ਆਕਾਸ਼ ਉਡਾਰੀ/ਕਿਉਂ ਪਾਣੀ ਪੰਜਾਬ ਦਾ ਪੀਂਵਦੇ ਹੋ?

ਵਿਕੀਸਰੋਤ ਤੋਂ

ਕਿਉਂ ਪਾਣੀ ਪੰਜਾਬ ਦਾ ਪੀਂਵਦੇ ਹੋ?

ਭਾਵੇਂ ਹਿੰਦੂਆਂ ਸਿਖਾਂ ਤੇ ਮੋਮਨਾਂ ਦੇ,
ਕੰਮ ਕਾਜ ਤੇ ਕਾਰ ਰੁਜ਼ਗਾਰ ਵਖਰੇ।
ਪੂਜਾ ਪਾਠ ਤੇ ਪੜ੍ਹਨੀ ਨਿਮਾਜ਼ ਵਖਰੀ,
ਅਤੇ ਪੀਰ, ਪੈਗੰਬਰ, ਅਵਤਾਰ ਵਖਰੇ।
ਰਹਿਣ, ਬਹਿਣ ਤੇ ਖਾਣ ਹੰਢਾਣ ਵਖਰਾ,
ਮੰਦਰ, ਮਸਜਦਾਂ, ਧਰਮੀਂ ਦਵਾਰ ਵਖਰੇ।
ਇਕ ਦੂਜੇ ਤੋਂ ਪਰ੍ਹੇ ਲਿਜਾਣ ਵਾਲੇ,
ਬਣੇ ਰਸਤੇ ਹਰ ਪਰਕਾਰ ਵਖਰੇ।

ਐਪਰ ਤਿੰਨਾਂ ਦਾ ਮੇਲ ਮਿਲਾਣ ਵਾਲੀ,
ਸਾਂਝੀ ਇਨ੍ਹਾਂ ਦੀ ਮਾਤਰੀ ਬੋਲੀ ਹੀ ਹੈ।
ਆਪਸ ਵਿਚ ਪਿਆਰ ਵਧਾਣ ਵਾਲੀ,
ਮਿਠੀ ਮਿਠੀ ਪੰਜਾਬੀ ਦੀ ਬੋਲੀ ਹੀ ਹੈ।

ਝੁਡੂ ਮਾਸਟਰ ਹੋਵਨ ਸਕੂਲ ਅੰਦਰ,
ਉਰਦੂ ਬੋਲ ਕੇ ਰੋਹਬ ਜਮਾਂਵਦੇ ਨੇ।
ਜੇ ਕਰ ਬਾਬੂ ਪ੍ਰੀਖਿਆ ਲੈਣ ਆਵਣ,
ਡੈਮ ਫ਼ੂਲ ਕਹਿ ਉਹ ਭੀ ਬੁਲਾਂਵਦੇ ਨੇ।
ਅਫ਼ਸਰ ਕੋਈ ਜੋ ਪਿੰਡਾਂ 'ਚ ਆਣ ਵੜਦੇ,
ਗਿਟ ਮਿਟ ਅੰਗਰੇਜ਼ੀ ਚਲਾਂਵਦੇ ਨੇ।


ਢਿਲੀ ਬੋਲੀ ਪੰਜਾਬੀ ਨੂੰ ਸਮਝਦੇ ਨੇ,
ਨੇੜੇ ਏਸ ਦੇ ਮੂਲ ਨਾ ਜਾਂਵਦੇ ਨੇ।

ਇਹੋ ਗੱਲ ਕਿ ਆਖਦੇ ਲੋਕ ਸਾਰੇ,
ਕਿਥੋਂ ਜੰਮ ਪਏ ਨੇ ਆਕੜ ਖ਼ਾਨ ਅਫ਼ਸਰ।
ਮਿਠੀ ਮਿਠੀ ਪੰਜਾਬੀ ਜੋ ਬੋਲਦਾ ਏ,
ਆਖਣ ‘ਆ ਗਿਆ ਜੇ ਮਿਹਰਬਾਨ ਅਫ਼ਸਰ।

ਕੋਈ ਕਦਰ ਫੁਲਵਾੜੀ ਦੀ ਸੈਰ ਦੀ ਨਹੀਂ,
ਕੋਈ ਕਦਰ ਨਾ ਫੁਲਾਂ ਗੁਲਾਬੀਆਂ ਦੀ।
ਨਾ ਹੀ ਭੈਣਾਂ ਭਰਾਵਾਂ ਦਾ ਦਰਦ ਕੋਈ,
ਗੱਲ ਕੋਈ ਨਾ ਭਾਂਵਦੀ ਭਾਬੀਆਂ ਦੀ।
ਮਾਤ ਬੋਲੀ ਦੀ ਜਾਣੀ ਨਾ ਕਦਰ ਅਸਾਂ,
ਕੁੰਜੀ ਹੈ ਜੋ ਕੁਲ ਕਾਮਯਾਬੀਆਂ ਦੀ।
ਲੈਣੀ ਸਾਰ ਪੰਜਾਬੀ ਦੀ ਭੁਲ ਗਏ ਨੇ,
ਮਾਰੀ ਗਈ ਏ ਮਤ ਪੰਜਾਬੀਆਂ ਦੀ।

