ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਪਿਆਰਾ ਗੁਰੂ ਆ ਰਿਹਾ

ਵਿਕੀਸਰੋਤ ਤੋਂ
52611ਆਕਾਸ਼ ਉਡਾਰੀ — ਪਿਆਰਾ ਗੁਰੂ ਆ ਰਿਹਾਮਾ. ਤਾਰਾ ਸਿੰਘ ਤਾਰਾ

ਪਿਆਰਾ ਗੁਰੂ ਆ ਰਿਹਾ

ਠੰਢੇ ਠੰਢੇ ਝੋਲੇ ਅੱਜ ਪਵਨ ਦੇ ਝੁੱਲਦੇ ਨੇ,
ਖਬਰੇ ਮਿਹਰਾਂ ਵਾਲਾ ਕੋਈ ਮੇਘ ਮੰਡਲਾ ਰਿਹਾ।
ਬਿਰਛਾਂ ਤੇ ਬੂਟਿਆਂ ਨੂੰ ਝੂਟੇ ਪਏ ਆਂਵਦੇ ਨੇ,
ਬੂਟਾ ਬੂਟਾ ਟਹਿਣੀਆਂ ਨੂੰ ਨੀਵਾਂ ਹੈ ਝੁਕਾ ਰਿਹਾ।
ਪੱਤਿਆਂ ਦੇ ਨਾਲ ਪਿਆ ਪੱਤਾ ਪੱਤਾ ਠਹਿਕਦਾ ਏ,
ਪੱਤਾ ਪੱਤਾ ਨਵਾਂ ਕੋਈ ਪਤਾ ਹੈ ਬਤਾ ਰਿਹਾ।
ਖੇਤੀਆਂ ਤੇ ਵਾੜੀਆਂ ਚੋਂ ਭਿੰਨੀ ਭਿੰਨੀ ਵਾਸ ਆਵੇ,
ਡਾਢਾ ਹੀ ਸੁਹਾਣਾ ਸਮਾਂ ਜ਼ਿਮੀਂ ਨੂੰ ਸੁਹਾ ਰਿਹਾ।
ਸੋਹਣਾ ਸੋਹਣਾ ਸਾਵਾ ਸਾਵਾ ਘਾਹ ਕਿਤੇ ਉਗਿਆ ਏ,
ਕੂਲਾ ਕੂਲਾ ਮਖ਼ਮਲੀ ਹੈ ਫ਼ਰਸ਼ ਵਿਛਾ ਰਿਹਾ।
ਨਦੀ ਸੰਦਾ ਨੀਰ ਵਾਹੋ ਦਾਹੀ ਵਗੀ ਜਾਂਵਦਾ ਏ,
ਤਿੱਖਾ ਤਿੱਖਾ ਕਿਸੇ ਦੇ ਦੀਦਾਰ ਨੂੰ ਹੈ ਜਾ ਰਿਹਾ।
ਵੱਟਿਆਂ ਤੇ ਗੀਟਿਆਂ 'ਚੋਂ ਸੁਰ ਸੁਰ ਵਗਦਾ ਏ,
ਜੱਗ ਦਿਆਂ ਜੀਵਾਂ ਨੂੰ ਸੁਨੇਹਾ ਹੈ ਸੁਣਾ ਰਿਹਾ।
ਚੱਲੋ ਮੇਰੇ ਨਾਲ ਤਲਵੰਡੀ ਜਿਸ ਚਲਣਾ ਏ,
ਸੁਣਿਆ ਹੈ ਉਥੇ ਗੁਰੂ ਨਾਨਕ ਅੱਜ ਆ ਰਿਹਾ।
ਗੱਲ ਇਨੀ ਆਖ ਕੇ ਤੇ ਚੱਲਦਾ ਹੈ ਜੱਲ ਉਥੋਂ,
ਪਲ ਪਲ ਵਿੱਚ ਵੇਖੋ ਛਲ ਕਿਡੇ ਲਾ ਰਿਹਾ।
ਜਲ ਦਿਆਂ ਕੰਢਿਆਂ ਤੇ ਦਲ ਚਲਾ ਜਾ ਰਿਹਾ ਏ,
ਤੀਰ ਉਤੇ ਤੀਰ ਜਿਹੜਾ ਬਿਰਹੋਂ ਦੇ ਹੈ ਖਾ ਰਿਹਾ।
ਆਉ ਰਤਾ ਵੇਖੀਏ ਖਾਂ ਕੌਣ ਕੌਣ ਜਾ ਰਹੇ ਨੇ,

