ਸਮੱਗਰੀ 'ਤੇ ਜਾਓ

ਅਨੁਵਾਦ:ਦੁੱਖ

ਵਿਕੀਸਰੋਤ ਤੋਂ

ਸ਼ਾਮ ਢਲ ਰਹੀ ਸੀ ਅਤੇ ਹਰ ਤਰਫ਼ ਹਨੇਰਾ ਵਧਦਾ ਜਾ ਰਿਹਾ ਸੀ। ਸੜਕਾਂ ਉੱਤੇ ਤੇਲ ਦੇ ਵੱਡੇ ਵੱਡੇ ਲੈਂਪ ਜਲ ਰਹੇ ਸਨ। ਹਰ ਤਰਫ਼ ਸ਼ਾਂਤੀ ਪਸਰੀ ਸੀ। ਸਿਰਫ ਲੈਂਪਾਂ ਦੇ ਇਰਦਗਿਰਦ ਬਰਫ਼ੰਭੇ ਗਿਰਦੇ ਵਿਖਾਈ ਦੇ ਰਹੇ ਸੀ।

ਯੋਨਾ ਆਪਣੇ ਤਾਂਗੇ ਦੀ ਅਗਲੀ ਸੀਟ ਤੇ ਗੱਠੜੀ ਬਣਿਆ, ਬਿਲਕੁਲ ਅਹਿੱਲ ਬੈਠਾ ਸੀ। ਬਰਫ਼ ਡਿੱਗ ਰਹੀ ਸੀ ਅਤੇ ਇਸ ਦੀ ਹਲਕੀ ਜਿਹੀ ਬਰੀਕ ਤਹਿ ਉਸ ਦੀ ਟੋਪੀ ਅਤੇ ਕੋਟ ਦੀਆਂ ਬਾਂਹਾਂ ਤੇ ਜੰਮਦੀ ਜਾ ਰਹੀ ਸੀ। ਯੋਨਾ ਆਪਣੇ ਆਪ ਵਿੱਚ ਖੋਇਆ, ਸਰਦੀ ਤੇ ਗਿਰਦੀ ਬਰਫ਼ ਤੋਂ ਲਾਪਰਵਾਹ ਸੀ।

ਉਸ ਦੀ ਘੋੜੀ ਦੁਬਲੀ ਸੀ। ਇਹ ਵੀ ਹੁਣ ਪੂਰੀ ਤਰ੍ਹਾਂ ਚਿੱਟੀ ਵਿੱਖ ਰਹੀ ਸੀ। ਇਸ ਨੂੰ ਗ਼ੌਰ ਨਾਲ ਵੇਖਿਆਂ ਲੱਗਦਾ ਸੀ ਕਿ ਜਿਵੇਂ ਉਸ ਨੂੰ ਕੋਈ ਸਖ਼ਤ ਪਰੇਸ਼ਾਨੀ ਹੋਵੇ.. ਉਹ ਡਰੀ ਡਰੀ ਜਿਹੀ ਸੋਚਾਂ ਵਿੱਚ ਡੁੱਬੀ ਰਹਿੰਦੀ ਅਤੇ ਇਸ ਦੇ ਚੱਲਣ ਦੇ ਅੰਦਾਜ਼ ਤੋਂ ਵੀ ਲੱਗਦਾ ਸੀ ਕਿ ਜਿਵੇਂ ਇਸ ਤੇ ਵੱਡਾ ਭਾਰੀ ਬੋਝ ਲੱਦਿਆ ਹੋਵੇ... ਉਹ ਬਹੁਤ ਆਹਿਸਤਾ ਆਹਿਸਤਾ ਚੱਲਦੀ ਸੀ। ਕਮਜ਼ੋਰੀ ਦੇ ਸਬੱਬ ਉਸ ਦੀਆਂ ਪਸਲੀਆਂ ਅਤੇ ਕਮਰ ਦੀਆਂ ਹੱਡੀਆਂ ਬਹੁਤ ਉਭਰ ਆਈਆਂ ਸਨ। ਇਸ ਦੀਆਂ ਟੰਗਾਂ ਬਿਲਕੁਲ ਲੱਕੜੀ ਦੀਆਂ ਲੱਗਦੀਆਂ ਸਨ। ਇਸ ਨੂੰ ਆਉਂਦੇ ਜਾਂਦੇ, ਉਠਦੇ ਬੈਠਦੇ ਵੇਖਕੇ ਦਿਲ ਬੈਠ ਜਿਹਾ ਜਾਂਦਾ ਸੀ। ਕੋਈ ਵੀ ਸ਼ਖਸ ਉਸ ਲਈ ਦਿਲੀ ਹਮਦਰਦੀ ਮਹਿਸੂਸ ਕਰਦਾ ਅਤੇ ਉਸ ਦੀ ਖਾਹਿਸ਼ ਹੁੰਦੀ ਕਿ ਉਹ ਘੋੜੀ ਨੂੰ ਪੁੱਛੇ ਕਿ ਤੇਰੇ ਦਿਲ ਵਿੱਚ ਕੀ ਗ਼ਮ ਲੁੱਕਿਆ ਹੈ। ਮਗਰ ਘੋੜੀ ਤਾਂ ਬੋਲ ਨਹੀਂ ਸਕਦੀ।

ਯੋਨਾ ਦੁਪਹਿਰ ਤੋਂ ਕੁੱਝ ਦੇਰ ਪਹਿਲਾਂ ਤਾਂਗਾ ਜੋੜ ਆਪਣੇ ਅੱਡੇ ਤੋਂ ਨਿਕਲ ਆਇਆ ਸੀ। ਉਹ ਉਸ ਵੇਲੇ ਤੋਂ ਇਸ ਚੌਂਕ ਵਿੱਚ ਖੜਾ ਸੀ ਮਗਰ ਉਸਨੂੰ ਸ਼ਾਮ ਤੱਕ ਕੋਈ ਸਵਾਰੀ ਨਾ ਮਿਲੀ।

ਭਰਾ, ਕੀ ਤਾਂਗਾ ਖ਼ਾਲੀ ਹੈ... ਕੀ ਵਿਬੋਰਗ ਤੱਕ ਚਲੇਂਗਾ,” ਯੋਨਾ ਦੇ ਕੰਨ ਵਿੱਚ ਆਵਾਜ਼ ਪਈ। ਉਹ ਇੱਕ ਝਟਕੇ ਨਾਲ ਉਠ ਬੈਠਾ। ਉਸਨੂੰ ਹਲਕੀ ਜਿਹੀ ਊਂਘ ਆ ਗਈ ਸੀ। ਉਸਨੇ ਆਪਣਾ ਸਿਰ ਚੁੱਕਿਆ, ਵੇਖਿਆ ਇੱਕ ਸ਼ਖਸ ਫ਼ੌਜੀ ਕੋਟ ਪਹਿਨੀਂ ਖੜਾ ਸੀ। ਉਹ ਕੋਈ ਫ਼ੌਜੀ ਅਫ਼ਸਰ ਲੱਗਦਾ ਸੀ।

