ਆਕਾਸ਼ ਉਡਾਰੀ/ਖਰੀਆਂ ਖਰੀਆਂ
ਖਰੀਆਂ ਖਰੀਆਂ
ਕੱਲ ਇਕ ਬਾਬੂ ਪਿਆ ਕਹਿੰਦਾ ਸੀ ਬਜ਼ਾਰ ਵਿਚ,
ਨੌਕਰੀ ਦੇ ਬਿਨਾਂ ਹੋਰ ਖ਼ਾਕ ਰੁਜ਼ਗਾਰ ਨੇ।
ਖੇਤੀ ਕਿਰਸਾਣੀ ਤਾਈਂ ਉਤਮ ਬਖਾਨਦੇ ਜੋ,
ਘੁਸ ਜਾਵੇ ਸਮਾਂ ਹੁੰਦੇ ਖੱਜਲ ਖਵਾਰ ਨੇ।
ਸਾਹਮਣੇ ਤਾਂ ਹੋਵੇ, ਕਹਿੰਦਾ ਨੌਕਰੀ ਨਖਿਧ ਜਿਹੜਾ,
ਨੌਕਰੀ ਦੇ ਬਾਝ ਸਾਰੇ ਮੱਧਮ ਵਪਾਰ ਨੇ।
ਐਫ਼ ਏ., ਬੀ. ਏ. ਪੜ੍ਹ ਕੇ ਤੇ ਬਾਬੂ ਬਣ ਜਾਂਵਦੇ ਨੇ,
ਨੌਕਰੀਆਂ ਵਾਲੇ ਬਣ ਜਾਂਦੇ ਸਰਦਾਰ ਨੇ।
ਥਾਣੇਦਾਰ, ਸੂਬੇਦਾਰ, ਜ਼ਿਲੇ ਤੇ ਤਸੀਲਦਾਰ,
ਨੌਕਰੀ ਦੇ ਬਾਝ ਦਸੋ ਹੋਰ ਕਿਹੜੇ ਦਾਰ ਨੇ?
ਨੌਕਰੀਆਂ ਵਾਲਿਆਂ ਦੇ ਪਿਛੇ ਪਿਛੇ ਫਿਰਨ ਸਾਰੇ,
ਹਥ ਬਧੇ ਲੋਕ ਇਨ੍ਹਾਂ ਸੰਦੇ ਤਾਬੇਦਾਰ ਨੇ।
ਕਰਦੇ ਹਕੂਮਤਾਂ, ਚਲਾਂਵਦੇ ਹੁਕਮ ਇਹੀ,
ਮਾਣਦੇ ਨੇ ਮੌਜ ਇਹੋ ਲੁਟਦੇ ਬਹਾਰ ਨੇ।
ਮੀਂਹ ਹੋਵੇ, ਕਣੀ ਹੋਵੇ, ਕਾਲ ਜਾਂ ਸਕਾਲ ਹੋਵੇ,
ਬਧੇ ਤੇ ਬਧਾਏ ਪੈਸੇ ਮਿਲਦੇ ਮਾਹਵਾਰ ਨੇ।
ਘਿਰਣਾਂ ਦੇ ਨਾਲ ਤਕੇ ਜਾਂਵਦੇ ਨੇ ਹੋਰ ਲੋਕ,
ਨੌਕਰੀਆਂ ਹੀ ਵਾਲੇ ਮੰਨੇ ਜਾਂਦੇ ਸਰਦਾਰ ਨੇ।
ਹੋਰ ਕੰਮਾਂ ਵਾਲੇ ਭਾਵੇਂ ਕਿਡੇ ਹੀ ਅਮੀਰ ਹੋਣ,
ਕੰਮੀਆਂ ਦੇ ਵਿਚ ਸਭੇ ਹੋਂਵਦੇ ਸ਼ੁਮਾਰ ਨੇ।
ਫੱਤੂ ਓਏ! ਗਾਮਿਆ ਓ! ਕੰਮ ਕਰੀਂ ਆਹ ਮੇਰਾ,
ਪੂਰੇ ਨਾਂਵਾਂ ਨਾਲ ਵੀ ਨਾ ਹੋਂਵਦੀ ਪੁਕਾਰ ਨੇ।
ਬਾਬੂ ਜੀ ਤੇ ਚੌਧਰੀ ਜੀ ਆਉ ਸਰਦਾਰ ਜੀ,
