ਸਮੱਗਰੀ 'ਤੇ ਜਾਓ

ਇਸ਼ਕ ਸਿਰਾਂ ਦੀ ਬਾਜ਼ੀ/ਕਿੱਸਾ ਪਰਤਾਪੀ ਨਾਰ ਦਾ

ਵਿਕੀਸਰੋਤ ਤੋਂ

ਕਿੱਸਾ ਪਰਤਾਪੀ ਨਾਰ ਦਾ

'ਕਾਕਾ ਪਰਤਾਪੀ' ਉਨ੍ਹੀਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜਿਸ ਨੂੰ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤਾ ਹੈ।
ਮੇਰੇ ਆਪਣੇ ਪਿੰਡ (ਮਾਦਪੁਰ ਜ਼ਿਲਾ ਲੁਧਿਆਣਾ) ਤੋਂ ਇਕ ਮੀਲ ਦੱਖਣ ਵਲ ਰਿਆਸਤ ਪਟਿਆਲਾ (ਹੁਣ ਪੰਜਾਬ) ਦਾ ਲੋਪੋਂ ਨਾਮੀ ਪਿੰਡ ਹੈ। ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਧ ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਲੋਕੀ ਦੂਰੋਂ ਦੂਰੋਂ ਇਹ ਮੇਲਾ ਵੇਖਣ ਆਉਂਦੇ ਹਨ। ਇਸ ਪ੍ਰੀਤ ਕਥਾ ਦੀ ਨਾਇਕਾ ਪਰਤਾਪੀ ਇਸੇ ਪਿੰਡ ਦੀ ਜੰਮਪਲ ਹੈ:

ਲੋਪੋਂ ਪਿੰਡ ਮਸ਼ਹੂਰ ਜਗਤ ਮੈਂ
ਉਸਦਾ ਸੁਣੋ ਹਵਾਲਾ
ਓਸ ਨਗਰ ਵਿੱਚ ਵਸਦਾ ਵੀਰੋ
ਇਕ ਸੁਨਿਆਰ ਗੁਪਾਲਾ
ਨਾ ਪਰਤਾਪੀ ਲੜਕੀ ਉਸ ਦੀ
ਸੂਰਤ ਕਰੇ ਉਜਾਲਾ
ਰੇਬ ਪਜਾਮਾ ਪਾ ਕੇ ਰੱਖਦੀ
ਵਿੱਚ ਰੇਸ਼ਮੀ ਨਾਲਾ
ਅੱਖ ਪਰਤਾਪੀ ਦੀ-
ਹੈ ਮਰਦਾਂ ਦਾ ਗਾਲ਼ਾ

(ਛੱਜੂ ਸਿੰਘ)

ਗੋਕਲ ਚੰਦ ਅਤੇ ਛੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਬਝਦਾ ਹੈ। ਪਰਾਤਪੀ ਸੁਨਿਆਰੀ ਲੋਪੋਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਨੂੰ ਨਾਲ ਲੈ ਮੇਲਾ ਵੇਖਣ ਆਉਂਦੀ ਹੈ:

ਪਰਤਾਪੀ ਵੀ ਆਈ ਮੇਲੇ
ਕੁੜੀਆਂ ਸਾਥ ਰਲ਼ਾ ਕੇ
ਇੱਕੋ ਰੰਗ ਪੁਸ਼ਾਕਾਂ ਪਾਈਆਂ
ਹਾਰ ਸ਼ਿੰਗਾਰ ਲਗਾ ਕੇ
ਪਰੀਆਂ ਵਰਗੇ ਰੂਪ ਜਿਨ੍ਹਾਂ ਦੇ

ਮੈਂ ਕੀ ਕਹਾਂ ਸੁਣਾ ਕੇ
ਤੁਰਨ ਸੱਭੇ ਰੰਗਰੂਟਾਂ ਵਾਂਗੂੰ
ਹਿੱਕ ਨੂੰ ਤਹਾਂ ਚੜ੍ਹਾ ਕੇ
ਤਿੱਖੇ ਨੈਣ ਕਟਾਰਾਂ ਵਰਗੇ
ਜਾਣ ਕਲੇਜਾ ਘਾ ਕੇ
ਆਸ਼ਕ ਲੋਕਾਂ ਨੂੰ
ਮਾਰ ਦੇਣ ਤੜਫਾ ਕੇ

(ਛੱਜੂ ਸਿੰਘ)

