ਅਨੁਵਾਦ:ਜਲਾਵਤਨੀ ਵਿੱਚ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਜਲਾਵਤਨੀ ਵਿੱਚ
ਐਂਤਨ ਚੈਖਵ, ਅਨੁਵਾਦਕ ਚਰਨ ਗਿੱਲ

ਬੁੱਢਾ ਸੇਮਿਓਨ, ਜਿਸ ਦਾ ਨਾਮ ਤਲਕੋਵੀ ਪੱਕ ਗਿਆ ਸੀ ਅਤੇ ਇੱਕ ਨੌਜਵਾਨ ਤਾਤਾਰ ਜਿਸਦਾ ਅਸਲੀ ਨਾਮ ਕੋਈ ਨਹੀਂ ਜਾਣਦਾ ਸੀ, ਦਰਿਆ ਦੇ ਕਿਨਾਰੇ ਧੂਣੀ ਦੇ ਗਿਰਦ ਬੈਠੇ ਸਨ, ਬਾਕ?ੀ ਤਿੰਨ ਮਲਾਹ ਝੁੱਗੀ ਦੇ ਅੰਦਰ ਸਨ। ਸੇਮਿਓਨ ਕੋਈ ਸੱਠ ਸਾਲ ਦਾ, ਪਤਲਾ ਜਿਹਾ, ਪੋਪਲਾ ਆਦਮੀ ਸੀ, ਉਸ ਦੇ ਮੋਢੇ ਚੌੜੇ ਚਕਲੇ ਸਨ। ਅਤੇ ਚਿਹਰੇ ਤੋਂ ਅਜੇ ਸਿਹਤ ਦੇ ਲੱਛਣ ਟਪਕਦੇ ਸਨ। ਇਸ ਵਕਤ ਉਹ ਦਾਰੂ ਦੇ ਨਸ਼ੇ ਵਿੱਚ ਸੀ। ਉਸ ਦੀ ਜੇਬ ਵਿੱਚ ਦਾਰੂ ਦੀ ਬੋਤਲ ਸੀ ਅਤੇ ਦਿਲ ਵਿੱਚ ਇਹ ਧੁੜਕੂ ਸੀ ਕਿ ਕਿਤੇ ਮੇਰੇ ਸਾਥੀ ਇਸ ਵਿੱਚੋਂ ਹਿੱਸਾ ਨਾ ਮੰਗ ਲੈਣ। ਇਹ ਨਾ ਹੁੰਦਾ ਤਾਂ ਉਹ ਕਦੇ ਦਾ ਸੌਂ ਗਿਆ ਹੁੰਦਾ। ਤਾਤਾਰ ਬੀਮਾਰ ਅਤੇ ਥੱਕਿਆ ਮਾਂਦਾ, ਫਟੇ ਪੁਰਾਣੇ ਚੀਥੜੇ ਸ਼ਰੀਰ ਨਾਲ ਲਪੇਟੇ, ਸੂਬਾ ਸਿਮਬਰਿਸਕ ਦੀ ਮਜ਼ੇਦਾਰ ਜ਼ਿੰਦਗੀ ਅਤੇ ਆਪਣੀ ਪਤਨੀ ਦੀ ਸੂਝ ਅਤੇ ਸੁਹੱਪਣ ਦੀ ਦਾਸਤਾਨ ਬਿਆਨ ਕਰ ਰਿਹਾ ਸੀ। ਉਸਦੀ ਜ਼ਿਆਦਾ ਤੋਂ ਜ਼ਿਆਦਾ ਉਮਰ ਪੰਝੀ ਸਾਲ ਦੀ ਹੋਵੇਗੀ। ਮਗਰ ਧੂਣੀ ਦੀ ਰੋਸ਼ਨੀ ਵਿੱਚ ਉਸ ਦੇ ਜ਼ਰਦ, ਬੀਮਾਰ, ਅਤੇ ਦਿਲਗੀਰ ਚਿਹਰੇ ਨੂੰ ਵੇਖਕੇ ਇਹ ਖ਼ਿਆਲ ਆਉਂਦਾ ਸੀ ਕਿ ਅਜੇ ਉਹ ਲੜਕਾ ਹੀ ਹੈ। ਤਾਤਾਰ ਨੇ ਅਸਮਾਨ ਦੀ ਤਰਫ਼ ਨਜ਼ਰ ਉਠਾ ਕੇ ਵੇਖਿਆ। ਉਸ ਦੇ ਵਤਨ ਵਿੱਚ ਵੀ ਇੰਨੇ ਹੀ ਤਾਰੇ ਸਨ, ਚਾਰੇ ਤਰਫ਼ ਉਸੇ ਤਰ੍ਹਾਂ ਤਲਕੋਵੀ ਬੋਲਿਆ, “ਬਈ, ਇਹ ਜਗ੍ਹਾ ਕੋਈ ਜੰਨਤ ਤਾਂ ਹੈ ਨਹੀਂ। ਤੁਸੀਂ ਖ਼ੁਦ ਹੀ ਵੇਖ ਸਕਦੇ ਹੋ ਕਿ ਸਿਵਾਏ ਪਾਣੀ ਅਤੇ ਦਰਿਆ ਦੇ ਕੰਢਿਆਂ ਤੇ ਉੱਗੀਆਂ ਝਾੜੀਆਂ ਅਤੇ ਚੀਕਣੀ ਮਿੱਟੀ ਦੇ ਕੁੱਝ ਵੀ ਨਹੀਂ। ਈਸਟਰ ਕਦੋਂ ਦਾ ਲੰਘਿਆ ਫਿਰ ਵੀ ਦਰਿਆ ਵਿੱਚ ਬਰਫ਼ ਵਹਿ ਕੇ ਆ ਰਹੀ ਹੈ। ਅੱਜ ਸਵੇਰੇ ਵੀ ਬਰਫ਼ ਪਈ ਸੀ...।“

ਤਾਤਾਰ ਨੇ ਕਿਹਾ, ਮੁਸੀਬਤ ਹੈ ਨਿਰੀ ਮੁਸੀਬਤ” ਅਤੇ ਘਬਰਾ ਕੇ ਚਾਰੇ ਤਰਫ਼ ਨਜ਼ਰ ਸੁੱਟੀ।

ਕੁਝ ਗਜ਼ਾਂ ਦੇ ਫ਼ਾਸਲੇ ਤੇ ਠੰਡਾ ਸਿਆਹ ਦਰਿਆ ਵਗ ਰਿਹਾ ਸੀ। ਇਹ ਚੀਕਣੇ ਤੱਟ ਦੀਆਂ ਖੱਡਾਂ ਨਾਲ ਟਕਰਾਂਦਾ ਸੀ ਅਤੇ ਸ਼ੋਰ ਮਚਾਉਂਦਾ ਸੀ ਅਤੇ ਕਿਤੇ ਦੂਰ ਸਮੁੰਦਰ ਦੀ ਤਰਫ਼ ਤੇਜ਼ੀ ਨਾਲ ਵਗਦਾ ਚਲਾ ਜਾ ਰਿਹਾ ਸੀ। ਕਿਨਾਰੇ ਨਾਲ ਜੁੜ ਖੜੀ ਹੋਈ ਇੱਕ ਵੱਡੀ ਬਜਰੇ (ਵੱਡੀ ਕਿਸ਼ਤੀ) ਦੀਆਂ ਸਿਆਹ ਪਰਛਾਈਆਂ ਨਜ਼ਰ ਆਉਂਦੀਆਂ ਸਨ। ਬਹੁਤ ਦੂਰ ਦਰਿਆ ਦੇ ਉਸ ਪਾਰ, ਰੋਸ਼ਨੀਆਂ ਕਦੇ ਧੁੰਦਲੀਆਂ ਹੋ ਜਾਂਦੀਆਂ ਸਨ, ਕਦੇ ਝਿਲਮਿਲਾਉਣ ਲੱਗਦੀਆਂ ਸਨ। ਅਤੇ ਛੋਟੇ ਛੋਟੇ ਸੱਪਾਂ ਦੀ ਤਰ੍ਹਾਂ ਵਲ਼ ਖਾਂਦੀਆਂ ਸਨ, ਇਹ ਪਿਛਲੇ ਸਾਲ ਦੀ ਘਾਹ ਸੀ ਜੋ ਬਾਲੀ ਜਾ ਰਹੀ ਸੀ। ਇਨ੍ਹਾਂ ਪਾਣੀਆਂ ਦੇ ਪਿੱਛੇ ਫਿਰ ਅੰਧਕਾਰ ਸੀ। ਬਰਫ਼ ਦੇ ਛੋਟੇ ਛੋਟੇ ਟੁਕੜੇ ਬਜਰੇ ਵਿੱਚ ਵੱਜਣ ਦਾ ਖੜਕਾ ਸੁਣਿਆ ਜਾ ਸਕਦਾ ਸੀ ... ਮਾਹੌਲ ਬਹੁਤ ਹੀ ਸਿੱਲ੍ਹਾ ਅਤੇ ਠੰਢਾ ਸੀ ...। ਅੰਧਕਾਰ ਸੀ। ਲੇਕਿਨ ਇੱਥੇ ਕਿਸੇ ਗੱਲ ਦੀ ਕਮੀ ਮਹਿਸੂਸ ਹੁੰਦੀ ਸੀ, ਸੂਬਾ ਸਿਮਬਰਿਸਕ ਵਿੱਚ ਤਾਰੇ ਇੱਥੇ ਨਾਲੋਂ ਬਿਲਕੁਲ ਭਿੰਨ ਸਨ ਅਤੇ ਅਸਮਾਨ ਵੀ ਹੋਰ ਸੀ।

ਤਾਤਾਰ ਨੇ ਫਿਰ ਕਿਹਾ, ਮੁਸੀਬਤ ਹੈ, ਨਿਰੀ ਮੁਸੀਬਤ।

ਸੇਮਿਓਨ ਨੇ ਹੱਸ ਕੇ ਕਿਹਾ, ਸਹਿਜੇ ਸਹਿਜੇ ਤੁਸੀਂ ਆਦੀ ਹੋ ਜਾਵੋਗੇ, ਅਜੇ ਕੱਚੇ ਹੋ, ਮੂਰਖ ਹੋ ... ; ਤੁਹਾਡੇ ਬੁੱਲ੍ਹਾਂ ਤੇ ਦੁੱਧ ਅਜੇ ਸੁੱਕਿਆ ਨਹੀਂ ਹੈ, ਅਤੇ ਆਪਣੀ ਨਦਾਨੀ ਕਰਕੇ ਸਮਝਦੇ ਹੋ ਕਿ ਤੁਹਾਡੇ ਨਾਲੋਂ ਜ਼ਿਆਦਾ ਭੈੜਾ ਹਾਲ ਕਿਸੇ ਦਾ ਨਹੀਂ। ਪਰ ਇੱਕ ਸਮਾਂ ਆਵੇਗਾ ਜਦੋਂ ਤੁਸੀਂ ਕਹੋਗੇ, ਖ਼ੁਦਾ ਸਭ ਨੂੰ ਅਜਿਹੀ ਜ਼ਿੰਦਗੀ ਨਸੀਬ ਕਰੇ! ਮੈਨੂੰ ਵੇਖੋ। ਹਫ਼ਤਾ ਭਰ ਵਿੱਚ ਪਾਣੀ ਉੱਤਰ ਜਾਵੇਗਾ। ਕਿਸ਼ਤੀਆਂ ਚਲਣ ਲੱਗ ਪੈਣਗੀਆਂ। ਤੁਸੀਂ ਸਭ ਸਾਇਬੇਰੀਆ ਦਾ ਰਸਤਾ ਲਵੋਗੇ, ਮੈਂ ਇੱਥੇ ਇਸ ਕਿਨਾਰੇ ਤੋਂ ਉਸ ਕਿਨਾਰੇ, ਉਸ ਕਿਨਾਰੇ ਤੋਂ ਇਸ ਕਿਨਾਰੇ ਕਿਸ਼ਤੀ ਖਿੱਚਦਾ ਰਹਿ ਜਾਵਾਂਗਾ। ਬਾਈ ਸਾਲ ਤੋਂ ਮੇਰਾ ਦਿਨ ਰਾਤ ਇਹੀ ਕੰਮ ਹੈ। ਪਾਣੀ ਦੇ ਥੱਲੇ ਮੱਛੀਆਂ, ਪਾਣੀ ਦੇ ਉੱਤੇ ਮੈਂ, ਫਿਰ ਵੀ ਸ਼ੁਕਰ ਹੈ ਕਿ ਮੈਨੂੰ ਕਿਸੇ ਗੱਲ ਦੀ ਸ਼ਿਕਾਇਤ ਨਹੀਂ। ਖ਼ੁਦਾ ਕਰੇ ਸਾਰਿਆਂ ਦੇ ਨਸੀਬਾਂ ਵਿੱਚ ਅਜਿਹੀ ਜ਼ਿੰਦਗੀ ਹੋਵੇ!“

