ਇਸ਼ਕ ਸਿਰਾਂ ਦੀ ਬਾਜ਼ੀ/ਮੁੱਢਲੇ ਸ਼ਬਦ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਮੁੱਢਲੇ ਸ਼ਬਦ

ਆਦਿ ਕਾਲ ਤੋਂ ਹੀ ਲੋਕ ਸਾਹਿਤ ਜਨ ਸਾਧਾਰਨ ਲਈ ਮਨੋਰੰਜਣ ਦਾ ਵਿਸੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸਣ ਹੁੰਦੇ ਹਨ। ਇਹ ਪੀੜ੍ਹੀਓ ਪੀੜ੍ਹੀ ਸਮੇਂ ਦਾ ਲੰਮਾ ਪੈਂਡਾ ਝਾਗ ਕੇ ਸਾਡੇ ਤੀਕ ਪੁਜਦਾ ਹੈ।ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡਮੁੱਲਾ ਸਰਮਾਇਆ ਹੀ ਨਹੀਂ ਬਲਕਿ ਮਾਣ ਮੱਤਾ ਸਾਂਭਣਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਗਾਥਾਵਾਂ, ਲੋਕ ਕਹਾਣੀਆਂ, ਅਖਾਣ ਅਤੇ ਬੁਝਾਰਤਾਂ ਆਦਿ ਪੰਜਾਬੀ ਲੋਕ ਸਾਹਿਤ ਦੇ ਭਵਿੰਨ ਰੂਪ ਹਨ।

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ-ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁਲ੍ਹਾ ਤੇ ਹਰ ਕਿਸੇ ਨਾਲ਼ ਘੁਲ਼-ਮਿਲ਼ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਘੁਮ੍ਹਾਰ ਤੁਲੇ ਦੀ ਮੁਟਿਆਰ ਧੀ ਸੋਹਣੀ ਨੂੰ ਵੇਖ ਉਸ ਤੇ ਫ਼ਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਆਪਣਾ ਬਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ ਦੂਜੇ ਤੇ ਜਿੰਦੜੀ ਘੋਲ਼ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਰਕਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੋਰ ’ਚ ਧੋਬੀਆਂ ਦੇ ਘਰ ਪਲ਼ੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ਼ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਪੁੰਨੂੰ ਅਤੇ ਸੋਹਣੀ ਦਾ ਇਜ਼ਤ ਵੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ ਅਤੇ ਮਿਰਜ਼ਾ-ਸਾਹਿਬਾਂ ਆਦਿ ਅਜਿਹੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉਕਰੀ ਹੋਈ ਹੈ।

ਇਹ ਸਾਰੀਆਂ ਪ੍ਰੀਤ ਗਾਥਾਵਾਂ ਮਧਕਾਲ ਵਿੱਚ ਵਾਪਰੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ 'ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣਕੇ ਮਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿੱਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਅਤੇ ਫਜ਼ਲ ਸ਼ਾਹ ਦੀ ਸੋਹਣੀ ਪੰਜਾਬੀ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ।

ਇਨ੍ਹਾਂ ਪ੍ਰਮੁੱਖ ਪ੍ਰੀਤ ਗਾਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਨੀ, ਕਾਕਾ ਪਰਤਾਪੀ, ਸੋਹਣਾ-ਜੈਨੀ ਅਤੇ ਇੰਦਰ ਬੇਗੋ ਪੰਜਾਬੀ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਅਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧਕਾਲ ਦੀਆਂ ਇਹਨਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਅਥਵਾ ਪਿਆਰ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਹੀ ਨਹੀਂ ਕੀਤਾ ਬਲਕਿ ਸਮਾਜਕ ਅਤੇ ਧਾਰਮਕ ਵਰਜਣਾ, ਮਨਾਹੀਆਂ ਅਤੇ ਬੰਦਸ਼ਾਂ ਨੂੰ ਤੋੜਕੇ ਅਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਹਨ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਬਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਅਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਅਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ਼ ਯਾਦ ਕਰਦੇ ਹਨ।

ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ। ਇਹਨਾਂ ਵਿੱਚ ਪੰਜਾਬ ਦੀ ਆਤਮਾ ਵਿਦਵਾਨ ਹੈ। ਇਹ ਚਸ਼ਮੇ ਦੀ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ।

ਪੀਤ ਗਾਥਾਵਾਂ ਨੂੰ ਕੇਵਲ ਪੰਜਾਬੀ ਕਿੱਸਾਕਾਰਾਂ ਨੇ ਹੀ ਆਪਣੀਆਂ ਰਚਨਾਵਾਂ ਦਾ ਆਧਾਰ ਨਹੀਂ ਬਣਾਇਆ ਬਲਿਕ ਪੰਜਾਬ ਦੇ ਲੋਕ ਮਾਨਸ ਵਿਸ਼ੇਸ਼ ਕਰਕੇ ਪੰਜਾਬ ਦੀਆਂ ਮੁਟਿਆਰਾਂ ਨੇ ਵੀ ਪ੍ਰੀਤ ਨਾਇਕਾਂ ਬਾਰੇ ਸੈਂਕੜੇ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਪ੍ਰੀਤ ਗਾਥਾਵਾਂ ਪਾਠਕਾਂ ਦੇ ਰੂ-ਬ-ਰੂ ਕੀਤੀਆਂ ਜਾ ਰਹੀਆਂ ਹਨ।


20 ਸਤੰਬਰ, 2017

ਸੁਖਦੇਵ ਮਾਦਪੁਰੀ
ਸਮਾਧੀ ਰੋਡ,ਖੰਨਾ
ਜ਼ਿਲ੍ਹਾ ਲੁਧਿਆਣਾ
ਮੋ.9463034472