ਆਸ਼ਕਾਂ ਦੀਆਂ ਹਿੱਕਾਂ ਲੂੰਹਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ। ਮੇਲਾ ਨਸ਼ਿਆ ਜਾਂਦਾ ਹੈ। ਜ਼ਿਲਾ ਲੁਧਿਆਣੇ ਦੇ ਪਿੰਡ ਰੁਪਾਲੋਂ ਜਿਹੜਾ ਲੋਪੋਂ ਤੋਂ ਇਕ ਮੀਲ ਦੀ ਦੂਰੀ ਤੇ ਹੈ-ਦੇ ਜੈਲਦਾਰ ਕਾਹਨ ਸਿੰਘ ਦਾ ਛੇਲ ਛਬੀਲਾ ਗਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ। ਪਰਤਾਪੀ ਦੇ ਮਧ ਭਰੇ ਨੈਣ ਉਸ ਨੂੰ ਘਾਇਲ ਕਰ ਦਿੰਦੇ ਹਨ:

ਮੇਲੇ ਦੇ ਵਿੱਚ ਬੜੀਆਂ ਜਾ ਕੇ
ਦੇਖੇ ਖਲਕਤ ਸਾਰੀ
ਕਾਕੇ ਦਾ ਵੀ ਆਇਆ ਟੋਲਾ
ਨਜ਼ਰ ਪਈ ਸੁਨਿਆਰੀ
ਆਸ਼ਕ ਤੀਰ ਲੱਗੇ ਵਿੱਚ ਸੀਨੇ
ਜ਼ਖਮ ਹੋ ਗਿਆ ਕਾਰੀ
ਕਹਿੰਦਾ ਮੈਂ ਨਹੀਂ ਬਚਦਾ ਵੀਰੋ
ਘੈਲ ਬਣਾਗੀ ਨਾਰੀ
ਗੋਲੀ ਨੈਣਾਂ ਦੀ-
ਭਰ ਹਿਰਦੇ ਵਿੱਚ ਮਾਰੀ।(ਛੱਜੂ ਸਿੰਘ)
ਸ਼ਿਕਾਰ ਨੇ ਤਾਂ ਜ਼ਖ਼ਮੀ ਹੋਣਾ ਹੀ ਸੀ, ਸ਼ਕਾਰੀ ਆਪ ਤੜਪ ਉਠਦਾ ਹੈ:
ਦੇਖ ਕਾਕੇ ਨੂੰ ਸੁਨਿਆਰੀ,
ਮੋਮ ਹੋ ਗਈ ਵਿਚਾਰੀ,
ਜਿੰਦ ਜਾਮਦੀ ਨਵਾਰੀ,
ਅੱਖਾਂ ਰਹਿ ਗਈਆਂ ਅੱਡੀਆਂ।
ਸਦਕੇ ਅੱਲਗ
ਕਿਹਾ ਨਾਲ ਸੀਨੇ ਲੱਗ
ਮੈਨੂੰ ਚਲਿਆਂ ਤੂੰ ਠੱਗ
ਜਗ ਜਿਊਂਦੀ ਨਾ ਛੱਡੀ ਆਂ।

ਮੈਨੂੰ ਰੱਖਲੈ ਮਸ਼ੂਕ
ਦਿੱਤਾ ਤਤੜੀ ਨੂੰ ਫੂਕ
ਸੀਨੇ ਮਾਰ ਕੇ ਬੰਦੂਕ
ਸਾਗਾਂ ਨੇਤਰਾਂ ਨੇ ਗੱਡੀਆਂ।

(ਗੋਕਲ ਚੰਦ)

ਗੁਰਦਿਤ ਸਿੰਘ ਕਾਕੇ ਤੇ ਪਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿੱਚ ਕਰਾਵਾਉਂਦਾ ਹੈ। ਉਸ ਦੇ ਕਥਨ ਅਨੁਸਾਰ ਲੋਪੋਂ ਦੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ। ਕਾਕਾ ਸ਼ਿਕਾਰ ਖੇਡਦਾ-ਖੇਡਦਾ ਇਧਰ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ:

ਦੂਰੋਂ ਅਸਵਾਰ ਆਉਂਦਾ ਦੇਖਿਆ ਜਾਂ ਔਰਤਾਂ ਨੇ,
ਆਣ ਕੇ ਸ਼ਤਾਬੀ ਰਾਹ ਸਾਰੀਆਂ ਨੇ ਰੋਕਿਆ।
ਕਿੱਥੇ ਤੇਰੇ ਘਰ ਦੱਸੀਂ ਚੀਨੀ ਘੋੜੀ ਵਾਲਿਆ ਵੇ,
ਬੋਲੀਂ ਤੂੰ ਜ਼ਬਾਨੋਂ ਇਕ ਬਾਰ ਤ੍ਰੈਲੋਕਿਆ।

