ਆਕਾਸ਼ ਉਡਾਰੀ/ਸਿੱਖ ਨੌਜਵਾਨੋ ਜਾਗੋ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸਿੱਖ ਨੌਜਵਾਨੋ ਜਾਗੋ

ਕੂਕ ਕੂਕ ਕੇ ਕਾਲ ਜਗਾ ਰਿਹਾ ਏ,
ਘੂਕ ਸੁਤਿਓ ਨੌ ਨਿਹਾਲੋ ਜਾਗੋ।
ਸਿੱਖ ਕੌਮ ਦੇ ਨੌ ਜਵਾਨੋ ਉਠੋ,
ਹੁਣ ਸਮਾਂ ਜੇ ਸਮਾਂ ਸੰਭਾਲੋ ਜਾਗੋ।
ਸੁੱਕੇ ਜਾਂਵਦੇ ਸਿੱਖੀ ਦੇ ਸਬਜ਼ ਬੂਟੇ,
ਪਾਣੀ ਪਾ ਪਰਚਾਰ ਦਾ ਪਾਲੋ ਜਾਗੋ।
ਸੌਂ ਗਏ ਹੋ ਸਿੰਘਾਂ ਦੇ ਪੁੱਤ ਹੋ ਕੇ,
ਭਬਕ ਸ਼ੇਰਾਂ ਦੀ ਉਠ ਕੇ ਵਿਖਾਲੋ ਜਾਗੋ।

ਸਮਾਂ ਕੀਮਤੀ ਕੌਮ ਸੁਧਾਰ ਵਾਲਾ,
ਹਾਏ ਗਫ਼ਲਤਾਂ ਵਿਚ ਨਾ ਟਾਲੋ ਜਾਗੋ।
ਅੱਖਾਂ ਖੋਲ੍ਹੋ ਜ਼ਮਾਨੇ ਦੀ ਚਾਲ ਵੇਖੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਅੱਜ ਕੱਲ ਦੀ ਨਵੀਂ ਤਹਜ਼ੀਬ ਅੰਦਰ,
ਕਈ ਝੱਖੜ ਜ਼ਮਾਨੇ ਦੇ ਝੁਲ ਰਹੇ ਨੇ।
ਸਾਨੂੰ ਪੁੱਠੀਆਂ ਮੱਤਾਂ ਸਿਖਾਣ ਵਾਲੇ,
ਨਵੇਂ ਨਵੇਂ ਸਕੂਲ ਅਜ ਖੁਲ੍ਹ ਰਹੇ ਨੇ।
ਸ਼ੂੰਕਾ ਸ਼ਾਂਕੀਆਂ, ਪਛਮੀ ਫ਼ੇਸ਼ਨਾਂ ਵਿਚ,
ਨੌ ਜਵਾਨ ਸਾਡੇ ਆਪ ਭੁੱਲ ਰਹੇ ਨੇ।


ਪੁੱਤ ਕੋਟ ਪਤਲੂਨਾਂ ਨੇ ਪਾਈ ਫਿਰਦੇ,
ਮਾਪੇ ਰੋਟੀਓਂ ਬਿਨਾਂ ਹੀ ਰੁਲ ਰਹੇ ਨੇ।

ਐ ਗਭਰੂ ਛੈਲ ਛਬੀਲ ਵੀਰੋ,
ਆਪ ਉਠੋ ਤੇ ਹੋਰਾਂ ਉਠਾਲੋ ਜਾਗੋ।
ਅੱਖਾਂ ਖੋਲ੍ਹੋ ਜ਼ਮਾਨੇ ਦੀ ਚਾਲ ਵੇਖੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਗਈ ਗੁਜ਼ਰੀ ਕੌਮ ਦੀ ਸ਼ਾਨ ਸੋਹਣੀ,
ਤੁਸੀ ਜੀਉਂਦੀ ਕਰ ਕੇ ਵਿਖਾਓ ਉਠੋ।
ਡੂੰਘੇ ਵਹਿਣ ਇਹ ਪਛਮੀ ਨਦੀਆਂ ਦੇ,
ਨਾਲ ਸਿਦਕ ਦੇ ਤੁਰ ਕੇ ਵਿਖਾਓ ਉਠੋ।
ਜਿਕੂੰ ਰੀਤ ਹੈ ਤੁਹਾਡਿਆਂ ਵਡਿਆਂ ਦੀ,
ਕਸ਼ਟ ਕੌਮ ਹਿਤ ਕਰ ਕੇ ਵਿਖਾਓ ਉਠੋ।
ਖ਼ਾਤਰ ਕੌਮ ਦੀ ਜੀਉਂਦੇ ਰਵੋ ਜਾਗੋ,
ਖ਼ਾਤਰ ਕੌਮ ਦੀ ਮਰ ਕੇ ਵਿਖਾਓ, ਉਠੋ।

ਆਪਣੇ ਆਦ੍ਰਸ਼ ਉਚੇ ਹਮੇਸ਼ ਰਖਦੇ,
ਘਾਲਾਂ ਵਡੀਆਂ ਵਡੀਆਂ ਘਾਲੋ ਜਾਗੋ।
ਘੂਕ ਸੁੱਤਿਓ ਨੌ-ਨਿਹਾਲੋ ਜਾਗੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।

ਆਪੋ ਵਿਚ ਪ੍ਰੇਮ ਪਿਆਰ ਵੀ ਨਹੀਂ,
ਇਕ ਦੂਜੇ ਦੇ ਦਰਦ ਦੀ ਗੱਲ ਵੀ ਨਹੀਂ।

ਦਸੋ ਹੋਰ ਕੀ ਅਸਾਂ ਸਵਾਰਨਾ ਏਂ,
ਸਾਨੂੰ ਮਿਲ ਕੇ ਬਹਿਣ ਦਾ ਵੱਲ ਵੀ ਨਹੀਂ।
ਆਪੋ-ਧਾਪੀਆਂ ਦਾ ਹੋਵੇ ਜ਼ੋਰ ਜਿਥੇ,
ਉਥੇ ਬੁਧ ਵੀ ਨਹੀਂ ਅਤੇ ਬੱਲ ਵੀ ਨਹੀਂ।
ਕਲ ਕਲ ਜਿਸ ਕੌਮ ਵਿਚ ਆ ਜਾਵੇ,
ਉਹ ਅਜ ਵੀ ਨਹੀਂ ਅਤੇ ਕੁੱਲ ਵੀ ਨਹੀਂ।

ਸਿਖ ਕੌਮ ਦੇ 'ਤਾਰਿਓ' ਚੰਨੋਂ ਚਮਕੋ,
ਕਾਲੀ ਫੁਟ ਨੂੰ ਬਾਹਰ ਨਿਕਾਲੋ ਜਾਗੋ।
ਅੱਖਾਂ ਖੋਲ੍ਹੇ ਜ਼ਮਾਨੇ ਦੀ ਚਾਲ ਵੇਖੋ,
ਮੇਰੀ ਕੌਮ ਦੇ ਹੀਰਿਓ ਲਾਲੋ ਜਾਗੋ।