ਕੀ ਵਿਬੋਰਗ ਤੱਕ ਚਲੇਂਗਾ? ਫ਼ੌਜੀ ਅਫ਼ਸਰ ਨੇ ਦੁਬਾਰਾ ਪੁੱਛਿਆ।

ਯੋਨਾ ਨੇ ਜਲਦੀ ਨਾਲ ਲਗਾਮ ਨੂੰ ਸਿੱਧਾ ਕੀਤਾ। ਬਰਫ਼ ਦੇ ਛੋਟੇ ਛੋਟੇ ਟੁਕੜੇ ਲਗਾਮ ਤੋਂ ਝੜ ਕੇ ਜ਼ਮੀਨ ਤੇ ਜਾ ਗਿਰੇ। ਅਫ਼ਸਰ ਤਾਂਗੇ ਵਿੱਚ ਬੈਠ ਗਿਆ। ਯੋਨਾ ਨੇ ਘੋੜੀ ਨੂੰ ਹੱਕਿਆ। ਘੋੜੀ ਸਰਦੀ ਦੇ ਮਾਰੇ ਗਰਦਨ ਝੁਕਾਈ, ਢਿੱਲੀ ਢਾਲੀ ਖੜੀ ਸੀ। ਉਸਨੇ ਆਪਣੀ ਗਰਦਨ ਸਿੱਧੀ ਕੀਤੀ ਅਤੇ ਆਹਿਸਤਾ ਆਹਿਸਤਾ ਚੱਲਣ ਲੱਗੀ। ਥੋੜ੍ਹੀ ਦੇਰ ਬਾਅਦ ਦੁੜਕੀ ਚਾਲ ਪੈ ਗਈ। ਸ਼ਾਇਦ ਸਰਦੀ ਦੂਰ ਕਰਨ ਦਾ ਇਹੀ ਇੱਕ ਤਰੀਕਾ ਸੀ।

ਉਹ ਇੱਕ ਸੜਕ ਉੱਤੇ ਆ ਗਏ। ਜਿੱਥੇ ਰੋਸ਼ਨੀ ਲਈ ਲੈਂਪ ਨਹੀਂ ਸਨ। ਹਰ ਤਰਫ਼ ਘੁੱਪ ਹਨੇਰ ਸੀ। ਯੋਨਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਤਾਂਗਾ ਕਿਵੇਂ ਸੜਕ ਦੇ ਉੱਤੇ ਰੱਖੇ। ਇੰਨੇ ਵਿੱਚ ਤਾਂਗਾ ਕੁਝ ਵਧੇਰੇ ਹੀ ਹਿੱਲਣ ਲੱਗਿਆ।

ਹਨੇਰੇ ਵਿੱਚ ਆ ਜਾ ਰਹੀ ਭੀੜ ਵਿੱਚੋਂ ਉਸਨੂੰ ਸੁਣਾਈ ਦਿੱਤਾ, ਅਬੇ, ਕੀ ਕਰ ਰਿਹਾ ਹੈਂ, ਜਾਨਵਰ ਕਿਤੇ ਦਾ! ਇਸਨੂੰ ਕਿੱਥੇ ਲੈ ਜਾ ਰਿਹਾ ਹੈਂ, ਮੂਰਖ! ਉਤਾਂਹ ਰੱਖ!“ ਇੱਕ ਜ਼ੋਰ ਦਾ ਝੱਟਕਾ ਲੱਗਿਆ। ਯੋਨਾ ਨੇ ਫ਼ੌਰਨ ਲਗਾਮ ਖਿੱਚ ਲਈ। ਘੋੜੀ ਰੁਕ ਗਈ। ਉਹ ਤਾਂਗੇ ਤੋਂ ਹੇਠਾਂ ਉੱਤਰ ਰਿਹਾ ਸੀ ਕਿ ਅਫ਼ਸਰ ਨੇ ਚਿਲਾਂਦੇ ਹੋਏ ਕਿਹਾ: ਤੈਨੂੰ ਤਾਂਗਾ ਚਲਾਉਣਾ ਨਹੀਂ ਆਉਂਦਾ - ਕੀ ਤੂੰ ਨਸ਼ਾ ਕਰਦਾ ਹੈਂ?“

ਯੋਨਾ ਚੁਪ ਚਾਪ ਤਾਂਗੇ ਤੋਂ ਉਤਰਿਆ ਅਤੇ ਘੋੜੀ ਦੇ ਮੂੰਹ ਦੇ ਕਰੀਬ ਤੋਂ ਲਗਾਮ ਨੂੰ ਫੜਕੇ ਉਸਨੂੰ ਸੜਕ ਉੱਤੇ ਲਿਆਉਣ ਲੱਗਿਆ। ਤਾਂਗਾ ਸੜਕ ਤੋਂ ਉੱਤਰ ਕੇ ਖੱਡਿਆਂ ਵਿੱਚ ਚਲਾ ਗਿਆ ਸੀ। ਅਫ਼ਸਰ ਬੋਲੀ ਜਾ ਰਿਹਾ ਸੀ।


ਇਕ ਤਾਂਗੇ ਵਾਲਾ ਉਸਨੂੰ ਗਾਲ ਕੱਢ ਜਾਂਦਾ ਹੈ; ਸੜਕ ਪਾਰ ਕਰਨ ਵਾਲਾ ਇੱਕ ਪੈਦਲ ਯਾਤਰੀ ਘੋੜੇ ਦੇ ਨੱਕ ਨੂੰ ਆਪਣੇ ਮੋਢੇ ਨਾਲ ਹੁੱਝ ਮਾਰਦੇ ਹੋਏ ਉਸ ਨੂੰ ਗੁੱਸੇ ਨਾਲ ਵੇਖਦਾ ਹੈ ਅਤੇ ਆਪਣੀ ਬਾਂਹ ਤੋਂ ਬਰਫ਼ ਝਾੜਦਾ ਹੈ। ਯੋਨਾ ਬਕਸੇ ਤੇ ਬੈਠਾ ਇਵੇਂ ਹਿੱਲਦਾ ਹੈ ਜਿਵੇਂ ਕਿ ਉਹ ਕੰਡਿਆਂ ਉੱਤੇ ਬੈਠ ਗਿਆ ਹੋਵੇ। ਉਹ ਆਪਣੀਆਂ ਕੂਹਣੀਆਂ ਨੂੰ ਝਟਕਾ ਦਿੰਦਾ ਹੈ, ਅਤੇ ਉਸ ਦੀਆਂ ਅੱਖਾਂ ਇਸ ਤਰਾਂ ਘੁੰਮਦੀਆਂ ਹਨ ਜਿਵੇਂ ਉਸ ਵਿੱਚ ਕੋਈ ਸ਼ੈ ਆਈ ਹੋਵੇ ਤੇ ਇਹ ਨਾ ਜਾਣਦਾ ਹੋਏ ਕਿ ਉਹ ਕਿੱਥੇ ਹੈ ਅਤੇ ਕਿਉਂ ਹੈ।

