ਆਕਾਸ਼ ਉਡਾਰੀ/ਅਰਜਨ ਗੁਰੂ ਜੇ ਜਗ ਤੇ ਆਉਂਦੇ ਨਾ
ਅਰਜਨ ਗੁਰੂ ਜੇ ਜਗ ਤੇ ਆਉਂਦੇ ਨਾ
ਕੱਖ ਸਮਝ ਅਸਾਨੂੰ ਨਾਂ ਆਵਣੀ ਸੀ,
ਜੇ ਉਸਤਾਦ ਜੀ ਆਪ ਸਮਝਾਉਂਦੇ ਨਾ।
ਕਿਵੇਂ ਪੁਸਤਕਾਂ ਪੋਥੀਆਂ ਪੜ੍ਹ ਲੈਂਦੇ,
ਊੜਾ ਐੜਾ ਜੇ ਪਹਿਲੋਂ ਪੜ੍ਹਾਉਂਦੇ ਨਾ।
ਹੱਥੀਂ ਆਪਣੀ ਉਕਰ ਕੇ ਤਖਤੀਆਂ ਤੇ,
ਜੇ ਉਹ ਅਲਫ਼ ਤੇ ਬੇ ਬਣਾਉਂਦੇ ਨਾ।
ਕਦੀ ਲਿਖਣਾ ਸਾਨੂੰ ਨਾ ਆਉਣਾ ਸੀ,
ਜੇ ਉਹ ਫੱਟੇ ਤੇ ਚਾਕ ਘਸਾਉਂਦੇ ਨਾ।
ਸਾਨੂੰ ਸਭ ਜੁਗਰਾਫ਼ੀਆ ਵਿਸਰ ਜਾਂਦਾ,
ਜੇ ਉਹ ਰਾਂਗਲੇ ਨਕਸ਼ੇ ਵਿਖਾਉਂਦੇ ਨਾ।
ਸਾਨੂੰ ਕਦੀ ਨਾ ਹਿਸਟਰੀ ਯਾਦ ਹੁੰਦੀ,
ਕੰਧਾਂ ਨਾਲ ਜਿਚਰ ਫ਼ੋਟੋ ਲਾਉਂਦੇ ਨਾ।
ਨਾ ਕ੍ਰਿਸ਼ਮੇਂ ਸਾਇੰਸ ਦੇ ਸਮਝ ਪੈਂਦੇ,
ਕਰ ਕੇ ਤਜਰਬੇ ਜੇ ਉਹ ਕਰਾਉਂਦੇ ਨਾ।
ਬੋਲੀ ਗ਼ੈਰਾਂ ਦੀ ਸਿਖਦੇ ਬੜੀ ਔਖੀ,
ਜੇ ਉਹ ਤਰਜਮੇ ਕਰ ਕਰ ਸਿਖਾਉਂਦੇ ਨਾ।
ਨਾ ਇਹ ਸਿਟ, ਸਟੈਂਡ, ਡਰਿਲ ਸਿਖਦੇ,
ਜੇ ਨਮੂਨਾ ਉਹ ਬਣ ਕੇ ਵਿਖਾਉਂਦੇ ਨਾ।
ਕਿਵੇਂ ਭੁੱਲ ਹੰਕਾਰੀ ਦੀ ਕੱਢਦੇ ਉਹ,
ਜੇ ਉਹ ਪਰਬਤ 'ਚ ਪੰਜਾ ਲਗਾਉਂਦੇ ਨਾ।
ਭਰਮ ਪਾਂਡਿਆਂ ਦਾ ਕਿਵੇਂ ਦੂਰ ਕਰਦੇ,
ਲਹਿੰਦੇ ਵੱਲ ਜੇ ਪਾਣੀ ਵਗਾਉਂਦੇ ਨਾ।
ਸਬਕ ਸੇਵਾ ਦਾ ਸਾਨੂੰ ਸਿਖਾਂਵਦੇ ਕਿੱਵ,
'ਅੰਗਦ' ਗੁਰੂ ਜੇ ਸੇਵਾ ਕਮਾਉਂਦੇ ਨਾ।
'ਅਮਰ' ਕਿਵੇਂ ਨਿਥਾਵਿਆਂ ਥਾਂ ਬਣਦੇ,
ਸੇਵਾ ਸਬਕ ਨੂੰ ਜੇ ਕਰ ਦੁਹਰਾਉਂਦੇ ਨਾ।
ਨਾ ਕੁਰਬਾਨੀ ਦੀ ਸਿਖਾਂ ਨੂੰ ਕਦਰ ਹੁੰਦੀ,