ਨੌਕਰੀਆਂ ਵਾਲਿਆਂ ਦੇ ਹੁੰਦੇ ਸਤਿਕਾਰ ਨੇ।
ਚਾਲੀ ਮੇਰੀ ਗੱਲ ਮੈਂ ਤਾਂ ਦਾਹਵੇ ਨਾਲ ਆਖਨਾਂ ਵਾਂ,
ਨੌਕਰੀ ਦੇ ਬਾਝ ਹੋਰ ਕਾਰਾਂ ਹੀ ਬੇਕਾਰ ਨੇ।
ਮੀਆਂ ਮਿੱਠੂ ਹੋਰੀਂ ਅਜੇ ਸ਼ੇਖੀ ਪਏ ਸਾੜਦੇ ਸੀ,
ਸੁਣ ਲਈ ਗਲ ਕੋਲੋਂ ਲੰਘਦੇ ਲੁਹਾਰ ਨੇ।
ਬੋਲੀਆਂ ਟਣੋਕੇ ਜਦੋਂ ਸੁਣੇ ਉਸ ਬਾਬੂ ਜੀ ਦੇ,
ਤਤਾ ਹੋਇਆ ਡਾਢਾ ਜਿਵੇਂ ਤਪਦੇ ਅੰਗਾਰ ਨੇ।
ਲੋਹਾ-ਲਾਖਾ ਹੋਇ ਕੇ ਤੇ ਕਹਿਣ ਲਗਾ: ਬਾਬੂਆ ਵੋ,
ਲੋਹਾ ਮੇਰਾ ਮੰਨਿਆਂ ਹੈ ਸਾਰੇ ਸਸਾਰ ਨੇ।
ਤੇਰੇ ਜਿਹਾਂ ਲੱਖਾਂ ਤਾਈਂ ਨੱਕ 'ਚ ਨਕੇਲ ਪਾ ਕੇ,
ਵਸ ਵਿਚ ਕੀਤਾ ਮੇਰੀ ਬਣੀ ਤਲਵਾਰ ਨੇ।
ਮੇਰੇ ਕਾਰਖ਼ਾਨੇ ਅਗੇ ਸਾਰੀ ਸਾਰੀ ਰਾਤ ਤੋੜੀ,
ਤੇਰੇ ਜਿਹੇ ਲਖਾਂ ਖਲੇ ਰਹਿੰਦੇ ਪਹਿਰੇਦਾਰ ਨੇ।
ਮੇਰੀਆਂ ਬਣਾਈਆਂ ਹੋਈਆਂ ਮੋਟਰਾਂ ਤੇ ਗਡੀਆਂ ਨੇ,
ਮੇਰੇ ਹਥੋਂ ਬਣੀਆਂ ਮਸ਼ੀਨਾਂ ਬੇਸ਼ੁਮਾਰ ਨੇ।
ਜਿਨ੍ਹਾਂ ਦੇ ਹਿਸਾਬ ਲਈ ਬਾਬੂ ਬੇ-ਹਿਸਾਬ ਹੈਨ,
ਤੇਰੇ ਜੇਹੇ ਨੌਕਰ ਤੇ ਚਾਕਰ ਹਜ਼ਾਰ ਨੇ।
ਨੌਕਰੀਆਂ ਵਾਲਿਆਂ ਦਾ ਕਰੇਂ ਤੂੰ ਗੁਮਾਨ ਏਡਾ,
ਨੌਕਰੀ ਵੀ ਸਹੁਰੀ ਕੋਈ ਕਾਰਾਂ ਵਿਚੋਂ ਕਾਰ ਨੇ?
ਖੋਤੀ ਜਣੇ ਖਣੇ ਦੀ, ਨਾ ਇਜ਼ਤ ਨਾ ਪੱਤ ਕੋਈ,
'ਠਾਰਾਂ ਵੇਰੀ ਦਿਨ ਵਿਚ ਖਾਂਦੇ ਝਿੜਕਾਰ ਨੇ।
ਕੀਲੇ ਹੋਏ ਸਪ ਵਾਂਗ ਵਿਸਾਂ ਪਏ ਘੋਲਦੇ ਨੇ,
ਬੋਲਦੇ ਨੇ ਅਗੋਂ ਬੋਲ ਪੈਂਦੇ ਨੇ ਸਹਾਰਨੇ।
ਗ਼ੈਰਾਂ ਦੇ ਅਧੀਨ ਰਹਿ ਕੇ ਜੀਣਾ ਵੀ ਹੈ ਜੀਣ ਕੋਈ?
