਢੀ ਨਹੀਂ ਤੇ ਉਹ ਦੇ ਪਤੀ ਨੇ ਝੱਟ ਪੂਰੀ ਕੀਤੀ ਨਹੀਂ। ਪੁਰਾਣਾ ਸਾਈਕਲ ਚੰਗਾ ਭਲਾ ਚੱਲਦਾ ਸੀ, ਨਵਾਂ ਲੈ ਕੇ ਦੇਣ ਦੀ ਕੀ ਲੋੜ ਸੀ? ਪੁਰਾਣਾ ਹੁਣ ਦਬਕੇ ਵਿੱਚ ਸੁੱਟ ਦਿੱਤਾ ਹੈ। ਰਾਣੀ ਨਿੱਤ ਨਵੀਆਂ ਫਰਾਕਾਂ ਦੀ ਮੰਗ ਕਰਦੀ ਹੈ। ਜੁਆਕਾਂ ਵਰਗੇ ਜੁਆਕ ਨੇ, ਲਾਟ ਸਾਹਿਬ ਤਾਂ ਨਹੀਂ। ਸਿਰ ਚੜ੍ਹਾ ਰੱਖਿਆ ਹੈ, ਚੀਚਲਿਆਂ ਨੂੰ। ਵੱਡੇ ਹੋ ਕੇ ਇਹ ਨ੍ਹੀਂ ਪਤਾ ਕੀ ਕਰਨਗੇ-ਕੀ ਕੀ ਮੰਗਿਆ ਕਰਨਗੇ।

70

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