ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਸਿਖੀ ਪਰਚਾਰ ਦੀ ਲੋੜ

ਵਿਕੀਸਰੋਤ ਤੋਂ

ਸਿਖੀ ਪਰਚਾਰ ਦੀ ਲੋੜ

ਸਿਖ ਕੌਮ ਤੇਰਾ ਦੁਖੀ ਹਾਲ ਤਕ ਕੇ,
ਮੇਰਾ ਕਾਲਜਾ ਮੂੰਹ ਨੂੰ ਆ ਰਿਹਾ ਏ।
ਢਹਿੰਦੀ ਵੇਖ ਹਾਲਤ ਵਾਲ ਵਾਲ ਮੇਰਾ,
ਲਾਲ ਲਹੂ ਦੇ ਹੰਝੂ ਵਹਾ ਰਿਹਾ ਏ।
ਉਠ, ਉਠ, ਨਹੀਂ ਤਾਂ ਲੁਟੀ ਜਾਵਸੇਂ ਤੂੰ,
ਸਮਾਂ ਸੈਨਤਾਂ ਨਾਲ ਸਮਝਾ ਰਿਹਾ ਏ।
ਫੈਸ਼ਨ ਪਛਮੀਂ ਪਛਮੋੰ ਆਣ ਵੜਿਆ,
ਤੈਨੂੰ ਘੁਣ ਦੇ ਵਾਂਗਰਾਂ ਖਾ ਰਿਹਾ ਏ।

ਭਾਂਬੜ ਫੁਟ ਦੇ ਬਾਲੇ ਨੇ ਦਿਲਾਂ ਅੰਦਰ,
ਕੌਮੇਂ ਮੇਲ ਮਿਲਾਪ ਦੀ ਥੋੜ ਦਿਸਦੀ।
ਉਠ ਜਾਗ ਤੇ ਲੱਕ ਬੰਨ੍ਹ ਅਜ ਤੋਂ ਹੀ,
ਪਈ ਸਿਖੀ ਪਰਚਾਰ ਦੀ ਲੋੜ ਦਿਸਦੀ।

ਉਧਰ ਵੇਖਿਆ ਈ, ਤੇਰੇ ਸਿਖ ਬਚੇ,
ਕਿਵੇਂ ਫ਼ੈਸ਼ਨਾਂ ਦੇ ਲਟੂ ਹੋ ਰਹੇ ਨੇ।
ਪੁਤਰ ਸਿਖੀ ਨੂੰ ਛਡ ਕੇ ਹਸ ਰਹੇ ਨੇ,
ਮਾਪੇ ਅੰਦਰੋ ਅੰਦਰੀ ਰੋ ਰਹੇ ਨੇ।
ਧਰਮ, ਸਿਦਕ ਨਿਤ ਨੇਮ ਦਾ ਨੇਮ ਛਡ ਕੇ,
ਲਖਾਂ ਪਾਪਾਂ ਦਾ ਹਾਰ ਪਰੋ ਰਹੇ ਨੇ।


ਮੂਰਖ ਸਮਝਦੇ ਨਹੀਂ ਬੇਫਿਕਰ ਹੋ ਕੇ,
ਤੇਲ ਪੰਥ ਦੀਆਂ ਜੜ੍ਹਾਂ 'ਚ ਚੋ ਰਹੇ ਨੇ।

ਕਲੀ ਤੂੰ ਏਧਰ ਤੇਰੀ ਜਾਨ ਉਤੇ,
ਪੈਂਦੀ ਪਈ ਬਲਾ ਕ੍ਰੋੜ ਦਿਸਦੀ।
ਢਾਹ ਸਿਖੀ ਨੂੰ ਲਗ ਰਹੀ ਚਵ੍ਹੀ ਪਾਸੀਂ,
ਤੈਨੂੰ ਨਹੀਂ ਪਰਚਾਰ ਦੀ ਲੋੜ ਦਿਸਦੀ।

ਢਿਲੀ ਕੌਮ ਜੋ ਹੋਏ ਪਰਚਾਰ ਵਲੋਂ,
ਕਦੀ ਜਗ ਤੇ ਫੁਲਦੀ ਫਲਦੀ ਨਹੀਂ।
ਮਿਟ ਜਾਂਵਦਾ ਨਾਮ ਨਿਸ਼ਾਨ ਉਸ ਦਾ,
ਜਿਹੜੀ ਧਰਮ, ਸਚਾਈ ਤੇ ਚਲਦੀ ਨਹੀਂ।
ਕੌਮ ਆਲਸੀ ਪੈਂਡਿਓ ਪਛੜ ਜਾਂਦੀ,
ਅਗੇ ਲੰਘੀਆਂ ਕੌਮਾਂ ਨੂੰ ਰਲਦੀ ਨਹੀਂ।
ਮੁਰਦਾ ਹੋ ਜਾਂਦੀ ਦੂਜੀ ਕੌਮ ਅਗੇ,
ਦਾਲ ਓਸ ਦੀ ਰਤੀ ਵੀ ਗਲਦੀ ਨਹੀਂ।

ਕੌਮ ਹੋਰਨਾਂ ਦੀ ਵੇਖ ਜਗ ਅੰਦਰ,
ਜ਼ਿਦੋ ਜ਼ਿਦ ਲਗੀ ਘੋੜ ਦੌੜ ਦਿਸਦੀ।
ਖ਼ਬਰੇ ਕੀ ਹੋਇਆ ਅੱਖਾਂ ਤੇਰੀਆਂ ਨੂੰ,
ਤੈਨੂੰ ਨਹੀਂ ਪਰਚਾਰ ਦੀ ਲੋੜ ਦਿਸਦੀ।