'ਅਰਜਨ' ਗੁਰੂ ਜੇ ਜੱਗ ਤੇ ਆਉਂਦੇ ਨਾ।
ਕੋਰੇ ਰਹਿੰਦੇ ਕੁਰਬਾਨੀ ਦਾ ਨਾਮ ਸੁਣ ਕੇ,
ਜੇ ਉਹ ਆਪ ਇਹ ਸੰਥਾ ਪੜ੍ਹਾਉਂਦੇ ਨਾ।
ਬਹਿ ਕੇ ਤੱਤੀਆਂ ਲੋਹਾਂ ਤੇ ਫੇਰ ਉਤੋਂ,
ਤੱਤੀ ਰੇਤ ਦੇ ਕੜਛੇ ਪੁਆਉਂਦੇ ਨਾ।
ਤੱਤੀ ਉਬਲਦੀ ਉਬਲਦੀ ਦੇਗ ਅੰਦਰ,
ਜੇ ਕਰ ਬੈਠ ਸਰੀਰ ਜਲਾਉਂਦੇ ਨਾ।
ਜੇ ਉਹ ਸ਼ਾਂਤੀ-ਸਰੂਪ ਮਹਾਰਾਜ ਮੇਰੇ,
ਏਡੇ ਕੌਮ ਹਿਤ ਕਸ਼ਟ ਉਠਾਉਂਦੇ ਨਾ।
ਜੇ ਉਹ ਜ਼ੁਲਮ ਤਲਵਾਰ ਨੂੰ ਰੋਕਣੇ ਲਈ,
ਸਬਰ ਸ਼ਾਂਤੀ ਦੀ ਢਾਲ ਬਣਾਉਂਦੇ ਨਾ।
ਭਾਣਾ ਮੰਨ ਕੇ ਜਾਨ ਕੁਰਬਾਨ ਕਰਨੀ,
ਐਸੀ ਜੇ ਕਰ ਉਹ ਰੀਤ ਚਲਾਉਂਦੇ ਨਾ।
'ਤਾਰੂ ਸਿੰਘ' ਵਰਗੇ ਤਾਂ ਫਿਰ ਖੋਪਰੀ ਨੂੰ,
ਕਦੀ ਰੰਬੀਆਂ ਨਾਲ ਲੁਹਾਉਂਦੇ ਨਾ।
ਹੱਸ ਹੱਸ ਕੇ ਚਰੱਖੜੀ ਚੜ੍ਹਦੇ ਨਾ,
ਬੰਦ ਬੰਦ ਉਹ ਕਦੀ ਕਟਾਉਂਦੇ ਨਾ।
ਅੱਖਾਂ ਸਾਹਮਣੇ ਪੁਤ ਕੁਹਾਉਂਦੇ ਨਾ,
ਟੋਟੇ ਜਿਗਰ ਦੇ ਟੋਟੇ ਕਰਾਉਂਦੇ ਨਾ।
ਜੇ ਉਹ ਆਪ ਨਾ ਪੂਰਨੇ ਪਾ ਜਾਂਦੇ,
ਸਿੱਖ ਛਾਤੀ 'ਚ ਗੋਲੀਆਂ ਖਾਉਂਦੇ ਨਾ।
ਖੇਡ ਬੱਚਿਆਂ ਦੀ ਸਮਝ ਮੌਤ ਤਾਈਂ,
ਨਾਲ ਆਰਿਆਂ ਦੇ ਚੀਰੇ ਜਾਉਂਦੇ ਨਾ।
ਖ਼ਾਤਰ ਧਰਮ ਦੀ ਵੇਚ ਕੇ ਜਾਨ ਅਪਣੀ,
ਹੇਠ ਇੰਜਣਾਂ ਦੇ ਲੇਟ ਜਾਉਂਦੇ ਨਾ।
ਹਰੀ ਭਰੀ 'ਫੁਲਵਾੜੀ’ ਅੱਜ ਦਿਸਦੀ ਨਾ,
ਜੇ ਉਹ ਬੂਟੇ ਸ਼ਹੀਦੀ ਦੇ ਲਾਉਂਦੇ ਨਾ।
‘ਤਾਰਾ’ ਜੀ ਅੱਜ ਡੁੱਬੀ ਹੋਈ ਕੌਮ ਹੁੰਦੀ,
ਜੇ ਕੁਰਬਾਨੀ ਦਾ ਬੇੜਾ ਚਲਾਉਂਦੇ ਨਾ।