ਇਸ਼ਕ ਸਿਰਾਂ ਦੀ ਬਾਜ਼ੀ/ਮਹਿਕ ਪੰਜਾਬ ਦੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸੁਖਦੇਵ-ਮਾਦਪੁਰੀ: ਮਹਿਕ ਪੰਜਾਬ ਦੀ

ਇੱਕ ਤੱਪਸਵੀ ਤਪ ਕਰੇਂਦਾ, ਖੋਜੇ ਵਿਰਸਾ ਤੇ ਮੁਸਕਾਏ !
ਡੂੰਘਾ-ਸਾਗਰ, ਮੋਤੀ ਲੱਭੇ, ਜਿਉਂ ਉਹ ਡੂੰਘਾ ਜਾਏ।
ਖੋਜੇ, ਫੋਲੇ, ਇਤਿਹਾਸ ਆਪਣਾ, ਦੁਰਲੱਭ ਖ਼ਜ਼ਾਨੇ ਲੱਭੋ;
ਜਿਸ ਦੀਆਂ ਬਾਤਾਂ, ਦਾਤਾਂ, ਜੀ ਹੋਣ ਅਮੁੱਲੜੀਆਂ॥

ਉਸ ਨੇ ਖੋਜੇ, ਭੁੱਲੜੇ, ਲੋਕਾਂ ਦੇ ਸਭ ਗੀਤ ਪਿਆਰੇ।
ਉਸ ਲਈ ਸਭਿਆਚਾਰ ਦੇ, ਹਨ ਸਾਰੇ ਰੰਗ-ਸਚਿਆਰੇ।
ਪੰਜਾਬ ਪਿਆਰਾ ਉਸ ਲਈ ਜਾਪੇ ਮਹਿਕਾਉਂਦਾ;
ਬਾਤਾਂ ਲੱਭੀਆਂ ਉਸ ਨੇ, ਜੋ ਕਦੇ ਨਾਂ ਭੁੱਲੜੀਆਂ

'ਮਾਦਪੁਰੀ ਜੀ! ਪੰਜਾਬ ਦੀ ਧਰਤੀ, ਤੈਨੂੰ ਪਿਆਰੀ ਜਾਪੇ।
ਗਭਰੂ ਤੇ ਮੁਟਿਆਰਾਂ ਪਿਆਰੇ, ਪਿਆਰੇ ਇਨ੍ਹਾਂ ਦੇ ਮਾਪੇ।
ਲੋਕ-ਗੀਤ ਤੈਨੂੰ ਸਦਾ ਦੁਲਾਰੇ; ਹੂਕ ਦਿਲਾਂ ਦੀ ਬਣਦੇ,
ਮਨ ਪਰਚਾਉਂਦੇ ਅੱਜ ਪੰਜਾਬੀ; ਬਾਤਾਂ ਪਾ ਅਭੁੱਲੜੀਆਂ॥

ਫੁੱਲਾਂ ਭਰੀ ਚੰਗੇਰ ਜਾਪਦੇ, ਖੰਡ ਮਿਸਰੀ ਦੀਆਂ ਡਲੀਆਂ।
ਨੈਣੀਂ ਨੀਂਦ ਨਾ ਆਵੇ ਸਭਨਾਂ, ਗੀਤਾਂ ਦੀਆਂ ਸੁਣ ਕਲੀਆਂ।
ਤੇੰ 'ਬੋਲੀਆਂ ਦੇ ਬੰਗਲੇ ਪਾਏ, ਤੱਕ ਕੱਲਰੀਂ ਦੀਵੇ ਮੱਚਦੇ,
ਸ਼ਗਨਾਂ ਦੇ ਲੱਭ ਗੀਤ ਪਿਆਰੇ, ਬਾਤਾਂ ਪਾਉਣ ਅਵੱਲੜੀਆਂ॥

