ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਨ ਬਣ ਗਿਆ ਕਿ ਉਹ ਜ਼ਰੂਰ ਹੀ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੀਆਂ। ਜਿਹੜੇ ਬੱਚੇ ਸਕੂਲ ਪੜ੍ਹਨੋ ਹਟ ਗਏ ਹਨ ਤੇ ਹੁਣ ਅਵਾਰਾ ਕੁੱਤਿਆਂ ਵਾਂਗ ਗਲੀਆਂ ਖੇਤਾਂ ਵਿੱਚ ਤੁਰੇ-ਫਿਰਦੇ ਰਹਿੰਦੇ ਹਨ, ਉਹ ਉਨ੍ਹਾਂ ਨੂੰ ਵੀ ਕਹਿਣਗੀਆਂ ਕਿ ਉਹ ਸਕੂਲ ਜਾਇਆ ਕਰਨ। ਜੀਵਨ ਸੁਧਰ ਜਾਏਗਾ, ਉਹ ਬੰਦੇ ਬਣ ਜਾਣਗੇ।

ਬੁੜ੍ਹੀਆਂ ਸੋਚਦੀਆਂ, ਇਹ ਮਾਸਟਰਾਣੀਆਂ ਕਿੰਨੀਆਂ ਚੰਗੀਆਂ ਗੱਲਾਂ ਦੱਸ ਕੇ ਗਈਆਂ ਹਨ। ਇਹੋ-ਜਿਹੀਆਂ ਗੱਲਾਂ ਪਹਿਲਾਂ ਤਾਂ ਕਿਸੇ ਨੇ ਕਦੇ ਦੱਸੀਆਂ ਨਹੀਂ। ਪਹਿਲਾਂ ਤਾਂ ਬੰਦੇ ਆਉਂਦੇ ਤੇ ਚੁੱਪ-ਚਾਪ ਮੁੰਡੇ-ਕੁੜੀਆਂ ਦੇ ਨਾਉਂ ਲਿਖ ਕੇ ਲੈ ਜਾਂਦੇ। ਹਰ ਸਾਲ ਹੀ ਆਉਂਦੇ ਰਹੇ ਹਨ। ਕਦੇ ਕਿਸੇ ਨੇ ਇਹੋ-ਜਿਹੀਆਂ ਗੱਲਾਂ ਨਹੀਂ ਦੱਸੀਆਂ। ਬੁੜ੍ਹੀਆਂ ਸੋਚਦੀਆਂ, ਇਹ ਮਾਸਟਰਾਣੀਆਂ ਕਿੰਨੀਆਂ ਚੰਗੀਆਂ ਹਨ। ਕਿੰਨਾ ਗਿਆਨ ਦੇ ਕੇ ਗਈਆਂ। ਇਨ੍ਹਾਂ ਨੂੰ ਕਿੰਨਾ ਕੁਝ ਦੱਸਣਾ ਆਉਂਦਾ ਹੈ। ਐਨੀ ਅਕਲ ਹੈ ਤਾਂ ਹੀ ਤਾਂ ਮਸਟਰਾਣੀਆਂ ਬਣੀਆਂ ਫਿਰਦੀਆਂ ਨੇ, ਨਹੀਂ ਤਾਂ ਜਣੀ-ਖਣੀ ਤੀਵੀਂ ਮਾਸਟਰਾਣੀ ਥੋੜਾ ਬਣ ਸਕਦੀ ਹੈ ਕਿਤੇ?

ਉਸੇ ਦਿਨ ਸ਼ਾਮ ਨੂੰ ਛੱਪੜੀ-ਵਿਹੜੇ ਦੇ ਕਾਮੇ-ਬੰਦੇ ਜਦੋਂ ਘਰ ਪਹੁੰਚੇ ਤਾਂ ਬੁੜ੍ਹੀਆਂ ਉਨ੍ਹਾਂ ਕੋਲ ਮਾਸਟਰਾਣੀਆਂ ਦੀਆਂ ਗੱਲਾਂ ਕਰਨ ਲੱਗੀਆਂ। ਬੰਦੇ ਗੱਲਾਂ ਸੁਣਦੇ ਵੀ ਤੇ ਸੋਚਦੇ ਵੀ ਸਨ। ਇਨ੍ਹਾਂ ਗੱਲਾਂ ਨੇ ਉਨ੍ਹਾਂ ਨੂੰ ਗੰਭੀਰ ਬਣਾ ਦਿੱਤਾ। ਨਾ ਤਾਂ ਉਹ ਹੱਸਦੇ ਤੇ ਨਾ ਹੀ ਕੁੱਝ ਬੋਲਦੇ। ਬੱਸ ਸੁਣਦੇ ਜਾ ਰਹੇ ਸਨ। ਮੁੰਡੇ-ਕੁੜੀਆਂ ਉਨ੍ਹਾਂ ਦੀਆਂ ਲੱਤਾਂ ਨੂੰ ਚਿੰਬੜ ਕੇ ਮਿਲੇ ਤੇ ਖੁਸ਼ ਹੋ ਕੇ ਦੱਸਿਆ ਕਿ ਉਹ ਸਕੂਲ ਪੜ੍ਹਨ ਜਾਇਆ ਕਰਨਗੇ।