“ਇਹ ਸਭ ਦੇ ਸਭ ਬਦਮਾਸ਼ ਨੇ!“ ਅਫਸਰ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦਾ ਹੈ। “ਬਸ ਤੁਹਾਡੇ ਵਿੱਚ ਵੱਜਣ ਨੂੰ ਜਾਂ ਘੋੜੇ ਦੇ ਸੁੰਮਾਂ ਹੇਠਾਂ ਆਉਣ ਨੂੰ ਫਿਰਦੇ ਹਨ। ਇਹ ਜਾਣਬੁਝ ਕੇ ਸ਼ਰਾਰਤ ਕਰਦੇ ਨੇ।“ ਯੋਨਾ ਨੇ ਆਪਣੀ ਘੋੜੀ ਦੀ ਤਰਫ਼ ਵੇਖ਼ਿਆ। ਉਹ ਕੁੱਝ ਕਹਿਣਾ ਚਾਹੁੰਦਾ ਸੀ ਮਗਰ ਅਫ਼ਸਰ ਉਸਨੂੰ ਬੋਲਣ ਦਾ ਮੌਕਾ ਹੀ ਨਹੀਂ ਦੇ ਰਿਹਾ ਸੀ। ਯੋਨਾ ਤਾਂਗੇ ਉੱਤੇ ਆ ਬੈਠਾ ਅਤੇ ਤਾਂਗਾ ਫਿਰ ਆਹਿਸਤਾ ਆਹਿਸਤਾ ਚੱਲਣ ਲੱਗਿਆ। ਯੋਨਾ ਕੁੱਝ ਕਹਿਣਾ ਚਾਹੁੰਦਾ ਸੀ ਮਗਰ ਉਸ ਦੇ ਮੂੰਹ ਵਿੱਚੋਂ ਫੂਕ ਜਿਹੀ ਦੇ ਇਲਾਵਾ ਕੁੱਝ ਨਹੀਂ ਨਿਕਲ ਰਿਹਾ ਸੀ। ਕੀ ਕਿਹਾ...? ਅਫ਼ਸਰ ਨੇ ਇਸ ਕਦਰ ਹਕਾਰਤ ਅਤੇ ਬਦਤਮੀਜ਼ੀ ਨਾਲ ਇਹ ਕਿਹਾ ਕਿ ਯੋਨਾ ਅਜੀਬ ਤਰ੍ਹਾਂ ਨਾਲ ਹੱਸਿਆ ਅਤੇ ਬੋਲਿਆ, ਜਨਾਬ, ਮੇਰਾ ਪੁੱਤਰ ...ਇੱਕਲੌਤਾ ਪੁੱਤਰ ..ਇਸ ਹਫ਼ਤੇ ਉਸਦੀ ਮੌਤ ਹੋ ਗਈ ਸੀ। ਅੱਛਾ! ਕਿਵੇਂ ਮੌਤ ਹੋ ਗਈ ਉਹਦੀ?” ਯੋਨਾ ਨੇ ਥੁੱਕ ਨਿਗਲਿਆ ਅਤੇ ਪਿੱਛੇ ਬੈਠੇ ਅਫ਼ਸਰ ਦੀ ਤਰਫ਼ ਥੋੜਾ ਜਿਹਾ ਤਿਰਛਾ ਮੂੰਹ ਕਰਕੇ ਕਿਹਾ, ਪਤਾ ਨਹੀਂ ਉਸਨੂੰ ਕੀ ਹੋਇਆ? ਉਸ ਦੀ ਤਬੀਅਤ ਖ਼ਰਾਬ ਹੋਈ ਅਤੇ ਮੈਂ ਉਸਨੂੰ ਹਸਪਤਾਲ ਲੈ ਗਿਆ। ਉਹ ਉੱਥੇ ਤਿੰਨ ਦਿਨ ਰਿਹਾ ਅਤੇ ਫਿਰ... ਉੱਪਰ ਚਲਾ ਗਿਆ... ਰੱਬ ਦੀ ਮਰਜ਼ੀ... ਕੌਣ ਆਖੇ ਸਾਹਿਬ ਨੂੰ... !! ਬੇਵਕੂਫ਼ ਆਦਮੀ, ਸਾਹਮਣੇ ਵੇਖ... ਤਾਂਗਾ ਵੇਖ ਕਿੱਧਰ ਨੂੰ ਜਾ ਰਿਹਾ ਹੈ। ਹਨੇਰੇ ਚੋਂ ਅਵਾਜ਼ ਆਈ। ਤੇਜ਼ ਚਲ... ਤੇਜ਼... ਇਸ ਤਰ੍ਹਾਂ ਤਾਂ ਅਸੀਂ ਕੱਲ੍ਹ ਤੱਕ ਨਹੀਂ ਪਹੁੰਚ ਸਕਾਂਗੇ। ਅਫ਼ਸਰ ਕਹਿੰਦਾ ਹੈ। ਯੋਨਾ ਫ਼ੌਰਨ ਆਪਣੀ ਗਰਦਨ ਸਿੱਧੀ ਕਰਦਾ ਹੈ। ਉਹ ਤਾਂਗੇ ਵਿੱਚ ਖੜਾ ਹੋ ਜਾਂਦਾ ਹੈ। ਚਾਬੁਕ ਹਵਾ ਵਿੱਚ ਲਹਿਰਾਉਂਦਾ ਹੈ। ਘੋੜੀ ਤੇਜ਼ ਰਫਤਾਰ ਦੌੜਨ ਲੱਗਦੀ ਹੈ। ਯੋਨਾ ਕਈ ਦਫਾ ਅਫ਼ਸਰ ਦੀ ਤਰਫ਼ ਵੇਖਦਾ ਹੈ , ਪਰ ਉਸ ਅਫਸਰ ਨੇ ਹੁਣ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਸਾਫ਼ ਲੱਗ ਰਿਹਾ ਹੈ ਕਿ ਉਹ ਇਸ ਸਮੇਂ ਕੁੱਝ ਵੀ ਸੁਣਨਾ ਨਹੀਂ ਚਾਹੁੰਦਾ। ਯੋਨਾ ਅਫ਼ਸਰ ਨੂੰ ਵਿਬੋਰਗ ਵਿੱਚ ਜਾ ਉਤਾਰਦਾ ਹੈ। ਤਾਂਗਾ ਇੱਕ ਢਾਬੇ ਕੋਲ ਖੜਾ ਕਰਦਾ ਹੈ ਅਤੇ ਫਿਰ ਤਾਂਗੇ ਉੱਤੇ ਕੁੰਗੜ ਕੇ ਬੈਠਦਾ ਹੈ। ਕਰੀਬ ਦੋ ਘੰਟੇ ਦੇ ਬਾਅਦ, ਤਾਂਗੇ ਦੇ ਕੋਲ ਉਦੋਂ ਫੁਟਪਾਥ ਉੱਤੇ ਰਬੜ ਦੀਆਂ ਜੁੱਤੀਆਂ ਦੀ ਚੀਂ ਚੀਂ ਦੀ ਆਵਾਜ਼ ਹੁੰਦੀ ਹੈ। ਤਿੰਨ ਮੁੰਡੇ ਆਪੋ ਵਿੱਚ ਝਗੜਦੇ ਹੋਏ ਉੱਥੇ ਆਉਂਦੇ ਹਨ। ਉਨ੍ਹਾਂ ਵਿੱਚੋਂ ਦੋ ਲੰਬੇ ਅਤੇ ਦੁਬਲੇ-ਪਤਲੇ ਹਨ ਜਦੋਂ ਕਿ ਤੀਜਾ ਥੋੜ੍ਹਾ ਕੁੱਬਾ ਅਤੇ ਮਧਰੇ ਕੱਦ ਦਾ ਹੈ।

