ਸਮੱਗਰੀ 'ਤੇ ਜਾਓ

ਇਸ਼ਕ ਸਿਰਾਂ ਦੀ ਬਾਜ਼ੀ/ਲਾਸਾਨੀ ਮੁਹੱਬਤ ਦੀ ਗਾਥਾ ਸੋਹਣਾ ਜ਼ੈਨੀ

ਵਿਕੀਸਰੋਤ ਤੋਂ

ਲਾਸਾਨੀ ਮੁਹੱਬਤ ਦੀ ਗਾਥਾ-ਸੋਹਣਾ ਜ਼ੈਨੀ

ਸੋਹਣਾ ਜ਼ੈਨੀ, ਸੋਹਣੀ ਦੇ ਦੇਸ਼ ਗੁਜਰਾਤ ਦੀ ਇਕ ਹੋਰ ਪ੍ਰੀਤ ਕਹਾਣੀ ਹੈ। ਸੋਹਣੀ ਆਪਣੇ ਪ੍ਰੇਮੀ ਮਹੀਂਵਾਲ ਲਈ ਕੱਚੇ ਘੜੇ ਉੱਤੇ ਝਨਾਂ ਦੀਆਂ ਖੂਨੀ ਲਹਿਰਾਂ ਵਿੱਚ ਠਿਲ੍ਹ ਪਈ ਸੀ, ਏਧਰ ਸੋਹਣਾ ਆਪਣੀ ਪ੍ਰੇਮਕਾ ਜ਼ੈਨੀ ਲਈ ਜ਼ਹਿਰੀਲੇ ਸੱਪਾਂ ਦਾ ਡੰਗ ਸਹਾਰਦਾ ਹੈ।

ਇਸ ਕਹਾਣੀ ਬਾਰੇ ਮੈਨੂੰ ਹੇਠ ਲਿਖੇ ਤਿੰਨ ਕਿੱਸੇ ਮਿਲੇ ਹਨ:
੧. ਸੋਹਣਾ ਵਾ ਜ਼ੈਨੀ ਕ੍ਰਿਤ ਖਾਹਸ਼ ਅਲੀ
੨. ਸੋਹਣਾ ਤੇ ਜ਼ੈਨੀ ਕ੍ਰਿਤ ਕਵੀ ਜਲਾਲ
੩. ਸੋਹਣਾ ਤੇ ਜ਼ੈਨੀ ਜੋਗਨ ਕ੍ਰਿਤ ਬਖਸ਼ੀ ਈਸਾਈ

ਇਨ੍ਹਾਂ ਕਿੱਸਿਆਂ ਤੋਂ ਇਸ ਪ੍ਰੀਤ ਕਥਾ ਦੇ ਵਾਪਰਨ ਦੇ ਸਮੇਂ ਦਾ ਸਹੀ ਪਤਾ ਨਹੀਂ ਲਗ ਰਿਹਾ। ਕਵੀ ਜਲਾਲ, ਜਿਹੜਾ ਜ਼ਿਲਾ ਸਿਆਲਕੋਟ ਦਾ ਰਹਿਣ ਵਾਲਾ ਸੀ, ਅਪਣੇ ਕਿੱਸੇ ਨੂੰ ੮ ਜਨਵਰੀ ੧੯੩੧ ਈਸਵੀ ਨੂੰ ਲਿਖਕੇ ਸਮਾਪਤ ਕਰਦਾ ਹੈ। ਬਖ਼ਸ਼ੀ ਈਸ਼ਾਈ ਤੇ ਮੁਨਸ਼ੀ ਖਾਹਸ਼ ਅਲੀ ਅਪਣੇ ਕਿੱਸੇ ਲਿਖਣ ਦੀ ਕੋਈ ਮਿਤੀ ਨਹੀਂ ਦਸ ਰਹੇ। ਉਂਜ ਇਨ੍ਹਾਂ ਦਾ ਕਾਲ ਵੀਹਵੀਂ ਸਦੀ ਹੀ ਹੈ।