ਮੁਰਦਾ ਜ਼ਮੀਰ ਜੋ ਨੇ ਜੀਂਦੇ ਮੁਰਦਾਰ ਨੇ।
ਭਵੀਂ ਹੋਈ ਅੱਖ ਜ਼ਰਾ ਖਸਮਾਂ ਦੀ ਡਿੱਠੀ ਜਦ,
ਜਾਨ ਨੂੰ ਚਮੁਟ ਗਏ ਫ਼ਿਕਰ ਹਜ਼ਾਰ ਨੇ।
ਹਾਏ ਮਤਾਂ ਕਢ ਦੇਣ, ਹਾਏ ਮਤਾਂ ਕਢ ਦੇਣ,
ਅਗੇ ਕਈ ਵੀਰ ਪਏ ਫਿਰਦੇ ਬੇਕਾਰ ਨੇ।
ਰੋਟੀ ਵੀ ਬੇਗਾਨੇ ਹਬ, ਪਾਣੀ ਵੀ ਬੇਗਾਨੇ ਹਥ,
ਜਾਨ ਤੇ ਸਰੀਰ ਤੇ ਨਾ ਰਤੀ ਅਖ਼ਤਿਆਰ ਨੇ।
ਸੁਪਨੇ ਦੇ ਵਿਚ ਵੀ ਉਹ ਥਰ ਥਰ ਕੰਬਦੇ ਨੇ,
ਪੌਲਿਆਂ ਦੀ ਪੰਡ ਸਦਾ ਸਿਰਾਂ ਤੇ ਸਵਾਰ ਨੇ।
ਬੜਾ ਭੈੜਾ ਹਾਲ ਯਾਰੋ ਨੌਕਰੀ ਦਾ ਹੋਂਵਦਾ ਏ,
ਨੌਕਰੀ ਗ਼ੁਲਾਮੀ ਵਗੀ ਰਬ ਵਲੋਂ ਮਾਰ ਨੇ।
ਝੋਲੀ ਅਡ ਦਰ ਦਰ ਹੌਲੇ ਕਿਉਂ ਹੋਂਵਦੇ ਹੋ,
ਹਥ ਪੈਰ ਦਿਤੇ ਕਾਹਦੇ ਲਈ ਕਰਤਾਰ ਨੇ।
ਪੜ੍ਹੋ ਲਿਖੋ ਚੰਗੀ ਤਰ੍ਹਾਂ ਅਕਲ ਵਧਾਓ ਖੂਬ,
ਨੌਕਰੀ ਨ ਕਰੋ ਮੂਲ, ਚੜ੍ਹਨਾ ਜੇ ਪਾਰ ਨੇ।
ਜਟ ਕਿਰਸਾਣ ਜਾਂ ਲੁਹਾਰ ਤਰਖਾਣ ਬਣੋ,
ਡੋਬ ਦਿਤਾ ਦੇਸ ਸਾਡਾ ਨੌਕਰੀ ਦੇ ਪਿਆਰ ਨੇ।
ਸੂਈਆਂ ਤੇ ਸਲਾਈਆਂ ਨੂੰ ਬਣਾਣ ਵਾਲੇ 'ਤਾਰਿਆਂ' ਵੇ,
ਵਿਚ ਸੰਸਾਰ ਅਜ ਬਣੇ ਤਾਜਦਾਰ ਨੇ।
ਖਰੀ ਖਰੀ ਬਾਬੂ ਹੁਰਾਂ ਸੁਣੀ ਜਾਂ ਲੁਹਾਰ ਕੋਲੋਂ,
ਛਿਥੇ ਹੋਏ ਡਾਢੇ ਅਤੇ ਮੰਨ ਲਈ ਹਾਰ ਨੇ।
ਨੌਕਰੀ ਤੇ ਚਾਕਰੀ ਦਾ ਛਡ ਕੇ ਖ਼ਿਆਲ ਪਰ੍ਹਾਂ,
ਫੜ ਲਏ ਹਥਾਂ ਵਿਚ ਝਟ ਹਥਿਆਰ ਨੇ।
ਰੰਬਾ ਤੇ ਦਰਾਂਤੀ, ਨਾਲ ਤੇਸਾ ਤੇ ਹਥੌੜਾ ਫੜ,
ਖ਼ੁਸ਼ੀ ਨਾਲ ਕਹਿਣ ਲਗਾ: ਇਹੋ ਮੇਰੇ ਯਾਰ ਨੇ।
ਬੂਟ ਸੂਟ ਵਾਲਾ ਬਾਬੂ ਖਲਾ ਸੀ ਤੜਿੰਗ ਜਿਹੜਾ,
ਡਾਢਾ ਉਂਡਾ ਕੀਤਾ ਇਸ ਹਥਾਂ ਵਾਲੀ ਕਾਰ ਨੇ।