ਆਕਾਸ਼ ਉਡਾਰੀ/ਕੁਝ ਆਪਣਾ ਆਪ ਸਵਾਰ ਲਈਏ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕੁਝ ਆਪਣਾ ਆਪ ਸਵਾਰ ਲਈਏ

ਇਹੋ ਸਮਾਂ ਹੈ ਸਾਡਾ ਪਿਆਰਿਓ ਵੇ,
ਆਪਣਾ ਭਲਾ ਜਾਂ ਬੁਰਾ ਵਿਚਾਰ ਲਈਏ।
ਕੀ ਹਾਂ ਅਸੀਂ ਅਸਾਡੜੇ ਕੰਮ ਕੀ ਨੇ?
ਕੰਘੀ ਆਪਣੇ ਦਿਲਾਂ ਵਿਚ ਮਾਰ ਲਈਏ।
ਮਿਲੀ ਜ਼ਿੰਦਗੀ ਸਾਨੂੰ ਵਿਦਿਆਰਥੀ ਦੀ,
ਖ਼ਾਹ ਸੰਵਾਰ ਲਈਏ ਖ਼ਾਹ ਵਿਗਾੜ ਲਈਏ।
ਕੁਝ ਲਿਖਣਾ ਪੜ੍ਹਨਾ ਸਿਖ ਲਈਏ,
ਯਾਂ ਕਿ ਵਿਹਲਿਆਂ ਵਕਤ ਗੁਜ਼ਾਰ ਲਈਏ?

ਕੌਮਾਂ ਸੁਤੀਆਂ ਅਸਾਂ ਜਗਾਣੀਆਂ ਨੇ,
ਇਹ ਦਿਲਾਂ ਵਿਚ ਧਾਰਨਾਂ ਧਾਰ ਲਈਏ।
ਸਾਡਾ ਸਮਾਂ ਹੈ ਆਪਾ ਸੁਆਰਨੇ ਦਾ,
ਆਓ, ਆਪਣਾ ਆਪ ਸਵਾਰ ਲਈਏ।

ਨਿਕੇ ਬੂਟੇ ਨਿਵਾਂਦਿਆਂ ਨਿਵ ਜਾਂਦੇ,
ਵਡੇ ਰੁਖ ਝੁਕਾਇਆਂ ਝੁਕਦੇ ਨਹੀਂ।
ਨਿਕੇ ਹੁੰਦਿਆਂ ਕੰਮ ਜੋ ਸਿਖ ਲਈਏ,
ਵੱਡੇ ਹੋ ਕੇ ਰੋਕਿਆਂ ਰੁਕਦੇ ਨਹੀਂ।
ਗੁਣ ਬਾਲ ਅਵਸਥਾ ਦੇ ਸਿਖੇ ਹੋਏ,
ਕਦੀ ਵਡਿਆਂ ਹੋ ਕੇ ਮੁੱਕਦੇ ਨਹੀਂ।


ਪਾਣੀ ਵਿਦਿਆ ਦਾ ਪਿਆ ਜਿਨ੍ਹਾਂ ਤਾਈਂ,
ਬੂਟੇ ਕਦੀ ਉਹ ਅਕਲ ਦੇ ਸੁੱਕਦੇ ਨਹੀਂ।

ਇਸੇ ਕੀਮਤੀ ਬਾਲ ਅਵਸਥਾ ਵਿਚ,
ਕਿਉਂ ਨਾ ਵਿਦਿਆ ਦੇ ਭਰ ਭੰਡਾਰ ਲਈਏ।
ਕੰਮ ਆਂਵਦੇ ਰਹਿਣ ਜੋ ਉਮਰ ਸਾਰੀ,
ਸੋਭਾ ਸਦਾ ਹੀ ਵਿਚ ਸੰਸਾਰ ਲਈਏ।

ਮੁਰਦਾ ਕੌਮਾਂ ਨੂੰ ਇਸ ਸੰਸਾਰ ਅੰਦਰ,
ਜ਼ਿੰਦਾ ਕਰਨ ਵਾਲੇ ਨੌਜਵਾਨ ਹੁੰਦੇ।
ਇਹੋ ਬੱਚੇ ਹੀ ਕੌਮਾਂ ਦੀ ਜਾਨ ਹੁੰਦੇ,
ਇਹੋ ਬੱਚੇ ਹੀ ਕੌਮਾਂ ਦਾ ਮਾਨ ਹੁੰਦੇ।
ਇਹੋ ਬੱਚੇ ਹੀ ਵਿਦਿਆ ਪੜ੍ਹ ਪੜ੍ਹ ਕੇ,
ਟੈਗੋਰ’ ਵਰਗੇ ਨੇ ਵਿਦਵਾਨ ਹੁੰਦੇ।
ਕੰਮ ਬੱਚਿਆਂ ਦੇ ਵੇਖ ਵੇਖ ਕੇ ਤੇ,
ਲੋਕੀ ਦੁਨੀਆਂ ਵਿਚ ਹੈਰਾਨ ਹੁੰਦੇ।

ਆਪਣੇ ਆਦਰਸ਼ ਉਚੇ ਹਮੇਸ਼ ਰੱਖ ਕੇ,
ਕਰ ਆਪਣਾ ਆਪ ਤਿਆਰ ਲਈਏ।
ਕੁੰਜੀ ਫ਼ਤਹਿ ਦੀ ਸਾਡੇ ਹੀ ਹੱਥ ਹੈ ਫਿਰ,
ਤਾਲਾ ਖੋਲ੍ਹ ਲਈਏ ਭਾਵੇਂ ਮਾਰ ਲਈਏ।

ਪਹਿਲਾ ਕੰਮ ਕਿ ਵਿਦਿਆ ਪੜ੍ਹ ਸਾਰੇ,
ਅਸੀਂ ਏਸ ਦਾ ਕਰ ਪਰਚਾਰ ਲਈਏ।

ਦੂਜਾ ਇਹ ਕਿ ਫੁਟ ਨੂੰ ਦੂਰ ਕਰ ਕੇ,
ਪਾ ਆਪਸ ਦੇ ਵਿਚ ਪਿਆਰ ਲਈਏ।
ਤੀਜਾ ਮਾਪਿਆਂ, ਮਾਸਟਰਾਂ, ਵਡਿਆਂ ਦਾ,
ਸਦਾ ਆਦਰ ਤੇ ਕਰ ਸਤਕਾਰ ਲਈਏ!
ਚੌਥਾ ਬਾਣੀ ਦੇ ਨਾਲ ਪ੍ਰੇਮ ਕਰ ਕੇ,
ਸਦਾ ਵਾਹਿਗੁਰੂ ਨਾਮ ਚਿਤਾਰ ਲਈਏ।

ਗੱਲਾਂ ਚੰਗੀਆਂ ਇਹ ਗ੍ਰਹਿਣ ਕਰ ਕੇ,
ਬੇੜੀ 'ਤਾਰਿਆ' ਜਗ 'ਚੋਂ ਤਾਰ ਲਈਏ।
ਜੇ ਨਹੀਂ ਲੋਕਾਂ ਦਾ ਕੁਝ ਸਵਾਰ ਸਕਦੇ,
ਤਾਂ ਕੁਝ ਆਪਣਾ ਆਪ ਸਵਾਰ ਲਈਏ।

page