ਲੋਕ-ਕਥਾਵਾਂ ਤੇਰੇ ਲਈ ਹਨ ਜ਼ਰੀ ਦਾ ਟੋਟਾ ਸੁਹਣਾ ਬਹੁ ਮੁੱਲਾ।
ਨੈਣਾਂ ਦਾ ਵਣਜਾਰਾ ਬਣਕੇ ਤੈਂ ਲੱਭਿਆ ਵਿਰਸਾ-ਭੁੱਲਾ।
ਤੈਂ ਲੋਕਾਂ ਦੀਆਂ ਖੇਡਾਂ ਲੱਭੀਆਂ, ਜੋ ਅਜ ਭੁੱਲੀਆਂ ਸਭ ਨੂੰ;
ਤਿਥ-ਤਿਉਹਾਰ ਦੀਆਂ ਬਾਤਾਂ ਪਾਈਆਂ, ਜੋ ਹਨ ਸਦਾ ਹੀ ਕੂਲੜੀਆਂ।

ਪੰਜਾਬ ਦੇ ਲੋਕ ਨਾਇਕ ਨੇ ਤੈਨੂੰ ਪਿਆਰੇ, ਅਤੇ ਦੁਲਾਰੇ ਨੇ ਲਗਏ।
ਪਰ, ਲੋਕਾਂ ਨੂੰ ਬਾਤਾਂ ਦੇ ਜਲਵੇ, ਵਾਂਗ ਦੀਵਿਆਂ ਜਾਪਣ ਜਗਦੇ।
ਤੇੰ ਦਿਖਲਾਈ ਪੰਜਾਬੀ ਸਭਿਆਚਾਰ ਦੀ ਆਰਸੀ ਸਭ ਨੂੰ ਪਿਆਰੀ,
ਸਭ ਨੂੰ ਲੱਗਣ ਲੱਗੀਆਂ ਬਾਤਾਂ, ਸਦਾ ਜਿਵੇਂ ਸੁੱਲਖਣੜੀਆਂ

ਲੋਕ-ਕਥਾਵਾਂ ਕਰ ਇੱਕਠੀਆਂ, ਤੈਂ ਜਦ ਪ੍ਰਕਾਸ਼ਤ ਕਰਵਾਈਆਂ।
ਤਾਂ ਸਾਨੂੰ ਸਤਿਆਰਥੀ ਚੇਤੇ ਆਏ, ਉਹ ਤੈਨੂੰ ਦੇਣ ਵਧਾਈਆਂ।
ਤੂੰ ਅਣਥੱਕ ਰਾਹੀਂ, ਰਾਹ ਦੁਸੇਰੇ; ਚੱਲ ਚੱਲ ਮੰਜ਼ਿਲ ਪਾਈ;
ਤੈਨੂੰ, ਤਾਂ ਹੀ, ਤੇਰੇ ਪਿਆਰੇ ਪਾਠਕ, ਦੇਵਣ ਸਦਾ ਥਾਪੜੀਆਂ॥

ਲੱਭ ਸ਼ਗਨਾਂ ਦੇ ਗੀਤ ਪਿਆਰੇ, ਤੈਂ ਵਣਜ ਦਿਲਾਂ ਦੇ ਕੀਤੇ।
ਤੈਂ "ਪੰਜਾਬੀ-ਬੁਝਾਰਤ-ਕੋਸ਼" ਬਣਾਇਆ, ਜ਼ਖ਼ਮ ਪੁਰਾਣੇ ਸੀਤੇ।
ਮਹਿਕ ਪੰਜਾਬ ਦੀ ਜਦ ਵੀ ਤੈਂ, ਆਪ ਹੰਢਾਈ ਅਲਬੇਲੀ;
ਸਭਿਆਚਾਰ ਪੰਜਾਬੀ-ਦਰਪਨ ਵਿੱਚ ਪਾ ਆਪੇ ਝਾਤੜੀਆਂ॥