ਇਨ੍ਹਾਂ ਕਿੱਸਿਆਂ ਦੇ ਅਧਿਐਨ ਤੋਂ ਇਹੀ ਪਤਾ ਲਗਦਾ ਹੈ ਕਿ ਖਾਹਸ਼ ਅਲੀ ਨੇ ਸਭ ਤੋਂ ਪਹਿਲਾਂ ਕਿਸੇ ਪੁਰਸ਼ ਪਾਸੋਂ ਇਸ ਕਹਾਣੀ ਨੂੰ ਸੁਣਿਆ ਤੇ ਮਗਰੋਂ ਕਿੱਸਾ ਲਿਖ ਦਿੱਤਾ। ਕਵੀ ਜਲਾਲ ਤੇ ਬਖਸ਼ੀ ਈਸਾਈ ਨੇ ਥੋੜ੍ਹੀ-ਥੋੜ੍ਹੀ ਅਦਲਾ ਬਦਲੀ ਨਾਲ ਅਪਣੇ ਕਿੱਸੇ ਲਿਖੇ ਹਨ। ਖਾਹਸ਼ ਅਲੀ ਅਪਣੇ ਕਿੱਸੇ ਦੀ ਵਾਹਦੇ ਤਸਨੀਫ ਬਾਰੇ ਆਪ ਲਿਖਦਾ ਹੈ:

ਪੰਜ ਪਹਾੜ ਦਿਹਾੜੀ ਵੇਹਲਿਆਂ ਲੰਘਦੀ ਮੂਲ ਨਾ ਯਾਰਾ।
ਲਿੱਖੀਏ ਕੋਈ ਕਹਾਣੀ ਕਿੱਸਾ, ਸ਼ੌਕ ਲੱਗਾ ਦਿਲ ਭਾਰਾ।
ਉਚਰਾਂ ਨੂੰ ਆ ਪਹੁੰਚਿਆ ਉੱਥੇ ਮੇਰਾ ਦਿਲਬਰ ਜਾਨੀ।
ਈਦਾ ਨਾਮ ਤੇ ਗੁਜਰ ਜੋਤੋਂ ਬੰਦਾ ਬਹੁਤ ਗਿਆਨੀ।
ਔਦਿਆਂ ਹੀ ਉਸ ਦੋਸਤ ਮੇਰੇ ਵਾਹਵਾ ਗਲ ਸੁਣਾਈ।
ਗਲ ਕਰੀ ਚਕ ਵਿੱਚ ਗੱਲਾਂ ਦੇ ਚਿਣਗ ਚਵਾਤੀ ਲਾਈ।
ਜਿਉਂ-ਜਿਉਂ ਸੁਣਾਵੇ ਅੱਗੋਂ ਮਜ਼ਾ ਜ਼ਿਆਦਾ ਆਵੇ।
ਲੂੰ ਲੂੰ ਦੇ ਵਿੱਚ ਇਸ਼ਕ ਸਮਾਵੇ ਛੇਕ ਕਲੇਜੇ ਪਾਵੇ।

ਸੋਹਣੀ ਜ਼ੈਨੀ ਪੱਛਮੀ ਪੰਜਾਬ ਦੇ ਨੀਲੀ ਬਾਰ ਦੇ ਇਲਾਕੇ ਗੁਜਰਾਤ ਵਿੱਚ ਚੌਧਵੀਂ ਸਦੀ ਵਿੱਚ ਵਾਪਰੀ ਅਜਿਹੀ ਮਨਮੋਹਕ ਲੋਕ ਗਾਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਲੋਕ ਗਾਥਾ ਨੂੰ ਬੱਲੂ ਰਾਮ ਬਾਜ਼ੀਗਰ ਨੇ ਬਾਰ ਦੀ ਲੋਕ ਬੋਲੀ ਅਤੇ ਠੇਠ ਲੋਕ ਮੁਹਾਵਰੇ ਵਿੱਚ ਲੋਕ ਕਾਵਿ ਢੋਲੇ ਦੇ ਰੂਪ ਵਿੱਚ ਵੀ ਰਚਿਆ ਹੈ।

ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨ-ਦਾਨ ਕੀਤੇ, ਮੰਨਤਾਂ ਮੰਨੀਆਂ। ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ। ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸਮਾਂ ਪਾ ਕੇ ਸੋਹਣਾ ਜਵਾਨ ਹੋ ਗਿਆ। ਉਹਦੇ ਅਲਬੇਲੇ ਸ਼ੌਕ ਸਨ। ਇਕ ਦਿਨ ਉਹ ਸ਼ਿਕਾਰ ਖੇਡਦਾ-ਖੇਡਦਾ ਆਪਣੇ ਖੂਹ 'ਤੇ ਪੁੱਜ ਗਿਆ। ਉਸ ਵੇਖਿਆ ਖੂਹ ਦੇ ਨੇੜੇ ਹੀ ਖੇਤਾਂ ਵਿੱਚ ਬੰਗਾਲੇ-ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰ ਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ ਖੂਹੇ ’ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ-ਬਣ ਪੈ ਰਿਹਾ ਸੀ:

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲਾ ਕਹਿੜਾ
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖ਼ਤ ਕਮਾਨਾਂ
ਇਕ ਨਜ਼ਰ ਥੀਂ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ
ਜ਼ੁਲਫ਼ਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ
ਦਿਲ ਤੇ ਰਾਤ ਇਕੱਠੇ ਕੀਤੇ
ਕੁਦਰਤ ਰੱਬ ਤਾਅਲਾ

(ਕਵੀ ਜਲਾਲ)

ਜ਼ੈਨੀ ਦੇ ਹੁਸਨ ਨਾਲ ਸੋਹਣਾ ਕੀਲਿਆ ਗਿਆ :

ਹੁਸਨ ਜ਼ੈਨੀ ਦਾ ਤੇਜ ਸ਼ਮਾਦਾਨ ਤੋਂ
ਨੈਣ ਮਰੇਂਦੇ ਨੇ ਬਿਜਲੀ ਵਾਂਗ ਚਮਕ ਨੂੰ
ਟੁਰੇ ਮੋਰ ਚਕੋਰ ਦੇ ਵਾਂਗ ਜ਼ੈਨੀ
ਛੱਲੇ ਮੁੰਦਰੀਆਂ ਪਏ ਸੋਂਹਦੇ ਨੇ ਹੱਥ ਨੂੰ

ਮੱਥਾ ਜ਼ੈਨੀ ਦਾ ਚੰਦ ਮਤਾਬ ਜਿਹਾ
ਧਾਰ ਕੱਜਲ ਦੀ ਸੌਂਹਦੀ ਅੱਖ ਨੂੰ
ਹਾਈ ਹੁਸਨ ਦੇ ਵਿੱਚ ਭਰਪੂਰ ਜ਼ੈਨੀ
ਜਿਸ ਬਾਝ ਕਲਮੇਂ ਕੀਲਿਆ ਹੈ ਜੱਟ ਨੂੰ

(ਵੱਲੂ ਰਾਮ ਬਾਜ਼ੀਗਰ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ। ਉਹ ਉਹਦੇ ਧੁਰ ਅੰਦਰ ਤਕ ਲਹਿ ਗਈ। ਉਹ ਜ਼ੈਨੀ ਦਾ ਹੋ ਕੇ ਰਹਿ ਗਿਆ:

ਸੋਹਣਾ ਤਰਫ਼ ਜ਼ੈਨੀ ਦੇ ਵੇਖੇ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉੱਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜ਼ੈਨੀ ਦਾ ਦਿਲ ਵਿੱਚ ਪੁੜਿਆ
ਛੁੱਟਾ ਤੀਰ ਕਮਾਨੋਂ

(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵੜੀਆਂ: ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਆਪਣੇ ਮੱਧ ਭਰੇ ਨੈਣਾਂ ਵਿੱਚ ਸਮੋਂ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈ ਹੁਣ ਉਸ ਨੂੰ ਪਿਆਰੀ-ਪਿਆਰੀ ਖ਼ੁਸ਼-ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜੈਨੀ ਪਈ ਨਜ਼ਰ ਆਉਂਦੀ ਸੀ।

ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵਲ ਨਸ ਟੁਰਿਆ। ਖੂਹ ’ਤੇ ਪੁਜ ਕੇ ਕੀ ਵੇਖਦਾ ਹੈ... ਡੇਰੇ ਵਾਲ਼ੀ ਥਾਂ ਭਾਂਭਾ ਪਈ ਕਰਦੀ ਹੈ। ਜੋਗੀ ਰਾਤੋ ਰਾਤ ਅਗਾਂਹ ਤੁਰ ਗਏ ਸਨ।

