ਸਮੱਗਰੀ 'ਤੇ ਜਾਓ

ਇਸ਼ਕ ਸਿਰਾਂ ਦੀ ਬਾਜ਼ੀ/ਜਜ਼ਬਾਤੀ ਮੁਹੱਬਤ ਦੀ ਦਾਸਤਾਨ-ਇੰਦਰ ਬੇਗੋ

ਵਿਕੀਸਰੋਤ ਤੋਂ
53679ਇਸ਼ਕ ਸਿਰਾਂ ਦੀ ਬਾਜ਼ੀ — ਜਜ਼ਬਾਤੀ ਮੁਹੱਬਤ ਦੀ ਦਾਸਤਾਨ-ਇੰਦਰ ਬੇਗੋਸੁਖਦੇਵ ਮਾਦਪੁਰੀ

ਜਜ਼ਬਾਤੀ ਮੁਹੱਬਤ ਦੀ ਦਾਸਤਾਨ-ਇੰਦਰ ਬੇਗੋ

'ਇੰਦਰ ਬੇਗੋਂ' ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ-ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।

ਪੂਰਨ ਰਾਮ ਅਪਣੇ ਕਿੱਸੇ ਦੇ ਅਰੰਭ ਵਿੱਚ ਲਿਖਦ ਹੈ:

ਉੱਨੀ ਸੌ ਤਰੇਹਠ ਸਾਲ*
ਗਿਆ ਸੀ ਲਾਹੌਰ ਦਾਸ
ਸੁਣ ਐਸੀ ਬਾਤ
ਮੈਂ ਬਣਾਇਆ ਕਿੱਸਾ ਫੇਰ ਜੀ
ਹੋਇਆ ਇਕ ਆਸ਼ਕ
ਮਹਾਜਨ ਇੰਦਰ ਮੱਲ
ਬੇਗੋ ਪਿੱਛੇ ਲੱਗ
ਡੁੱਬਿਆ ਘੁੰਮਣ ਘੇਰ ਜੀ

ਲਾਹੌਰ ਦੇ ਲਾਗੇ ਘੁਗ ਵਸਦੇ ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜ ਕੇ ਬੈਠ ਜਾਂਦੇ, ਇਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਨ੍ਹਾਂ ਦੇ ਮਨਾਂ ਵਿੱਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ :

ਮਾਈ ਬਾਪ ਨੇ ਰੱਖੀ ਲਾਡਲੀ
ਜਿਉਂ ਥੇਲੀ ਦਾ ਫੋੜਾ
ਮੁਸ਼ਕੀ ਰੰਗ ਸਰੀਰ ਛਾਂਟਮਾਂ
ਜਾਣੀ ਕੋਤਲ ਘੋੜਾ
ਨਰਮ ਸਰੀਰ ਮੱਖਣ ਤੋਂ ਕੂਲ਼ਾ
ਖਾ ਕੇ ਤੁਰੇ ਮਰੋੜਾ
ਪਤਲੇ ਅੰਗ ਫੁੱਲਾਂ ਤੋਂ ਹੌਲੀ[1]


ਜਿਉਂ ਰੂਈਂ ਦਾ ਗੋਹੜਾ
ਮਿੱਠਾ ਬੋਲ ਕੋਲ ਤੋਂ ਦੂਣਾ
ਆਸ਼ਕ ਨੂੰ ਹੈ ਲੋਹੜਾ
ਨੋਤਰ ਬੇਗੋ ਦੋ
ਜਿਉਂ ਲਾਲਾਂ ਦਾ ਜੋੜਾ

ਕੋਈ ਬੇਗੋ ਦੀ ਡੋਰ ਦੀ ਸਿਫ਼ਤ ਕਰਦਾ:

ਨਾਲ਼ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀ ਸੋਂਹਦਾ
ਪੈਰਾਂ ਵਿੱਚ ਰਕਾਬੀ
ਨਾਲ਼ ਹੁਸਨ ਦੇ ਕਰੇ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁਲ ਗੁਲਾਬੀ

(ਛੱਜੂ ਸਿੰਘ)

ਇਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ ਦੇ ਦਿੱਤੀ। ਪਲਾਂ ਵਿੱਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖਰੀਦਣ ਲਈ ਸੋਚਾਂ ਬਣ ਗਈਆਂ।

ਤੇਲਣ ਮਤਾਬੀ, ਜੱਟੀ ਬਿਸ਼ਨੀ, ਗੁਲਾਬੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ।
ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।

