ਆਕਾਸ਼ ਉਡਾਰੀ/ਮੇਰਾ ਪਿਆਰਾ ਦੇਸ਼ ਤੇ ਮੇਰਾ ਫ਼ਰਜ਼

ਵਿਕੀਸਰੋਤ ਤੋਂ

ਮੇਰਾ ਪਿਆਰਾ ਦੇਸ਼ ਤੇ ਮੇਰਾ ਫ਼ਰਜ਼

ਜਿਵੇਂ ਦੇਸ਼ ਇੰਗਲੈਂਡ ਦੇ ਵਾਸੀਆਂ ਨੂੰ,
ਦਿਲੋਂ ਲਗਦਾ ਏ ਇੰਗਲਸਤਾਨ ਚੰਗਾ।
ਚੀਨ ਜਿਸ ਤਰਾਂ ਭਾਂਵਦਾ ਚੀਨੀਆਂ ਨੂੰ,
ਤੇ ਈਰਾਨੀਆਂ ਨੂੰ ਹੈ ਈਰਾਨ ਚੰਗਾ।
ਜੇਕਰ ਪੁੱਛੀਏ ਕਦੀ ਜਾਪਾਨੀਆਂ ਨੂੰ,
ਇਹੋ ਕਹਿਣਗੇ: 'ਸਾਡਾ ਜਾਪਾਨ ਚੰਗਾ।
ਤਿਵੇਂ ਸਾਨੂੰ ਵੀ ਸਮਝਣਾ ਚਾਹੀਦਾ ਏ,
ਦੇਸ਼ਾਂ ਸਾਰਿਆਂ 'ਚੋਂ ਹਿੰਦੁਸਤਾਨ ਚੰਗਾ।

ਜੰਮੇ, ਪਲੇ, ਖੇਡੇ, ਇਸ ਦੀ ਗੋਦ ਅੰਦਰ,
ਸਾਡਾ ਫ਼ਰਜ਼ ਹੈ ਇਸ ਤੇ ਮਾਣ ਕਰੀਏ।
ਹੋਈਏ ਚੌਖੰਨੇ ਵਤਨ ਦੇ ਨਾਮ ਉਤੋਂ,
ਇਸ ਦੀ ਚੌਗੁਣੀ ਜਗ ਤੇ ਸ਼ਾਨ ਕਰੀਏ।

ਸਾਡਾ ਫ਼ਰਜ਼ ਹੈ ਆਪਣਾ ਸਮਝ ਕੇ ਤੇ,
ਅਪਣੇ ਦੇਸ਼ ਦੇ ਨਾਲ ਪਿਆਰ ਕਰੀਏ।
ਭਲਾ ਦੇਸ਼ ਦਾ ਰੱਖ ਕੇ ਮੁਖ ਅਗੇ,
ਦੇਸ਼ ਸੇਵਾ ਦਾ ਸਾਰੇ ਪਰਚਾਰ ਕਰੀਏ।
ਬਾਹਰ ਕੱਢ ਬੁਰਾਈਆਂ ਸਾਰੀਆਂ ਨੂੰ,
ਰੀਤਾਂ ਭੈੜੀਆਂ ਸੰਦਾ ਸੁਧਾਰ ਕਰੀਏ।

ਪਿੱਛੇ ਰਹੇ ਨਾ ਕਿਸੇ ਵੀ ਗਲ ਵਿਚੋਂ,
ਸਦਾ ਇਹੋ ਵਿਚਾਰ ਵੀਚਾਰ ਕਰੀਏ।

ਆਓ ਗਭਰੂ ਛੈਲ ਛਬੀਲ ਵੀਰੋ,
ਸੇਵਾ ਦੇਸ਼ ਦੀ ਮਿਲ ਕੇ ਕਮਾ ਲਈਏ।
ਕੁਝ ਤਾਂ ਆਪਣਾ ਫ਼ਰਜ਼ ਅਦਾ ਕਰੀਏ,
ਕਰਜ਼ਾ ਦੇਸ਼ ਦਾ ਸਿਰੋਂ ਚੁਕਾ ਲਈਏ।