ਤਾਤਾਰ ਨੇ ਅੱਗ ਵਿੱਚ ਕੁੱਝ ਖੁਸ਼ਕ ਟਾਹਣੀਆਂ ਝੋਕੀਆਂ ਅਤੇ ਲਾਟਾਂ ਦੇ ਕੋਲ ਸਿਮਟ ਕੇ ਬੈਠ ਗਿਆ ਅਤੇ ਬੋਲਿਆ:

ਮੇਰਾ ਬਾਪ ਹਮੇਸ਼ਾ ਬੀਮਾਰ ਰਹਿੰਦਾ ਹੈ। ਮੇਰੀ ਮਾਂ ਅਤੇ ਪਤਨੀ ਨੇ ਵਾਅਦਾ ਕੀਤਾ ਹੈ ਕਿ ਉਸ ਦੇ ਮਰਨ ਦੇ ਬਾਅਦ ਇੱਥੇ ਆ ਜਾਣਗੀਆਂ।“

ਤਲਕੋਵੀ ਨੇ ਪੁੱਛਿਆ, ਮਾਂ ਅਤੇ ਪਤਨੀ ਕੋਲ ਆ ਗਈਆਂ ਤਾਂ ਕੀ ਹੋਏਗਾ? ਨਿਰੀ ਮੂਰਖਤਾ। ਸ਼ੈਤਾਨ ਤੈਨੂੰ ਬਹਿਕਾ ਰਿਹਾ ਹੈ। ਉਸ ਮਰਦੂਦ ਦੀ ਇੱਕ ਨਾ ਸੁਣੀਂ। ਉਸ ਦੀਆਂ ਗੱਲਾਂ ਵਿੱਚ ਹਰਗਿਜ਼ ਨਾ ਆਉਣਾ। ਜੇਕਰ ਉਹ ਔਰਤਾਂ ਦਾ ਜ਼ਿਕਰ ਛੇੜ ਕੇ ਵਰਗ਼ਲਾਏ, ਤਾਂ ਉਸਨੂੰ ਤੁਰਤ ਕਹਿ ਦੇਣਾ: ‘ਮੈਨੂੰ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ!’ ਅਜ਼ਾਦੀ ਦੇ ਬਹਾਨੇ ਉਕਸਾਏ ਤਾਂ ਵੀ ਡਟੇ ਰਹਿਣਾ ਅਤੇ ਕਹਿ ਦੇਣਾ : 'ਮੈਨੂੰ ਨਹੀਂ ਚਾਹੀਦੀ! ਮੈਨੂੰ ਕੁੱਝ ਨਹੀਂ ਚਾਹੀਦਾ! ਨਾ ਮਾਂ, ਨਾ ਬਾਪ, ਨਾ ਪਤਨੀ, ਨਾ ਅਜ਼ਾਦੀ, ਨਾ ਘਰ, ਨਾ ਮੁਹੱਬਤ, ਮੈਨੂੰ ਇਨ੍ਹਾਂ ਵਿਚੋਂ ਕੁੱਝ ਨਹੀਂ ਚਾਹੀਦਾ!' ਲਾਅਨਤ ਇਸ ਸਭ ਨੂੰ।

ਸੇਮਿਓਨ ਨੇ ਆਪਣੀ ਬੋਤਲ ਵਿੱਚੋਂ ਇੱਕ ਵੱਡੀ ਸਾਰੀ ਘੁੱਟ ਭਰੀ ਅਤੇ ਫਿਰ ਬੋਲਣਾ ਸ਼ੁਰੂ ਕੀਤਾ:

ਮੈਂ ਇੱਕ ਸਧਾਰਨ ਕਿਸਾਨ ਨਹੀਂ ਹਾਂ, ਮੈਂ ਗ਼ੁਲਾਮ ਜਨਤਾ ਤੋਂ ਨਹੀਂ ਆਇਆ ਹਾਂ। ਮੈਂ ਇੱਕ ਡੀਕਨ (ਪਾਦਰੀ) ਦਾ ਮੁੰਡਾ ਹਾਂ। ਜਦੋਂ ਮੈਂ ਕੁਰਸਕ ਵਿੱਚ ਰਹਿੰਦਾ ਸੀ ਮੈਂ ਫਰਾਕ ਕੋਟ ਪਹਿਨਿਆ ਕਰਦਾ ਸੀ। ਮਗਰ ਹੁਣ ਮੈਂ ਆਪਣਾ ਇਹ ਹਾਲ ਬਣਾ ਲਿਆ ਹੈ ਕਿ ਜ਼ਮੀਨ ਉੱਤੇ ਨੰਗਾ ਸੌਂ ਸਕਦਾ ਹਾਂ ਅਤੇ ਜ਼ਰੂਰਤ ਪਏ ਤਾਂ ਘਾਹ-ਪੱਤੇ ਖਾ ਕੇ ਗੁਜ਼ਾਰਾ ਕਰ ਸਕਦਾ ਹਾਂ। ਖ਼ੁਦਾ ਕਰੇ ਸਾਰਿਆਂ ਨੂੰ ਅਜਿਹੀ ਜ਼ਿੰਦਗੀ ਨਸੀਬ ਹੋਵੇ। ਨਾ ਮੂੰਹੋਂ ਕੁੱਝ ਮੰਗਦਾ ਹਾਂ। ਨਾ ਮੈਂ ਕਿਸੇ ਤੋਂ ਡਰਦਾ ਹਾਂ। ਆਪਣੇ ਨਾਲੋਂ ਜ਼ਿਆਦਾ ਖੁਸ਼ਹਾਲ ਅਤੇ ਆਜ਼ਾਦ ਕਿਸੇ ਨੂੰ ਨਹੀਂ ਸਮਝਦਾ। ਜਿਸ ਦਿਨ ਰੂਸ ਤੋਂ ਇੱਥੇ ਭੇਜਿਆ ਗਿਆ, ਮੈਂ ਦਿਲ ਕਰੜਾ ਕਰਕੇ ਠਾਨ ਲਈ ‘ਮੈਨੂੰ ਕੁੱਝ ਨਹੀਂ ਚਾਹੀਦਾ।’ ਸ਼ੈਤਾਨ ਨੇ ਮੈਨੂੰ ਵੀ, ਪਤਨੀ, ਘਰ ਅਜ਼ਾਦੀ ਦਾ ਝਾਂਸਾ ਦੇ ਦੇਕੇ ਧਿੜਕਾਉਣਾ ਚਾਹਿਆ। ਮੈਂ ਉਸ ਨੂੰ ਸਾਫ਼ ਕਹਿ ਦਿੱਤਾ, 'ਮੈਨੂੰ ਕੁੱਝ ਨਹੀਂ ਚਾਹੀਦਾ' ਅਤੇ ਆਪਣੇ ਇਰਾਦੇ ਦਾ ਪੱਕਾ ਰਿਹਾ। ਆਪ ਵੇਖ ਲਓ ਮੈਂ ਕਿੰਨੇ ਮਜ਼ੇ ਵਿੱਚ ਹਾਂ। ਕਿਸੇ ਗੱਲ ਦਾ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ। ਬਸ ਇਹ ਸਮਝ ਲਓ ਕਿ ਜੋ ਜਰਾ ਜਿੰਨਾ ਸ਼ੈਤਾਨ ਦੇ ਗੇੜ ਵਿੱਚ ਆਇਆ ਅਤੇ ਮਾੜੀ ਜਿੰਨੀ ਵੀ ਉਸ ਦੀ ਗੱਲ ਮੰਨ ਲਈ ਉਹ ਗਿਆ। ਫਿਰ ਬਚਣ ਦੀ ਕੋਈ ਸੂਰਤ ਨਹੀਂ। ਕੰਨਾਂ ਤੱਕ ਦਲਦਲ ਵਿੱਚ ਧਸ ਜਾਵੇਗਾ ਅਤੇ ਮੁੜ ਨਹੀਂ ਨਿਕਲ ਸਕੇਗਾ।