ਸੋਹਣੇ ਦੇ ਕਾਲਜੇ ’ਚੋਂ ਰੁਗ ਭਰਿਆ ਗਿਆ। ਜ਼ੋਨੀ ਤਾਂ ਉਹਦਾ ਸਭ ਕੁਝ ਖਸ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿੱਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨਸ ਟੁਰਿਆ। ਹਰ ਆਉਂਦੇ ਰਾਹੀਂ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਗਿਆ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾਪੁਰ ਪਿੰਡ ਦੀ ਜੂਹ ਵਿੱਚ ਡੇਰਾ ਲੱਭ ਪਿਆ। ਜੌਨੀ ਨੂੰ ਵੇਖ ਉਸ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ। ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾਂ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜ਼ੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦੀਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ ਆਪਣੀ ਭੁੱਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।

ਸੋਹਣੇ ਦੀ ਮਾਂ ਨੂੰ ਸੋਹਣੇ ਦਾ ਹਰ ਰੋਜ਼ ਜੋਗੀਆਂ ਦੇ ਡੇਰੇ ਜਾਣਾ ਸੁਖਾਂਦਾ ਨਹੀਂ ਸੀ। ਉਹਨੇ ਉਸ ਨੂੰ ਸਮਝਾਉਣ ਦਾ ਬਹੁਤੇਰਾ ਯਤਨ ਕੀਤਾ:

ਸੋਹਣੇ ਨੂੰ ਮਾਂ ਹਟਕੇਂਦੀ,
ਬੱਚਿਆ ਛੱਡ ਦੇ ਖ਼ਿਆਲ ਇਸ ਜੋਗਣ ਦਾ,
ਇਹ ਫ਼ਕੀਰ ਸੈਲਾਨੀ ਵੱਗ ਜਾਸਣ ਅਜ ਭਲਕ ਨੂੰ।
ਪੱਛੋਤਾਸੇਂ ਤੇ ਹਾਲ ਵੰਜਈਸੇਂ
ਇਨ੍ਹਾਂ ਹੱਥ ਨਹੀਂ ਆਵਣਾ ਵੱਤ ਨੂੰ
ਯਰਾਨਾ ਪੱਖੀ ਵਾਸ ਦਾ ਠੀਕ ਨਹੀਂ ਹੋਂਦਾ
ਓਏ ਤੂੰ ਸਮਝ ਲੈ ਮੇਰੀ ਮੱਤ ਨੂੰ।

(ਵੱਲੂ ਰਾਮ ਬਾਜ਼ੀਗਰ)

ਪਰ ਸੋਹਣਾ ਪਿੱਛੇ ਹਟਣ ਵਾਲਾ ਕਿੱਥੇ ਸੀ। ਉਹਦਾ ਤਾਂ ਲੂੰ-ਲੂੰ ਜੈਨੀ ਲਈ ਤੜਪ ਰਿਹਾ ਸੀ:

ਮਗਰ ਜ਼ੈਨੀ ਦੇ ਜਾਸਾਂ
ਮੋੜਿਆਂ ਕਦੀ ਨਾ ਰਾਹਸਾਂ
ਭਾਵੇਂ ਪੀਵੇ ਨਚੋੜ ਬਦਨ ਦੀ ਰੱਤ ਨੂੰ
ਜਦੋਂ ਇਸ਼ਕ ਚਾ ਲਾਵੇ ਅੱਗ ਫਿਰਾਕ ਦੀ
ਬੁਝਾਇਆਂ ਨਹੀਂ ਬੁੱਝਦੀ
ਭਾਵੇਂ ਉੱਤੇ ਚਾ ਵਗਾਈਏ ਪਾਣੀ ਦੇ ਮੱਟ ਨੂੰ

(ਵੱਲੂ ਰਾਮ ਬਾਜ਼ੀਗਰ)