ਓ ਤਾਂਗੇ ਵਾਲੇ! ਪੁਲਿਸ ਬ੍ਰਿਜ ਚਲੇਂਗਾ ਕੀ? ਕੁੱਬਾ ਮੁੰਡਾ ਭਰੜਾਈ ਆਵਾਜ਼ ਵਿੱਚ ਪੁੱਛਦਾ ਹੈ। ਅਸੀਂ ਤੈਨੂੰ ਵੀਹ ਕੋਪੇਕ ਦੇਵਾਂਗੇ। ਪੈਸੇ ਖ਼ਾਸੇ ਘੱਟ ਸਨ ਮਗਰ ਯੋਨਾ ਸੋਚਦਾ ਹੈ ਚਲੋ, ਸਵਾਰੀ ਤਾਂ ਮਿਲੀ। ਉਹ ਸਿਰ ਹਿਲਾਉਂਦਾ ਹੈ। ਤਿੰਨੋਂ ਨੌਜਵਾਨ ਇੱਕ ਦੂਜੇ ਨੂੰ ਧੱਕੇ ਮਾਰਦੇ ਤਾਂਗੇ ਤੇ ਚੜ੍ਹ ਸੀਟ ਮੱਲਣ ਲੱਗ ਪੈਂਦੇ ਹਨ। ਸਵਾਲ ਖੜ੍ਹਾ ਹੋ ਗਿਆ: ਕੌਣ ਕੌਣ ਬੈਠੇਗਾ ਅਤੇ ਕਿਹੜਾ ਇੱਕ ਜਣਾ ਖੜ੍ਹੇਗਾ? ਲੰਮੇ ਝਗੜੇ, ਗਾਲੀ ਗਲੋਚ ਅਤੇ ਧੱਕਾ ਮੁੱਕੀ ਤੋਂ ਬਾਅਦ ਉਹ ਫੈਸਲਾ ਕਰਦੇ ਹਨ ਕਿ ਕੁੱਬੇ ਨੂੰ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਭ ਤੋਂ ਛੋਟਾ ਹੈ। ਚਲ ਬਈ ਹੁਣ! ਯੋਨਾ ਦੀ ਧੌਣ ਤੇ ਸਾਹ ਛੱਡਦੇ ਹੋਏ ਕੁੱਬਾ ਕਹਿੰਦਾ ਹੈ। ਯੋਨਾ ਲਗਾਮ ਖਿਚਦਾ ਹੈ ਅਤੇ ਘੋੜੀ ਤੁਰ ਪੈਂਦੀ ਹੈ। ਯਾਰ ਕੋਚਵਾਨ, ਤੂੰ ਇਹ ਟੋਪੀ ਕਿਥੋਂ ਮਾਰ ਲਈ? ਇਸ ਨਾਲੋਂ ਭੈੜੀ ਟੋਪੀ ਤਾਂ ਸਾਰੇ ਪੀਟਰਸਬਰਗ ਵਿੱਚੋਂ ਨਹੀਂ ਲਭਣੀ ..।” ਸਭ ਕਹਿਕਹੇ ਲਗਾਉਂਦੇ ਉਸ ਦੀ ਟੋਪੀ ਨੂੰ ਦੇਖਦੇ ਹਨ। ਹੀ..ਹੀ..ਹੀ, ਬਸ ਗੁਜ਼ਾਰਾ ਹੀ ਕਰਨਾ ਹੈ...,” ਯੋਨਾ ਕਹਿੰਦਾ ਹੈ। ਅੱਛਾ ਭਰਾ, ਜ਼ਰਾ ਜਲਦੀ ਕਰ, ਕੀ ਸਾਰੇ ਰਸਤੇ ਤੂੰ ਇਸੇ ਢੀਚਕ ਰਫਤਾਰ ਨਾਲ ਚੱਲੇਂਗਾ? ਕਿਉਂ ਨਾ ਤੇਰੀ ਧੌਣ ਤੇ ਇੱਕ ਜੜ ਦਿੱਤੀ ਜਾਵੇ! ਦਰਦ ਦੇ ਮਾਰੇ ਮੇਰਾ ਤਾਂ ਸਿਰ ਫੱਟਿਆ ਜਾ ਰਿਹਾ ਹੈ,” ਉਨ੍ਹਾਂ ਵਿਚੋਂ ਇੱਕ ਲੰਮਾ ਮੁੰਡਾ ਕਹਿੰਦਾ ਹੈ। ਕੱਲ ਰਾਤ ਦੋਕਮਾਸੋਵਾਂ ਦੇ ਘਰ ਮੈਂ ਅਤੇ ਵਾਸਕਾ ਨੇ ਕੋਗਨਾਕ ਦੀਆਂ ਪੂਰੀਆਂ ਚਾਰ ਬੋਤਲਾਂ ਚੜ੍ਹਾ ਲਈਆਂ। ਸਮਝ ਨਹੀਂ ਆਉਂਦੀ ਕਿ ਤੂੰ ਇੰਨਾ ਝੂਠ ਕਿਉਂ ਬੋਲਦਾ ਹੈਂ?” ਦੂਜਾ ਲੰਬਾ ਮੁੰਡਾ ਗ਼ੁੱਸੇ ਵਿੱਚ ਬੋਲਿਆ। ”ਨਿਰਾ ਡੰਗਰ ਹੈਂ ਤੂੰ।” ਰੱਬ ਦੀ ਸਹੁੰ! ਮੈਂ ਸੱਚ ਕਹਿ ਰਿਹਾ ਹਾਂ! ਹਾਂ, ਹਾਂ, ਕਿਉਂ ਨਹੀਂ! ਤੇਰੀ ਗੱਲ ਓਨੀ ਹੀ ਸੱਚੀ ਹੈ ਜਿੰਨੀ ਕਿ ਜੂੰ ਨੂੰ ਖੰਗ ਛਿੜ ਪਈ”! “ਹੀ-ਹੀ!“ ਯੋਨਾ ਹੱਸਦਾ ਹੈ, “ਭਲੇ ਲੋਕ!“ ਓਏ, ਭਾੜ ਵਿੱਚ ਜਾਏਂ ਤੂੰ! ਕੁੱਬਾ ਭੜਕ ਗਿਆ। ਸਾਨੂੰ ਕਦੋਂ ਤੱਕ ਪਹੁੰਚਾਏਂਗਾ? ਤਾਂਗਾ ਹੱਕਣ ਦਾ ਇਹ ਕਿਹੜਾ ਤਰੀਕਾ ਹੈ? ਕਦੇ ਚਾਬੁਕ ਦਾ ਇਸਤੇਮਾਲ ਵੀ ਕਰ ਲਿਆ ਕਰ, ਬੁੱਧੂ! ਜਰਾ ਜ਼ੋਰ ਨਾਲ ਚਾਬੁਕ ਚਲਾ, ਸਮਝਿਆ! ਆਪਣੀ ਪਿੱਠ ਪਿੱਛੇ ਯੋਨਾ ਕੁੱਬੇ ਦੇ ਹੁਝਕੇ ਜਿਹੇ ਮਹਿਸੂਸ ਕਰਦਾ ਹੈ ਅਤੇ ਉਸਦੀ ਕੰਬਦੀ ਆਵਾਜ਼ ਸੁਣਦਾ ਹੈ। ਉਹ ਖ਼ੁਦ ਨੂੰ ਕੱਢੀ ਗਾਲ ਸੁਣਦਾ ਹੈ, ਉਹ ਉਨ੍ਹਾਂ ਲੋਕਾਂ ਨੂੰ ਦੇਖਦਾ ਹੈ ਅਤੇ ਇਕੱਲ ਦੀ ਭਾਵਨਾ ਉਸ ਦੇ ਦਿਲ ਤੇ ਤਾਰੀ ਹੁੰਦੀ ਲੱਗਦੀ ਹੈ। ਕੁੱਬਾ ਫਿਰ ਗਾਲਾਂ ਬਕਣ ਲਗਦਾ ਹੈ। ਗੰਦੇ ਗੰਦੇ ਵਿਸ਼ੇਸ਼ਣ ਵਰਤਦੇ ਹੋਏ ਉਸਨੂੰ ਖਾਂਸੀ ਛਿੜ ਪੈਂਦੀ ਹੈ। ਲੰਬੇ ਮੁੰਡਿਆਂ ਵਿੱ ਚੋਂ ਇੱਕ ਨੇ ਨਾਦੇਜਦਾ ਪੇਤਰੋਵਨਾ ਨਾਮ ਦੀ ਕੁੜੀ ਬਾਰੇ ਗੱਲ ਛੇੜ ਲਈ ਹੈ। ਯੋਨਾ ਉਨ੍ਹਾਂ ਤੇ ਝਾਤ ਮਾਰਦਾ ਹੈ ਅਤੇ ਕੁਝ ਕਹਿਣ ਲਈ ਮੌਕੇ ਦੀ ਤਾਕ ਵਿੱਚ ਹੈ। ਉਹ ਇੱਕ ਵਾਰ ਫਿਰ ਪਿਛੇ ਵੇਖਦਾ ਹੈ ਅਤੇ ਕਹਿੰਦਾ ਹੈ: “ਇਸ ਹਫ਼ਤੇ... ਮੇਰਾ ਮੇਰਾ ਪੁੱਤਰ ਮਰ ਗਿਆ!“