“ਤੇਰੇ ਵਰਗੇ ਕਿਸਾਨ ਲੋਕ ਹੀ ਸ਼ੈਤਾਨ ਦੀਆਂ ਚਾਲਾਂ ਵਿੱਚ ਨਹੀਂ ਆਉਂਦੇ। ਖ਼ਾਨਦਾਨੀ ਪੜ੍ਹੇ ਲਿਖੇ ਲੋਕ ਵੀ ਅੜਿਕੇ ਆ ਜਾਂਦੇ ਹਨ। ਕੋਈ ਪੰਦਰਾਂ ਸਾਲ ਦੀ ਗੱਲ ਹੈ ਕਿ ਇੱਕ ਸ਼ਖਸ ਰੂਸ ਤੋਂ ਜਲਾਵਤਨ ਹੋ ਕੇ ਇੱਥੇ ਆਇਆ। ਭਰਾਵਾਂ ਵਿੱਚ ਜਾਇਦਾਦ ਦੀ ਤਕਸੀਮ ਅਤੇ ਜਾਅਲੀ ਵਸੀਅਤ ਦਾ ਕੁੱਝ ਝਗੜਾ ਸੀ। ਲੋਕ ਸਮਝੇ ਕਿ ਹੋਵੇ ਨਾ ਹੋਵੇ ਇਹ ਜ਼ਰੂਰ ਕੋਈ ਸ਼ਹਿਜ਼ਾਦਾ ਜਾਂ ਜਾਗੀਰਦਾਰ ਹੈ, ਇਹ ਵੀ ਹੋ ਸਕਦਾ ਹੈ, ਸਿਰਫ ਮਾਮੂਲੀ ਸਰਕਾਰੀ ਮੁਲਾਜ਼ਿਮ ਹੋਵੇ। ਕਿਸੇ ਨੂੰ ਕੀ ਪਤਾ? ਖੈਰ, ਤਾਂ ਉਹ ਸਾਹਿਬ ਇੱਥੇ ਤਸ਼ਰੀਫ ਲਿਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਮੁਖੋਰਤਿੰਸਕਮ ਵਿੱਚ ਇੱਕ ਮਕਾਨ ਅਤੇ ਕੁੱਝ ਜ਼ਮੀਨ ਖ਼ਰੀਦ ਲਈ। ਕਹਿਣ ਲੱਗੇ, ‘ਮੈਂ ਖ਼ੁਦ ਰੋਜੀ ਕਮਾ ਕੇ ਖਾਵਾਂਗਾ। ਆਪਣੇ ਗਾੜ੍ਹੇ ਮੁੜ੍ਹਕੇ ਦੀ ਕਮਾਈ ਉੱਤੇ ਗੁਜ਼ਾਰਾ ਕਰਾਂਗਾ। ਮੈਂ ਹੁਣ ਰਈਸ ਨਹੀਂ ਰਿਹਾ। ਮਾਮੂਲੀ ਜਲਾਵਤਨ ਹਾਂ।’ ਮੈਂ ਸੁਣਕੇ ਕਿਹਾ ਇਰਾਦਾ ਤਾਂ ਬਹੁਤ ਨੇਕ ਹੈ! ਉਹ ਉਸ ਵਕਤ ਨੌਜਵਾਨ ਸੀ। ਸੁਭਾਅ ਵਿੱਚ ਹਿੰਮਤ ਅਤੇ ਚਾਹਤ ਦਾ ਤੱਤ ਵੀ ਸੀ। ਖ਼ੁਦ ਘਾਹ ਕੱਟਦਾ ਅਤੇ ਮੱਛੀਆਂ ਫੜਦਾ, ਘੋੜੇ ਉੱਤੇ ਸੱਠ ਮੀਲ ਦੀ ਸਵਾਰੀ ਉਸ ਲਈ ਮਾਮੂਲੀ ਗੱਲ ਸੀ। ਸਿਰਫ਼ ਇਕ ਗੱਲ ਗਲਤ ਸੀ; ਸ਼ੁਰੂਆਤ ਤੋਂ ਹੀ ਉਹ ਹਮੇਸ਼ਾ ਘੋੜੇ ਉੱਤੇ ਚੜ੍ਹ ਕੇ ਡਾਕ ਲੈਣ ਗਿਰੀਨਾ ਜਾਣ ਲਗਾ ਸੀ। ਮੇਰੀ ਕਿਸ਼ਤੀ ਵਿੱਚ ਖੜਾ ਹੋ ਜਾਂਦਾ। ਅਤੇ ਠੰਡਾ ਸਾਹ ਭਰ ਕੇ ਕਹਿੰਦਾ, ਐ, ਸੇਮਿਓਨ, ਘਰ ਵਾਲਿਆਂ ਨੇ ਕਿੰਨੇ ਚਿਰ ਤੋਂ ਖ਼ਰਚ ਨਹੀਂ ਭੇਜਿਆ! ਮੈਂ ਕਹਿੰਦਾ, ”ਵਸੀਲੀ ਸਰਗੀਚ, ਰੁਪਏ ਦੀ ਤੁਹਾਨੂੰ ਜ਼ਰੂਰਤ ਨਹੀਂ, ਰੁਪਏ ਲੈ ਕੇ ਕੀ ਕਰੋਗੇ? ਅਗਲੇ ਜ਼ਮਾਨੇ ਨੂੰ ਭੁਲਾ ਦਿਓ। ਜਿਵੇਂ ਕਦੇ ਸੀ ਹੀ ਨਹੀਂ ਜਾਂ ਜੇਕਰ ਸੀ ਵੀ, ਤਾਂ ਮਹਿਜ਼ ਇੱਕ ਸੁਪਨਾ ਸੀ। ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੋ। ਸ਼ੈਤਾਨ ਦੀਆਂ ਗੱਲਾਂ ਵਿੱਚ ਨਾ ਆਓ! ਇਸ ਦਾ ਅੰਜਾਮ ਭੈੜਾ ਹੋਵੇਗਾ, ਉਸ ਦੇ ਜਾਲ ਵਿੱਚ ਫਸ ਜਾਓਗੇ। ਅਜੇ ਤਾਂ ਸਿਰਫ ਰੁਪਿਆ ਚਾਹੁੰਦੇ ਹੋ, ਥੋੜ੍ਹੇ ਦਿਨਾਂ ਵਿੱਚ ਕੁੱਝ ਹੋਰ ਚਾਹੋਗੇ। ਫਿਰ ਕੁੱਝ ਹੋਰ, ਫਿਰ ਕੁੱਝ ਹੋਰ... ਖ਼ੁਸ਼ ਰਹਿਣਾ ਹੈ ਤਾਂ ਕਿਸੇ ਚੀਜ਼ ਦੀ ਖਾਹਿਸ਼ ਨਾ ਕਰੋ ... ਜੇਕਰ ਤਕਦੀਰ ਨੇ ਸਾਡੇ ਨਾਲ ਮੇਰੇ ਅਤੇ ਤੇਰੇ ਨਾਲ ਜ਼ਿਆਦਤੀ ਕੀਤੀ ਹੈ, ਤਾਂ ਉਸ ਦੇ ਅੱਗੇ ਹੱਥ ਫੈਲਾਉਣ ਅਤੇ ਸਿਰ ਝੁਕਾਉਣ ਦਾ ਕੀ ਫਾਇਦਾ? ਚਾਹੀਦਾ ਇਹ ਹੈ ਕਿ ਉਸਨੂੰ ਠੁੱਠ ਵਿਖਾਓ, ਉਸਦਾ ਮਜ਼ਾਕ ਉੱਡਾਓ। ਨਹੀਂ ਤਾਂ ਉਹ ਤੁਹਾਡਾ ਮਜ਼ਾਕ ਉਡਾਏਗੀ, ਮੈਂ ਉਸਨੂੰ ਇਹ ਮਸ਼ਵਰਾ ਦਿੰਦਾ ਰਿਹਾ...

“ਇਸ ਦੇ ਦੋ ਸਾਲ ਬਾਅਦ ਮੈਨੂੰ ਇੱਕ ਦਿਨ ਫੇਰ ਉਸ ਨੂੰ ਦਰਿਆ ਦੇ ਉਸ ਪਾਰ ਲੈ ਜਾਣ ਦਾ ਮੌਕਾ ਮਿਲਿਆ। ਖੁਸ਼ੀ ਦਾ ਮਾਰਿਆ ਉਹ ਫੁੱਲਿਆ ਨਹੀਂ ਸਮਾਉਂਦਾ ਸੀ। ਕਹਿਣ ਲਗਾ, ਮੈਂ ਆਪਣੀ ਪਤਨੀ ਨੂੰ ਲੈਣ ਗਿਰੀਨਾ ਜਾ ਰਿਹਾ ਹਾਂ। ਆਖ਼ਰ ਉਸ ਦਾ ਦਿਲ ਪਸੀਜ ਗਿਆ। ਅਤੇ ਉਹ ਇੱਥੇ ਆਉਣ ਲਈ ਰਜ਼ਾਮੰਦ ਹੋ ਗਈ। ਕਿੰਨੀ ਨੇਕ ਅਤੇ ਦਿਆਲੂ ਹੈ। ਉਸ ਦੀਆਂ ਵਾਛਾਂ ਖਿੜ ਗਈਆਂ। ਫਿਰ ਇੱਕ ਦਿਨ ਉਹ ਪਤਨੀ ਸਮੇਤ ਵਾਪਸ ਆ ਗਿਆ। ਇਕ ਖ਼ੂਬਸੂਰਤ ਜਵਾਨ ਔਰਤ, ਗੋਦ ਵਿੱਚ ਇੱਕ ਦੁੱਧ ਪੀਂਦੀ ਬੱਚੀ ਸੀ, ਅਤੇ ਕਿੰਨਾ ਸਾਰਾ ਮਾਲ ਅਸਬਾਬ, ਸਰਗੀਚ ਆਂਡਰੀਚ ਮੁੜ ਮੁੜ ਉਸ ਵੱਲ ਦੇਖ ਰਿਹਾ ਸੀ ਜਿਵੇਂ ਉਸ ਨੂੰ ਰੱਜ ਨਾ ਆ ਰਿਹਾ ਹੋਵੇ। ਉਸ ਦੀ ਤਾਰੀਫ਼ ਜਿੰਨੀ ਕਰਦਾ ਥੋੜੀ ਲੱਗਦੀ। ਹਾਂ, ਭਰਾ ਸੇਮਿਓਨ, ਲੋਕ ਸਾਇਬੇਰੀਆ ਵਿੱਚ ਵੀ ਸੁੱਖ ਦੀ ਜ਼ਿੰਦਗੀ ਬਸਰ ਕਰ ਸਕਦੇ ਹਨ! ਮੈਂ ਦਿਲ ਵਿੱਚ ਕਿਹਾ, 'ਇਹ ਕੁਝ ਦਿਨ ਦੀ ਬਹਾਰ ਹੈ, ਰੁਤ ਬਦਲਦੇ ਦੇਰ ਨਹੀਂ ਲੱਗਦੀ,' ਉਸ ਦਿਨ ਤੋਂ ਹਰ ਹਫਤੇ ਉਸ ਦਾ ਉਸਦਾ ਜਾਣਾ ਆਮ ਹੋ ਗਿਆ ਕਿ ਡਾਕਖਾਨੇ ਜਾ ਕੇ ਪੁੱਛੇ ਕਿ ਘਰ ਵਲੋਂ ਰੁਪਿਆ ਤਾਂ ਨਹੀਂ ਆਇਆ। ਇੱਕ ਦਿਨ ਮੈਨੂੰ ਕਹਿਣ ਲੱਗਿਆ, 'ਮੇਰੀ ਖਾਤਰ ਉਹ ਆਪਣਾ ਹੁਸਨ, ਆਪਣੀ ਜਵਾਨੀ ਸਾਇਬੇਰੀਆ ਵਿੱਚ ਗਵਾ ਰਹੀ ਹੈ ਅਤੇ ਮੇਰੇ ਨਾਲ ਕਠਿਨਾਈਆਂ ਝੱਲ ਰਹੀ ਹੈ, ਇਸ ਲਈ ਮੇਰਾ ਫਰਜ਼ ਬਣਦਾ ਹੈ ਕਿ ਉਸ ਦੇ ਸੁੱਖ ਆਰਾਮ ਦਾ ਪੂਰਾ ਪੂਰਾ ਖ਼ਿਆਲ ਰਖਾਂ...'

“ਉਸ ਦਾ ਜੀ ਬਹਿਲਾਉਣ ਲਈ ਉਸਨੇ ਮੁਕਾਮੀ ਅਫ਼ਸਰਾਂ ਅਤੇ ਐਰੇ ਗ਼ੈਰੇ ਨਾਲ ਸੰਬੰਧ ਪੈਦਾ ਕੀਤੇ, ਫਿਰ ਲਾਜ਼ਮੀ ਹੋ ਗਿਆ ਕਿ ਇਨ੍ਹਾਂ ਲੋਕਾਂ ਦੀ ਖਾਤਰ ਸੇਵਾ ਦਾ ਬੰਦੋਬਸਤ ਹੋਵੇ। ਜ਼ਰੂਰੀ ਸਮਝਿਆ ਗਿਆ, ਕਿ ਇੱਕ ਪਿਆਨੋ ਖ਼ਰੀਦਿਆ ਜਾਵੇ ਅਤੇ ਸੋਫ਼ੇ ਉੱਤੇ ਇੱਕ ਮੁਲਾਇਮ ਵਾਲਾਂ ਵਾਲਾ ਕੁੱਤਾ ਹੋਵੇ। ਗੱਲ ਛੱਡੋ, ਹਰ ਤਰ੍ਹਾਂ ਦੇ ਠਾਠ, ਸਗੋਂ ਐਸ਼ ਹੋਣ ਲੱਗੀ। ਫਿਰ ਵੀ ਉਹਦੀ ਪਤਨੀ ਜ਼ਿਆਦਾ ਸਮਾਂ ਉਸ ਦੇ ਕੋਲ ਨਾ ਟਿਕੀ ਅਤੇ ਟਿਕਦੀ ਵੀ ਕਿਉਂ? ਚਿੱਕੜ ਅਤੇ ਪਾਣੀ, ਕੜਾਕੇ ਦੀ ਸਰਦੀ, ਨਾ ਫਲ ਨਾ ਸਬਜ਼ੀਆਂ, ਲੋਕਾਂ ਨੂੰ ਵੇਖੋ ਤਾਂ ਬੂਝੜ, ਸ਼ਰਾਬੀ, ਜਿਨ੍ਹਾਂ ਨੂੰ ਨਾ ਉੱਠਣ ਬੈਠਣ ਦਾ ਸਲੀਕਾ, ਨਾ ਗੱਲ ਕਰਨ ਦਾ ਵਲ। ਅਤੇ ਉਹ ਸੀ ਪੀਟਰਸਬਰਗ ਜਾਂ ਮਾਸਕੋ ਦੀ ਬਿਗੜੀ ਹੋਈ ਹੁਸੀਨਾ.... ਇੱਥੇ ਉਸ ਦੇ ਲਈ ਝੂਰਦੇ ਰਹਿਣ ਦੇ ਸਿਵਾ ਧਰਿਆ ਹੀ ਕੀ ਸੀ। ਅਗਲੀ ਗੱਲ ਇਹ ਕਿ ਪਤੀ ਦੀ ਹੈਸੀਅਤ ਵੀ ਪਹਿਲਾਂ ਨਾਲੋਂ ਡਿੱਗ ਗਈ ਸੀ। ਹੁਣ ਉਹ ਕੋਈ ਜ਼ਿਮੀਦਾਰ ਤਾਂ ਹੈ ਨਹੀਂ ਸੀ। ਇੱਕ ਜਲਾਵਤਨ ਦੀ ਔਕਾਤ ਹੀ ਕੀ ਹੁੰਦੀ ਹੈ।