ਹਾਸਿਆਂ ਤੋਂ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਗੁਜ਼ਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਿਹੜਾ ਛੁਡਾਇਆ।

ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ। ਗਿੱਧਾ ਮੱਚ ਉਠਿਆ, ਸਾਰੇ ਵਾਯੂਮੰਡਲ ਵਿੱਚ ਲੋਕ-ਗੀਤਾਂ ਦੀ ਮਾਖਿਓਂ ਮਿੱਠੀ ਸੁਗੰਧੀ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਹਾਰਾਂ ਵਹਿ ਤੁਰੀਆਂ। ਭੋਲੀ ਨੇ ਬੋਲੀ ਪਾਈ:

ਦਿਲ ਵਿੱਚ ਕਾਕਾ ਸੋਚਾਂ ਸੋਚਦਾ
ਜੋ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁਲ੍ਹੀਆਂ ਦਾ
ਭਰ ਭਰ ਘੁਟ ਲੰਘਾਵਾਂ
ਹੋਵਾਂ ਕੁੜਤੀ ਲਗਜਾਂ ਕਾਲਜੇ
ਠੰਡ ਸੀਨੇ ਮੈਂ ਪਾਵਾਂ
ਫੁਲ ਬਣ ਡੋਰੀ ਦਾ-
ਪਿੱਠ ਤੇ ਮੇਲ੍ਹਦਾ ਆਵਾਂ।

(ਲੋਕ-ਗੀਤ)

ਸ਼ਾਮਾਂ ਪੈ ਰਹੀਆਂ ਸਨ। ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਘਦੀ ਪਈ ਸੀ:

ਕੋਈ ਆਖੇ ਨਢੀ ਨੀ ਮੇਰੇ ਵਲ ਵੇਖਦਾ ਸੀ,
ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ,
ਵੱਟੀ ਜਾਂ ਮੈਂ ਘੂਰੀ ਤਾਂ ਤੱੜਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵਲ,
ਸਾਹਮਣੇ ਮੈਂ ਝਕੀ ਜਦੋਂ ਅੱਖ ਨੀ ਚੁਰਾ ਗਿਆ।

(ਗੁਰਦਿਤ ਸਿੰਘ)

ਹਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਸਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜਟ ਦੇ ਕੋਠੇ ਵਿੱਚ ਜਾ ਬੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਸੀ ਪਰ ਬਾਹਰੋਂ:

ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਓਸ ਮੇਰਾ ਨੀ ਗੰਵਾਰ ਦਾ।
ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ
ਓਸ ਨੂੰ ਤੂੰ ਦਸਦੀ ਹੈਂ ਪੁੱਤ ਜ਼ੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁਗਦੀ ਕਮੀਣਾਂ ਦੀ ਨੀ
ਖੇਤ ਬੰਨੋ ਬੀਹੀ ਗਲ਼ੀ ਦੇਖ ਨੀ ਘੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗਲ ਗੁਰਦਿਤ ਸਿੰਘਾ
ਮਿੱਟੀ ਪਟ ਦੇਵੇ ਜੱਟ ਜਦੋਂ ਨੀ ਹੰਕਾਰਦਾ।

ਦਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਸਨ। ਆਖ਼ਰ ਜਵਾਲਾ ਫਟ ਹੀ ਪੈਂਦੀ ਹੈ:

ਤਨ ਮਨ ਮੇਰੇ ਦੀ ਭੁਲਾਈ ਸੁਧ ਨੱਢੜੇ ਨੇ,
ਮਿੱਠਾ ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ।
ਫੁਲ ਨੀ ਗੁਲਾਬ ਵਾਂਗੂੰ ਰੰਗ ਮੇਰਾ ਓਸ ਵੇਲੇ,
ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨੀ।
ਦਸਦੀ ਮੈਂ ਸੱਚ ਨੂੰ ਅਜ ਗੁਰਦਿਤ ਸਿੰਘਾ,
ਲੁੱਟੀ ਨੀ ਮੈਂ ਲੁਟੀ ਲੁਟ ਲੈ ਗਿਆ ਰੰਗੀਲਾ ਨੀ।

ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋਂ ਤੋਂ ਸਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ:

ਕਹੇ ਸੁਨਿਆਰੀ ਸੁਣ ਵੇ ਕਾਕਾ
ਤੋੜ ਨਿਭਾਈਂ ਲਾ ਕੇ
ਕਾਕਾ ਕਹਿੰਦਾ ਤੂੰ ਨਾ ਮੈਥੋਂ

ਬਹਿਜੀਂ ਮੁਖ ਭਵਾ ਕੇ
ਕੌਲ ਕਰਾਰ ਦੋਹਾਂ ਨੇ ਕੀਤੇ
ਬੁਰੀਆਂ ਕਸਮਾਂ ਖਾ ਕੇ
ਬਾਤਾਂ ਇਸ਼ਕ ਦੀਆਂ-
ਕਰਦੇ ਪਿਆਰ ਵਧਾਕੇ।