(ਪੂਰਨ ਰਾਮ)

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ-ਗੋਦੜੀ ਦੇ ਲਾਲ ਦਗਦ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।

ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜਾਜ਼ ਦੀ ਹੱਟੀ ਤੇ ਜਾ ਪੁੱਜੀ। ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ-ਉਹ ਬੇਗੋ ਦਾ ਹੋ ਗਿਆ :

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ
ਨਾਰੀਆਂ ਕਹਿਣ, “ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੌਵੇਂ ਬਿਨਾ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।”
“ਬੇਗੋ" ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣ ਕੇ ਇੰਦਰ ਖਿੜ-ਖਿੜ ਹੱਸਿਆ
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲ ਕੇ
ਜਿਹੜੀ ਚੀਜ਼ ਮੰਗ ਸੋਈ ਦੇਵਾਂ ਤੋਲ ਕੇ

(ਪੂਰਨ ਰਾਮ)

ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ ਛਣਕ ਰਹੀ ਸੀ। ਮੁਟਿਆਰਾਂ ਹਸ-ਹਸ ਦੂਹਰੀਆਂ ਹੋ ਰਹੀਆਂ ਸਨ ਪਰੰਤੂ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।

“ਅੜਿਆ ਆਖ ਦੇ ਖਾਂ ਤੇਰਾ ਕਿਹੜਾ ਮੁਲ ਲਗਦੈ।’’ ਕੇਸਰੀ ਦੀ ਨੀਤ ਟਾਸੇ ਦੇ ਥਾਨ ’ਤੇ ਕਿੱਟੀ ਪਈ ਸੀ। “ਮੇਰੇ ਵਲੋਂ ਤਾਂ ਬਾਨੀਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"

ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ ।ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ । ਸਾਰਾ ਬਾਜ਼ਾਰ ਏਸ ਜਨੂੰਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿੱਚਰਾਂ ਪਿਆ ਕਰਦਾ ਸੀ।

“ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੁਸੀਂ ਥਾਨ ਪਰਖਦੇ ਹੋ, ਬेਗੋ ਇਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ ...!" ਨਫ਼ਾਖੋਰ ਬਾਣੀਆਂ ਸੱਚਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।

ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅੱਲੜ੍ਹ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਨ੍ਹਾਂ ਝਟ ਬੇਗੋ ਦੇ ਮੂੰਹੋਂ ਇਹ ਗੱਲ ਵੀ ਅਖਵਾ ਲਈ:

ਸੁਹਣੇ ਜਹੇ ਮੁੱਖ ਵਿੱਚੋਂ ਆਖਿਆ ਮਜਾਜ਼ ਨਾਲ਼
ਫੂਕੇ ਭਾਵੇਂ ਰੱਖੇ ਮੈਂ ਕੀ ਏਸ ਨੂੰ ਹਟਾਉਣਾ
ਏਹੋ ਜਿਹਾ ਕਾਹਲਾ ਅੱਗ ਲਾਵੇ ਹੁਣੇ ਖੜੀਆਂ ਤੋਂ
ਆਖ ਕੇ ਤੋਂ ਮੈਂ ਕਾਹਨੂੰ ਮੁਖੜਾ ਥਕਾਉਣਾ
ਦੇਖਾਂਗੇ ਤਮਾਸ਼ਾ ਜੇ ਤਾਂ ਅੱਗ ਲਾਉ ਹੱਟੀ ਤਾਈਂ
ਇਹੋ ਜਹੇ ਲੁੱਚੇ ਨੇ ਕੀ ਇਸ਼ਕ ਕਮਾਉਣਾ
ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ
ਚਲੋ ਭੈਣੋ ਚੱਲੋ ਕਾਹਨੂੰ ਮਗਜ਼ ਖਪਾਉਣਾ

ਨਰੈਣ ਸਿੰਘ)

ਇੰਦਰ ਨੇ ਅੱਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਤੇ ਲੋਕਾਂ ਦੇ ਰੋਕਦੇ-ਰੋਕਦੇ ਦੁਕਾਨ ਨੂੰ ਅੱਗ ਲਾ ਦਿੱਤੀ। ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।

ਮੁਟਿਆਰਾਂ ਦੀ ਟੋਲੀ ਸਹਿਮੀ-ਸਹਿਮੀ, ਘਬਰਾਈ-ਘਬਰਾਈ ਉੱਥੋਂ ਖਿਸਕ ਤੁਰੀ। ਉਹ ਇਹ ਨਹੀਂ ਸਨ ਜਾਣਦੀਆਂ ਕਿ ਉਨ੍ਹਾਂ ਦਾ ਨਿੱਕਾ ਜਿਹਾ ਮਖ਼ੋਲ ਇਹ ਕੁਝ ਕਰ ਗੁਜ਼ਰੇਗਾ।

ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲਭਦਾ ਪਿਆ ਸੀ। ਉਹ ਕਿਧਰੇ ਨਜ਼ਰ ਨਹੀਂ ਸੀ ਆਂਦੀ ਪਈ। ਉਹ ਤਾਂ ਉਹਦਾ ਸਭ ਕੁਝ ਖਸ ਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ-ਬੇਗੋ ਕੂਕਦਾ ਬੇਗੋ ਦੀ ਭਾਲ ਵਿੱਚ ਨਸ ਟੁਰਿਆ।

ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਆਈਆਂ। ਇੰਦਰ ਹਾਲੋਂ-ਬੇਹਾਲ ਹੋਇਆ ਉਨ੍ਹਾਂ ਦੇ ਮਗਰ ਰਾਵੀ ਦੇ ਪੁਲ 'ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, “ਬੇਗੋ ਤੂੰ ਮੈਨੂੰ ਛੱਡ ਕੇ ਕਿੱਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ। ਮੈਂ ਹੁਣ ਤੇਰੇ ਨਾਲ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"

ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ।

“ਇੰਦਰਾ ਪਿਛਾਂਹ ਮੁੜ ਜਾਂ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ-ਤੇਰੇ ਟੋਟੇ-ਟੋਰੇ ਕਰਕੇ ਉਹਨੇ ਸਾਹ ਲੈਣੈ।" ਬਲਾਸੋ ਨੇ ਡਰਾਵਾ ਦਿੱਤਾ।

ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੋ ਤਸੀਹੇ ਝੱਲਣ ਲਈ ਤਿਆਰ ਸੀ:

ਬੇਗੋ ਮਾਰੇ ਜੁੱਤੀਆਂ, ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ, ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ, ਮਹੀਂਵਾਲ ਬਣਿਆ ਸੀ
ਕੰਨ ਪੜਵਾਏ ਰਾਂਝੇ, ਪਿੱਛੇ ਜੱਟੀ ਹੀਰ ਦੇ।
ਲੁਹਾਰ ਫਰਿਹਾਦ, ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ, ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ, ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।

(ਨਰੈਣ ਸਿੰਘ)

ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਾਉਂਦੇ ਪਾਣੀ ਵਿੱਚ ਕੇਸਰ ਘੋਲ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਇਹ ਟੋਲੀ ਇਕ ਅਨੋਖੀ ਉਲਝਣ ਵਿੱਚ ਫਸੀ ਖੜੀ ਸੀ। ਲਟ-ਲਟ ਜਲ਼ ਰਹੀ ਹੱਟੀ ਦੇ ਚੰਗਿਆੜੇ ਅਜੇ ਵੀ ਉਨ੍ਹਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡੱਕੋ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ।

“ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ। ਜੋ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੈਗੋ ਆਖੇ ਤਾਂ ਸਹੀ...।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ।

“ਮੇਰੇ ਵਲੋਂ ਤਾਂ ਕਲ੍ਹ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।

ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ਼ ਮਾਰ ਦਿੱਤੀ।

ਆਹ! ਬੇਗੋ ਦੇ ਬੋਲਾਂ ’ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ। ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਰਾਵੀ ਦੀਆਂ ਘੁੰਮਣ ਘੇਰੀਆਂ ਵਲ ਤਕਦੀ ਰਹੀ, ਤਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ।

ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਨ੍ਹਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ। ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ ਹੀ ਰੋਹੜ ਕੇ ਲੈ ਗਈ। ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ।

ਮੁਟਿਆਰਾਂ ਉਦਾਸ-ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ। ਉਹ ਸੋਚਦੀਆਂ ਪਈਆਂ ਸਨ ਕਿ ਕਿਹੜੇ ਮੂੰਹ ਨਾਲ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣਗੀਆਂ।

ਇਸ ਪ੍ਰੀਤ ਕਹਾਣੀ ਨੂੰ ਵਾਪਰਿਆਂ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰੰਤੂ ਇਸ ਦੀ ਅਮਿਟ ਪਿਆਰ ਛੂਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ਼ ਗਾ ਕੇ ਆਨੰਦ ਮਾਣਦੇ ਹਨ।

  1. ਬਿਕਰਮੀ ਸੰਮਤ