ਇਸ ਦੇ ਤਿੰਨ ਸਾਲ ਬਾਅਦ ਦੀ ਗੱਲ ਹੈ, ਮੈਨੂੰ ਖ਼ੂਬ ਯਾਦ ਹੈ ਕਿ 14 ਅਗਸਤ ਦੀ ਸ਼ਾਮ ਨੂੰ ਪਰਲੀ ਪਾਰ ਤੋਂ ਕਿਸੇ ਨੇ ਜ਼ੋਰ ਨਾਲ ਪੁਕਾਰਿਆ, ਮੈਂ ਕਿਸ਼ਤੀ ਉੱਧਰ ਲੈ ਕੇ ਗਿਆ। ਵੇਖਦਾ ਕੀ ਹਾਂ ਕਿ ਉਹੀ ਹੁਸੀਨਾ ਸਿਰ ਤੋਂ ਪੈਰਾਂ ਤੱਕ ਚਾਦਰ ਵਿੱਚ ਲਿਪਟੀ ਖੜੀ ਹੈ, ਅਤੇ ਨਾਲ ਇੱਕ ਨੌਜਵਾਨ ਅਫ਼ਸਰ ਹੈ। ਇੱਕ ਤਿੰਨ ਘੋੜਿਆਂ ਵਾਲੀ ਗੱਡੀ ਖੜੀ ਹੈ ... ਮੈਂ ਉਨ੍ਹਾਂ ਨੂੰ ਪਾਰ ਉਤਾਰ ਦਿੱਤਾ, ਉਹ ਗੱਡੀ ਵਿੱਚ ਬੈਠ ਹਵਾ ਹੋ ਗਏ। ਅਗਲੇ ਦਿਨ ਸਵੇਰੇ ਸਵੇਰੇ ਘੋੜਾ ਦੌੜਾਈ ਵਸੀਲੀ ਸਰਗੀਚ ਘਾਟ ਉੱਤੇ ਆ ਪਹੁੰਚਿਆ ਅਤੇ ਪੁੱਛਣ ਲੱਗਿਆ, ‘ਸੇਮਿਓਨ, ਮੇਰੀ ਪਤਨੀ ਤਾਂ ਕਿਸੇ ਐਨਕ ਵਾਲੇ ਆਦਮੀ ਦੇ ਨਾਲ ਪਾਰ ਨਹੀਂ ਗਈ?’ ਮੈਂ ਜਵਾਬ ਦਿੱਤਾ, ‘ਜੀ ਹਾਂ, ਹੁਣ ਮੈਦਾਨਾਂ ਵਿੱਚ ਜਾ ਕੇ ਹਵਾ `ਚੋਂ ਭਾਲ!’' ਉਸਨੇ ਉਨ੍ਹਾਂ ਦੇ ਪਿੱਛੇ ਘੋੜਾ ਭਜਾਇਆ, ਪੰਜ ਦਿਨ ਪੰਜ ਰਾਤਾਂ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ। ਵਾਪਸ ਆਇਆ ਤਾਂ ਉਹ ਥੱਕਿਆ ਟੁੱਟਿਆ ਮੇਰੀ ਕਿਸ਼ਤੀ ਵਿੱਚ ਚੜ੍ਹ ਗਿਆ। ਅਤੇ ਆਪਣਾ ਸਿਰ ਤਖ਼ਤਿਆਂ ਉੱਤੇ ਪਟਕਣ ਲੱਗਾ ਅਤੇ ਭੁੱਬਾਂ ਮਾਰ ਮਾਰ ਰੋਂਦਾ ਰਿਹਾ। ਮੈਂ ਕਿਹਾ, ‘ਦੇਖਿਆ, ਤਾਂ ਇਹ ਗੱਲ ਹੈ।' ਹੱਸਕੇ ਉਸਨੂੰ ਯਾਦ ਦਵਾਇਆ ਕਿ ਲੋਕ ਸਾਇਬੇਰੀਆ ਵਿੱਚ ਵੀ ਸੁਖੀ ਜ਼ਿੰਦਗੀ ਬਸਰ ਕਰ ਸਕਦੇ ਹਨ। ਉਹ ਆਪਣਾ ਸਿਰ ਹੋਰ ਜ਼ੋਰ ਨਾਲ ਪਟਕਣ ਲਗਾ।

“ਇਸ ਦੇ ਬਾਅਦ ਰਿਹਾਈ ਦੀ ਖ਼ਾਹਿਸ਼ ਉਸ ਦੇ ਦਿਲ ਵਿੱਚ ਪਨਪਣ ਲੱਗੀ। ਉਸ ਦੀ ਪਤਨੀ ਫ਼ਰਾਰ ਹੋ ਕੇ ਰੂਸ ਪਹੁੰਚ ਚੁੱਕੀ ਸੀ, ਉਸ ਦੇ ਦਿਲ ਵਿੱਚ ਹੂਕ ਉੱਠੀ ਕਿ ਜਾ ਕੇ ਉਸਨੂੰ ਆਸ਼ਿਕ ਦੇ ਪੰਜੇ ਵਿੱਚੋਂ ਛੁਡਾਵਾਂ। ਉਸ ਦਿਨ ਤੋਂ ਉਹ ਮਾਰਿਆ ਮਾਰਿਆ ਸਵੇਰੇ ਸ਼ਾਮ ਘੋੜੇ ਦੌੜਾਈ ਫਿਰਨ ਲੱਗਿਆ। ਕਦੇ ਡਾਕਖਾਨੇ, ਤਾਂ ਕਦੇ ਅਧਿਕਾਰੀਆਂ ਦੇ ਦਫਤਰ, ਅਰਜੀਆਂ ਦਾ ਤਾਂਤਾ ਬੰਨ੍ਹ ਦਿੱਤਾ ਕਿ ਮੇਰੇ ਹਾਲ ਉੱਤੇ ਰਹਿਮ ਕੀਤਾ ਜਾਵੇ ਅਤੇ ਰੂਸ ਵਾਪਸ ਜਾਣ ਦਿੱਤਾ ਜਾਵੇ। ਅਤੇ ਉਸਨੇ ਮੈਨੂੰ ਦੱਸਿਆ ਕਿ ਉਸਦੇ ਕੇਵਲ ਤਾਰਾਂ ਉੱਤੇ ਹੀ ਦੋ ਸੌ ਰੂਬਲ ਖਰਚ ਹੋ ਗਏ ਸਨ। ਜ਼ਮੀਨ ਵੇਚ ਦਿੱਤੀ। ਮਕਾਨ ਯਹੂਦੀਆਂ ਦੇ ਹੱਥਾਂ ਰਹਿਣ ਕਰ ਦਿੱਤਾ। ਵਾਲ਼ ਚਿੱਟੇ ਹੋ ਗਏ। ਕਮਰ ਝੁਕ ਗਈ। ਚਿਹਰਾ ਦਿਕ ਦੇ ਮਾਰਿਆਂ ਦੀ ਤਰ੍ਹਾਂ ਪੀਲਾ ਪੈ ਗਿਆ। ਭਲਾ-ਚੰਗਾ ਗੱਲਾਂ ਕਰਦਾ ਕਰਦਾ ਖੀ ਖੀ ਕਰਨ ਲੱਗਦਾ ਅਤੇ ਅੱਖਾਂ ਵਿੱਚ ਅੱਥਰੂ ਭਰ ਆਉਂਦੇ। ਇਸ ਤਰ੍ਹਾਂ ਅੱਠ ਸਾਲ ਤੱਕ ਅਰਜੀਆਂ ਦਾ ਸਿਲਸਿਲਾ ਬੰਨ੍ਹ ਰੱਖਿਆ। ਮਗਰ ਹੁਣ ਫਿਰ ਉਸ ਦੀ ਜਾਨ ਵਿੱਚ ਜਾਨ ਆ ਗਈ: ਇੱਕ ਨਵਾਂ ਦਿਲ ਬਹਿਲਾਵਾ ਉਸਦੇ ਹੱਥ ਲੱਗ ਗਿਆ ਹੈ। ਉਸਦੀ ਧੀ ਸਿਆਣੀ ਹੋ ਗਈ ਸੀ। ਉਹ ਉਸਨੂੰ ਮਿੱਠੀਆਂ ਮਿੱਠੀਆਂ ਨਜ਼ਰਾਂ ਨਾਲ ਵੇਖਦਾ ਅਤੇ ਅੱਖ ਦੀ ਪੁਤਲੀ ਦੀ ਤਰ੍ਹਾਂ ਰੱਖਦਾ। ਸੱਚੀ ਗੱਲ ਹੈ ਕਿ ਕੁੜੀ ਵਿੱਚ ਕਿਸੇ ਕਿਸਮ ਦਾ ਐਬ ਨਹੀਂ, ਚੰਗੀ ਸ਼ਕਲ, ਕਾਲੀਆਂ ਕਾਲੀਆਂ ਭਵਾਂ, ਸੁਭਾ ਵਿੱਚ ਸ਼ੋਖੀ। ਹਰ ਐਤਵਾਰ ਨੂੰ ਉਸਨੂੰ ਨਾਲ ਲੈ ਕੇ ਗਿਰੀਨਾ ਦੇ ਗਿਰਜੇ ਜਾਂਦਾ। ਦੋਨੋਂ ਕਿਸ਼ਤੀ ਵਿੱਚ ਕੋਲ ਕੋਲ ਖੜੇ ਹੋ ਜਾਂਦੇ, ਕੁੜੀ ਖਿੜ ਖਿੜ ਹੱਸਦੀ, ਅਤੇ ਬਾਪ ਦੀਆਂ ਨਜ਼ਰਾਂ ਧੀ ਦੇ ਮੁਖੜੇ ਤੋਂ ਪਲ ਭਰ ਲਈ ਵੀ ਉੱਠਣ ਦਾ ਨਾਮ ਨਾ ਲੈਂਦੀਆਂ। ਕਹਿੰਦਾ, 'ਹਾਂ ਸੇਮਿਓਨ, ਸਾਇਬੇਰੀਆ ਵਿੱਚ ਵੀ ਜ਼ਿੰਦਗੀ ਮਜ਼ੇ ਨਾਲ ਬਸਰ ਹੋ ਸਕਦੀ ਹੈ। ਸਾਇਬੇਰੀਆ ਵਿੱਚ ਵੀ ਇਨਸਾਨ ਖ਼ੁਸ਼ ਰਹਿ ਸਕਦਾ ਹੈ। ਮੇਰੀ ਧੀ ਨੂੰ ਵੇਖੋ ... ਕਿੰਨੀ ਪਿਆਰੀ ਹੈ। ਮੈਂ ਸ਼ਰਤ ਲਗਾਉਂਦਾ ਹਾਂ ਕਿ ਇੰਨੀ ਪਿਆਰੀ ਕੁੜੀ ਤੁਸੀਂ ਹਜ਼ਾਰ ਮੀਲ ਦੇ ਚੱਕਰ ਵਿੱਚ ਵੀ ਨਹੀਂ ਲਭ ਸਕਦੇ।' ਮੈਂ ਜਵਾਬ ਦਿੰਦਾ, 'ਬੇਸ਼ੱਕ, ਤੂੰ ਠੀਕ ਕਹਿੰਦਾ ਹੈਂ, ਤੇਰੀ ਕੁੜੀ ਵਿੱਚ ਕੋਈ ਖ਼ਰਾਬੀ ਨਹੀਂ', ਅਤੇ ਆਪਣੇ ਦਿਲ ਵਿੱਚ ਕਹਿੰਦਾ: 'ਜਰਾ ਧੀਰਜ ਰੱਖ... ਇਸ ਦੀ ਚੜ੍ਹਦੀ ਜਵਾਨੀ ਹੈ। ਖ਼ੂਨ ਵਿੱਚ ਉਬਾਲ ਹੈ, ਮਨ ਵਿੱਚ ਮੁਰਾਦਾਂ ਹਨ। ਇੱਥੇ ਭਲਾ ਰਾਗ ਰੰਗ ਕਿੱਥੇ?' ..ਤੇ, ਕੁੜੀ ਸੱਚਮੁਚ ਘੁਲਣ ਲੱਗੀ। ਸੁੱਕਦੀ ਗਈ, ਸੁੱਕਦੀ ਗਈ, ਅਤੇ ਹੁਣ ਰੀਂਗਣ ਤੋਂ ਵੀ ਰਹਿ ਖੜੀ ਹੈ, ਤਪਦਿਕ …