ਅਸੀਂ ਸਾਰਿਆਂ ਨੇ ਹੀ ਇੱਕ ਦਿਨ ਮਰ ਜਾਣਾ ਹੈ। ਕੁੱਬੇ ਨੇ ਠੰਡਾ ਸਾਹ ਭਰਿਆ ਅਤੇ ਖੰਘਣ ਦੇ ਬਾਅਦ ਬੁੱਲ੍ਹ ਪੂੰਝ ਕੇ ਕਹਿੰਦਾ ਹੈ: ਓਏ, ਜਰਾ ਜਲਦੀ ਹੱਕ...ਖ਼ੂਬ ਤੇਜ਼! ਦੋਸਤੋ, ਮੈਂਨੂੰ ਇਹ ਰੀਂਗਣਾ ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਇਹ ਸਾਨੂੰ ਕਦੋਂ ਪਹੁੰਚਾਏਗਾ?” ਯਾਰ, ਇਸ ਦੀ ਧੌਣ ਤੇ ਸੁੱਟ ਇੱਕ,” ਕੋਈ ਕਹਿੰਦਾ ਹੈ। ਅਸੀਂ ਲੋਕ ਖ਼ਾਹ-ਮਖ਼ਾਹ ਆਪਣਾ ਸਿਰ ਖਪਾ ਰਹੇ ਹਾਂ... ਇਸ ਕੋਚਵਾਨ ਤੇ ਤਾਂ ਕੁੱਝ ਅਸਰ ਹੀ ਨਹੀਂ ਹੋ ਰਿਹਾ…ਤੈਨੂੰ ਸੁਣਦਾ ਨਹੀਂ ਬੁਢਿਆ, ਤੇਰੇ ਨਖ਼ਰੇ ਝੱਲਣ ਨਾਲੋਂ ਤਾਂ ਚੰਗਾ ਬੰਦਾ ਪੈਦਲ ਚਲਾ ਜਾਵੇ...ਮੈਂ ਤੈਨੂੰ ਕਰਦਾਂ ਤੇਜ਼..।” ਦੂਸਰਾ ਕਹਿੰਦਾ ਹੈ। ਅਤੇ ਯੋਨਾ ਨੂੰ ਆਪਣੀ ਧੌਣ ਤੇ ਵੱਜਿਆ ਧੱਪੜ ਮਹਿਸੂਸ ਨਹੀਂ ਹੁੰਦਾ ਸਗੋਂ ਇਸ ਦੀ ਆਵਾਜ਼ ਸੁਣਾਈ ਦਿੰਦੀ ਹੈ। “ਹੀ..ਹੀ..,” ਯੋਨਾ ਖਿਸਿਆਣੀ ਜਿਹੀ ਹਾਸੀ ਹੱਸਦਾ ਹੈ... “ਤੁਸੀਂ ਚੰਗੇ ਰੰਗੀਲੇ ਨੌਜਵਾਨ ਹੋ। ਰੱਬ ਤੁਹਾਨੂੰ ਸਦਾ ਤਕੜੇ ਰੱਖੇ...” ਅਗਲੀ ਸੀਟ ਉੱਤੇ ਬੈਠੇ ਲੰਬੇ ਨੌਜਵਾਨਾਂ ਵਿੱਚੋਂ ਇੱਕ ਪੁੱਛਦਾ ਹੈ, ਕੋਚਵਾਨ, ਕੀ ਤੇਰਾ ਵਿਆਹ ਹੋ ਗਿਆ ਹੈ? “ਸਾਹਿਬ, ਮੇਰੀ ਪਤਨੀ ਤਾਂ ਹੁਣ ਰੋ ਰੋ ਕੇ ਮਰਨਹਾਰ ਹੈ. . . . ਉਹੋ-ਹੋ-ਹੋ !.. .ਅਰਥਾਤ ਨਿਰੀ ਕਬਰ! ਮੇਰਾ ਇੱਕ ਪੁੱਤਰ ਸੀ। ਉਹ ਭਲਾ-ਚੰਗਾ ਸੀ। ਪਿਛਲੇ ਹਫ਼ਤੇ ਉਹ ਮਰ ਗਿਆ। ਸਮਝ ਗਏ ਨਾ... ਮੌਤ ਰਾਣੀ ਆਈ ਗ਼ਲਤ ਬੂਹੇ ਤੇ ਦਸਤਕ ਦੇ ਬੈਠੀ ਅਤੇ ਉਸ ਮਾਸੂਮ ਨੂੰ ਲੈ ਕੇ ਤੁਰ ਗਈ। ਉਸ ਦੀ ਬਜਾਏ ਮੈਨੂੰ ਲੈ ਕੇ ਜਾਣਾ ਸੀ। ਯੋਨਾ ਆਪਣੇ ਬੇਟੇ ਦੀ ਮੌਤ ਬਾਰੇ ਗੱਲ ਸ਼ੁਰੂ ਕਰ ਦਿੰਦਾ ਹੈ। ਅਤੇ ਯੋਨਾ ਉਨ੍ਹਾਂ ਨੂੰ ਇਹ ਦੱਸਣ ਲਈ ਮੂੰਹ ਪਿੱਛੇ ਕਰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਕਿਵੇਂ ਹੋਈ ਕਿ ਪਿਛਲੀ ਸੀਟ ਤੇ ਬੈਠਾ ਕੁੱਬਾ, ਸੁੱਖ ਦਾ ਸਾਹ ਲੈਂਦੇ ਹੋਏ ਕਹਿੰਦਾ ਹੈ, 'ਲਓ ਜੀ, ਸ਼ੁਕਰ ਰੱਬ ਦਾ, ਪਹੁੰਚ ਹੀ ਗਏ ਆਪਾਂ... !! ਇਨ੍ਹਾਂ ਮੁੰਡਿਆਂ ਕੋਲੋਂ ਯੋਨਾ ਵੀਹ ਕੌਪਕ ਲੈਕੇ ਦੇਰ ਤੱਕ ਉਨ੍ਹਾਂ ਨੂੰ ਜਾਂਦੇ ਹੋਏ ਦੇਖਦਾ ਰਹਿੰਦਾ ਹੈ ਅਤੇ ਜਦੋਂ ਉਹ ਸੜਕ ਦੇ ਕੰਢੇ ਇੱਕ ਹਨੇਰੀ ਗਲੀ ਵਿੱਚ ਅੱਖਾਂ ਤੋਂ ਓਝਲ ਹੋ ਜਾਂਦੇ ਹਨ, ਯੋਨਾ ਫਿਰ ਇਕੱਲਾ ਰਹਿ ਜਾਂਦਾ ਹੈ...