ਦਿਲ ਚਾਹੁੰਦਾ ਏ, ਜੇਕਰ ਧਨੀ ਹੋਵਾਂ,
ਖ਼ਾਤਰ ਦੇਸ਼ ਦੀ ਧਨ ਲੁਟਾ ਦੇਵਾਂ।
ਜੇ ਬਲਵਾਨ ਹੋਵਾਂ, ਹਿੰਦੁਸਤਾਨ ਖ਼ਾਤਰ,
ਲੋੜ ਪਵੇ ਤਾਂ ਜਾਨ ਘੁਮਾ ਦੇਵਾਂ।
ਬਣ ਕੇ ਮਾਸਟਰ ਦੇਸ਼ ਦੇ ਬੱਚਿਆਂ ਨੂੰ,
ਕਰਨਾ ਦੇਸ਼ ਦਾ ਪਿਆਰ ਸਿਖਾ ਦੇਵਾਂ।
ਅਪਣੇ ਦੇਸ਼ ਦੀ ਸੁੱਤੀ ਤਕਦੀਰ ਤਾਂਈਂ,
ਝੂਣ ਝੂਣ ਕੇ ਮੈਂ ਜਗਾ ਦੇਵਾਂ।

ਦੇਵੇ ਰੱਬ ਜੇ ਮੈਨੂੰ ਦਿਮਾਗ਼ ਚੰਗਾ,
ਦਿਨੇ ਰਾਤ ਮੈਂ ਸੋਚਾਂ ਭਲਾਈ ਇਸ ਦੀ!
ਲਖਾਂ ਦਫ਼ਤਰਾਂ ਦੇ ਦਫ਼ਤਰ ਲਿਖ ਮਾਰਾਂ,
ਲਿਖ ਸਕਾਂ ਜੇ ਕਦੀ ਵਡਾਈ ਇਸਦੀ।

ਜੇਕਰ ਕਿਧਰੇ ਖ਼ੁਸ਼ੀ ਦੇ ਵਿਚ ਆਵਾਂ,
ਤਾਂ ਭੀ ਗੀਤ ਗਾਵਾਂ ਹਿੰਦੁਸਤਾਨ ਦੇ ਹੀ।

ਜੇ ਕਰ ਵਿਛੜ ਕੇ ਕਿਤੇ ਪਰਦੇਸ ਵੱਸਾਂ,
ਤਾਂ ਭੀ ਸੁਖ ਚਾਹਵਾਂ ਹਿੰਦੁਸਤਾਨ ਦੇ ਹੀ।
ਮੰਗਾਂ ਰੱਬ ਤੋਂ ਜੋੜ ਕੇ ਹਥ ਇਹੋ,
ਮੈਂ ਕੁਰਬਾਨ ਜਾਵਾਂ ਹਿੰਦੁਸਤਾਨ ਦੇ ਹੀ।
ਮਰਾਂ ਵਤਨ ਬਦਲੇ, ਜੀਵਾਂ ਵਤਨ ਬਦਲੇ,
ਲੇਖੇ ਜਾਨ ਲਾਵਾਂ ਹਿੰਦੁਸਤਾਨ ਦੇ ਹੀ।

ਹੋਰ ਦੇਸ ਵਲੈਤਾਂ ਦਾ ਪਿਆਰ ਛਡ ਕੇ,
ਹਿੰਦੁਸਤਾਨ ਹੀ ਦਿਲੋਂ ਪਿਆਰਾ ਸਮਝਾਂ।
ਹੋਵਾਂ ਹਿੰਦ ਦਾ ਮੈਂ ਤੇ ਹਿੰਦ ਮੇਰੀ,
ਹਿੰਦੁਸਤਾਨ ਨੂੰ ਅੱਖਾਂ ਦਾ ‘ਤਾਰਾ ਸਮਝਾਂ।