ਬੂਟਾ ਕਿੰਨਾ ਖ਼ੁਸ਼ ਸੀ। ਉਹ ਆਪਣੇ ਬਾਪੂ ਨੂੰ ਕਹਿ ਰਿਹਾ ਸੀ, ਉਹ ਉਸ ਨੂੰ ਕੱਲ੍ਹ ਹੀ ਕੈਦਾ-ਫੱਟੀ ਲਿਆ ਦੇਵੇ। ਉਹ ਸਕੂਲ ਜਾਣ ਤੋਂ ਪਹਿਲਾਂ ਹੀ ਘਰ ਬੈਠ ਕੇ ਪੜ੍ਹਿਆ ਕਰੇਗਾ। ਗਵਾਂਢੀਆਂ ਦੇ ਮੁੰਡੇ ਢੋਲਣ ਤੋਂ ਕੈਦਾ ਪੜ੍ਹ ਲਿਆ ਕਰੇਗਾ। ਢੋਲਣ ਵੱਡੇ ਸਕੂਲ ਵਿੱਚ ਪੜ੍ਹਦਾ ਸੀ ਤੇ ਛੇਵੀਂ ਜਮਾਤ ਵਿੱਚ ਸੀ। ਮਿਡਲ ਸਕੂਲ ਨੂੰ ਪਿੰਡ ਵਿੱਚ ਵੱਡਾ ਸਕੂਲ ਆਖਿਆ ਜਾਂਦਾ। ਜਬਰੇ ਨੇ ਬੂਟੇ ਦੀ ਗੱਲ ਦਾ ਹੁੰਗਾਰਾ ਨਹੀਂ ਭਰਿਆ।

3

ਜਬਰਾ ਸੜਕ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਇਸ ਕੰਮ ਵਿੱਚ ਉਹ ਬਹੁਤ ਰੈਲਾ ਸੀ। ਖ਼ਤਾਨਾਂ ਵਿਚੋਂ ਮਿੱਟੀ ਚੁੱਕ ਕੇ ਸੜਕ ਦੇ ਕਿਨਾਰਿਆਂ 'ਤੇ ਪਾਉਣ ਹੁੰਦੀ। ਸੜਕ ਦੇ ਦੋਵੇਂ ਪਾਸਿਆਂ ਦੀ ਮਿੱਟੀ ਨੂੰ ਪੱਧਰਾਂ ਕਰਕੇ ਸਾਫ਼ ਪਟੜੀ ਬਣਾ ਕੇ ਰੱਖਣਾ ਹੁੰਦਾ। ਸੜਕ ਟੁੱਟ ਜਾਂਦੀ ਤੇ ਫੇਰ ਜਦੋਂ ਕਦੇ ਬੱਜਰੀ ਤੇ ਲੁੱਕ ਦਾ ਇੰਤਜ਼ਾਮ ਬਣਦਾ ਤਾਂ ਟੁੱਟੇ ਥਾਵਾਂ ਤੇ ਟਾਕੀਆਂ ਲਾ ਦਿੱਤੀਆਂ ਜਾਂਦੀਆਂ। ਉਨ੍ਹਾਂ ਦਾ ਇੱਕ ਮੇਟ ਸੀ। ਇੱਕ ਤਰ੍ਹਾਂ ਨਾਲ ਉਹੀ ਉਨ੍ਹਾਂ ਦਾ ਅਫ਼ਸਰ ਸੀ। ਬੇਲਦਾਰਾਂ ਨੂੰ ਕਿਸੇ ਵੀ ਕੰਮ 'ਤੇ ਲਾ ਦਿੰਦਾ। ਉਹਦਾ ਹੁਕਮ ਉਹ ਮੋੜਦੇ ਨਹੀਂ ਸਨ। ਮੇਟ ਅੜਦੇ-ਥੁੜਦੇ ਉਨ੍ਹਾਂ ਦੇ ਕੰਮ ਆਉਂਦਾ। ਉਨ੍ਹਾਂ ਦੇ ਕੰਮ ਸਬੰਧੀ ਮਹਿਕਮੇ ਦੇ ਓਵਰਸੀਅਰ ਕੋਲ ਉਨ੍ਹਾਂ ਦੀ ਤਾਰੀਫ਼ ਕਰਦਾ।

ਜਬਰਾ ਸਵੇਰੇ ਉੱਠਦਾ। ਚਾਹ ਪੀ ਕੇ ਜੰਗਲ-ਪਾਣੀ ਜਾ ਕੇ ਤਿਆਰ-ਬਰਤਿਆਰ ਹੋ ਜਾਂਦਾ। ਚਾਦਰ ਦੀ ਥਾਂ ਹੁਣ ਉਹ ਤੇੜ ਪਜਾਮਾ ਪਾਉਣ ਲੱਗ ਪਿਆ ਸੀ। ਚੰਮ ਦੀ

90

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