ਉਸਨੇ ਆਪਣੇ ਬੇਟੇ ਦੀ ਮੌਤ ਦੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਅਤੇ ਉਸ ਦਾ ਦਿਲ ਵੀ ਜ਼ਰਾ ਕੁ ਹਲਕਾ ਹੋ ਗਿਆ ਸੀ। ਪਰ ਉਹ ਹੋਰ ਵੀ ਗੱਲਾਂ ਕਰਨਾ ਚਾਹੁੰਦਾ ਸੀ... ਉਸ ਦਾ ਦਿਲ ਹੁਣ ਹੋਰ ਵੀ ਭਾਰੀ ਹੋਣ ਲੱਗਦਾ ਹੈ। ਉਸ ਦੇ ਇਰਦ ਗਿਰਦ ਕਈ ਲੋਕ ਆ ਜਾ ਰਹੇ ਹਨ। ਯੋਨਾ ਆਲੇ ਦੁਆਲੇ ਹਜ਼ਾਰਾਂ ਦੀ ਭੀੜ ਤੇ ਪੀੜ ਭਰੀ ਨਜ਼ਰ ਸੁੱਟਦਾ ਹੈ। ਉਹ ਸੋਚਦਾ ਹੈ ਇੰਨੇ ਸਾਰੇ ਲੋਕਾਂ ਵਿੱਚ ਕੋਈ ਵੀ ਅਜਿਹਾ ਨਹੀਂ ਜੋ ਉਸ ਦੇ ਗ਼ਮ ਨੂੰ ਸੁਣੇ, ਉਸ ਨੂੰ ਹਮਦਰਦੀ ਦੇ ਦੋ ਬੋਲ ਕਹੇ। ਉਸ ਦੀ ਬਿਪਤਾ ਦਾ ਕੋਈ ਅੰਤ ਨਹੀਂ, ਹੱਦਾਂ ਤੋਂ ਪਰੇ ਹੈ। ਜੇ ਯੋਨਾ ਦਾ ਦਿਲ ਪਾਟ ਜਾਂਦਾ ਅਤੇ ਉਸ ਦਾ ਦਰਦ ਬਾਹਰ ਨਿਕਲ ਵਹਿ ਤੁਰਦਾ, ਤਾਂ ਸਾਰੇ ਜੱਗ ਵਿੱਚ ਹੜ੍ਹ ਆ ਜਾਂਦਾ, ਅਜਿਹਾ ਲਗਦਾ ਸੀ। ਪਰ ਫਿਰ ਵੀ ਦਿਖਾਈ ਨਹੀਂ ਦਿੰਦਾ ਸੀ। ਇਸ ਪੀੜ ਨੇ ਅਜਿਹੇ ਨਿਗੂਣੇ ਜਿਹੇ ਖੋਲ ਵਿੱਚ ਲੁਕਣ ਦੀ ਜਗ੍ਹਾ ਲੱਭ ਲਈ ਸੀ ਜਿਸ ਨੂੰ ਦਿਨੇ ਮੋਮਬੱਤੀ ਨਾਲ ਵੀ ਭਾਲਣਾ ਸੰਭਵ ਨਹੀਂ ਸੀ। ਯੋਨਾ ਨੇ ਇੱਕ ਸ਼ਖਸ ਨੂੰ ਤਾਂਗੇ ਦੇ ਕੋਲ ਆਉਂਦੇ ਵੇਖਿਆ। ਇਹ ਕੋਈ ਕੁੱਲੀ ਸੀ। ਯੋਨਾ ਨੇ ਸੋਚਿਆ, ਉਹ ਉਸ ਨਾਲ ਗੱਲ ਕਰੇ। ਭਰਾ ਕੀ ਵਕਤ ਹੋਇਆ ਹੈ? ਦਸ ਵਜੇ ਹਨ... ਪਰ ਤੂੰ ਇਸ ਜਗ੍ਹਾ ਕਿਉਂ ਖੜਾ ਹੈਂ? ਆਪਣਾ ਤਾਂਗਾ ਤੋਰ ਲੈ...“ ਕੁੱਲੀ ਨੇ ਜਵਾਬ ਦਿੱਤਾ। ਯੋਨਾ ਨੇ ਤਾਂਗੇ ਨੂੰ ਤੋਰ ਲਿਆ। ਕੁੱਝ ਫ਼ਾਸਲੇ ਉੱਤੇ ਤਾਂਗਾ ਰੋਕਿਆ। ਉਸਨੂੰ ਲੱਗਿਆ ਕਿ ਲੋਕਾਂ ਕੋਲ ਵਾਸਤੇ ਪਾਉਣ ਦਾ ਕੋਈ ਲਾਭ ਨਹੀਂ। ਉਹ ਆਪਣੇ ਆਪ ਨੂੰ ਦੂਹਰਾ ਕਰਕੇ, ਗਰਦਨ ਝੁਕਾ ਕੇ ਬੈਠ ਗਿਆ। ਉਸਨੂੰ ਮਹਿਸੂਸ ਹੋਇਆ, ਉਸ ਦੇ ਢਿੱਡ ਵਿੱਚ ਮਰੋੜ ਉਠ ਰਹੇ ਹਨ। ਉਸਨੇ ਆਪਣੇ ਆਪ ਨੂੰ ਸਿੱਧਾ ਕੀਤਾ; ਲਗਾਮ ਖਿਚੀ। ਉਸਨੇ ਦਿਲ ਵਿੱਚ ਕਿਹਾ, ਹੁਣ ਆਪਣੇ ਠੱਡੇ ਤੇ ਚੱਲਣਾ ਚਾਹੀਦਾ ਹੈ। ਉਸਦੀ ਘੋੜੀ ਜਿਵੇਂ ਸਭ ਕੁੱਝ ਸਮਝ ਕੇ ਦੁੜਕੀ ਚਾਲ ਚਲਣ ਲੱਗਦੀ ਹੈ...। ਲੱਗਪੱਗ ਡੇਢ ਘੰਟੇ ਬਾਅਦ ਯੋਨਾ ਇੱਕ ਬਹੁਤ ਵੱਡੇ ਗੰਦੇ ਜਿਹੇ ਸਟੋਵ ਦੇ ਕੋਲ ਬੈਠਾ ਹੋਇਆ ਹੈ। ਸਟੋਵ ਦੇ ਆਲੇ ਦੁਆਲੇ ਜ਼ਮੀਨ ਅਤੇ ਬੈਂਚਾਂ ਤੇ ਬਹੁਤ ਸਾਰੇ ਲੋਕ ਘੁਰਾੜੇ ਮਾਰ ਰਹੇ ਹਨ। ਹਵਾ ਵਿੱਚ ਗੰਧ ਅਤੇ ਹੁੰਮਸ ਭਰੀ ਹੈ। ਯੋਨਾ ਸੁੱਤੇ ਹੋਏ ਲੋਕਾਂ ਵੱਲ ਵੇਖਦੇ ਹੋਏ ਆਪਣੇ ਆਪ ਨੂੰ ਖੁਰਕਦਾ ਹੈ ... ਉਸਨੂੰ ਅਫਸੋਸ ਹੁੰਦਾ ਹੈ ਕਿ ਉਹ ਇੰਨੀ ਜਲਦੀ ਕਿਉਂ ਚਲਾ ਆਇਆ… ਅੱਜ ਤਾਂ ਮੈਂ ਘੋੜੇ ਦੇ ਦਾਣੇ ਜੋਗਾ ਵੀ ਨਹੀਂ ਕਮਾਇਆ - ਯੋਨਾ ਆਪਣੇ ਖ਼ਿਆਲਾਂ ਵਿੱਚ ਗੁੰਮ ਸੋਚ ਰਿਹਾ ਸੀ। ਇੰਨੇ ਵਿੱਚ ਇੱਕ ਕੋਨੇ ਵਲੋਂ ਇੱਕ ਕੋਚਵਾਨ ਉੱਠਿਆ। ਉਹ ਨੀਂਦ ਵਿੱਚ ਹੀ ਪਾਣੀ ਦੇ ਬਰਤਨ ਦੀ ਤਰਫ਼ ਵਧਿਆ। ਪਿਆਸ ਲੱਗ ਰਹੀ ਹੈ ਕੀ? ਯੋਨਾ ਨੇ ਪੁੱਛਿਆ। ਇਹ ਵੀ ਕੋਈ ਪੁੱਛਣ ਦੀ ਗੱਲ ਹੈ?