(ਛੱਜੂ ਸਿੰਘ)

ਇਸ ਪਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ। ਗੋਕਲ ਚੰਦ ਅਨੁਸਾਰ ਕਾਕਾ ਲੋਪੋਂ ਨਹੀਂ ਸੀ ਆਉਂਦਾ ਸਗੋਂ ਪਰਤਾਪੀ ਆਪ ਰੁਪਾਲੋਂ ਜਾਂਦੀ ਸੀ:

ਜਾਵੇ ਪਰਤਾਪੀ ਜੋ ਰੁਪਾਲੋਂ ਨਿੱਤ ਜੀ
ਲੋਪੋਂ ਵਿੱਚ ਲਗਦਾ ਨਾ ਘੜੀ ਚਿੱਤ ਜੀ
ਕ੍ਰਿਪਾਲ ਸਿੰਘ ਵਿੱਚ ਦਿਨੇ ਰਾਤ ਧਿਆਨ ਜੀ
ਘੜੀ ਦਾ ਵਿਛੋੜਾ ਸੂਲੀ ਦੇ ਸਮਾਨ ਜੀ।

ਆਖਰ ਕਾਕਾ ਪਰਤਾਪੀ ਦੇ ਇਸ਼ਕ ਦਾ ਭੇਤ ਖੁਲ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਇਹ ਖ਼ਬਰ ਪੁੱਜੀ:

ਭੋਲੀ ਦੇ ਘਰ ਮਿਲਦੇ ਦੋਵੇਂ
ਪਿੰਡ ਵਿੱਚ ਹੋਈਆਂ ਸਾਰਾਂ
ਕਾਕੇ ਨਾਲ਼ ਰਹੇ ਪਰਤਾਪੀ
ਗੱਲਾਂ ਕਰਦੀਆਂ ਨਾਰਾਂ
ਨੰਦੋ ਨੂੰ ਜਾ ਕਿਹਾ ਕਿਸੇ ਨੇ
ਤੈਨੂੰ ਬਾਤ ਉਚਾਰਾਂ
ਬਿਗੜ ਗਈ ਪਰਤਾਪੀ ਤੇਰੀ
ਘਰ ਘਰ ਫਿਰਗੀਆਂ ਤਾਰਾਂ
ਕਿਸੇ ਰੋਜ਼ ਨੂੰ ਚੰਦ ਚੜ੍ਹਾਵੇ
ਛੇਤੀ ਖਿਚ ਮੁਹਾਰਾਂ
ਇਜ਼ਤਾਂ ਰੋਲ਼ਦੀਆਂ-
ਮਰਨ ਧੀਆਂ ਬਦਕਾਰਾਂ।

(ਛੱਜੂ ਸਿੰਘ)

ਪਰਤਾਪੀ ਦੇ ਇਸ਼ਕ ਦੀ ਭਿਣਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰੰਤੂ ਪਰਤਾਪੀ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ, “ਮਾਂ ਮੇਰੀਏ! ਭਾਵੇਂ ਮਾਰ! ਭਾਵੇਂ ਛੱਡ! ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ-ਉਹ ਤਾਂ ਮੇਰੀ ਜਾਨ ਦਾ ਟੁਕੜਾ ਏ, ਉਹਦੀ ਖ਼ਾਤਰ ਆਪਣੀ ਜਿੰਦ ਵਾਰ ਦਿਆਂਗੀ-ਪਿਛਾਂਹ ਪੈਰ ਨਹੀਂ ਪਾਵਾਂਗੀ। ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ।"

ਨੰਦੋ ਨੇ ਆਪਣੇ ਪਤੀ ਨਾਲ ਪਰਤਾਪੀ ਬਾਰੇ ਮਸ਼ਵਰਾ ਕੀਤਾ। ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ਼ ਪਰਤਾਪੀ ਵਿਆਹੀ ਹੋਈ ਸੀ ਪਰੰਤੂ ਅਜੇ ਉਹਦਾ ਮੁਕਲਾਵਾ ਨਹੀਂ ਸੀ ਤੋਰਿਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।

ਰਾਮ ਰਤਨ ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ। ਰੋਂਦੀ ਕੁਰਲਾਉਂਦੀ ਪਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ ਮੁਕਲਾਵਾ ਦੇ ਕੇ ਤੋਰ ਦਿੱਤਾ। ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹਾਉਕੇ ਭਰਦੀ ਰਹੀ, ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇਕ ਨਾ ਸੁਣੀ।