ਵੇਖ ਲਈ ਤੁਸੀਂ ਸਾਇਬੇਰੀਆ ਦੀ ਖੁਸ਼ੀ, ਲਾਅਨਤ ਹੈ, ਇੱਥੇ ਜ਼ਿੰਦਗੀ ਇਸ ਤਰ੍ਹਾਂ ਬਸਰ ਹੁੰਦੀ ਹੈ ... ਖੈਰ, ਤਾਂ ਹੁਣ ਡਾਕਟਰਾਂ ਦੀਆਂ ਪੈੜਾਂ, ਇੱਕ ਨੂੰ ਛੱਡਿਆ, ਦੂਜੇ ਨੂੰ ਫੜਿਆ। ਅੱਜ ਉਸਨੂੰ ਵਿਖਾ, ਕੱਲ ਉਸਨੂੰ, ਜਿੱਥੇ ਕਿਤੇ ਵੀ ਦੂਰ ਦੂਰ ਤੱਕ ਕਿਸੇ ਡਾਕਟਰ ਜਾਂ ਨੀਮ ਹਕੀਮ ਦਾ ਪਤਾ ਚਲਦਾ ਅਤੇ ਉਸਨੂੰ ਲੈਣ ਤੁਰ ਪੈਂਦਾ, ਡਾਕਟਰਾਂ ਦੇ ਪਿੱਛੇ ਢੇਰਾਂ ਰੁਪਿਆ ਬਰਬਾਦ ਕਰ ਦਿੱਤਾ। ਬਿਹਤਰ ਹੁੰਦਾ ਕਿ ਇਹ ਰੁਪਿਆ ਸ਼ਰਾਬ ਵਿੱਚ ਉੱਡਾ ਦਿੰਦਾ, ਕੁੜੀ ਤਾਂ ਮਰ ਕੇ ਹੀ ਰਹਿਣੀ ਸੀ, ਹੁਣ ਕਿਸੇ ਦੇ ਬਚਾਇਆਂ ਨਹੀਂ ਬਚਣੀ, ਫਿਰ ਉਸ ਦਾ ਲੱਕ ਟੁੱਟ ਜਾਵੇਗਾ, ਅਤੇ ਪੱਕੀ ਗੱਲ ਹੈ ਕਿ ਜਾਂ ਤਾਂ ਸਦਮੇ ਨਾਲ ਖੁਦਕੁਸ਼ੀ ਕਰੇਗਾ। ਜਾਂ ਰੂਸ ਭੱਜ ਜਾਵੇਗਾ, ਫ਼ਰਾਰ ਹੋਵੇਗਾ, ਫੜਿਆ ਜਾਵੇਗਾ, ਮੁਕੱਦਮਾ ਚੱਲੇਗਾ, ਸਜ਼ਾ ਹੋਵੋਗੀ, ਬੈਂਤਾਂ ਦੀ ਕੁੱਟ?“

ਤਾਤਾਰ ਨੇ ਜੋ ਸਰਦੀ ਵਿੱਚ ਕੁੰਗੜ ਰਿਹਾ ਸੀ, ਬੜਬੜਾ ਕੇ ਕਿਹਾ, ਅੱਛਾ ਹੈ, ਅੱਛਾ ਹੈ।

ਕੀ ਅੱਛਾ ਹੈ?”

ਉਸ ਦੀ ਪਤਨੀ, ਉਸ ਦੀ ਧੀ...ਇਸ ਦੇ ਮੁਕਾਬਲੇ ਵਿੱਚ ਕੈਦ ਦੀ, ਸੋਗ ਸਦਮੇ ਦੀ ਕੀ ਹਕੀਕਤ ਹੈ। ਆਪਣੀ ਪਤਨੀ, ਆਪਣੀ ਧੀ ਦੀ ਸ਼ਕਲ ਤਾਂ ਦੇਖਣ ਨੂੰ ਮਿਲ ਗਈ...ਤੂੰ ਕਹਿੰਦਾ ਹੈਂ, ਕੁੱਝ ਨਾ ਮੰਗੋ, ਇਹ ਕੁਝ ਵੀ ਬੁਰਾ ਨਹੀਂ, ਉਸ ਦੀ ਪਤਨੀ ਤਿੰਨ ਸਾਲ ਤੱਕ ਉਸ ਦੇ ਨਾਲ ਰਹੀ, ਇਹ ਉੱਪਰ ਵਾਲੇ ਦੀ ਦੇਣ ਸੀ, ਚੱਲੋ ਤਿੰਨ ਸਾਲ ਤਾਂ ਚੰਗੇ ਬੀਤੇ, ਕੁੱਝ ਸਮਝੇ ਵੀ?”

ਸਰਦੀ ਨਾਲ ਕੰਬਦੇ ਅਤੇ ਹਿਚਕਚਾਉਂਦੇ ਹੋਏ ਆਪਣੇ ਅਰਥ ਸਮਝਾਉਣ ਲਈ ਰੂਸੀ ਸ਼ਬਦ ਸੋਚ ਸੋਚ ਕੇ (ਉਸਨੂੰ ਸਿਰਫ ਗਿਣਤੀ ਦੇ ਰੂਸੀ ਸ਼ਬਦ ਆਉਂਦੇ ਸਨ) ਤਾਤਾਰ ਨੇ ਕਹਿਣਾ ਸ਼ੁਰੂ ਕੀਤਾ, “ਰੱਬ ਉਹ ਘੜੀ ਨਾ ਲਿਆਏ, ਕਿ ਕੋਈ ਬੀਮਾਰ ਪਏ ਅਤੇ ਪ੍ਰਦੇਸ ਵਿੱਚ ਜਾਨ ਦੇ ਦੇਵੇ, ਅਤੇ ਠੰਡੀ, ਕਾਲੀ ਜ਼ਮੀਨ ਵਿੱਚ ਗੱਡਿਆ ਜਾਵੇ, ਮੇਰੀ ਪਤਨੀ ਮੇਰੇ ਕੋਲ ਦਿਨ-ਭਰ ਨਾ ਸਹੀ ਘੰਟਾ ਭਰ ਲਈ ਹੀ ਆ ਜਾਵੇ, ਤਾਂ ਇਸ ਨੇਹਮਤ ਦੇ ਬਦਲੇ ਮੈਂ ਹਰ ਤਰ੍ਹਾਂ ਦਾ ਦੁੱਖ ਦਰਦ ਸਹਿ ਲਵਾਂਗਾ, ਅਤੇ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਾਂਗਾ, ਖੁਸ਼ੀ ਦਾ ਇੱਕ ਦਿਨ ਕੁਝ ਵੀ ਨਾ ਹੋਣ ਨਾਲੋਂ ਅੱਛਾ ਹੈ!” ਉਹ ਫਿਰ ਆਪਣੀ ਹੁਸੀਨ ਅਤੇ ਜ਼ਹੀਨ ਪਤਨੀ ਦੀ ਕਹਾਣੀ ਲੈ ਬੈਠਾ। ਫਿਰ ਉਸਨੇ ਆਪਣਾ ਸਿਰ ਹੱਥਾਂ ਵਿੱਚ ਫੜ ਲਿਆ, ਅਤੇ ਅੱਖਾਂ ਵਿੱਚੋਂ ਅੱਥਰੂ ਵੱਗਣ ਲੱਗ ਪਏ, ਸੇਮਿਓਨ ਨੂੰ ਉਸਨੇ ਭਰੋਸਾ ਦਵਾਇਆ ਕਿ ਮੈਂ ਬੇਗੁਨਾਹ ਹਾਂ ਅਤੇ ਮੁਫ਼ਤ ਵਿੱਚ ਮੁਸੀਬਤ ਭੁਗਤ ਰਿਹਾ ਹਾਂ, ਮੇਰੇ ਦੋ ਭਰਾਵਾਂ ਅਤੇ ਚਾਚੇ ਨੇ ਮਿਲਕੇ ਉਸ ਕਿਸਾਨ ਦੇ ਘੋੜੇ ਉੱਤੇ ਹੱਥ ਸਾਫ਼ ਕੀਤਾ ਸੀ, ਅਤੇ ਉਨ੍ਹਾਂ ਨੇ ਘੋੜੇ ਵਾਲੇ ਨੂੰ ਮਾਰ ਮਾਰ ਕੇ ਅੱਧ ਮਰਿਆ ਕਰ ਦਿੱਤਾ ਸੀ, ਪੰਚਾਇਤ ਨੇ ਇਨਸਾਫ਼ ਤੋਂ ਕੰਮ ਨਹੀਂ ਲਿਆ, ਸਗੋਂ ਕੁੱਝ ਅਜਿਹੀ ਹੇਰਾ ਫੇਰੀ ਕੀਤੀ, ਕਿ ਸਾਨੂੰ ਤਿੰਨਾਂ ਭਰਾਵਾਂ ਨੂੰ ਸਾਇਬੇਰੀਆ ਭੇਜ ਦਿੱਤਾ ਗਿਆ, ਅਤੇ ਸਾਡਾ ਮਾਲਦਾਰ ਚਾਚਾ ਸਾਫ਼ ਛੁੱਟ ਗਿਆ।

ਸੇਮਿਓਨ ਨੇ ਥਕੇ ਹੋਏ ਲਹਿਜੇ ਵਿੱਚ ਕਿਹਾ, ਕੁੱਝ ਦਿਨਾਂ ਬਾਅਦ ਆਪੇ ਜੀ ਲੱਗ ਜਾਵੇਗਾ।

ਤਾਤਾਰ ਚੁੱਪ ਹੋ ਗਿਆ ਅਤੇ ਆਪਣੀਆਂ ਹੰਝੂ-ਭਿੱਜੀਆਂ ਅੱਖਾਂ ਨਾਲ ਅੱਗ ਦੀ ਤਰਫ਼ ਵੇਖਦਾ ਰਿਹਾ। ਚਿਹਰੇ ਤੋਂ ਹੈਰਾਨੀ ਅਤੇ ਡਰ ਝਲਕ ਰਿਹਾ ਸੀ, ਜਿਵੇਂ ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਕਿਉਂ ਸਿਮਬਰਿਸਕ ਤੋਂ ਇੰਨੀ ਦੂਰ ਇਸ ਹਨੇਰੀ ਅਤੇ ਸਿੱਲ੍ਹੀ ਜਗ੍ਹਾ ਵਿੱਚ ਓਪਰੇ ਲੋਕਾਂ ਦੇ ਵਿੱਚ ਸੀ।

ਤਲਕੋਵੀ ਅੱਗ ਦੇ ਨੇੜੇ ਪਿਆ ਪਿਆ ਐਵੇਂ ਕਿਸੇ ਗੱਲ ਦਾ ਧਿਆਨ ਕਰਕੇ ਹੱਸ ਪਿਆ ਅਤੇ ਹੌਲੀ ਦੱਬਵੀਂ ਸੁਰ ਵਿੱਚ ਕੋਈ ਗੀਤ ਗਾਉਣ ਲੱਗਿਆ।

ਥੋੜ੍ਹੀ ਦੇਰ ਬਾਅਦ ਬੋਲਿਆ, “ਕੁੜੀ ਨੂੰ ਬਾਪ ਦੀ ਸੰਗਤ ਵਿੱਚ ਕੀ ਲੁਤਫ? ਇਹ ਜ਼ਰੂਰ ਹੈ ਕਿ ਉਹ ਉਸਨੂੰ ਦਿਲੋਂ ਚਾਹੁੰਦਾ ਹੈ। ਪਰ ਭਰਾਵਾ ਉਸ ਦੇ ਸਾਹਮਣੇ ਇਨਸਾਨ ਨੂੰ ਆਪਣੇ ਵਰਤੋਂ ਵਿਹਾਰ ਦਾ ਖ਼ਿਆਲ ਰੱਖਣਾ ਪੈਂਦਾ ਹੈ, ਬੁਢਾ ਸੁਭਾ ਦਾ ਸਖ਼ਤ ਅਤੇ ਚਿੜਚਿੜਾ ਹੈ, ਜਵਾਨ ਲੜਕੀਆਂ ਨੂੰ ਭਲਾ ਸਖ਼ਤੀ ਨਾਲ ਕੀ ਸਰੋਕਾਰ? ਉਨ੍ਹਾਂ ਨੂੰ ਤਾਂ ਚਾਹੀਦਾ ਚੁੰਮਣ ਚੱਟਾ, ਹਾਸਾ ਠਠਾ ਅਤੇ ਹਾ ਹਾ ਹੋ ਹੋ ਹੋ ਹੀ ਹੀ, ਇਤਰ ਚਾਹੀਦਾ ਅਤੇ ਵਾਲ ਚਮਕਾਉਣ ਲਈ ਪੋਮੇਦ ਚਾਹੀਦਾ। ਜੀ ਹਾਂ ... ਆਹ ਜ਼ਿੰਦਗੀ, ਜ਼ਿੰਦਗੀ,“ ਸੇਮਿਓਨ ਨੇ ਮੁਸ਼ਕਿਲ ਦੇ ਨਾਲ ਉਠਦੇ ਹੋਏ ਇੱਕ ਆਹ ਭਰੀ। “ਸ਼ਰਾਬ ਖ਼ਤਮ। ਲਗਦਾ ਹੈ, ਸੋਣ ਦਾ ਵਕਤ ਆ ਹੋ ਗਿਆ। ਭਰਾਵਾ, ਮੈਂ ਤਾਂ ਚੱਲਿਆ ...।“