'ਵਰਾਸਤੀ ਮੇਲ ਤਿਥ-ਤਿਉਹਾਰ ਤੈਂ ਸਾਨੂੰ ਮੁੜ ਯਾਦ ਕਰਾਏ।
ਲੋਕ-ਸਿਆਣਪਾਂ ਦੇ ਤੱਤ ਅਨੋਖੇ, ਤੈਂ ਮੁੜਕੇ ਅਰਥਾਏ।
ਬਾਲ ਸਾਹਿੱਤ ਲਿਖ ਯਸ ਖੱਟਿਆਸ਼ ਸਰਕਾਰ ਨੇ ਸ਼ੋਭਾ ਕੀਤੀ;
ਤੇਰੇ ਅੰਦਰ ਜੀ ਲੋਕ ਗੀਤਾਂ ਨੇ, ਲਾਈਆਂ ਖੂਬ ਚੁਆਤੜੀਆਂ॥

ਤੇਰਾ ਇੱਕੋ ਨਾਟਕ ਪਰਾਇਆ ਧਨ, ਨਵੇਂ ਦਏ ਸੁਨੇਹੜੇ।
ਤੈਂ ਸਤਿਗੁਰ ਰਾਮ ਸਿੰਘ ਜੀ ਦਾ ਅਭਿਨੰਦਨ ਕੀਤਾ, ਜਾ ਕੇ ਉਸ ਦੇ ਵਿਹੜੇ।
ਤੇਰਾ ਜਾਦੂ ਸਾਹਿਤ ਦੇ ਹਰ ਕਾਰਜ ਅੰਦਰ, ਸਿਰ ਚੜ੍ਹਕੇ ਜੀ ਬੋਲੇ;
ਤਾਂ ਹੀ ਤੇਰੇ ਪਾਠਕ ਤੈਨੂੰ ਵੱਡਿਆਉਂਦੇ ਪਾ ਪਾ ਕੇ ਜੀ ਪਾਤੜੀਆਂ॥

ਤੇਰੀ ਲਗਨ, ਖੋਜੀ ਬਣਨ ਦੀ ਅਣਥੱਕੀ, ਤੇਰੇ ਜਜ਼ਬੇ ਲਾਸਾਨੀ ਲਰਜਾਵਣ।
ਦੂਰ ਤੋਂ ਚੱਲਿਆ ਸਾਹਿੱਤ-ਪ੍ਰੇਮੀ, ਸਭ ਤੇਰੀ ਸੰਗਤ ਪਾਵਣ।
ਸਿਦਕ ਤੇਰੇ ਦੀਆਂ ਮਹਿਕਾਂ ਪਾ, ਪਾ ਲੋਕੀ ਟਹਿਕਣ ਮਹਿਕਣ;
ਨੱਚਦੇ ਟੱਪਦੇ ਬੋਲੀਆਂ ਪਾ ਪਾ, ਨਾਲ਼ੇ ਪਾਵਣ ਬਾਤੜੀਆਂ॥

ਤੂੰ ਸੱਚ-ਮੁੱਚ ਮਹਿਕ-ਪੰਜਾਬ ਦੀ ਆਪਣਾ ਵਿਰਸਾ ਤੈਂ ਮਹਿਕਾਇਆ।
ਸਾਂਭੇ-ਮੋਤੀ-ਹੀਰੇ ਬਿਖਰੇ; ਜਿੰਨਾਂ ਲੱਭਿਆ ਤੇ ਮੁੱਲ ਪਾਇਆ।
ਤੈਂ ਆਪਣੇ ਸਭ ਕਾਰਜ ਕੀਤੇ; ਲੈ ਅੰਗੜਾਈ, ਖੋਜੀ ਬਣਕੇ;
ਮੈਂ ਕੋਮਲ ਜੋ ਗੱਲਾਂ ਲਿਖੀਆਂ, ਝੂਠ ਨਹੀਂ, ਸਭ ਸਾਚੜੀਆਂ॥
-ਡਾ.ਅਮਰ ਕੋਮਲ