ਸੋਹਣੇ ਨੇ ਜ਼ੈਨੀ ਦੇ ਦੀਦਰ ਲਈ ਆਪਣੇ ਪਿੰਡ ਨੂੰ ਅਲਵਿਦਾ ਆਖ ਦਿੱਤੀ ਤੇ ਜੋਗੀਆਂ ਦੇ ਡੇਰੇ 'ਤੇ ਜਾ ਕੇ ਜ਼ੈਨੀ ਦੇ ਬਾਪ ਸਮਰ ਨਾਥ ਦੇ ਜਾ ਚਰਨੀਂ ਲੱਗਾ ਤੇ ਅਰਜ਼ ਗੁਜ਼ਾਰੀ, “ਮਾਈ ਬਾਪ ਤੁਸੀਂ ਹੀ ਮੇਰੇ ਸਭ ਕੁਝ ਹੋ। ਮੇਰਾ ਇਸ ਦੁਨੀਆਂ 'ਚ ਕੋਈ ਨਹੀਂ, ਨਾ ਮਾਂ ਨਾ ਬਾਪ ਨਾ ਕੋਈ ਘਰ ਘਾਟ! ਮੈਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਆਂ ਮੈਂ ਤੁਹਾਡੀ ਹਰ ਖ਼ਿਦਮਤ ਕਰਨ ਲਈ ਤਿਆਰ ਹਾਂ...।"

ਸਮਰ ਨਾਥ ਨੂੰ ਸੋਹਣੇ ਦੀ ਆਜਜ਼ੀ 'ਤੇ ਤਰਸ ਆ ਗਿਆ-ਉਹ ਆਪ ਨਰਮ ਹਿਰਦੇ ਵਾਲਾ ਪੁਰਸ਼ ਸੀ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ਲਈ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੁ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਹਲ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕੱਲਮ ਕੱਲੀ ਜੰਗਲ ਵਿੱਚ ਪਾਣੀ ਲੈਣ ਵਾਸਤੇ ਆਈ। ਸੋਹਣਾ ਖੋਤੇ ਚਾਰਦਾ ਪਿਆ ਸੀ। ਉਹਨੇ ਜ਼ੈਨੀ ਵਲ ਵੇਖਿਆ ਤੇ ਹੌਸਲਾ ਕਰਕੇ ਪਾਣੀ ਭਰੇਂਦੀ ਜ਼ੈਨੀ ਪਾਸ ਜਾ ਕੇ ਬੋਲਿਆ, “ਜ਼ੈਨੀਏਂ!"

ਜ਼ੈਨੀ ਤ੍ਰੱਬਕ ਗਈ! ਉਸ ਵੇਖਿਆ ਸੋਹਣਾ ਉਹਦੇ ਵਲ ਇਕ ਟਿਕ ਵੇਖ ਰਿਹਾ ਸੀ।

“ਕੀ ਗੱਲ ਐ ਵੇ ?”

“ਜ਼ੈਨੀਏ ਮੈਂ ਤੇਰੇ ਪਿੱਛੇ ਪਾਗ਼ਲ ਹੋ ਗਿਆ ਹਾਂ। ਮੈਂ ਆਪਣਾ ਘਰ ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲੀ ਵਿੱਚ ਖ਼ੈਰ ਪਾ ਦੇ ਸੋਹਣੀਏਂ।" ਸੋਹਣੇ ਪੱਲਾ ਅੱਡਿਆ।

“ਵੇ ਮੁੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜੀ ਹੋ ਗਈ।

“ਜੈਨੀਏ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ, ਮਾਂ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਤਿਆਗ ਕੇ ਫ਼ਕੀਰੀ ਧਾਰਨ ਕੀਤੀ ਏ। ਜ਼ੈਨੀਏਂ! ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।” ਸੋਹਣਾ ਤਰਲੇ ਲੈ ਰਿਹਾ ਸੀ।

“ਨਮਕ ਹਰਾਮੀਆ! ਤੇਰੀ ਇਹ ਮਜ਼ਾਲ ! ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਅੱਜ ਡੇਰੇ ਚੱਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁੱਰਮਤ ਵੱਡੇ ਆਸ਼ਕ ਦੀ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।

ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਉਪਾਸ਼ਕ ਲਈ ਅਜੇ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ-ਡਰਦਾ ਕਾਫੀ ਹਨ੍ਹੇਰਾ ਹੋਏ ’ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।