ਐ ਹਿੰਦੂਓ, ਸਿਖੋ ਤੇ ਮੁਸਲਮਾਣੋ,
ਹੋਰ ਸਾਰੀਆਂ ਗੱਲਾਂ ਨੂੰ ਜਾਣ ਦੇਵੋ।
ਸਾਂਝੀ ਤਿੰਨਾਂ ਦਾ ਮੇਲ ਮਿਲਾਣ ਵਾਲੀ,
ਅਪਣੀ ਮਾਤਾ ਪੰਜਾਬੀ ਨੂੰ ਮਾਣ ਦੇਵੋ।
ਕਿਡੇ ਸ਼ਰਮ ਦੀ ਗੱਲ ਪੰਜਾਬੀਓ ਵੇ,
ਛੱਡ ਹੀਰਿਆਂ ਨੂੰ ਕੱਚ ਤੋਲ ਰਹੇ ਹੋ।


ਸੋਹਣੀ ਧਰਤ ਪੰਜਾਬ ਦੇ ਹੋ ਵਾਸੀ,
ਕਿਸੇ ਹੋਰ ਹੀ ਬੋਲੀ ਨੂੰ ਬੋਲ ਰਹੇ ਹੋ।
ਜੇਹੜੀ ਮਾਂ ਦੀ ਗੋਦ 'ਚ ਖੇਡਦੇ ਰਹੇ,
ਅੱਜ ਓਸ ਨੂੰ ਕਰ ਮਖੌਲ ਰਹੇ ਹੋ।
ਬਾਹਰੋਂ ਆਈ ਪਰਾਈ ਨੂੰ ਮਾਣ ਦੇ ਕੇ,
ਅਪਣੀ ਮਾਤਾ ਨੂੰ ਮਿਟੀ ’ਚ ਰੋਲ ਰਹੇ ਹੋ।

ਗ਼ੈਰਤ ਵਾਲਿਓ ਡੁਬ ਕੇ ਮਰ ਜਾਓ,
ਕਿਉਂ ਜੀਵਨ ਬੇਸ਼ਰਮਾਂ ਦਾ ਜੀਵੰਦੇ ਹੋ?
ਜੇ ਨਹੀਂ ਮਾਤਾ ਪੰਜਾਬੀ ਦੀ ਸਾਰ ਲੈਂਦ,
ਕਿਉਂ ਪਾਣੀ ਪੰਜਾਬ ਦਾ ਪੀਵੰਦੇ ਹੋ?

ਬੋਲੀ ਕਿਸੇ ਦੀ ਜੱਗ ਤੇ ਰਾਜ ਕਰਦੀ,
ਮੌਜ ਤਖ਼ਤ ਤੇ ਤਾਜ ਦੀ ਮਾਣਦੀ ਏ।
ਸਾਰੇ ਦਫ਼ਤਰਾਂ ਅਤੇ ਕਚਹਿਰੀਆਂ ਵਿਚ,
ਕਰਨੇ ਹੁਕਮ ਹਕੂਮਤਾਂ ਜਾਣਦੀ ਏ।
ਵਿਚ ਕਾਲਜਾਂ ਪੂਜਾ ਕਰਾਏ ਕੋਈ,
ਕੋਈ ਬਣੀ ਸਰਦਾਰ ਇਮਤਿਹਾਨ ਦੀ ਏ।
ਸਾਡੀ ਮਾਤਾ ਪੰਜਾਬੀ ਹੈ ਅਜੇ ਤੀਕਣ,
ਜਿਹੜੀ ਗਲੀਆਂ ਦੀ ਖ਼ਾਕ ਛਾਣਦੀ ਏ।

ਕੋਈ ਏਸ ਦਾ ਆਦਰ ਨਾ ਕਰਨ ਵਾਲਾ,
ਇਹਦੀ ਥਾਂ ਥਾਂ ਹੁੰਦੀ ਨਿਰਾਦਰੀ ਏ।
ਹਾਏ! ਕਿਸੇ ਦੇ ਮੂੰਹ 'ਚੋਂ ਨਿਕਲਿਆ ਨਾ,
ਮੇਰੀ ਮਿਠੜੀ ਬੋਲੀ ਇਹ ਮਾਦਰੀ ਏ।


ਨਾ ਇਹ ਕਲਜਾਂ ਵਿਚ ਪੜ੍ਹਾਈ ਜਾਵੇ,
ਨਾ ਇਹ ਵਿਚ ਕਚਹਿਰੀਆਂ ਬਹਿਣ ਜੋਗੀ।
ਗੱਲਾਂ ਹੋਰ ਤਾਂ ਰਹੀਆਂ ਨੇ ਇਕ ਪਾਸੇ,
ਰਹੀ ਇਹ ਨਾ ਘਰਾਂ 'ਚ ਰਹਿਣ ਜੋਗੀ।
ਨਾ ਕੋਈ ਏਸ ਦਾ ਦਰਦ ਵੰਡਾਣ ਵਾਲਾ,
ਨਾ ਇਹ ਕਿਸੇ ਨੂੰ ਆਪ ਹੈ ਕਹਿਣ ਜੋਗੀ।
ਵਾਂਗ ਗੋਲੀਆਂ ਹੋਰਨਾਂ ਬੋਲੀਆਂ ਦੇ,
ਰਹੀ ਮਿਹਣੇ ਤੇ ਬੋਲੀਆਂ ਸਹਿਣ ਜੋਗੀ।

ਐ ਮਾਤਾ ਪੰਜਾਬੀ ਦੇ ਪਿਆਰਿਓ ਵੇ,
ਜਾਗੋ ਆਪ ਤੇ ਹੋਰਾਂ ਜਗਾ ਦੇਵੋ।
ਅਪਣੀ ਮਾਤਾ ਪੰਜਾਬੀ ਨੂੰ ਮਾਣ ਦੇ ਕੇ,
ਇਹਦੀ ਗੁੱਡੀ ਅਕਾਸ਼ ਚੜ੍ਹਾ ਦੇਵੋ।