ਆਕਾਸ਼ ਉਡਾਰੀ/ਪੇਂਡੂ ਤੇ ਸ਼ਹਿਰੀ ਜੀਵਨ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਪੇਂਡੂ ਤੇ ਸ਼ਹਿਰੀ ਜੀਵਨ


ਖ਼ਾਲਸਾ ਕਾਲਜ ਦੀ ਪੰਜਾਬੀ ਸੁਸਾਇਟੀ ਦੇ
ਪਹਿਲੇ ਪੰਜਾਬੀ ਦਰਬਾਰ ਵਿਚ ਪੜ੍ਹੀ ਗਈ

ਮੂੰਹ ਵੇਖੀਏ ਸ਼ਹਿਰੀਆਂ ਪੇਂਡੂਆਂ ਦੇ,
ਪਿਆ ਦਿਸਦਾ ਦੋਹਾਂ 'ਚੋਂ ਲਾਲ ਕਿਹੜਾ।
ਕਿਹੜੇ ਮੂੰਹ ਤੇ ਮੱਖੀਆਂ ਬੈਠੀਆਂ ਨੇ,
ਪਲਿਆ ਦੱਧਾਂ ਮਲਾਈਆਂ ਦੇ ਨਾਲ ਕਿਹੜਾ।
ਕਿਹੜੇ ਚਿਹਰੇ ਤੇ ਝੁਰੜੀਆਂ ਦਿਸਦੀਆਂ ਨੇ,
ਵਿਚੋਂ ਦੋਹਾਂ ਦੇ ਦਿਸੇ ਖ਼ੁਸ਼ਹਾਲ ਕਿਹੜਾ।
ਦੁਖ ਰੋਗ ਦੇ ਵਿਚ ਬੇਹਾਲ ਕਿਹੜਾ,
ਖਿੜਿਆ ਖ਼ੁਸ਼ੀ ਦੇ ਨਾਲ ਨਿਹਾਲ ਕਿਹੜਾ।

ਕੋਈ ਵਿਰਲਾ ਹੀ ਦਿਸੇ ਕਮਜ਼ੋਰ ਮੈਨੂੰ,
ਪੇਂਡੂ ਸਾਰੇ ਹੀ ਛੈਲ ਛਬੀਲ ਹੁੰਦੇ।
ਮੋਏ ਮਾਰੇ ਬੀਮਾਰੀਆਂ ਸਾਰੀਆਂ ਦੇ,
ਸ਼ਹਿਰੀ ਦਸਾਂ 'ਚੋਂ ਨੌਂ ਜਮਤੀਲ ਹੁੰਦੇ।

ਸ਼ਹਿਰਾਂ ਵਿਚ ਤਾਂ ਦਿਨ ਵੀ ਰਾਤ ਵਰਗੇ,
ਜਿਥੇ ਧੁੱਪ ਹਵਾ ਨਾ ਲਗਦੀ ਏ।
ਪਿੰਡਾਂ ਵਿਚ ਅਮੀਰ ਗਰੀਬ ਦੇ ਲਈ,
ਸੋਹਣੀ ਹਵਾ ਸਵਰਗ ਦੀ ਵੱਗਦੀ ਏ।

ਸ਼ਹਿਰਾਂ ਵਿਚ ਜੇ ਭੁੱਲ ਹਵਾ ਚਲੇ,
ਉਹ ਖਿਲਾਰਦੀ ਗੰਦਗੀ ਜੱਗ ਦੀ ਏ।
ਗੰਦਾ ਬੂ ਦੇ ਨਾਲ ਦਿਮਾਗ਼ ਹੁੰਦਾ,
ਸੁਰਤ ਭੁੱਲ ਜਾਂਦੀ ਰਗ ਰਗ ਦੀ ਏ।