ਰਾਮ ਰਤਨ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹਦੇ ਪੱਥ, ਪਰੀਆਂ ਵਰਗੀ ਹੁਸ਼ਨਾਕ ਪਰਤਾਪੀ ਨੂੰ ਪਾ ਕੇ, ਧਰਤੀ 'ਤੇ ਨਹੀਂ ਸੀ ਲਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ।

ਲੋਪੋਂ ਅਤੇ ਰੁਪਾਲੋਂ ਦੇ ਵਿਚਕਾਰ ਢੱਕੀ ਸੀ-ਸੁੰਨਸਾਨ ਰਾਹ! ਰਾਮ ਰਤਨ ਬੈਲ ਗੱਡੀ ਵਿੱਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ਼ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿੱਚ ਜਾ ਘੇਰੀ। ਨਾਲ਼ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੁਪਾਲੋਂ ਲੈ ਆਇਆ।

ਸੁਣਕੇ ਘੋੜੀ ਚੜ੍ਹਿਆ ਕਾਕਾ
ਨਾਲ ਗੁੱਸੇ ਦੇ ਭੜਕੇ
ਢੱਕੀ ਦੇ ਵਿੱਚ ਘੇਰਲੀ ਗੱਡੀ
ਡਾਂਗ ਉਭਾਰੀ ਖੜਕੇ
ਰਾਮ ਰਤਨ ਨੂੰ ਹੇਠ ਗੇਰਿਆ
ਮੌਰਾਂ ਦੇ ਵਿੱਚ ਜੁੜਕੇ
ਦੌੜ ਗਏ ਸੁਨਿਆਰ ਨਾਲ਼ ਦੇ
ਕੌਣ ਪੜੋਵੇ ਅੜਕੇ
ਕੱਢ ਲਈ ਪਰਤਾਪੀ ਵਿੱਚੋਂ
ਸੱਜੀ ਬਾਹੋਂ ਫੜਕੇ
ਤੁਰੇ ਰੁਪਾਲੋਂ ਨੂੰ-
ਘੋੜੀ ਉਪਰ ਚੜ੍ਹਕੇ।[1]

(ਛੱਜੂ ਸਿੰਘ)

ਰਾਮ ਰਤਨ ਨੇ ਖੰਨੇ ਦੇ ਬਾਣੇ ਜਾ ਰਿਪੋਰਟ ਕੀਤੀ। ਪੁਲਸ ਆਈ। ਜ਼ੈਲਦਾਰ


ਕਾਹਨ ਸਿੰਘ ਨੇ ਇਜ਼ਤ ਬਚਾਉਣ ਲਈ ਕਈ ਕੋਸ਼ਸ਼ਾਂ ਕੀਤੀਆਂ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ:

ਰਾਮ ਰਤਨ ਨੇ ਪੁਲਸ ਚੜ੍ਹਾਈ
ਕਾਕੇ ਨੇ ਗਲ ਤਾੜੀ।
ਆਪਣੇ ਘਰ ਤੋਂ ਕਢ ਪਰਤਾਪੀ
ਘਰ ਹੋਰ ਦੇ ਬਾੜੀ।
ਆਣ ਪੁਲਸ ਨੇ ਫੜਿਆ ਕਾਕਾ
ਮੋਹਰ ਛਾਪ ਦਰ ਚਾਹੜੀ।
ਕੁਲ ਕੋੜਮਾਂ ਰੋਂਦਾ ਬੈਠਾ
ਕਿਸਮਤ ਸਾਡੀ ਮਾੜੀ।
ਥਾਣੇਦਾਰ ਤਲਾਸ਼ੀ ਕਰਦਾ
ਦੁਸ਼ਮਣ ਮਾਰਨ ਤਾੜੀ।
ਰੁਲ਼ਦੀ ਵਿੱਚ ਸੱਥ ਦੇ
ਜ਼ੈਲਦਾਰ ਦੀ ਦਾਹੜੀ।

(ਛੱਜੂ ਸਿੰਘ)

ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਬਹਿ ਗਿਆ।

ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇ-ਇਜ਼ਤੀ ਸਮਝਦੇ ਸਨ, ਉਨ੍ਹਾਂ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁਖ ਰਖਦਿਆਂ ਉਸ ਨੂੰ ਰਿਆਸਤ ਨਾਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਪਰਤਾਪੀ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਨਾਨਕਿਆਂ ਤੋਂ ਲੋਪੋਂ ਆ ਗਈ:

ਕੁੱਠੀ ਰੰਨ ਫਰਾਕ ਦੀ, ਲੋਪੋਂ ਆਣ ਬੜੀ।
ਪਿੰਡ ਨਾਨਕਾ ਛਡਿਆ, ਪੈ ਗਈ ਰੰਨ ਅੜੀ।
ਪੰਧ ਉਡੀਕੇ ਯਾਰ ਦਾ, ਦਿਨ ਤੇ ਰਾਤ ਖੜੀ।
ਘੂਰੇ ਜਾ ਕੇ ਘਰਦਿਆਂ. ਮਾਈ ਨਾਲ ਲੜੀ।
ਛੱਡ ਗਏ ਰਾਜੇ ਵਾਲੀਏ, ਕੀ ਮੈਂ ਕਰਾਂ ਸੜੀ।
ਟੁੱਬਾਂ ਲੈ ਗਏ ਮੇਰੀਆਂ, ਬਿੰਦੀ ਨਥ ਕੜੀ।
ਦਿਨ ਕਟੇ ਮੈਂ ਨਾਨਕੀਂ, ਦੇਵੇ ਰੰਨ ਤੜੀ।
ਛੁਟਦਾ ਨਾ ਪਿੰਡ ਮਾਪਿਆਂ, ਪਾਈ ਸੀਸ ਜੜੀ।
ਜੇ ਮੈਂ ਜਾਂਦੀ ਹੋਰ ਥੈਂ, ਪੁਟਦੇ ਲੋਕ ਥੜੀ।

ਕੱਠਾ ਹੋਇਆ ਕੋੜਮਾ, ਸਾਵਣ ਵਾਂਙ ਝੜੀ।
ਦੇਣ ਦਲਾਸਾ ਆਣਕੇ, ਧੀਏ ਰਖ ਮੁੜੀ।
ਇਜ਼ਤ ਸਾਡੀ ਰੱਖ ਤੂੰ , ਨਾ ਕਰ ਹੋਰ ਅੜੀ।
ਜ਼ਾਤ ਬੁਰੀ ਸੁਨਿਆਰਿਆਂ ਨਾ ਛਡ ਦੇਣ ਨੜੀ।
ਝੂਠੇ ਸੁੱਚੇ ਮੋਤੀਆਂ, ਬਣੇ ਨਾ ਇਕ ਲੜੀ।

(ਗੁਰਦਿਤ ਸਿੰਘ)

ਇੱਥੇ ਆ ਗੋਕਲ ਚੰਦ ਇਸ ਕਹਾਣੀ ਨੂੰ ਇਕ ਹੋਰ ਮੋੜਾ ਦਿੰਦਾ ਹੈ। ਉਸ ਅਨੁਸਾਰ ਪਰਤਾਪੀ ਰਾਮ ਰਤਨ ਨੂੰ ਲੋਪੋਂ ਸਦਵਾਉਂਦੀ ਹੈ ਤੇ ਨਾਭੇ ਪਹਾਰਾ (ਸੁਨਿਆਰਾਂ ਦੇ ਕੰਮ ਕਰਨ ਦਾ ਅੱਡਾ) ਖੋਹਲਣ ਦੀ ਸ਼ਰਤ ਤੇ ਉਹਦੇ ਨਾਲ਼ ਜਾਣ ਲਈ ਤਿਆਰ ਹੋ ਜਾਂਦੀ ਹੈ:

ਪਰਤਾਪੀ ਸਦਿਆ ਪਰਾਹੁਣਾ
ਸੁਹਰੀਂ ਪੈਰ ਨਾ ਟਕਾਉਣਾ
ਮੈਨੂੰ ਘਰ ਜੋ ਬਸਾਉਣਾ
ਨਾਭੇ ਘੱਤ ਲੈ ਪਹਾਰਾ ਵੇ।
ਦਿੰਨੀਆਂ ਤੈਨੂੰ ਮੱਤ
ਤੂੰ ਪਹਾਰਾ ਨਾਭੇ ਘੱਤ
ਖਟ ਆਨੇ ਪੰਜ ਸੱਤ
ਆਪਾਂ ਕਰਾਂਗੇ ਗੁਜਾਰਾ ਵੇ।

ਪਰ ਸੁਨਿਆਰ ਨੇ ਨਾਭੇ ਜਾ ਕੇ ਪਹਾਰਾ ਨਾ ਖੋਲ੍ਹਿਆ।

ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ਼ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇੱਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ , ਮੇਰਾ ਲੂੰ-ਲੂੰ ਜਲ ਰਿਹੈ, ਮੇਰੀ ਨੀਂਦ ਕਿਧਰੋ ਉਡ-ਪੁਡ ਗਈ ਐ। ਬਸ ਕਾਕਾ ਅੱਠੋ ਪਹਿਰ ਯਾਦ ਆਉਂਦਾ ਰਹਿੰਦੈ..... ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੌਰੇ ਉਹਦੀਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ-ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਬਕਣ ਲੱਗ ਪਈ।

“ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ.... ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।

“ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"

“ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ। ਔਹ ਨਰੈਣੀ ਆਉਂਦੀ ਪਈ ਹੈ।" ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲ੍ਹਾਂ ਵਿੱਚ ਮੁਸਕਰਾਈ।

ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ ਦਲੇਲ ਗੁੱਜਰ ਨਾਲ ਪਰਤਾਪੀ ਨੂੰ ਨਾਭੇ ਛੱਡ ਆਉਣ ਬਾਰੇ ਗੱਲ ਤੋਰੀ।

ਅਗਲੀ ਭਲ਼ਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ਼ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਮੱਥਾ ਫੜ੍ਹ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖਰ ਉਸ ਦੇ ਬੁੱਲ੍ਹ ਕੰਬੇ, “ਨਹੀਂ, ਨਹੀਂ ਹੋਣ ਦਿਆਂਗੀ, ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ਼ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁੱਝ ਵੀ ਕਰ। ਸਾਡੀ ਇੱਜ਼ਤ ਬਚਾ ਤੂੰ ਅੱਗੇ ਵੀ ਸਾਡੇ ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।” ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ।

ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜ੍ਹੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।

ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ, ਦਲੇਲ ਦਾ ਯਾਰ ਸੀ। ਉਹ ਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ।

ਦਲੇਲ ਨੇ ਭੋਲੀ ਹੱਥ ਪਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਗਈ।

ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ ਲੈ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਤੀਕਰ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰੌਂਅ ਵਿੱਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ:

ਟਿੱਬੇ ਦੇ ਵਿੱਚ ਜਾ ਵੜੇ, ਉਤੋਂ ਰਾਤ ਗੁਬਾਰ।
ਖ਼ਬਰ ਨਾ ਕੋਈ ਰੰਨ ਨੂੰ, ਹੈ ਕਰਮਾਂ ਦੀ ਹਾਰ।
ਮਨ ਵਿੱਚ ਰੰਨ ਦੇ ਹੋਂਸਲਾ, ਕਦਮ ਧਰੇ ਇਕਸਾਰ।

ਦਿੱਲ ਵਿੱਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿੱਚ ਹੁੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾ ਕੇ ਖਾਰ।
ਟੱਪਦਾ ਵਾਂਙੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਓਸ ਨੇ, ਹੱਸਦੇ ਦੋਵੇਂ ਯਾਰ।
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਗੁੱਜਰ ਆਖੇ ਅੱਗਿਓਂ-ਤੇਰੀ ਮਾਂ ਦਾ ਯਾਰ
ਆ ਗਿਆ ਤੈਨੂੰ ਲੈਣ ਨੂੰ, ਹੋ ਕੇ ਜਮ ਅਸਵਾਰ।
ਮੈਨੂੰ ਨਾ ਸੀ ਜਾਣਦੀ ਦਿੱਤਾ ਪੱਟ ਸਰਦਾਰ।
ਭੱਜਲੈ ਜਿੱਥੇ ਭੱਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛੱਡ ਕੇ, ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੋਂ, ਸੱਦ ਲੈ ਕੂਕਾਂ ਮਾਰ।

(ਗੁਰਦਿੱਤ ਸਿੰਘ)

ਕਾਲੀ-ਬੋਲ਼ੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਿਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ

ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ :

ਕਰੀ ਅਰਜ਼ੋਈ ਨਾ ਦਰਦ ਮੰਨਿਆ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰੇ
ਗੁਜ਼ਰ ਦਲੇਲ ਨੇ ਬਣਾਏ ਡੱਕਰੇ।

(ਗੋਕਲ ਚੰਦ)

ਦਲੇਲ ਹੋਰਾਂ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਘੀ ਦੱਬ ਦਿੱਤੀ। ਇੱਕ ਟਟੀਹਰੀ ਦੀ ਦਿਲ-ਚੀਰਵੀਂ ਆਵਾਜ਼ ਹੌਲ਼ੇ-ਹੌਲ਼ੇ ਮੱਧਮ ਪੈਂਦੀ ਗਈ :