ਓ ਨਹੀਂ, ਦੋਸਤ! ਤੇਰਾ ਭਲਾ ਹੋਵੇ! ਪਰ ਮੇਰਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ... ਸੁਣਿਆ ਕੀ? ਇਸ ਹਫਤੇ ... ਹਸਪਤਾਲ ਵਿੱਚ... ਲੰਮੀ ਕਹਾਣੀ ਹੈ।“

ਯੋਨਾ ਆਪਣੇ ਕਹੇ ਦਾ ਅਸਰ ਵੇਖਣਾ ਚਾਹੁੰਦਾ ਹੈ ਪਰ ਉਸ ਨੂੰ ਕੁੱਝ ਨਜ਼ਰ ਨਹੀਂ ਆਉਂਦਾ। ਉਸ ਜਵਾਨ ਨੇ ਆਪਣਾ ਚਿਹਰਾ ਢੱਕ ਲਿਆ ਅਤੇ ਦੁਬਾਰਾ ਡੂੰਘੀ ਨੀਂਦ ਸੌਂ ਗਿਆ। ਬੁੱਢਾ ਇੱਕ ਲੰਮਾ ਸਾਹ ਲੈ ਕੇ ਆਪਣਾ ਬਦਨ ਖੁਰਕਦਾ ਹੈ। ਜਿਸ ਤਰ੍ਹਾਂ ਇਹ ਨੌਜਵਾਨ ਪਾਣੀ ਲਈ ਤਿਹਾਇਆ ਸੀ, ਉਸੇ ਤਰ੍ਹਾਂ ਉਹ ਦੁੱਖ ਦੱਸਣ ਲਈ ਤਰਸਿਆ ਪਿਆ ਸੀ। ਉਸਦੇ ਬੇਟੇ ਨੂੰ ਮਰੇ ਇੱਕ ਹਫ਼ਤਾ ਹੋ ਚੱਲਿਆ ਸੀ ਪਰ ਇਸ ਬਾਰੇ ਉਹ ਕਿਸੇ ਨਾਲ ਵੀ ਠੀਕ ਤਰ੍ਹਾਂ ਗੱਲ ਨਹੀਂ ਕਰ ਸਕਿਆ। ਬਹੁਤ ਹੌਲੀ-ਹੌਲੀ ਅਤੇ ਬੜੇ ਧਿਆਨ ਨਾਲ ਹੀ ਇਹ ਸਭ ਦੱਸਿਆ ਜਾ ਸਕਦਾ ਹੈ ਕਿ ਕਿਵੇਂ ਉਸਦਾ ਪੁੱਤਰ ਬੀਮਾਰ ਪਿਆ, ਕਿਵੇਂ ਉਸਨੇ ਦੁੱਖ ਭੋਗਿਆ, ਮਰਨ ਤੋਂ ਪਹਿਲਾਂ ਉਸਨੇ ਕੀ ਕਿਹਾ ਅਤੇ ਕਿਵੇਂ ਉਸਨੇ ਦਮ ਤੋੜ ਦਿੱਤਾ। ਦਫਨ ਦੇ ਵਕਤ ਦੀ ਇੱਕ ਇੱਕ ਗੱਲ ਦੱਸਣੀ ਵੀ ਜ਼ਰੂਰੀ ਹੈ ਅਤੇ ਇਹ ਵੀ ਕਿ ਉਸਨੇ ਕਿਵੇਂ ਹਸਪਤਾਲ ਜਾ ਕੇ ਬੇਟੇ ਦੇ ਕੱਪੜੇ ਲਏ। ਉਸ ਸਮੇਂ ਉਸਦੀ ਧੀ ਅਨੀਸਿਆ ਪਿੰਡ ਵਿੱਚ ਹੀ ਸੀ। ਉਸਦੇ ਬਾਰੇ ਵੀ ਦੱਸਣਾ ਜ਼ਰੂਰੀ ਹੈ। ਉਸਦੇ ਕੋਲ ਦੱਸਣ ਲਈ ਇੰਨਾ ਕੁੱਝ ਹੈ। ਸੁਣਨ ਵਾਲਾ ਜ਼ਰੂਰ ਇੱਕ ਲੰਮੀ ਸਾਹ ਲਵੇਗਾ ਅਤੇ ਉਸ ਨਾਲ ਹਮਦਰਦੀ ਜਤਾਏਗਾ। ਔਰਤਾਂ ਨਾਲ ਗੱਲ ਕਰਨਾ ਵੀ ਅੱਛਾ ਹੈ, ਹਾਲਾਂਕਿ ਉਹ ਮੂਰਖ ਹੁੰਦੀਆਂ ਹਨ। ਉਨ੍ਹਾਂ ਨੂੰ ਰੁਆ ਦੇਣ ਲਈ ਤਾਂ ਭਾਵੁਕਤਾ ਭਰੇ ਦੋ ਸ਼ਬਦ ਹੀ ਕਾਫ਼ੀ ਹੁੰਦੇ ਹਨ।