ਕਈ ਮਹੀਨੇ ਹੋਰ ਗੁਜ਼ਰ ਗਏ। ਸੋਹਣਾ ਜ਼ੈਨੀ ਦੇ ਫਿਰਾਕ ਵਿੱਚ ਤੜਪਦਾ ਰਿਹਾ। ਆਖ਼ਰ ਉਹਦੇ ਸਿਦਕ ਅਤੇ ਮੁਹੱਬਤ ਨੂੰ ਬੂਰ ਪਿਆ। ਇਕ ਦਿਨ ਫੇਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ-ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ

ਜ਼ੈਨੀ ਦੇ ਵਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖ਼ਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖ਼ੁਮਾਰ ਸ਼ਰਾਬੋਂ ਵਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ

(ਜਲਾਲ)

ਜ਼ੈਨੀ ਹੁਣ ਤਨੋਂ ਮਨੋਂ ਸੋਹਣੇ ਦੀ ਬਣ ਚੁੱਕੀ ਸੀ। ਉਹ ਹੁਣ ਉਹਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖ਼ਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਉਨ੍ਹਾਂ ਦੀ ਮੁਹੱਬਤ ਨੂੰ ਜੋਗੀਆਂ ਦੇ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ। ਜ਼ੈਨੀ ਦੀ ਮਾਂ ਨੇ ਵੀ ਉਸ ਨੂੰ ਬਹੁਤੇਰਾ ਸਮਝਾਇਆ ਪਰੰਤੂ ਉਹ ਤਾਂ ਹੁਣ ਸੋਹਣੇ ਲਈ ਜਾਨ ਹਥੇਲੀ 'ਤੇ ਰੱਖੀ ਫਿਰਦੀ ਸੀ:

ਜਮਣਾ ਤੇ ਮਰਨਾ,
ਮੌਤੂੰ ਕਦੇ ਨਾ ਡਰਨਾ,
ਅਸਾਂ ਚਿੱਤ ਜੀਵਨ ਤੂੰ ਚਾਏ।
ਮੈਨੂੰ ਤੇਰੇ ਸ਼ਰਮ ਦੀ ਲੋੜ ਨਾ ਕੋਈ
ਰੱਬ ਸੋਹਣੇ ਤੇ ਮੇਰੀਆਂ ਤੋੜ ਚੜ੍ਹਾਏ
ਮੈਨੂੰ ਯਾਰੀ ਨਾ ਯਾਰ ਦੀ ਭੁਲਦੀ ਏ
ਭਾਵੇਂ ਕੋਈ ਸੂਲੀ ਤੇ ਜਾਨ ਟਿਕਾਏ

(ਵੱਲੂ ਰਾਮ ਬਾਜ਼ੀਗਰ)

ਆਖ਼ਰ ਸਮਰ ਨਾਥ ਨੇ ਸੋਹਣੇ ਨੂੰ ਡੇਰੇ ਵਿਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ। ਜੋਗੀਆਂ ਉਹਨੂੰ ਬਹੁਤੇਰਾ ਆਖਿਆ ਕਿ ਉਹ ਉੱਥੋਂ ਚਲਿਆ ਜਾਵੇ ਪਰੰਤੂ ਉਹ ਆਪਣੇ ਹਠ 'ਤੇ ਅੜਿਆ ਰਿਹਾ।

ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਤਾਂ ਚੜ੍ਹਨਾ ਹੀ ਸੀ। ਉਹ ਉਸ ਨੂੰ ਜਾਨੋਂ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਮਰ ਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, “ਮੂਰਖ ਨਾ ਬਣੋ, ਆਪਣੇ ਸਿਰ ਖੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿੱਚ ਕਿਸੇ ਦਰੱਖ਼ਤ ਨਾਲ ਬੰਨ੍ਹ ਦੇਵੋ। ਡੰਰਾ ਚੁੱਕ ਲਵੋ।ਆਪੇ ਪਿੱਛਾ ਛੱਡੇਗਾ।"