ਕੌਣ ਵਸਦਾ ਖ਼ੁਸ਼ੀ ਦੇ ਨਾਲ ਓਥੇ,
ਜਿਨ੍ਹਾਂ ਸ਼ਹਿਰਾਂ 'ਚ ਇਹੋ ਜੇਹੀ ਗੰਦਗੀ ਏ।
ਸੌਂਹ ਰੱਬ ਦੀ ਸ਼ਹਿਰਾਂ ਦੇ ਜੀਵਣੇ ਨੂੰ,
ਮੇਰੀ ਦੁਰੋਂ ਖਲੋ ਕੇ ਬੰਦਗੀ ਏ।

ਸ਼ਹਿਰਾਂ ਵਿਚ ਤਾਂ ਭੀੜੀਆਂ ਗਲੀਆਂ ਨੇ,
ਪਿੰਡਾਂ ਵਿਚ ਨੇ ਰੋਸ਼ਨ ਮਕਾਨ ਖੁਲ੍ਹੇ।
ਗਿਣ ਗਿਣ ਕੇ ਰੋਟੀਆਂ ਖਾਣ ਸ਼ਹਿਰੀ,
ਵਿਚ ਪਿੰਡਾਂ ਦੇ ਪੀਣ ਤੇ ਖਾਣ ਖੁਲ੍ਹੇ।
ਸ਼ਹਿਰੀ ਘਾਹਵਾਂ ਦਾ ਕਢਿਆ ਘਿਓ ਖਾਂਦੇ,
ਪੇਂਡੂ ਦੁੱਧ ਤੇ ਮਖਣ ਉਡਾਣ ਖੁਲ੍ਹੇ।
ਭਾਵੇਂ ਹੈਣ ਸਾਦੇ ਐਪਰ ਰਜੇ ਹੋਏ ਨੇ,
ਖਾਣ ਪੀਣ ਤੇ ਲਾਣ ਹੰਢਾਣ ਖੁਲ੍ਹੇ।

ਐਡੇ ਸੁਖ ਨਾ ਸ਼ਹਿਰੀਆਂ ਬਾਬੂਆਂ ਨੂੰ,
ਜਿਤਨੇ ਪੇਂਡੂਆਂ ਨਾਈਆਂ ਮੁਸੱਲੀਆਂ ਨੂੰ।
ਪੇਂਡੂ ਖੋਤਿਆਂ ਤਾਈਂ ਖਲਾਂਵਦੇ ਜੋ,
ਸ਼ਹਿਰੀ ਸਹਿਕਦੇ ਭੁਜੀਆਂ ਛੱਲੀਆਂ ਨੂੰ।

ਮੰਨਿਆਂ ਵਿਚ ਸ਼ਹਿਰੋਂ ਹਸਪਤਾਲ ਹੁੰਦੇ,
ਪਿੰਡਾਂ ਵਾਲਿਆਂ ਨੂੰ ਐਪਰ ਲੋੜ ਕੋਈ ਨਹੀਂ।
ਕੰਮ ਕਾਜ ਵਾਲੇ ਪੇਂਡੂ ਕਸਰਤੀ ਨੇ,
ਹੁੰਦੀ ਇਨ੍ਹਾਂ ਨੂੰ ਕਬਜ਼ ਮਰੋੜ ਕੋਈ ਨਹੀਂ।
ਜੇਕਰ ਭੁਲ ਭੁਲੇਖੇ ਬੀਮਾਰ ਹੋਵਣ,
ਮਘ-ਜਵੈਣ ਦੀ ਇਨ੍ਹਾਂ ਨੂੰ ਥੋੜ ਕੋਈ ਨਹੀਂ।
ਬੁਟੀ ਕੁਦਰਤੀ ਘੋਟ ਕੇ ਪੀ ਲੈਂਦੇ,
ਪੈਂਦੇ ਖਰਚਣੇ ਲਖ ਕਰੋੜ ਕੋਈ ਨਹੀਂ।

ਜਿਥੇ ਰੋਗ ਦਾ ਨਾਮ ਨਿਸ਼ਾਨ ਕੋਈ ਨਹੀਂ,
ਦਸੋ ਲੋੜ ਓਥੇ ਹਸਪਤਾਲ ਦੀ ਕੀ?
ਜਿਥੇ ਵੱਸਦੇ ਸੁਖੀ ਤੇ ਸ਼ਾਂਤ ਸਾਰੇ,
ਉੱਥੇ ਗਲ ਅਮੀਰ ਕੰਗਾਲ ਦੀ ਕੀ?