ਤਾਤਾਰ ਇਕੱਲਾ ਰਹਿ ਗਿਆ, ਤਾਂ ਉਸਨੇ ਧੂਣੀ ਵਿੱਚ ਕੁੱਝ ਹੋਰ ਟਾਹਣੀਆਂ ਪਾਈਆਂ ਅਤੇ ਪਿਆ ਰਿਹਾ। ਲਪਟਾਂ ਉੱਤੇ ਟਿਕਟਿਕੀ ਬੰਨ੍ਹ ਕੇ ਉਹ ਆਪਣੀ ਪਤਨੀ ਦੇ ਖ਼ਿਆਲਾਂ ਵਿੱਚ ਡੁੱਬ ਗਿਆ। ਮਹੀਨੇ ਲਈ, ਜਾਂ ਫਿਰ ਦਿਨ ਭਰ ਲਈ ਹੀ ਉਹ ਮੇਰੇ ਕੋਲ ਆ ਜਾਵੇ। ਜੀ ਕਰੇ, ਤਾਂ ਫਿਰ ਚਲੀ ਜਾਵੇ। ਇੱਕ ਮਹੀਨਾ ਜਾਂ ਇੱਕ ਦਿਨ ਹਮੇਸ਼ਾ ਦੀ ਮਹਰੂਮੀ ਨਾਲੋਂ ਬਿਹਤਰ ਹੈ। ਅੱਛਾ, ਫ਼ਰਜ਼ ਕਰੋ, ਉਸਨੇ ਆਪਣੇ ਵਾਅਦਾ ਨੂੰ ਪੂਰਾ ਕੀਤਾ। ਅਤੇ ਉਹ ਆ ਵੀ ਗਈ। ਆਖ਼ਰ ਖਾਵੇਗੀ ਤਾਂ ਕੀ ਖਾਵੇਗੀ? ਰਹੇਗੀ ਤਾਂ ਕਿੱਥੇ ਰਹੇਗੀ?

ਸੋਚਦੇ ਸੋਚਦੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ, ਖਾਣ ਨੂੰ ਕੁੱਝ ਨਾ ਹੋਇਆ, ਤਾਂ ਰਹੇਗੀ ਕਿਵੇਂ?”

ਦਿਨ ਰਾਤ ਚੱਪੂ ਚਲਾਣ ਤੇ ਵੀ ਸਿਰਫ, ਦਸ ਕੋਪਕ ਉਸ ਦੇ ਪੱਲੇ ਪੈਂਦੇ ਸਨ, ਇਹ ਸੱਚ ਹੈ ਕਿ ਸਵਾਰੀਆਂ ਸ਼ਰਾਬ ਜਾਂ ਚਾਹ ਲਈ ਕੁੱਝ ਬਖ਼ਸ਼ੀਸ਼ ਦੇ ਦਿੰਦੀਆਂ ਸਨ। ਉਹ ਸਾਰਾ ਦੂਜੇ ਮਲਾਹ ਆਪਸ ਵਿੱਚ ਵੰਡ ਲੈਂਦੇ ਸਨ। ਅਤੇ ਨਾ ਸਿਰਫ ਵਿਚਾਰੇ ਤਾਤਾਰ ਨੂੰ ਕੁਝ ਨਹੀਂ ਦਿੰਦੇ ਸਨ, ਸਗੋਂ ਉਲਟਾ ਉਸ ਦਾ ਮਜ਼ਾਕ ਉੜਾਉਂਦੇ ਸਨ। ਖ਼ਰਚ ਦੀ ਤੰਗੀ ਦੀ ਵਜ੍ਹਾ ਨਾਲ ਉਹ ਭੁੱਖ, ਸਰਦੀ ਅਤੇ ਦਹਿਸ਼ਤ ਦਾ ਸ਼ਿਕਾਰ ਸੀ...ਹੁਣ ਜਦੋਂ ਉਹ ਸਰਦੀ ਦੇ ਮਾਰੇ ਥਰਥਰ ਕੰਬ ਰਿਹਾ ਸੀ, ਅਤੇ ਉਸ ਦਾ ਜੋੜ ਜੋੜ ਟੁੱਟਿਆ ਜਾਂਦਾ ਸੀ, ਚਾਹੀਦਾ ਸੀ ਕਿ ਉਹ ਝੁੱਗੀ ਵਿੱਚ ਜਾ ਕੇ ਪੈ ਜਾਂਦਾ, ਅਤੇ ਸੌ ਜਾਂਦਾ, ਮਗਰ ਉੱਥੇ ਉਸ ਦੇ ਕੋਲ ਉੱਪਰ ਲੈਣ ਨੂੰ ਕੋਈ ਲੀੜਾ ਨਹੀਂ ਸੀ, ਅਤੇ ਅੰਦਰ ਸਰਦੀ ਇਥੇ ਬਾਹਰ ਨਾਲੋਂ ਵੀ ਜ਼ਿਆਦਾ ਸੀ, ਤੱਟ ਉੱਤੇ ਵੀ ਭਾਵੇਂ ਉੱਪਰ ਲੈਣ ਨੂੰ ਕੁੱਝ ਨਹੀਂ ਸੀ ਮਗਰ ਇਥੇ ਹੋਰ ਨਹੀਂ ਤਾਂ ਅੱਗ ਤਾਂ ਮਘਾ ਸਕਦਾ ਸੀ।

ਹਫਤੇ ਭਰ ਵਿੱਚ ਪਾਣੀ ਉੱਤਰ ਜਾਵੇਗਾ ਅਤੇ ਛੋਟੀਆਂ ਕਿਸ਼ਤੀਆਂ ਚਲਣ ਲੱਗ ਪੈਣਗੀਆਂ ਅਤੇ ਸਿਵਾਏ ਸੇਮਿਓਨ ਦੇ ਕਿਸੇ ਮਲਾਹ ਦੀ ਜ਼ਰੂਰਤ ਨਹੀਂ ਰਹੇਗੀ, ਤੱਦ ਤਾਤਾਰ ਪਿੰਡ ਪਿੰਡ ਰੋਜ਼ਗਾਰ ਢੂੰਢਦਾ ਅਤੇ ਭਿੱਖ ਮੰਗਦਾ ਫਿਰੇਗਾ। ਇਸ ਦੀ ਪਤਨੀ ਸਿਰਫ ਸਤਾਰਾਂ ਸਾਲ ਦੀ ਸੀ, ਖ਼ੂਬਸੂਰਤ, ਕੋਮਲ, ਸ਼ਰਮੀਲੀ, ਕੀ ਉਹ ਵੀ ਸ਼ਰਮ-ਹਿਆ ਛੱਡ, ਬਗੈਰ ਘੁੰਡ ਦਰ ਦਰ ਝੋਲੀ ਲਈ ਫਿਰੇਗੀ? ਨਹੀਂ ਇਸ ਖ਼ਿਆਲ ਹੀ ਨਾਲ ਉਸ ਦੇ ਸ਼ਰੀਰ ਦੇ ਰੌਂਗਟੇ ਖੜੇ ਹੋ ਜਾਂਦੇ ਸਨ..।

ਪਹੁ ਫੁੱਟ ਰਹੀ ਸੀ, ਕਿਸ਼ਤੀ, ਪਾਣੀ ਵਿੱਚ ਵਿਲੋ ਦੀਆਂ ਝਾੜੀਆਂ, ਦਰਿਆ ਦੀਆਂ ਲਹਿਰਾਂ ਸਾਫ਼ ਚਮਕਣ ਲੱਗੀਆਂ ਸਨ। ਪਲਟ ਕੇ ਦੇਖਣ ਤੇ ਤਿਰਛੀ ਚੀਕਣੀ ਮਿੱਟੀ ਦੀ ਢਾਲ ਨਜ਼ਰ ਆਉਂਦੀ ਸੀ, ਉਸ ਦੇ ਦਾਮਨ ਵਿੱਚ ਕੱਖਾਂ ਕਾਨਿਆਂ ਦੀ ਝੁੱਗੀ ਸੀ, ਜਰਾ ਉਪਰ ਪਿੰਡ ਦੀ ਕਿੰਨੀਆਂ ਹੀ ਝੁੱਗੀਆਂ ਦਾ ਝੁਰਮਟ ਸੀ। ਪਿੰਡ ਵਿੱਚ ਮੁਰਗੇ ਬਾਂਗਾਂ ਦੇਣ ਲੱਗ ਪਏ ਸਨ।

ਤਾਤਾਰ ਸੋਚਣ ਲੱਗਿਆ ਕਿ ਇਹ ਜੰਗ਼ਾਲੀ ਲਾਲ ਚੀਕਣੀ ਢਾਲ, ਕਿਸ਼ਤੀ, ਦਰਿਆ, ਅਜਨਬੀ, ਬੇਰਹਿਮ ਲੋਕ, ਭੁੱਖ, ਪਿਆਸ, ਰੋਗ, ਸ਼ਾਇਦ ਇਹ ਸਭ ਮਾਇਆ ਹੈ। ਵੱਡੀ ਸੰਭਾਵਨਾ ਹੈ ਕਿ ਇਹ ਸਭ ਕੁੱਝ ਸਿਰਫ ਸੁਪਨਾ ਨਿਕਲੇ। ਉਸਨੂੰ ਲੱਗਿਆ ਕਿ ਉਹ ਸੌਂ ਰਿਹਾ ਸੀ, ਅਤੇ ਆਪਣੇ ਘੁਰਾੜਿਆਂ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪੈ ਰਹੀ ਸੀ... ਉਹ ਆਪਣੇ ਵਤਨ ਸਿਮਬਰਿਸਕ ਵਿੱਚ ਸੀ, ਉਸਨੇ ਆਪਣੀ ਪਤਨੀ ਨੂੰ ਨਾਮ ਲੈ ਕੇ ਬੁਲਾਇਆ, ਅਤੇ ਉਹ ਬੋਲੀ। ਦੂਜੇ ਕਮਰੇ ਵਿੱਚ ਉਸ ਦੀ ਮਾਂ ਸੀ। ਕਿੰਨੇ ਭਿਅੰਕਰ ਹੁੰਦੇ ਨੇ ਸੁਪਨੇ ਵੀ, ਆਖ਼ਰ ਸੁਪਨੇ ਆਉਂਦੇ ਕਿਉਂ ਸਨ? ਤਾਤਾਰ ਨੇ ਮੁਸਕਰਾ ਕੇ ਅੱਖਾਂ ਖੋਲ੍ਹੀਆਂ। ਇਹ ਕਿਹੜਾ ਦਰਿਆ ਸੀ ਭਲਾ, ਵੋਲਗਾ?

ਬਰਫ਼ ਪੈ ਰਹੀ ਸੀ।

ਕਿਸ਼ਤੀ! ਦਰਿਆ ਦੇ ਦੂਜੇ ਕਿਨਾਰੇ ਉੱਤੇ ਕੋਈ ਸ਼ਖਸ ਚੀਖ਼ ਰਿਹਾ ਸੀ, ਕਿਸ਼ਤੀ!