ਚਲੋ... ਜਰਾ ਆਪਣੀ ਘੋੜੀ ਨੂੰ ਵੇਖ ਲਾਂ - ਯੋਨਾ ਸੋਚਦਾ ਹੈ। ਸੌਣ ਲਈ ਤਾਂ ਬਥੇਰਾ ਵਕਤ ਹੈ। ਉਸਦੀ ਕੀ ਪਰਵਾਹ!

ਉਹ ਆਪਣਾ ਕੋਟ ਪਹਿਨ ਕੇ ਅਸਤਬਲ ਵਿੱਚ ਆਪਣੀ ਘੋੜੀ ਦੇ ਕੋਲ ਜਾਂਦਾ ਹੈ। ਨਾਲ ਹੀ ਉਹ ਦਾਣਾ, ਸੁੱਕਾ ਘਾਹ ਅਤੇ ਮੌਸਮ ਦੇ ਬਾਰੇ ਸੋਚਦਾ ਰਹਿੰਦਾ ਹੈ। ਜਦੋਂ ਉਹ ਇਕੱਲਾ ਹੁੰਦਾ ਹੈ ਤਾਂ ਉਹ ਆਪਣੇ ਬੇਟੇ ਬਾਰੇ ਸੋਚਣ ਦੀ ਹਿੰਮਤ ਨਹੀਂ ਕਰ ਸਕਦਾ….ਇਸ ਬਾਰੇ ਕਿਸੇ ਨਾਲ ਗੱਲ ਕਰਨਾ ਸੰਭਵ ਹੈ, ਪਰ ਉਸ ਬਾਰੇ ਸੋਚਣਾ ਅਤੇ ਉਸ ਨੂੰ ਚਿਤਾਰਨਾ ਉਸ ਲਈ ਅਸਹਿ ਦੁੱਖ ਹੈ...

ਕੀ ਤੂੰ ਚਾਰਾ ਖਾ ਰਹੀ ਹੈਂ? ਯੋਨਾ ਆਪਣੀ ਘੋੜੀ ਨੂੰ ਪੁੱਛਦਾ ਹੈ ... ਉਹ ਘੋੜੀ ਦੀਆਂ ਚਮਕਦੀਆਂ ਅੱਖਾਂ ਵੇਖਕੇ ਕਹਿੰਦਾ ਹੈ, ਠੀਕ ਹੈ, ਦੱਬ ਕੇ ਖਾ। ਹਾਲਾਂਕਿ ਅਸੀਂ ਅੱਜ ਆਪਣੇ ਦਾਣੇ ਜੋਗਾ ਨਹੀਂ ਕਮਾ ਸਕੇ, ਪਰ ਕੋਈ ਗੱਲ ਨਹੀਂ। ਅਸੀਂ ਸੁੱਕਾ ਘਾਹ ਖਾ ਸਕਦੇ ਹਾਂ। ਹਾਂ, ਇਹ ਸੱਚ ਹੈ। ਮੈਂ ਹੁਣ ਬੁੱਢਾ ਹੋ ਗਿਆ ਹਾਂ ...ਤਾਂਗਾ ਵਾਹੁਣ ਜੋਗਾ ਨਹੀਂ....ਮੇਰਾ ਪੁੱਤਰ ਵਾਹ ਸਕਦਾ ਸੀ। ਕਿੰਨਾ ਸ਼ਾਨਦਾਰ ਕੋਚਵਾਨ ਸੀ, ਮੇਰਾ ਪੁੱਤਰ। ਕਾਸ਼, ਉਹ ਜਿੰਦਾ ਹੁੰਦਾ!

ਇੱਕ ਪਲ ਲਈ ਯੋਨਾ ਚੁੱਪ ਹੋ ਜਾਂਦਾ ਹੈ। ਫਿਰ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦਾ ਹੈ, ਹਾਂ, ਮੇਰੀ ਪਿਆਰੀ, ਪੁਰਾਣੀ ਦੋਸਤ। ਇਹੀ ਸੱਚ ਹੈ। ਕੁਜਮਾ ਯੋਨਿਚ ਹੁਣ ਨਹੀਂ ਰਿਹਾ। ਉਹ ਸਾਨੂੰ ਜੀਣ ਲਈ ਛੱਡਕੇ ਚਲਾ ਗਿਆ। ਸੋਚੋ ਤਾਂ ਜਰਾ, ਤੇਰਾ ਇੱਕ ਵਛੇਰਾ ਹੋਵੇ, ਤੂੰ ਉਸਦੀ ਮਾਂ ਹੋਵੇਂ ਅਤੇ ਅਚਾਨਕ ਉਹ ਵਛੇਰਾ ਤੈਨੂੰ ਆਪਣੇ ਬਾਅਦ ਜੀਣ ਲਈ ਛੱਡਕੇ ਚੱਲ ਬਸੇ। ਕਿੰਨਾ ਦੁੱਖ ਪਹੁੰਚੇਗਾ ਤੈਨੂੰ, ਹੈਂ ਨਾ?

ਉਸਦੀ ਛੋਟੀ-ਜਿਹੀ ਘੋੜੀ ਆਪਣੇ ਮਾਲਿਕ ਦੇ ਹੱਥ ਉੱਤੇ ਸਾਹ ਛੱਡਦੀ ਹੈ, ਉਸਦੀ ਗੱਲ ਸੁਣਦੀ ਹੈ ਅਤੇ ਉਸ ਦੇ ਹੱਥ ਨੂੰ ਚੱਟਦੀ ਹੈ। ਆਪਣੇ ਦੁੱਖ ਦੇ ਬੋਝ ਹੇਠ ਦਬਿਆ ਹੋਇਆ ਯੋਨਾ ਉਸ ਛੋਟੀ-ਜਿਹੀ ਘੋੜੀ ਨੂੰ ਆਪਣੀ ਸਾਰੀ ਕਹਾਣੀ ਸੁਣਾਉਂਦਾ ਹੈ।