ਰੱਜੇ ਹੋਏ ਸਾਦੇ ਪੇਂਡੂ ਹੈਣ ਚੰਗੇ,
ਪੇਟੋਂ ਭੁੱਖੜੇ ਸ਼ਹਿਰੀ ਸ਼ਕੀਨ ਕੋਲੋਂ।
ਅਸਰ ਵਧ ਹੈ ਬ੍ਹੈਕੜਾਂ ਬੂਟੀਆਂ ਦਾ,
ਏਸ ਸ਼ਹਿਰ ਦੀ ਕੌੜੀ ਕੁਕੀਨ ਕੋਲੋਂ।
ਪਾਣੀ ਪਿੰਡਾਂ ਦੇ ਖੂਹਾਂ ਤੇ ਚਸ਼ਮਿਆਂ ਦਾ,
ਚੰਗਾ ਲਖਾਂ ਦਵਾਵਾਂ ਦੇ ਪੀਣ ਕੋਲੋਂ।
ਮਰਨਾ ਪਿੰਡਾਂ ਦਾ ਚੰਗਾ ਹੈ 'ਤਾਰਿਆ' ਵੇ,
ਦੁਖਦਾਈ ਇਸ ਸ਼ਹਿਰ ਦੇ ਜੀਣ ਕੋਲੋਂ।

ਲੋੜੇ ਜੀਉਣ ਦਾ ਜੇਕਰ ਸੁਆਦ ਕੋਈ,
ਸ਼ਹਿਰਾਂ ਵਿਚ ਤਾਂ ਨਜ਼ਰ ਉਹ ਆਂਵਦਾ ਨਹੀਂ।


ਡਰਦਾ ਸ਼ਹਿਰ ਦੇ ਉਚਿਆਂ ਕੋਠਿਆਂ ਤੋਂ,
ਸੂਰਜ ਦੇਵਤਾ ਵੀ ਕਦਮ ਪਾਂਵਦਾ ਨਹੀਂ।

ਨਵੀਂ ਭੈੜੀ ਤਹਿਜ਼ੀਬ ਦੇ ਸ਼ਹਿਰੀਆਂ ਤੋਂ,
ਨਿਰਛੱਲ ਪੇਂਡੂ ਬੇ ਤਹਿਜ਼ੀਬ ਚੰਗੇ।
ਇਨਾਂ ਫ਼ੈਸ਼ਨੀ ਸ਼ਹਿਰੀ ਅਮੀਰੀਆਂ ਤੋਂ,
ਦੁਧ ਪੀਵਣੇ ਪੇਂਡੂ ਗਰੀਬ ਚੰਗੇ।
ਮਤਲਬ ਕਢ ਕੇ ਯਾਰੀਆਂ ਤੋੜ ਜਾਵਣ,
ਸ਼ਹਿਰੀ ਯਾਰਾਂ ਤੋਂ ਪੇਂਡੂ ਰਕੀਬ ਚੰਗੇ।
ਜਿਨੂੰ ਪਿੰਡਾਂ ਦਾ ਵਸਣਾ ਰਬ ਦਿਤਾ,
ਮੈਂ ਤਾਂ ਆਖਸਾਂ ਉਹਦੇ ਨਸੀਬ ਚੰਗੇ।

ਬਣੇ ਚਾਟੜੇ ਸ਼ਹਿਰੀਏ ਫ਼ੈਸ਼ਨਾਂ ਦੇ,
ਕੈਦੀ ਹੋਏ ਬਦੇਸ਼ੀ ਤਾਲੀਮ ਦੇ ਨੇ।
ਸ਼ੌਕੀ ਨਸ਼ਿਆਂ, ਐਸ਼ਾਂ ਤਮਾਸ਼ਿਆਂ ਦੇ,
ਮਿਤਰ ਭੰਗ ਦੇ ਰਸੀਏ ਹਫ਼ੀਮ ਦੇ ਨੇ।