ਤਾਤਾਰ ਚੌਂਕ ਕੇ ਉਠ ਬੈਠਾ ਅਤੇ ਦੂਜੀ ਤਰਫ਼ ਜਾਣ ਲਈ ਆਪਣੇ ਸਾਥੀਆਂ ਨੂੰ ਜਗਾਣ ਲੱਗਿਆ, ਚੱਲਦੇ ਚੱਲਦੇ ਫਟੀਆਂ ਪੁਰਾਣੀਆਂ ਭੇਡ ਦੀਆਂ ਖੱਲਾਂ ਪਹਿਨ, ਆਪਣੀ ਭਾਰੀ, ਨੀਂਦ ਭਰੀ ਆਵਾਜ਼ ਵਿੱਚ ਗਾਲਾਂ ਦਿੰਦੇ, ਸਰਦੀ ਨਾਲ ਠੁਰ ਠੁਰ ਕਰਦੇ ਮਲਾਹ ਕਿਨਾਰੇ ਦੀ ਤਰਫ਼ ਰਵਾਨਾ ਹੋਏ। ਕੱਚੀ ਨੀਂਦ ਉੱਠ ਕੇ ਚੱਲਣ ਤੇ ਦਰਿਆ ਦੀ ਚੀਰਦੀ ਤੇਜ਼ ਹਵਾ ਉਨ੍ਹਾਂ ਨੂੰ ਆਪਣੀ ਜਾਨੀ ਦੁਸ਼ਮਣ ਲੱਗਦੀ ਸੀ। ਹੌਲੀ ਹੌਲੀ ਉਹ ਚਾਰੋਂ ਜਣੇ ਛਾਲਾਂ ਮਾਰ ਕਿਸ਼ਤੀ ਵਿੱਚ ਚੜ੍ਹ ਗਏ .. ਤਾਤਾਰ ਅਤੇ ਤਿੰਨ ਹੋਰ ਮਲਾਹਾਂ ਨੇ ਵੱਡੇ ਵੱਡੇ, ਚੌੜੇ ਫਲ ਦੇ ਪਤਵਾਰ ਸੰਭਾਲੇ ਜੋ ਹਨੇਰੇ ਵਿੱਚ ਕੇਕੜਿਆਂ ਦੇ ਪੰਜੇ ਲੱਗਦੇ ਸਨ। ਸੇਮਿਓਨ ਪਤਵਾਰ ਦੀ ਗਾਧੀ ਉੱਤੇ ਢਿੱਡ ਪਰਨੇ ਲੇਟ ਗਿਆ। ਦੂਜੇ ਕਿਨਾਰੇ ਤੋਂ ਆਵਾਜ਼ਾਂ ਅਜੇ ਵੀ ਆ ਰਹੀਆਂ ਸੀ, ਦੋ ਵਾਰ ਰਿਵਾਲਵਰ ਸ਼ਾਇਦ ਇਸ ਖ਼ਿਆਲ ਨਾਲ ਚਲਾਇਆ ਗਿਆ ਕਿ ਮਲਾਹ ਕਿਤੇ ਸੌਂ ਨਾ ਰਹੇ ਹੋਣ, ਜਾਂ ਪਿੰਡ ਦੀ ਸਰਾਂ ਵਿੱਚ ਗਏ ਹੋਏ ਹੋਣ।

ਸੁਣ ਲਿਆ, ਆਖ਼ਰ ਅਜਿਹੀ ਕੀ ਬੇਚੈਨੀ ਹੈ,” ਤਲਕੋਵੀ ਦੇ ਲਹਿਜੇ ਤੋਂ ਲੱਗਦਾ ਸੀ ਕਿ ਇਸ ਵਿੱਚ ਜਲਦੀ ਕਰਨਾ ਬੇਕਾਰ ਹੈ, ਜਾਂ ਘੱਟੋ ਘੱਟ ਜਲਦੀ ਕਰਨ ਲਈ ਕੋਈ ਕਾਰਨ ਨਹੀਂ ਸੀ।

ਲੰਮੀ ਚੌੜੀ, ਭੱਦੀ ਕਿਸ਼ਤੀ ਕਿਨਾਰੇ ਤੋਂ ਰਵਾਨਾ ਹੋਈ, ਅਤੇ ਵਿੱਲੋ ਦੀਆਂ ਝਾੜੀਆਂ ਵਿੱਚੋਂ ਹੋ ਕੇ ਚੱਲਣ ਲੱਗੀ, ਵਿੱਲੋ ਚੱਲਦੇ ਨਜ਼ਰ ਆਉਂਦੇ ਸਨ ਅਤੇ ਸਿਰਫ ਇਸ ਗੱਲ ਤੋਂ ਅੰਦਾਜ਼ਾ ਹੁੰਦਾ ਸੀ, ਕਿ ਕਿਸ਼ਤੀ ਹਰਕਤ ਵਿੱਚ ਹੈ। ਮਲਾਹ ਜਚੇ ਤੁਲੇ ਹੱਥਾਂ ਨਾਲ ਚੱਪੂ ਚਲਾ ਰਹੇ ਸਨ, ਤਲਕੋਵੀ ਢਿੱਡ ਪਰਨੇ ਲਿਟਿਆ ਸੀ, ਅਤੇ ਹਵਾ ਵਿੱਚ ਅੱਧਾ ਚੱਕਰ ਬਣਾਉਂਦੇ ਹੋਏ ਇਧਰ ਤੋਂ ਉਧਰ ਉੱਲਰ ਜਾਂਦਾ ਸੀ। ਹਨੇਰੇ ਵਿੱਚ ਇਹ ਲੱਗਦਾ ਸੀ ਕਿ ਮਲਾਹ ਕਿਸੇ ਨੂਹ ਦੇ ਵਕਤ ਤੋਂ ਪਹਿਲਾਂ ਦੇ ਲੰਬੀਆਂ ਲੰਬੀਆਂ ਲੱਤਾਂ ਵਾਲੇ ਕਿਸੇ ਜਾਨਵਰ ਦੀ ਪਿਠ ਉੱਤੇ ਬੈਠੇ ਇੱਕ ਠੰਡੇ ਬਰਫ਼ੀਲੇ ਮੁਲਕ ਵਿੱਚੋਂ ਲੰਘ ਰਹੇ ਹਨ, ਇੱਕ ਅਜਿਹੇ ਮੁਲਕ ਵਿੱਚੋਂ ਜੋ ਕਦੇ ਕਦੇ ਡਰਾਉਣੇ ਸੁਪਨਿਆਂ ਵਿੱਚ ਵਿਖਾਈ ਦਿੰਦਾ ਹੈ। ਕਿਸ਼ਤੀ ਵਿੱਲੋ ਦੀਆਂ ਝਾੜੀਆਂ ਵਿੱਚੋਂ ਨਿਕਲ ਕੇ ਖੁੱਲੇ ਦਰਿਆ ਉੱਤੇ ਚੱਲਣ ਲੱਗੀ, ਚੱਪੂਆਂ ਦੇ ਚਲਣ ਦੀ ਚਿਰਮਰਾਹਟ ਦਰਿਆ ਦੇ ਦੂਜੇ ਕਿਨਾਰੇ ਉੱਤੇ ਸੁਣਾਈ ਦਿੰਦੀ ਸੀ, ਕੋਈ ਸ਼ਖਸ ਉੱਚੀ ਉੱਚੀ ਕਹਿ ਰਿਹਾ ਸੀ।

ਜਲਦੀ ਕਰੋ, ਜਲਦੀ!

ਦਸ ਮਿੰਟਾਂ ਦੇ ਬਾਅਦ ਕਿਸ਼ਤੀ ਜ਼ੋਰ ਨਾਲ ਘਾਟ ਨਾਲ ਜਾ ਟਕਰਾਈ।

ਸੇਮਿਓਨ ਆਪਣੇ ਮੂੰਹ ਤੋਂ ਬਰਫ਼ ਪੂੰਝਦੇ ਹੋਏ ਬੜਬੜਾਇਆ। ਬਰਫ਼ ਦੀ ਬੋਛਾੜ ਹੈ ਇਹ ਖ਼ਤਮ ਹੋਣ ਵਿੱਚ ਹੀ ਨਹੀਂ ਆਉਂਦੀ, ਖ਼ੁਦਾ ਜਾਣੇ ਇੰਨੀ ਬਰਫ਼ ਕਿੱਥੋਂ ਆਉਂਦੀ ਹੈ।

ਕਿਨਾਰੇ ਉੱਤੇ ਦਰਮਿਆਨੇ ਕੱਦ ਦਾ ਇੱਕ ਪਤਲਾ ਜਿਹਾ ਆਦਮੀ ਲੂੰਬੜੀ ਦੀ ਖੱਲ ਦੀਆਂ ਪੱਟੀਆਂ ਵਾਲੀ ਛੋਟੀ ਜੈਕਟ ਅਤੇ ਚਿੱਟੇ ਲੇਲੇ ਦੀ ਖੱਲ ਦੀ ਟੋਪੀ ਪਹਿਨੀ ਖੜਾ ਸੀ। ਉਹ ਆਪਣੇ ਘੋੜੇ ਤੋਂ ਵੱਖ ਹੱਟ ਕੇ ਅਹਿੱਲ ਖੜਾ ਸੀ। ਗ਼ਮ ਅਤੇ ਦੁੱਖ ਦੇ ਪੱਕੇ ਹਰਫ਼ ਉਸ ਦੇ ਚਿਹਰੇ ਉੱਤੇ ਲਿਖੇ ਹੋਏ ਸਨ, ਉਹ ਕੋਈ ਭੁੱਲੀ ਬਿਸਰੀ ਗੱਲ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਆਪਣੀ ਨਾਕਿਸ ਯਾਦਾਸ਼ਤ ਉੱਤੇ ਦੰਦ ਪੀਹ ਰਿਹਾ ਸੀ। ਸੇਮਿਓਨ ਉਸ ਦੇ ਨੇੜੇ ਪੁੱਜਿਆ ਅਤੇ ਮੁਸਕਰਾ ਕੇ ਟੋਪੀ ਉਤਾਰੀ, ਉਸਨੇ ਕਿਹਾ:

ਮੈਨੂੰ ਹੁਣੇ ਅਨਾਸਾਤਾਸੇਵਕਾ ਜਾਣ ਦੀ ਜਲਦੀ ਹੈ। ਮੇਰੀ ਧੀ ਦੀ ਹਾਲਤ ਫਿਰ ਖ਼ਰਾਬ ਹੋ ਗਈ, ਸੁਣਿਆ ਹੈ ਕਿ ਉੱਥੇ ਕੋਈ ਨਵਾਂ ਡਾਕਟਰ ਆਇਆ ਹੈ।

ਘੋੜਾ ਗੱਡੀ ਕਿਸ਼ਤੀ ਵਿੱਚ ਲੱਦੀ ਗਈ ਅਤੇ ਮਲਾਹਾਂ ਨੇ ਉਸਨੂੰ ਵਾਪਸ ਲਿਜਾਣਾ ਸ਼ੁਰੂ ਕੀਤਾ। ਉਹ ਸ਼ਖਸ ਜਿਸਨੂੰ ਸੇਮਿਓਨ ਨੇ ਵਸੀਲੀ ਸਰਗੀਚ ਦੇ ਨਾਮ ਨਾਲ ਬੁਲਾਇਆ ਸੀ ਬਿਲਕੁਲ ਅਹਿੱਲ ਖੜਾ ਆਪਣੇ ਮੋਟੇ ਮੋਟੇ ਬੁੱਲ੍ਹ ਮੀਚੀ ਨੱਕ ਦੀ ਸੇਧ ਵੇਖਦਾ ਰਿਹਾ। ਕੋਚਵਾਨ ਨੇ ਉਸ ਤੋਂ ਸਿਗਰਟ ਪੀਣ ਦੀ ਆਗਿਆ ਮੰਗੀ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ; ਜਿਵੇਂ ਕੁੱਝ ਸੁਣਿਆ ਹੀ ਨਾ ਹੋਵੇ। ਸੇਮਿਓਨ ਨੇ ਗਾਧੀ ਉੱਤੇ ਢਿੱਡ ਪਰਨੇ ਲੇਟਦਿਆਂ ਉਸ ਦੀ ਤਰਫ਼ ਤਨਜ਼ ਦੀ ਨਜ਼ਰ ਨਾਲ ਵੇਖਿਆ, ਅਤੇ ਕਿਹਾ:

ਜੀ ਹਾਂ ਸਾਇਬੇਰੀਆ ਵਿੱਚ ਵੀ ਲੋਕ ਮਜ਼ੇ ਨਾਲ ਜ਼ਿੰਦਗੀ ਬਸਰ ਕਰ ਸਕਦੇ ਹਨ, ਮਜ਼ੇ ਨਾਲ।“

ਤਲਕੋਵੀ ਦੇ ਚਿਹਰੇ ਉੱਤੇ ਜਿੱਤ ਦਾ ਰੰਗ ਝਲਕ ਰਿਹਾ ਸੀ, ਜਿਵੇਂ ਉਸਨੇ ਕੋਈ ਗੱਲ ਸਾਬਤ ਕਰ ਦਿੱਤੀ ਹੋਵੇ, ਅਤੇ ਉਸਨੂੰ ਖੁਸ਼ੀ ਸੀ ਕਿ ਉਸਦੀ ਭਵਿਖਬਾਣੀ ਪੂਰੀ ਹੋ ਕੇ ਰਹੀ, ਸਾਫ਼ ਸਾਫ਼ ਸੀ ਕਿ ਉਸਨੂੰ ਵਸੀਲੀ ਸਰਗੀਚ ਦੀ ਗ਼ਮ-ਭਰੀ ਬੇਬਸੀ ਤੋਂ ਬਹੁਤ ਮਜ਼ਾ ਆ ਰਿਹਾ ਸੀ।

ਜਦੋਂ ਘੋੜੇ ਕਿਨਾਰੇ ਉੱਤੇ ਪਹੁੰਚ ਕੇ ਜੋਤੇ ਜਾਣ ਲੱਗੇ, ਤਾਂ ਉਸਨੇ ਕਿਹਾ, “ਵਸੀਲੀ ਸਰਗੀਚ ਇਸ ਮੌਸਮ ਵਿੱਚ ਬਹੁਤ ਚਿੱਕੜ ਹੋਵੇਗਾ, ਤੁਹਾਨੂੰ ਚਾਹੀਦਾ ਸੀ, ਕਿ ਹਾਲੇ ਜ਼ਮੀਨ ਦੇ ਸੁੱਕਣ ਤੱਕ ਰੁੱਕ ਜਾਂਦੇ, ਦੋ ਹਫ਼ਤਿਆਂ ਲਈ ਜਾਂ ਸਫ਼ਰ ਦਾ ਖ਼ਿਆਲ ਹੀ ਮੁਢੋਂ ਦਿਲੋਂ ਕੱਢ ਦਿੰਦੇ। ਸਫ਼ਰ ਤੋਂ ਕੁੱਝ ਹਾਸਲ ਹੋਵੇ, ਤੱਦ ਵੀ ਕੋਈ ਗੱਲ ਸੀ। ਮਗਰ ਤੁਸੀਂ ਵੇਖਦੇ ਹੋ ਕਿ ਲੋਕ ਸਾਲੋ ਸਾਲ ਦਿਨ ਰਾਤ ਏਧਰ ਤੋਂ ਉਧਰ ਹੈਰਾਨ ਪਰੇਸ਼ਾਨ ਮਾਰੇ ਮਾਰੇ ਫਿਰਦੇ ਹਨ, ਈਮਾਨ ਦੀ ਗੱਲ ਤਾਂ ਇਹ ਹੈ ਕਿ ਇਸ ਦੌੜ ਭੱਜ ਦਾ ਨਤੀਜਾ ਕੁਝ ਨਹੀਂ ਨਿਕਲਦਾ। ਸੱਚ ਤਾਂ ਇਹ ਹੈ।“

ਵਸੀਲੀ ਸਰਗੀਚ ਚੁਪਚਾਪ ਉਸਨੂੰ ਇਨਾਮ ਦੇਕੇ ਗੱਡੀ ਵਿੱਚ ਬੈਠ ਗਿਆ ਅਤੇ ਰਵਾਨਾ ਹੋ ਗਿਆ।

ਸੇਮਿਓਨ ਨੇ ਸਰਦੀ ਨਾਲ ਕੁੰਗੜਦੇ ਹੋਏ ਕਿਹਾ, ਫਿਰ ਉਸਨੇ ਡਾਕਟਰ ਦੀ ਤਲਾਸ਼ ਲਈ ਘੋੜੇ ਦੌੜਾ ਦਿੱਤੇ ਪਰ ਸਹੀ ਡਾਕਟਰ ਦਾ ਮਿਲਣਾ ਓਨਾ ਹੀ ਆਸਾਨ ਹੁੰਦਾ ਹੈ, ਜਿੰਨਾ ਮੈਦਾਨ ਵਿੱਚ ਤੇਜ਼ ਵਗਦੀ ਹਵਾ ਦੀ ਡਾਹ ਲੈਣਾ, ਜਾਂ ਸ਼ੈਤਾਨ ਦੀ ਪੂਛ ਨੂੰ ਹੱਥ ਪਾਉਣਾ, ਉਸਨੂੰ ਰੱਬ ਦੀ ਮਾਰ ਪਵੇ। ਅਜਬ ਆਦਮੀ ਹੈ, ਮੈਨੂੰ ਗੁਨਾਹਗਾਰ ਨੂੰ ਮੁਆਫ਼ ਕਰਨਾ ਮੇਰੇ ਮਾਲਕ!“

ਤਾਤਾਰ, ਤਲਕੋਵੀ ਦੇ ਨੇੜੇ ਗਿਆ, ਅਤੇ ਥੋੜ੍ਹੀ ਦੇਰ ਤੱਕ ਉਸਨੂੰ ਨਫਰਤ ਅਤੇ ਬੇਜ਼ਾਰੀ ਦੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਫਿਰ ਸਰਦੀ ਨਾਲ ਥਰਥਰ ਕੰਬਦੇ ਹੋਏ ਆਪਣੀ ਟੁੱਟੀ ਫੁੱਟੀ ਰੂਸੀ ਵਿੱਚ ਤਾਤਾਰੀ ਸ਼ਬਦ ਗਡਮੱਡ ਕਰਕੇ ਉਸਨੇ ਬੋਲਣਾ ਸ਼ੁਰੂ ਕੀਤਾ: ਉਹ ਨੇਕ ਹੈ.. ਨੇਕ, ਅਤੇ ਤੂੰ ਬੁਰਾ ਹੈਂ! ਬੜਾ ਬੁਰਾ! ਉਸ ਭੱਦਰਪੁਰਸ਼ ਦੀ ਰੂਹ ਪਾਕ ਹੈ ਅਤੇ ਤੂੰ ਹੈਵਾਨ ਹੈਂ, ਪਲੀਤ। ਉਹ ਜ਼ਿੰਦਾ ਹੈ ਅਤੇ ਤੂੰ ਮੁਰਦਾ ਲਾਸ਼। ਖ਼ੁਦਾ ਨੇ ਇਨਸਾਨ ਨੂੰ ਇਸ ਲਈ ਬਣਾਇਆ ਹੈ ਕਿ ਦੁੱਖ ਸੁਖ ਸਹੇ, ਤੇਰੇ ਦਿਲ ਵਿੱਚ ਕੋਈ ਖਾਹਿਸ਼ ਨਹੀਂ, ਤੂੰ ਬੇਜਾਨ ਹੈਂ..ਤੂੰ ਪੱਥਰ ਹੈਂ, ਮਿੱਟੀ ਦਾ ਢੇਰ। ਰੱਬ ਤੈਨੂੰ ਪਿਆਰ ਨਹੀਂ ਕਰਦਾ, ਉਸ ਨੂੰ ਕਰਦਾ ਹੈ!

ਮਲਾਹ ਹੱਸਣ ਲੱਗੇ, ਤਾਤਾਰ ਦੇ ਮੱਥੇ ਉੱਤੇ ਹਕਾਰਤ ਨਾਲ ਵੱਟ ਪੈ ਗਏ। ਇੱਕੋ ਵਾਰਗੀ ਉਸਨੇ ਆਪਣੇ ਫਟੇ ਪੁਰਾਣੇ ਚੀਥੜੇ ਜਿਸਮ ਤੇ ਲਪੇਟ ਲਏ, ਅਤੇ ਧੂਣੀ ਦੇ ਕੋਲ ਚਲਾ ਗਿਆ, ਸੇਮਿਓਨ ਅਤੇ ਦੂਜੇ ਮਲਾਹ ਟਹਿਲਦੇ ਹੋਏ ਝੁੱਗੀ ਦੀ ਤਰਫ਼ ਚਲੇ ਗਏ।

ਖੁਸ਼ਕ ਘਾਹ-ਫੂਸ, ਜਿਸ ਨਾਲ ਸਿੱਲ੍ਹਾ, ਮਿੱਟੀ ਦਾ ਫਰਸ਼ ਢਕਿਆ ਹੋਇਆ ਸੀ, ਉੱਤੇ ਲਿਟਿਆ ਹੋਇਆ ਇੱਕ ਮਲਾਹ ਭਾਰੀ ਆਵਾਜ਼ ਵਿੱਚ ਬੋਲਿਆ, ਸਰਦੀ ਹੈ!

ਦੂਜੇ ਨੇ ਸਹਿਮਤੀ ਜਤਾਈ, ਹਾਂ, ਗਰਮੀ ਨਹੀਂ ਹੈ, ਕੀ ਹੈ ਜ਼ਿੰਦਗੀ, ਕੁੱਤੇ ਦੀ ਜ਼ਿੰਦਗੀ..।”

ਸਭ ਲਿਟ ਗਏ। ਬੂਹਾ ਹਵਾ ਦੇ ਜ਼ੋਰ ਨਾਲ ਖੁੱਲ੍ਹ ਗਿਆ, ਅਤੇ ਬਰਫ਼ ਦੀ ਬੋਛਾੜ ਅੰਦਰ ਆਉਣ ਲੱਗੀ, ਕਿਸੇ ਦੀ ਮਾਰੇ ਸਰਦੀ ਅਤੇ ਸੁਸਤੀ ਦੇ ਇੰਨੀ ਹਿੰਮਤ ਨਾ ਹੋਈ ਕਿ ਉੱਠਕੇ ਬੂਹਾ ਬੰਦ ਕਰ ਦਿੰਦਾ।

ਮੈਂ ਤਾਂ ਪ੍ਰਸ਼ੰਨ ਹਾਂ,” ਸੇਮਿਓਨ ਹਵਾ ਦਾ ਝੋਕਾ ਆਉਂਦੇ ਵਕਤ ਬੋਲਿਆ, ਖ਼ੁਦਾ ਸਾਰਿਆਂ ਨੂੰ ਅਜਿਹੀ ਜ਼ਿੰਦਗੀ ਨਸੀਬ ਕਰੇ!

ਤੇਰੀ ਤਾਕਤ ਦਾ ਲੋਹਾ ਤਾਂ ਅਸੀਂ ਸਭ ਮੰਨਦੇ ਹਾਂ, ਸ਼ੈਤਾਨ ਨੇ ਵੀ ਤੈਨੂੰ ਹੱਥ ਨਹੀਂ ਪਾਉਣਾ।“

ਬਾਹਰੋਂ ਅਜਿਹੀਆਂ ਆਵਾਜ਼ਾਂ ਆਈਆਂ ਜਿਵੇਂ ਕੋਈ ਕੁੱਤਾ ਭਊਂ ਭਊਂ ਕਰ ਰਿਹਾ ਹੋਵੇ।

ਕੀ ਹੈ? ਕੌਣ ਹੈ ਇਹ?

“ ਇਹ ਤਾਤਾਰ ਬਾਹਰ ਬੈਠਾ ਰੋ ਰਿਹਾ ਹੈ।“

ਅਨੋਖਾ ਅਲੋਕਾਰ ਬੰਦਾ ਹੈ!

ਸੇਮਿਓਨ ਨੇ ਕਿਹਾ, ”ਸਹਿਜੇ ਸਹਿਜੇ ਆਦੀ ਹੋ ਜਾਵੇਗਾ। ਅਤੇ ਫ਼ੌਰਨ ਉਸ ਦੀ ਅੱਖ ਲੱਗ ਗਈ।

ਬਾਕੀ ਲੋਕ ਵੀ ਥੋੜ੍ਹੀ ਦੇਰ ਵਿੱਚ ਸੌਂ ਗਏ। ਬੂਹਾ ਖੁੱਲ੍ਹਾ ਪਿਆ ਰਿਹਾ।