ਨਾਨਕ-ਪਿਆਰ ਜਿਨ੍ਹਾਂ ਖਿੱਚ ਕੇ ਲਿਜਾ ਰਿਹਾ।
ਪੁਰ ਸੁਲਤਾਨ ਵਲੋਂ ਨਾਨਕੀ ਜੀ ਆ ਗਏ ਨੇ,
ਵੀਰ ਦਾ ਪਿਆਰ ਜਿਨੂੰ ਸੱਲ ਸੀਨੇ ਲਾ ਰਿਹਾ।
ਚਿਰਾਂ ਦੀ ਵਿਛੁੰਨੀ ਮਾਤਾ 'ਤ੍ਰਿਪਤਾ’ ਭੀ ਜਾ ਰਹੀ ਏ,
ਲਾਲ ਜਿੱਦਾ ਪਿਆਰਾ ਦੁੱਖ ਕਲ ਦੇ ਮਿਟਾ ਰਿਹਾ।
ਸੋਹਣੇ ਸੋਹਣੇ ਮੁੱਖ ਤੇ ਚਪੇੜਾਂ ਜਿਸ ਮਾਰੀਆਂ ਸੀ,
ਪੁੱਤ ਦਾ ਵਿਛੋੜਾ ਅੱਜ ਓਹਨੂੰ ਵੀ ਸਤਾ ਰਿਹਾ।
‘ਰਾਏ ਜੀ ਬੁਲਾਰ’ ਉਹੋ ਖਲੇ ਨੇ ਉਡੀਕ ਵਿਚ,
ਭਾਈਆ ‘ਜੈਰਾਮ’ ਆਸ ਮਿਲਣੇ ਦੀ ਲਾ ਰਿਹਾ।
‘ਮਨਸੁਖ' ਹੁਰੀਂ ਸੁਖਾਂ ਨਾਲ ਚਲੇ ਜਾਂਵਦੇ ਨੇ,
‘ਦੁਨੀ ਚੰਦ' ਪਿਆਰੇ ਲਈ ਸਿਹਰੇ ਹੈ ਬਣਾ ਰਿਹਾ।
ਭਾਗਾਂ ਵਾਲਾ ‘ਲਾਲੋ' ਵੇਖੋ ਲਾਲੋ ਲਾਲ ਹੋ ਰਿਹਾ ਹੈ,
ਪਿਆਰੇ ਦਾ ਪਿਆਰ ਉਹਨੂੰ ਚੌਣਾ ਚਮਕਾ ਰਿਹਾ।
ਪ੍ਰੇਮ ਦੀ ਜ਼ੰਜੀਰ ਵਿਚ ਬੱਧਿਆਂ ਪ੍ਰੇਮੀਆਂ ਦਾ,
ਵਡਾ ਸਾਰਾ ਜਥਾ ਹੈ ਸੁਆਗਤ ਨੂੰ ਧਾ ਰਿਹਾ।
ਟੋਕਰੇ ਦੇ ਟੋਕਰੇ ਨੇ ਫੁਲਾਂ ਨਾਲ ਭਰੇ ਹੋਏ,
ਗਲੀਆਂ ਤੇ ਕੂਚਿਆਂ ਨੂੰ ਲੋਕ ਹੈ ਸਜਾ ਰਿਹਾ।
ਇਕ ਦੂਜੇ ਕੋਲੋਂ ਪਏ ਪੁਛਦੇ ਨੇ ਚਾਉ ਨਾਲ,
ਪ੍ਰੀਤਮ ਪਿਆਰਾ ਸਾਡਾ ਕਿਹੜੀ ਦਿਸ਼ੋਂ ਆ ਰਿਹਾ।
ਆਖੇ ਮਰਦਾਨਾ, ਉਸ ਦਿਨ ਮੈਂ ਭੀ ਨਾਲ ਸੀਗਾ,
ਜਦੋਂ ਠੱਗਾਂ ਰਾਕਸ਼ਾਂ ਨੂੰ ਰਾਹੇ ਸੀ ਓਹ ਲਾ ਰਿਹਾ।
ਬੰਧਨ ਗ਼ੁਲਾਮੀ ਵਾਲੇ ਦੇਸ਼ ਸੰਦੇ ਕੱਟਣੇ ਨੂੰ,
ਬੰਦੀ-ਛੋੜ ਗੁਰੂ ਸੀਗਾ ਆਪ ਵਿਕ ਜਾ ਰਿਹਾ।
ਜ਼ਾਲਮਾਂ ਦੀ ਕੈਦ ਚੋਂ ਛੁਡਾਣ ਲਈ ਕੈਦੀਆਂ ਨੂੰ,
ਕੈਦੀ ਬਣ ਆਪ ਸੀਗਾ ਚੱਕੀਆਂ ਚਲਾ ਰਿਹਾ।

ਸਾਲ ਹੋਣ ਲੱਗਾ ਮੈਨੂੰ ਕੱਲੇ ਛੱਡ ਗਿਆਂ ਤਾਈਂ,
ਇਕ ਇਕ ਘੜੀ ਗਿਣ ਗਿਣ ਹਾਂ ਬਿਤਾ ਰਿਹਾ।
ਇਨੇ ਵਿਚ ਬਾਲਾ ਬੋਲ ਪਿਆ ਜੇ ਪ੍ਰੇਮ ਨਾਲ,
ਸੁਣਨਾਂ! ਇਹ ਦੈਵੀ ਗੀਤ ਕੌਣ ਕਿਤੇ ਗਾ ਰਿਹਾ?
ਮਨਾਂ ਤਾਈਂ ਮੋਹ ਰਿਹਾ ਹੈ ਠੰਢ ਸੀਨੇ ਪਾ ਰਿਹਾ ਹੈ,
ਸਤਿਨਾਮ ਸਤਿਨਾਮ ਕੰਨਾਂ ’ਚ ਸੁਣਾ ਰਿਹਾ।
ਕਿਹੜੀ ਵਲੋਂ ਨੂਰ ਇਹ ਅਝੱਲਵਾਂ ਵਰਸੰਦਾ ਏ,
ਅਖੀਆਂ ਨੂੰ ਜਿਹੜਾ ਚਕਾ ਚੌਂਦ ਹੈ ਲਿਆ ਰਿਹਾ।
ਸ਼ਰਮ ਦੇ ਮਾਰੇ ਚੰਨ ‘ਤਾਰੇ' ਸਾਰੇ ਛੁਪ ਗਏ ਨੇ,
ਸੂਰਜ ਵਿਚਾਰਾ ਕਿਉਂ ਅੱਜ ਸ਼ਰਮਾ ਰਿਹਾ।
ਉਠ ਮਰਦਾਨਿਆਂ ਸੰਭਾਲ ਤੂੰ ਰਬਾਬ ਸੋਹਣੀ,
ਅਹੁ ਵੇਖ ਸਾਹਮਣੇ ਪਿਆਰਾ ਗੁਰੂ ਆ ਰਿਹਾ।