ਕਰੀਏ ਪਿੰਡਾਂ ਦੇ ਵੱਲ ਖ਼ਿਆਲ ਜੇ ਕਰ,
ਨਜ਼ਰ ਆਂਵਦੀ ਸਾਨੂੰ ਬੁਰਾਈ ਕੋਈ ਨਹੀਂ।
ਰੁਝੇ ਕੰਮਾਂ 'ਚ ਅਮਨ ਅਮਾਨ ਸਾਰੇ,
ਬਾਜੇ, ਮਸਜਦ ਦਾ ਝਗੜਾ ਲੜਾਈ ਕੋਈ ਨਹੀਂ।
ਨਾ ਹੀ ਸ਼ੁੱਧੀ, ਤਬਲੀਗ ਦਾ ਪਵੇ ਟੰਟਾ,
ਗਲ ਗਲ ਤੇ ਤੇਗ ਚਲਾਈ ਕੋਈ ਨਹੀਂ।
ਸ਼ਹਿਰਾਂ ਵਿਚੋਂ ਸ਼ਰਾਰਤਾਂ ਉਠਦੀਆਂ ਨੇ,
ਵਿਚ ਪਿੰਡਾਂ ਦੇ ਬੇ-ਹਯਾਈ ਕੋਈ ਨਹੀਂ।


ਦੁਰਾ-ਚਾਰ ਇਹ ਸ਼ਹਿਰਾਂ ਦੇ ਲੁਗੜਾਂ ਦਾ,
ਸਾਰੇ ਸ਼ਹਿਰਾਂ ਦੇ ਸੁਖਾਂ ਨੂੰ ਰੱਦ ਜਾਵੇ।
ਭਲੇਮਾਣਸੀ ਪਿੰਡਾਂ ਦੀ ਵੇਖੀਏ ਤਾਂ,
ਟੋਟਲ ਚੰਗੀਆਂ ਗੱਲਾਂ ਦਾ ਵਧ ਜਾਵੇ।

ਚੰਗਾ ਵੇਖਿਆ ਕੀ ਸੀ ਖ਼ਾਲਸੇ ਨੇ,
ਕਾਲਜ ਸ਼ਹਿਰ ਤੋਂ ਬਾਹਰ ਬਣਾ ਦਿਤਾ।
ਕਿਉਂ ਨਾ ਹੋਰਾਂ ਸਕੂਲਾਂ ਦੇ ਵਾਂਗ ਕੋਠਾ,
ਗੰਦੇ ਨਾਲੇ ਦੇ ਕੋਲ ਚੜ੍ਹਾ ਦਿਤਾ?
ਤਿੰਨ ਮੀਲ ਬਣਾ ਕੇ ਦੂਰ ਸ਼ਹਿਰੋਂ,
ਨੂੰ ਐਵੇਂ ਟਾਂਗੇ ਦਾ ਖ਼ਰਚ ਵਧਾ ਦਿਤਾ।
ਮੈਂ ਤਾਂ ਆਖਸੀਂ ਕਿਸੇ ਬਣਾਣ ਵਾਲੇ,
ਪੇਂਡੂ ਜੀਵਨ ਦਾ ਨਕਸ਼ਾ ਦਿਖਾ ਦਿਤਾ।

ਵਿਦਵਾਨਾਂ ਦੇ ਜੇ ਕਰ ਸਵਾਲ ਪੁੱਛੋ,
ਵੇਖੋ ਫੋਲ ਕੇ ਕਾਲਜ ਰਜਿਸਟਰਾਂ ਤੋਂ।
ਸਾਦੇ ਪੇਂਡੂਆਂ ਦੀ ਗਿਣਤੀ ਵੱਧ ਹੋਈ,
ਇਨ੍ਹਾਂ ਸ਼ਹਿਰੀਆਂ ਬਾਬੂਆਂ, ਮਿਸਟਰਾਂ ਤੋਂ।