ਪਰਤਾਪੀ ਦੇ ਅਚਾਨਕ ਗਾਇਬ ਹੋਣ 'ਤੇ ਪਿੰਡ ਵਿੱਚ ਰੌਲ਼ਾ ਪੈ ਗਿਆ।

ਕੋਈ ਆਖੇ : “ਪਰਤਾਪੀ ਕਾਕੇ ਪਾਸ ਨਾਭੇ ਨੱਸ ਗਈ ਹੈ।" ਕਿਸੇ ਕਿਹਾ, “ਪਰਤਾਪੀ ਨੂੰ ਕਾਹਨ ਸਿੰਘ ਹੋਰਾਂ ਮਰਵਾ ਦਿੱਤਾ ਹੈ।" ਆਖਰ ਸ਼ੋਹਰੇ ਸ਼ੋਹਰੀ ਹੁੰਦੀ ਗਈ। ਕਿਸੇ ਥਾਣੇ ਜਾ ਮੁਖ਼ਬਰੀ ਕੀਤੀ। ਪਰਤਾਪੀ ਦਾ ਕਤਲ ਹੋਇਆਂ ਛੇ ਮਹੀਨੇ ਲੰਘ ਚੁੱਕੇ ਸਨ।

ਪੁਲੀਸ ਆਈ, ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਗਈ ਪਰ ਪਰਤਾਪੀ ਦਾ ਕਿੱਧਰੇ ਥਹੁ-ਪਤਾ ਨਾ ਲੱਗਾ।

ਅੰਗਰੇਜ਼ ਬਾਰਬਟਨ ਜਿਹੜਾ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲੀਸ ਸੀ, ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ। ਉਸ ਦੇ ਨਾਲ ਦੋ ਸੌ ਸਿਪਾਹੀ ਸਨ। ਉਸ ਆਲ਼ੇ-ਦੁਆਲੇ ਦੇ ਸਾਰੇ ਪਿੰਡ ਸੱਦ ਲਏ। ਫੇਰ ਵੀ ਕੁਝ ਪਤਾ ਨਾ ਲੱਗਾ। ਬਾਰਬਟਨ ਹੁਸ਼ਿਆਰ ਬਹੁਤ ਸੀ। ਉਹ ਉੱਥੇ ਕਈ ਦਿਨ ਰਿਹਾ। ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ਼ ਸਹੇਲਪੁਣੇ ਦਾ ਪਤਾ ਲੱਗਾ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ ਨਾਭੇ ਜਾਣ ਦੀ ਗੱਲ ਦੱਸ ਦਿੱਤੀ। ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ।

ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।

ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ-ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ (ਮਾਦਪੁਰ ਲੋਪੋਂ ਤੋਂ ਇੱਕ ਮੀਲ ਦੂਰ ਹੈ) ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪੁਟਾਈ ਵਿੱਚ ਮੱਦਦ ਕੀਤੀ।

ਆਖਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇਕ ਲੋਕ-ਗੀਤ ਨੇ ਹਾਲੇ ਤੀਕਰ ਸਾਂਭ ਰੱਖਿਆ ਹੈ:

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲ਼ੇ

ਅਦਾਲਤ ਵਿੱਚ ਮੁਕੱਦਮਾ ਚੱਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲ਼ੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜਰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ। ਬਜ਼ੁਰਗ ਦੱਸਦੇ ਹਨ ਕਿ ਇਕ ਬੱਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵੱਗ ਚਰਾਂਦਾ ਪਰਤਾਪੀ ਦੀ ਮਰਨ ਵਾਲੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖੱਖੜੀ-ਖੱਖੜੀ ਹੋ ਗਿਆ। ਸੈਂਕੜੇ ਵਰ੍ਹੇ ਬੀਤਣ ਮਗਰੋਂ ਵੀ ਪਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜਗੀਰਦਾਰਾਂ ਵਲੋਂ ਕੀਤੇ ਗਏ ਪਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ। ਉਹ ਪਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸੈਆਂ ਪ੍ਰਣਾਮ ਕਰਦੇ ਹਨ। ਜਦ ਕੋਈ ਬਜ਼ੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲ਼ਾ ਭਰ-ਭਰ ਆਉਂਦਾ ਹੈ ਤੇ ਨੈਣਾਂ ਵਿੱਚ ਅੱਥਰੂ ਸਿਮ ਆਉਂਦੇ ਹਨ ਅਤੇ ਨਿਰਦੋਸ਼ ਮਾਅਸੂਮ ਪਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਵਹਿ ਤੁਰਦਾ ਹੈ।

  1. ਪਰ ਕਾਕਾ ਪਰਤਾਪੀ ਨੂੰ ਗੱਡੀ ਸਮੇਤ ਹੀ ਰੁਪਾਲੋਂ ਲੈ ਗਿਆ ਸੀ 'ਜ਼ੋਰ ਸਰਦਾਰੀ ਦੇ, ਗੱਡੀ ਮੋੜਕੇ ਰੁਮਾਲੋਂ ਬਾੜੀ’ (ਲੋਕ ਗੀਤ)