ਜੋਗੀ ਰਾਤ ਸਮੇਂ ਸੋਹਣੇ ਨੂੰ ਫੜ ਕੇ ਜੰਗਲ 'ਚ ਲੈ ਗਏ। ਪਹਿਲਾਂ ਤਾਂ ਉਹਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ। ਰਾਤੋ ਰਾਤ ਡੇਰਾ ਅਗਾਂਹ ਤੁਰ ਪਿਆ ਪਰੰਤੁ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖ਼ਤ ਨਾਲੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ ਵਿੱਚ ਨੱਸ ਟੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਭੁੱਖਾ ਭਾਣਾ ਡੇਰੇ ਵਿੱਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ। ਜ਼ੈਨੀ ਵੀ ਉਹਨੂੰ ਵੇਖ ਕੇ ਟਹਿਕ ਪਈ।

ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਸੋਹਣਾ ਜ਼ੈਨੀ ਦਾ ਪਿੱਛਾ ਛੱਡਣ ਵਾਲਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਉਹਦੇ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿੱਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲ਼ਣ ਲਈ ਦੇ ਦਿੱਤੀ।

ਜੋਗੀ ਸੋਹਣੇ ਨੂੰ ਦੂਰ ਜੰਗਲ ਵਿੱਚ ਲੈ ਗਏ ਤੇ ਉਹਦੇ 'ਤੇ ਤੇਲੀਆ ਸੱਪ ਛੱਡ ਦਿੱਤਾ। ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।

ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿੱਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।

ਆਖ਼ਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨ੍ਹੇਰੇ ਗੁੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਜੰਗਲ ਬੀਆਬਾਨ ਵਿੱਚ ਲਿਜਾਇਆ ਗਿਆ। ਸਾਰਾ ਡੇਰਾ ਇਕੱਠਾ ਹੋਇਆ ਸੋਹਣੇ ਦੁਆਲੇ ਖਲੋਤਾ ਹੋਇਆ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿੱਚ ਪਈ ਝੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਲਈ ਸੁੱਖ ਮਨਾ ਰਹੀ ਸੀ।

ਬੀਨਾਂ ਵੱਜੀਆਂ। ਕੁਲਮਾਰ ਨਾਗ਼ ਸੋਹਣੇ 'ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਨਾਗ ਨੇ ਸੋਹਣੇ ਦੁਆਲ਼ੇ ਵਲ੍ਹੇਟ ਪਾ ਲਏ ਸਨ। ਚੰਦਾ ਵੇਖ ਨਾ ਸਕੀ। ਉਸ ਆਪਣਾ ਮੂੰਹ ਪਰ੍ਹੇ ਘੁਮਾ ਲਿਆ। ਨਾਗ਼ ਦੀ ਜ਼ਹਿਰ ਨਾਲ ਸੋਹਣੇ ਦਾ ਸਰੀਰ ਕਾਲ਼ਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ! ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖ਼ੁਸ਼ੀ ਵਿੱਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।

ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ-ਫੁਟਾਲੇ ਤਕ ਸੂਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, “ਜ਼ੈਨੀਏ! ਮੈਂ ਜੰਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤਾਂ ਨਹੀਂ ਵੇਖਦਾ ਪਿਆ।"

“ਸੋਹਣਿਆਂ ਸ਼ੁਕਰ ਏ ਖ਼ੁਦਾ ਦਾ, ਜਾਨ ਬਚ ਗਈ ਏ। ਵੇਲਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।”

“ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾਹ ਰੱਬ ਦੇ ਵਾਸਤੇ ਡੇਰੇ ਨੂੰ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।

“ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜਾ ਸਕਦੀ। ਚਲ ਮੈਨੂੰ ਆਪਣੇ ਦੇਸ ਲੈ ਚੱਲ।”

ਜੋਗੀਆਂ ਦੇ ਡੇਰੇ ਵਿਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਸੋਹਣਾ ਤੇ ਜ਼ੈਨੀ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੋਂ ਤੁਰੇ ਜਾ ਰਹੇ ਸਨ। ਊਸ਼ਾ ਉਨ੍ਹਾਂ ਦੇ ਸੁਆਗਤ ਵਿੱਚ ਸੁਨਹਿਰੀ ਕਿਰਨਾਂ ਦਾ ਮੀਂਹ ਵਰਸਾ ਰਹੀ ਸੀ।