ਭਰੇ ਹੋਸਟਲ ਪਏ ਨੇ ਪੇਂਡੂਆਂ ਦੇ,
ਸਾਰੇ ਕਾਲਜ ਦੇ ਵਿਚ ਬਲਵਾਨ ਪੇਂਡੂ।
ਕੋਈ ਸ਼ਹਿਰੀਆ ਖੇਡਦਾ ਦਿਸਦਾ ਨਹੀਂ,
ਹਰ ਇਕ ਖੇਡ ਦੇ ਬਣੇ ਕਪਤਾਨ ਪੇਂਡੂ।
ਅਜੇ ਕਲ ਦੀ ਗਲ ਹੈ, ਵਿਚ ਖੇਡਾਂ,
ਮੈਡਲ ਜਿਤ ਲੈ ਗਏ ਜਵਾਨ ਪੇਂਡੂ।


ਕੋਈ ਦੌੜ ਵਿਚੋਂ, ਕੋਈ ਛਾਲ ਵਿਚੋਂ,
ਪਏ ਦਸਦੇ ਖੇਡਾਂ ਦੀ ਸ਼ਾਨ ਪੇਂਡੂ।

ਵਿਦਿਆ, ਸਾਂਇੰਸਾਂ ਵਿਚ ਵੀ ਸੱਚ ਜਾਣੋ,
ਪੇਡੂ, ਸ਼ਹਿਰੀਆਂ ਨਾਲੋਂ ਨਹੀਂ ਘਟ ਹੁੰਦੇ।
ਵਧ ਸ਼ਹਿਰੀਆਂ ਕੋਲੋਂ ਹੁਸ਼ਿਆਰ ਹੁੰਦੇ,
ਨਿਰੇ ਪੂਰੇ ਨਾ ਇਹ ਭੀ ਜਟ ਹੁੰਦੇ।

ਵੇਖੋ ਪੁਛ ਪ੍ਰੋਫ਼ੈਸਰਾਂ ਸਾਰਿਆਂ ਤੋਂ,
ਨਹੀਂ ਲਾਹੌਰ ਪਸ਼ੌਰ ਦੇ ਪਲੇ ਹੋਏ ਨੇ।
ਕੋਈ ‘ਸਯਦ’ ‘ਘੁੰਗ੍ਰੀਲਾ’ ‘ਹਰਿਆਲ’ ਵਾਸੀ,
ਕੋਈ ‘ਢਲੇ ਅਡਿਆਲੇ ਵਿਚ ਢਲੇ ਹੋਏ ਨੇ।
‘ਪਿੰਡੀ ਘੇਬ’ ਘੁੜਾਣੀ ਦੇ ਪਿੰਡ ਵਾਸੀ,
ਨਾਲ ਵਿਦਿਆ ਫੁੱਲ ਤੇ ਫਲੇ ਹੋਏ ਨੇ।
ਪੇਂਡੂ ਵਿਦਿਆ ਦੀ ਬਣ ਮਿਸਾਲ ਦਸਣ,
ਗੱਲਾਂ ਗੱਲਾਂ 'ਚ ਸ਼ਹਿਰੀਏ ਗਲੇ ਹੋਏ ਨੇ।

ਮੁਕਦੀ ਗੱਲ, ਹਰ ਗੱਲ ਵਿਚ ਵਧ ਪੇਂਡੂ,
ਸ਼ੁੱਧ ਆਚਾਰ ਵਾਲੇ ਬੁੱਧ ਬਲ ਵਾਲੇ।
ਉਧਰ ਫ਼ੈਸ਼ਨਾਂ ਦੇ ਚਾਚੇ ‘ਤਾਰਿਆ ਵੇ,
ਸ਼ਹਿਰੀ ਠੱਗੀ ਫ਼੍ਰੇਬ ਤੇ ਛਲ ਵਾਲੇ।